ਖੁਰਾਕੀ ਸੰਕਟ ਨਾਲ ਜੂਝਦਾ ਚੀਨ : ਬਦਲੀਆਂ ਆਪਣੀਆਂ ਪਹਿਲਾਂ

Tuesday, Mar 01, 2022 - 12:38 PM (IST)

ਅਜਿਹਾ ਲੱਗਦਾ ਹੈ ਜਿਵੇਂ ਚੀਨ ਦੀਆਂ ਪਹਿਲਾਂ ਪਿਛਲੇ ਕੁਝ ਸਾਲਾਂ ’ਚ ਬਦਲ ਗਈਆਂ ਹਨ, ਚੀਨ ਦੀ ਸਰਕਾਰ ਦੇ ਲਈ ਇਸ ਸਮੇਂ ਖੁਰਾਕ ਸਮੱਸਿਆ ਦਾ ਮੁੱਦਾ ਸਭ ਤੋਂ ਉਪਰ ਹੈ। ਚੀਨ ਨੇ ਪਿਛਲੇ ਕੁਝ ਦਹਾਕੇ ’ਚ ਖੁਰਾਕ ਸਮੱਗਰੀਆਂ ਦੇ ਉਤਪਾਦਨ ਨੂੰ ਵਧਾਉਣ ਦਾ ਕਦਮ ਚੁੱਕਿਆ ਹੈ ਅਤੇ ਕਈ ਦੇਸ਼ਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਖੁਰਾਕ ਸਮੱਗਰੀਆਂ ਦੀ ਦਰਾਮਦ ਕਰਨੀ ਸ਼ੁਰੂ ਕੀਤੀ ਹੈ ਅਤੇ ਇਸ ’ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬਿਆਨਾਂ ਨੂੰ ਦੇਖਦੇ ਹੋਏ ਜਾਪਦਾ ਹੈ ਕਿ ਅਜੇ ਵੀ ਚੀਨ ’ਚ ਖੁਰਾਕ ਸਮੱਗਰੀਆਂ ਦੀ ਘਾਟ ਹੈ, ਭਾਵ ਵਾਂਝੇ ਅਤੇ ਗਰੀਬਾਂ ਨੂੰ ਪੂਰਾ ਖਾਣਾ ਨਸੀਬ ਨਹੀਂ ਹੋ ਰਿਹਾ।

ਇਸ ਮਹੀਨੇ ਚੀਨ ’ਚ 20ਵੀਂ ਸੀ. ਪੀ. ਪੀ. ਸੀ. ਸੀ. ਦੀ ਮੀਟਿੰਗ ਹੋਣ ਵਾਲੀ ਹੈ, ਉਸ ਤੋਂ ਪਹਿਲਾਂ ਹੀ ਪਾਲਿਸੀ ਨੰਬਰ 1 ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਜਿਸ ’ਚ ਅਗਲੇ 5 ਸਾਲ ਦੀ ਯੋਜਨਾ ਦੇ ਬਾਰੇ ’ਚ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਚੀਨ ਦੀ ਕੈਬਨਿਟ ਦੇ ਸਟੇਟ ਕਾਊਂਸਿਲ ਨੇ ਛਾਪਿਆ ਹੈ, ਇਸ ’ਚ ਕੇਂਦਰੀ ਸਰਕਾਰ ਵੱਲੋਂ ਖੁਰਾਕ ਸੁਰੱਖਿਆ ’ਤੇ ਜ਼ੋਰ ਦਿੱਤਾ ਗਿਆ ਹੈ। ਜੀਨ ਰਾਹੀਂ ਤਿਆਰ ਕੀਤਾ ਪੌਦਾ, ਬੇਲੋੜੇ ਤੌਰ ’ਤੇ ਸੋਧੀਆਂ ਫਸਲਾਂ ਨੂੰ ਕਾਰੋਬਾਰੀ ਤੌਰ ’ਤੇ ਪੈਦਾ ਕਰਨ ਵਰਗੇ ਮੁੱਦਿਆਂ ’ਤੇ ਗੱਲ ਕੀਤੀ ਗਈ ਹੈ।

