ਰੂੰ ਦੇ ਭਾਅ ਮੂਧੇ ਮੂੰਹ ਡਿੱਗਣ ਨਾਲ ਕਪਾਹ ਜਿਨਰਾਂ ''ਚ ਘਬਰਾਹਟ

07/24/2017 2:38:19 AM

ਜੈਤੋ- ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ਦੀਆਂ ਮੰਡੀਆਂ 'ਚ ਅਜੇ ਤੱਕ ਲਗਭਗ 3 ਕਰੋੜ 35 ਲੱਖ 65 ਹਜ਼ਾਰ ਗੰਢ ਆਉਣ ਦੀ ਸੂਚਨਾ ਹੈ। ਰੂੰ ਬਾਜ਼ਾਰ 'ਚ ਇਕ ਹਫਤੇ ਦੇ ਅੰਦਰ ਲਗਭਗ 260 ਰੁਪਏ ਮਣ ਰੂੰ ਹੇਠਾਂ ਆ ਗਈ ਹੈ, ਜਿਸ ਨਾਲ ਕਪਾਹ ਜਿਨਰਾਂ (ਤੇਜੜਿਆਂ) ਦਾ 5000-6000 ਰੁਪਏ ਮਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਇਕ ਹਫਤਾ ਪਹਿਲਾਂ ਉੱਤਰੀ ਜ਼ੋਨ 'ਚ ਰੂੰ ਦੇ ਭਾਅ 4330-4340 ਰੁਪਏ ਮਣ ਰਹਿ ਗਈ ਸੀ। ਇਨ੍ਹਾਂ ਭਾਵਾਂ 'ਚ ਜ਼ਿਆਦਾਤਰ ਸਪੀਨਿੰਗ ਮਿੱਲਾਂ ਬਾਜ਼ਾਰ ਤੋਂ ਮੂੰਹ ਫੇਰੇ ਬੈਠੀਆਂ ਹਨ। ਕਪਾਹ ਜਿਨਰਾਂ (ਸਟਾਕਿਸਟਾਂ ਤੇਜੜਿਆਂ) 'ਚ ਰੂੰ ਮੂਧੇ ਮੂੰਹ ਡਿੱਗਣ ਨਾਲ ਘਬਰਾਹਟ ਆਉਣਾ ਕੁਦਰਤੀ ਗੱਲ ਹੈ।
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਪ੍ਰਧਾਨ ਨਯਨ ਭਾਈ ਮਿਰਾਨੀ ਦੇ ਅਨੁਸਾਰ ਇਸ ਸਾਲ ਦੇਸ਼ 'ਚ ਕਪਾਹ ਦੀ ਬੰਪਰ ਬਿਜਾਈ ਹੋਈ ਹੈ, ਜਿਸ ਨਾਲ ਨਵਾਂ ਕਪਾਹ ਸੀਜ਼ਨ ਚੰਗਾ ਰਹੇਗਾ। ਭਾਰਤ ਰੂੰ ਪੈਦਾਵਾਰ 'ਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਖਪਤ 'ਚ ਦੂਜੇ ਸਥਾਨ 'ਤੇ ਹੈ। 
