ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਇਸ ਕਾਰਨ ਵਧ ਸਕਦੇ ਹਨ ਰਿਫਾਇੰਡ ਆਇਲ ਦੇ ਰੇਟ

01/22/2022 5:49:20 PM

ਨਵੀਂ ਦਿੱਲੀ (ਇੰਟ.) – ਸਰਕਾਰ ਦੀਆਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ ’ਚ ਮਿਲੀ ਰਾਹਤ ਇਕ ਵਾਰ ਮੁੜ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਆਉਣ ਵਾਲੇ ਸਮੇਂ ’ਚ ਕਿਚਨ ਅਤੇ ਉਦਯੋਗਾਂ ’ਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੇ ਪਾਮ ਤੇਲ ਦੇ ਰੇਟ ਵਧ ਸਕਦੇ ਹਨ। ਇਸ ਨਾਲ ਖਪਤਕਾਰਾਂ ਨੂੰ ਇਕ ਵੱਡਾ ਝਟਕਾ ਲਗ ਸਕਦਾ ਹੈ।

ਦਰਅਸਲ ਭਾਰਤ ਨੂੰ ਪਾਮ ਤੇਲ ਦੀ ਸਭ ਤੋਂ ਵੱਧ ਬਰਾਮਦ ਕਰਨ ਵਾਲੇ ਦੇਸ਼ ਇੰਡੋਨੇਸ਼ੀਆ ਨੇ ਆਪਣਾ ਸ਼ਿਪਮੈਂਟ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੇਸ਼ ’ਚ ਪਾਮ ਤੇਲ ਦੀ ਆਮਦ ਘਟੇਗੀ, ਜਿਸ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ਅਤੇ ਖਪਤਕਾਰਾਂ ’ਤੇ ਹੋਵੇਗਾ। ਖਾਣ ਵਾਲੇ ਤੇਲ ਉਦਯੋਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਅਸੀਂ ਇੰਡੋਨੇਸ਼ੀਆ ਤੋਂ ਘੱਟ ਸਪਲਾਈ ਦੀ ਭਰਪਾਈ ਮਲੇਸ਼ੀਆ ਤੋਂ ਦਰਾਮਦ ਵਧਾ ਕੇ ਕਰਨਾ ਚਾਹੁੰਦੇ ਹਾਂ ਪਰ ਦਿੱਕਤ ਇਹ ਹੈ ਕਿ ਉੱਥੋਂ ਇੰਨਾ ਪਾਮ ਤੇਲ ਆਉਣਾ ਸੰਭਵ ਨਹੀਂ ਹੈ। ਇੰਡੋਨੇਸ਼ੀਆ ਨੇ ਇਕ ਘਰੇਲੂ ਬਿੱਲ ਰਾਹੀਂ ਆਪਣੀ ਪਾਮ ਤੇਲ ਬਰਾਮਦ ਘਟਾਉਣ ਦੀ ਗੱਲ ਕਹੀ ਹੈ ਤਾਂ ਕਿ ਉੱਥੇ ਘਰੇਲੂ ਕੀਮਤਾਂ ਹੇਠਾਂ ਲਿਆਂਦੀਆਂ ਜਾ ਸਕਣ।

ਇਹ ਵੀ ਪੜ੍ਹੋ : ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨ 'ਤੇ ਨਹੀਂ ਕੱਟਿਆ ਜਾਵੇਗਾ ਚਲਾਨ, ਜਾਣੋ ਕੀ ਹੈ ਨਿਯਮ

60 ਫੀਸਦੀ ਦਰਾਮਦ ਇੰਡੋਨੇਸ਼ੀਆ ਤੋਂ

ਭਾਰਤ ਆਪਣੀ ਕੁੱਲ ਲੋੜ ਦਾ 60 ਫੀਸਦੀ ਪਾਮ ਤੇਲ ਇੰਡੋਨੇਸ਼ੀਆ ਤੋਂ ਦਰਾਮਦ ਕਰਦਾ ਹੈ। ਇਹੀ ਕਾਰਨ ਹੈ ਕਿ ਇੰਡੋਨੇਸ਼ੀਆ ਤੋਂ ਘੱਟ ਤੇਲ ਆਉਣ ’ਤੇ ਭਾਰਤੀ ਘਰੇਲੂ ਬਜ਼ਾਰ ਅਤੇ ਖਪਤਕਾਰਾਂ ’ਤੇ ਸਿੱਧਾ ਅਸਰ ਪਵੇਗਾ। ਭਾਰਤ ਸਾਲਾਨਾ ਆਪਣੀ ਕੁੱਲ ਲੋੜ ਦਾ ਦੋ ਤਿਹਾਈ ਖਾਣ ਵਾਲੇ ਤੇਲ ਦੀ ਦਰਾਮਦ ਕਰਦਾ ਹੈ, ਜੋ ਕਰੀਬ 1.5 ਕਰੋੜ ਟਨ ਹੁੰਦਾ ਹੈ। ਇੰਡੋਨੇਸ਼ੀਆ ਤੋਂ ਬਾਅਦ ਮਲੇਸ਼ੀਆ ਦੂਜਾ ਵੱਡਾ ਬਰਾਮਦਕਾਰ ਹੈ ਜੋ ਭਾਰਤ ਦੀ ਖਪਤ ਦਾ 40 ਫੀਸਦੀ ਪਾਮ ਤੇਲ ਬਰਾਮਦ ਕਰਦਾ ਹੈ।

