ਸੀ. ਐੱਮ. ਐੱਸ. ਨੇ ਸੇਬੀ ਨੂੰ 2,000 ਕਰੋੜ ਰੁਪਏ ਦੇ IPO ਲਈ ਦਸਤਾਵੇਜ਼ ਸੌਂਪੇ
Monday, Aug 16, 2021 - 11:46 AM (IST)
ਨਵੀਂ ਦਿੱਲੀ- ਕੈਸ਼ ਮੈਨੇਜਮੈਂਟ ਕੰਪਨੀ ਸੀ. ਐੱਮ. ਐੱਸ. ਇਨਫੋ ਸਿਸਟਮਜ਼ ਸ਼ੇਅਰ ਬਾਜ਼ਾਰ ਵਿਚ ਉਤਰਨ ਵਾਲੀ ਹੈ। ਇਸ ਨਕਦੀ ਪ੍ਰਬੰਧਨ ਕੰਪਨੀ ਨੇ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੂੰ 2,000 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਮੁੱਢਲੇ ਦਸਤਾਵੇਜ਼ ਜਮ੍ਹਾਂ ਕਰਾ ਦਿੱਤੇ ਹਨ।
ਸੀ. ਐੱਮ. ਐੱਸ. ਦਾ ਇਹ ਆਈ. ਪੀ. ਓ. ਪੂਰੀ ਤਰ੍ਹਾਂ ਓ. ਐੱਫ. ਐੱਸ. ਆਧਾਰਿਤ ਹੋਵੇਗਾ। ਦਸਤਾਵੇਜ਼ਾਂ ਅਨੁਸਾਰ, ਕੰਪਨੀ ਦਾ ਆਈ. ਪੀ. ਓ. ਸ਼ੁੱਧ ਰੂਪ ਵਿਚ ਪ੍ਰਮੋਟਰ ਸੀਯੋਨ ਇਨਵੈਸਟਮੈਂਟਸ ਹੋਲਡਿੰਗਜ਼ ਪੀ. ਟੀ. ਈ. ਲਿਮਟਿਡ ਦੀ ਤਰਫੋਂ ਵਿਕਰੀ ਲਈ ਪੇਸ਼ਕਸ਼ (ਓ. ਐੱਫ. ਐੱਸ.) ਦੇ ਰੂਪ ਵਿਚ ਹੋਵੇਗਾ। ਸੀਯੋਨ, ਬੇਰਿੰਗ ਪ੍ਰਾਈਵੇਟ ਇਕੁਇਟੀ ਏਸ਼ੀਆ ਦੀ ਇਕਾਈ ਹੈ।
ਸੀਯੋਨ ਇਨਵੈਸਟਮੈਂਟ ਨੇ 2015 ਵਿਚ ਸੀ. ਐੱਮ. ਐੱਸ. ਨੂੰ ਖ਼ਰੀਦਿਆ ਸੀ। ਫਿਲਹਾਲ ਉਸ ਦੀ ਕੰਪਨੀ ਵਿਚ 100 ਫ਼ੀਸਦੀ ਹਿੱਸੇਦਾਰੀ ਹੈ। ਸੀ. ਐੱਮ. ਐੱਸ. ਨਕਦੀ ਪ੍ਰਬੰਧ ਸੇਵਾਵਾਂ ਉਪਲਬਧ ਕਰਾਉਂਦੀ ਹੈ। ਇਨ੍ਹਾਂ ਵਿਚ ਏ. ਟੀ. ਐੱਮ. ਸੇਵਾਵਾਂ ਤੋਂ ਇਲਾਵਾ ਨਕਦੀ ਦੀ ਡਿਲਿਵਰੀ ਅਤੇ ਪਿਕ-ਅੱਪ ਸ਼ਾਮਲ ਹਨ। ਇਹ ਦੂਜਾ ਮੌਕੀ ਹੈ ਜਦੋਂ ਕੰਪਨੀ ਆਈ. ਪੀ. ਓ. ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ 2017 ਵਿਚ ਕੰਪਨੀ ਨੇ ਆਈ. ਪੀ. ਓ. ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਰੈਗੂਲੇਟਰ ਦੀ ਮਨਜ਼ੂਰੀ ਮਿਲ ਗਈ ਸੀ। ਹਾਲਾਂਕਿ, ਉਸ ਸਮੇਂ ਕੰਪਨੀ ਆਈ. ਪੀ. ਓ. ਨਹੀਂ ਲਿਆ ਸਕੀ ਸੀ।