ਸੀ. ਏ. ਆਈ. ਪ੍ਰਧਾਨ ਮਿਰਾਨੀ ਅਨੁਸਾਰ ਜੇਕਰ ਚੀਨ ਦੇਸ਼ ਰੂੰ ਦਾ ਵਾਧੂ ਕੋਟਾ ਦਿੰਦਾ ਹੈ ਤਾਂ ਰੂੰ ਦੀ ਬਰਾਮਦ 10 ਤੋਂ 15 ਫੀਸਦੀ ਵਧ ਜਾਵੇਗੀ। ਭਾਰਤੀ ਰੂੰ ਦੀ ਬੰਗਲਾਦੇਸ਼ ਅਤੇ ਵੀਅਤਨਾਮ 'ਚ ਚੰਗੀ ਖਪਤ ਹੈ, ਜਿਸ ਦਾ ਲਾਭ ਆਉਣ ਵਾਲੇ ਨਵੇਂ ਕਪਾਹ ਸੈਸ਼ਨ 'ਚ ਵੀ ਮਿਲੇਗਾ। ਇਸ ਵਿਚਾਲੇ ਦੇਸ਼ ਦੇ ਪ੍ਰਸਿੱਧ ਰੂੰ ਕਾਰੋਬਾਰੀ ਰਾਜਾ ਇੰਡਸਟ੍ਰੀਜ਼ ਕੜੀ (ਗੁਜਰਾਤ) ਦੇ ਮਾਲਕ ਦਲੀਪ ਭਾਈ ਅਨੁਸਾਰ ਦੇਸ਼ 'ਚ ਰੂੰ ਦੀ ਕੋਈ ਕਮੀ ਨਹੀਂ ਹੈ। ਸਪੀਨਿੰਗ ਮਿੱਲਾਂ ਕੋਲ 1 ਤੋਂ 1.5 ਮਹੀਨੇ ਦਾ ਸਟਾਕ ਹੈ। ਉੱਤਰ ਭਾਰਤ 'ਚ 15 ਅਗਸਤ ਤੋਂ ਥੋੜ੍ਹੀ-ਥੋੜ੍ਹੀ ਨਵੀਂ ਕਪਾਹ ਦੀ ਆਮਦ ਵਧ ਜਾਏਗੀ। ਸਪੀਨਿੰਗ ਮਿੱਲਾਂ ਨੂੰ ਅੱਜ ਦੀ ਤਰੀਕ 'ਚ 7 ਤੋਂ 8 ਰੁਪਏ ਪ੍ਰਤੀ ਕਿਲੋ ਦੀ ਹਾਨੀ ਹੈ। 
ਦਲੀਪ ਭਾਈ ਪਟੇਲ ਨੇ ਕਿਹਾ ਕਿ ਦੇਸ਼ 'ਚ ਇਸ ਵਾਰ ਕਪਾਹ ਦੀ ਬਿਜਾਈ 125 ਤੋਂ 130 ਲੱਖ ਹੈਕਟੇਅਰ ਰਕਬੇ 'ਚ ਹੋਵੇਗੀ ਜੋ ਕਿ ਪਿਛਲੇ ਸਾਲ 105 ਲੱੱਖ ਹੈਕਟੇਅਰ 'ਚ ਸੀ। ਦੇਸ਼ 'ਚ ਅਜੇ ਤੱਕ ਮੀਂਹ ਦੀ ਸਥਿਤੀ ਬਹੁਤ ਚੰਗੀ ਹੈ ਅਤੇ ਜੇਕਰ ਅੱਗੇ ਵੀ ਮੌਸਮ ਚੰਗਾ ਰਿਹਾ ਤਾਂ ਦੇਸ਼ 'ਚ 400 ਲੱਖ (4 ਕਰੋੜ) ਗੰਢ ਦਾ ਉਤਪਾਦਨ ਹੋਵੇਗਾ। ਅਜੇ ਪੁਰਾਣੀ ਰੂੰ ਦੇ ਭਾਅ 42000 ਤੋਂ 42700 ਰੁਪਏ ਕੈਂਡੀ ਚੱਲ ਰਹੇ ਹਨ ਜਦਕਿ 37500 ਰੁਪਏ ਕੈਂਡੀ 'ਚ ਨਵੀਂ ਰੂੰ ਦੇ ਬਿਕਬਾਲ ਹੈ। ਇਹ ਭਾਅ 35000 ਰੁਪਏ ਕੈਂਡੀ ਹੇਠਾਂ ਜਾ ਸਕਦੇ ਹਨ। ਨਵੀਂ ਰੂੰ ਦੀ ਫਸਲ ਦੀ ਸਥਿਤੀ ਵਧੀਆ ਹੈ। ਇਸ ਵਿਚਾਲੇ ਨਵੀਂ ਰੂੰ ਦੀ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਨੂੰ ਲੈ ਕੇ ਰੂੰ ਬਾਜ਼ਾਰ 'ਚ ਹਲਚਲ ਬਣ ਚੁੱਕੀ ਹੈ।