ਭਾਰਤ ਅਪਣਾਏਗਾ ਇਹ ਰਣਨੀਤੀ

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਖਪਤਕਾਰਾਂ ਨੂੰ ਰਾਹਤ ਦਿਵਾਉਣ ਲਈ ਦਰਾਮਦ ਰਣਨੀਤੀ ’ਚ ਬਦਲਾਅ ਕਰਨਗੇ। ਅਸੀਂ ਆਪਣੀਆਂ ਲੋੜਾਂ ਨੂੰ ਪਾਮ ਤੇਲ ਦੀ ਥਾਂ ਸੋਇਆਬੀਨ, ਸੂਰਜਮੁਖੀ ਵਰਗੇ ਤੇਲਾਂ ਨਾਲ ਪੂਰੀਆਂ ਕਰਾਂਗੇ। ਅਮਰੀਕਾ ਸੋਇਆ ਤੇਲ ਦਾ ਵੱਡਾ ਬਰਾਮਦਕਾਰ ਹੈ।

ਇਹ ਵੀ ਪੜ੍ਹੋ : 'ਬਜਟ 2022 ’ਚ ਖੇਤੀ ਅਤੇ ਨਿਰਮਾਣ ਦੇ ਸਹਾਰੇ ਨਹੀਂ ਸਗੋਂ ਹੋਰ ਖੇਤਰਾਂ ’ਤੇ ਫੋਕਸ ਨਾਲ ਦੌੜੇਗੀ ਅਰਥਵਿਵਸਥਾ'

50 ਸਾਲਾਂ ਬਾਅਦ ਘਟੇਗੀ ਪਾਮ ਤੇਲ ਦੀ ਦਰਾਮਦ

ਖਾਣ ਵਾਲੇ ਤੇਲ ਉਦਯੋਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਮ ਤੇਲ ਦੀ ਦਰਾਮਦ 50 ਸਾਲਾਂ ਬਾਅਦ ਸੋਇਆਬੀਨ ਅਤੇ ਸੂਰਜਮੁਖੀ ਦੇ ਮੁਕਾਬਲੇ ਹੇਠਾਂ ਆਵੇਗੀ। ਫਰਵਰੀ ’ਚ ਪਾਮ ਤੇਲ ਦੀ ਕੁੱਲ ਦਰਾਮਦ 5 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜਦ ਕਿ ਸੂਰਜਮੁਖੀ ਅਤੇ ਸੋਇਆਬੀਨ ਦੀ ਦਰਾਮਦ 6 ਲੱਖ ਟਨ ਪਹੁੰਚ ਜਾਵੇਗੀ।

ਘਟਣਗੇ ਸਰ੍ਹੋਂ ਦੇ ਤੇਲ ਦੇ ਰੇਟ

ਇਸ ਦਰਮਿਆਨ ਖਪਤਕਾਰਾਂ ਲਈ ਰਾਹਤ ਭਰੀ ਖਬਰ ਇਹ ਹੈ ਕਿ ਬਿਜਾਈ ਦਾ ਰਕਬਾ ਵਧਣ ਨਾਲ ਰਿਕਾਰਡ 120 ਲੱਖ ਟਨ ਸਰ੍ਹੋਂ ਉਤਪਾਦਨ ਦਾ ਅਨੁਮਾਨ ਹੈ। ਇਸ ਨਾਲ ਘਰੇਲੂ ਬਾਜ਼ਾਰ ’ਚ ਸਰ੍ਹੋਂ ਤੇਲ ਦੇ ਰੇਟ ਘਟਣ ਦੀ ਪੂਰੀ ਉਮੀਦ ਹੈ। 2021 ’ਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 200 ਰੁਪਏ ਲਿਟਰ ਤੱਕ ਪਹੁੰਚ ਗਈਆਂ ਸਨ। 2020-21 ’ਚ ਕਰੀਬ 87 ਲੱਖ ਟਨ ਸਰ੍ਹੋਂ ਦਾ ਉਤਪਾਦਨ ਹੋਇਆ ਸੀ। ਇਸ ਸਾਲ ਸਰ੍ਹੋਂ ਦਾ ਰਕਬਾ 90.5 ਲੱਖ ਹੈਕਟੇਅਰ ਪਹੁੰਚ ਗਿਆ ਹੈ, ਜੋ ਪਿਛਲੇ ਸਾਲ 61.5 ਲੱਖ ਹੈਕਟੇਅਰ ਸੀ।

ਇਹ ਵੀ ਪੜ੍ਹੋ : ਖੁੱਲ੍ਹ ਗਿਆ ਹੈ 2022 ਦਾ ਪਹਿਲਾ IPO, ਰਿਟੇਲ ਦਾ ਹਿੱਸਾ 3 ਘੰਟੇ 'ਚ ਹੋਇਆ ਸਬਸਕ੍ਰਾਇਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News