ਮਿੱਤਲ ਕਾਟਨ ਮਿੱਲਜ਼ ਜੀਂਦ ਦੇ ਮਾਲਕ ਜਿਤੇਂਦਰ ਮਿੱਤਲ ਅਨੁਸਾਰ ਪਿਛਲੇ ਹਫਤੇ ਸਤੰਬਰ ਮਹੀਨੇ ਦੀ ਰੂੰ 4211 ਰੁਪਏ ਮਣ ਵਿਕੀ ਸੀ। ਹੁਣ ਨਵੀਂ ਰੂੰ ਵੀ ਗੰਗਾ 'ਚ ਗੋਤੇ ਲਾਉਣ ਲੱਗੀ ਹੈ ਕਿਉਂਕਿ ਅੱਜ ਸਤੰਬਰ ਮਹੀਨੇ ਦੀ ਨਵੀਂ ਰੂੰ ਵੀ ਮੂਧੇ ਮੂੰਹ ਡਿੱਗ ਕੇ 4121 ਰੁਪਏ ਮਣ ਭਿਵਾਨੀ ਮੰਡੀ 'ਚ ਵਪਾਰ ਦਰਜ ਹੋਇਆ। ਰੂੰ ਕਾਰੋਬਾਰੀ ਜਿਤੇਂਦਰ ਮਿੱਤਲ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਦੀ ਰੂੰ ਹੇਠਾਂ 4000 ਤੋਂ 4050 ਰੁਪਏ ਮਣ ਅਤੇ ਪੁਰਾਣੀ ਰੂੰ ਦੇ ਭਾਅ 4250 ਰੁਪਏ ਮਣ ਰਹਿ ਸਕਦੇ ਹਨ। ਉਨ੍ਹਾਂ ਨੇ ਸਟਾਕਿਸਟਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣਾ ਸਟਾਕ ਵੇਚ ਲੈਣਗੇ ਤਾਂ ਚੰਗਾ ਰਹੇਗਾ ਕਿਉਂਕਿ ਆਉਣ ਵਾਲੀ 15 ਤੋਂ 20 ਅਗਸਤ ਤੱਕ ਬਾਜ਼ਾਰ 'ਚ ਨਵੀਂ ਰੂੰ ਗੰਢ ਪ੍ਰੈੱਸ ਹੋਣੀ ਸ਼ੁਰੂ ਹੋ ਜਾਵੇਗੀ। ਇਸ ਵਾਰ ਕੈਰੀਓਵਰ 30 ਲੱਖ ਗੰਢ ਰਹੇਗਾ। ਇਸ ਵਿਚਾਲੇ ਰੂੰ ਕਾਰੋਬਾਰੀ ਅਮਨ ਦੀਪ ਮੱਕੜ ਅਤੇ ਸੁਰਿੰਦਰ ਮੱਕੜ ਮਲੋਟ ਵਾਲੇ ਕਪਾਹ ਜਿਨਰਾਂ ਦਾ ਮੰਨਣਾ ਹੈ ਕਿ ਰੂੰ 'ਚ ਜੋ ਮੰਦੀ ਆਉਣੀ ਸੀ ਉਹ ਆ ਚੁੱਕੀ ਹੈ। ਕਪਾਹ ਜਿਨਰਾਂ (ਸਟਾਕਿਸਟਾਂ) ਨੂੰ ਘਬਰਾਹਟ ਨਹੀਂ ਮੰਨਣੀ ਚਾਹੀਦੀ। ਰੂੰ ਭਾਵ 'ਚ ਉਛਾਲ ਬਣੇਗਾ।


Related News