ਖੁਰਾਕ ਸੁਰੱਖਿਆ ਇੰਨਾ ਗੰਭੀਰ ਰੂਪ ਲੈ ਚੁੱਕੀ ਹੈ ਕਿ ਹਾਲ ਹੀ ’ਚ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ’ਚ ਇਸ ਨੂੰ ਮੁੱਖ ਤੌਰ ’ਤੇ ਸੰਬੋਧਿਤ ਕਰ ਕੇ ਕਿਹਾ ਗਿਆ ਹੈ ਕਿ ਅਾਉਣ ਵਾਲੇ ਸਾਲਾਂ ਦੀਆਂ ਯੋਜਨਾਵਾਂ ਨੂੰ ਖੇਤੀ ਖੇਤਰ ਦੇ ਸਥਿਰ ਵਿਕਾਸ ਨੂੰ ਧਿਆਨ ’ਚ ਰੱਖ ਕੇ ਜਾਰੀ ਕੀਤਾ ਜਾਣਾ ਚਾਹੀਦੈ, ਇਸ ’ਚ ਸਥਿਰ ਅਤੇ ਲਗਾਤਾਰ ਖੁਰਾਕ ਉਤਪਾਦਨ ਅਤੇ ਸਪਲਾਈ ਦੇ ਨਾਲ ਇਸ ਨਾਲ ਜੁੜੇ ਦਿਹਾਤੀ ਖੇਤਰ ਦੇ ਕਾਰੋਬਾਰ ਨੂੰ ਵਧਾਉਣ ਦੀ ਗੱਲ ਕਹੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਚੀਨੀ ਲੋਕਾਂ ਦੀਆਂ ਖੁਰਾਕੀ ਲੋੜਾਂ ਦਾ ਉਤਪਾਦਨ ਅਤੇ ਸਪਲਾਈ ਚੀਨੀਆਂ ਦੇ ਹੱਥ ’ਚ ਰਹਿਣੀ ਚਾਹੀਦੀ ਹੈ। ਇਸੇ ਤਰਜ਼ ’ਤੇ ਕੇਂਦਰੀ ਦਿਹਾਤੀ ਕਾਰਜ ਸੰਮੇਲਨ ਿਜਸ ਦੀ ਪ੍ਰਧਾਨਗੀ ਸ਼ੀ ਜਿਨਪਿੰਗ ਨੇ ਕੀਤੀ, ਕਿਹਾ ਕਿ ਇਸ ਗੱਲ ’ਤੇ ਸਰਕਾਰ ਵੱਲੋਂ ਵੱਧ ਜ਼ੋਰ ਿਦੱਤਾ ਜਾ ਰਿਹਾ ਹੈ ਕਿ ਮੁੱਖ ਖੁਰਾਕੀ ਪਦਾਰਥਾਂ ਦੀ ਸਪਲਾਈ ਲੜੀ ਰੁਕੇ ਨਾ। ਦਸੰਬਰ 2021’ਚ ਇਕ ਬੈਠਕ ’ਚ ਸ਼ੀ ਜਿਨਪਿੰਗ ਨੂੰ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਭੂਮੀ ਦੀ ਸੁਰੱਖਿਆ ਦੇ ਨਾਲ ਸੂਰ ਦਾ ਮੀਟ, ਸਬ਼ਜ਼ੀਆਂ ਅਤੇ ਦੂਸਰੇ ਖੁਰਾਕੀ ਪਦਾਰਥਾਂ ਦੀ ਸਪਲਾਈ ਨੂੰ ਬਣਾਈ ਰੱਖਣ ਦੀ ਗੱਲ ਕੀਤੀ ਸੀ। ਹਾਲ ਹੀ ’ਚ ਤਾਜ਼ਾ ਸਬਜ਼ੀਆਂ ਦੀਆਂ ਕੀਮਤਾਂ ’ਚ 30.6 ਫੀਸਦੀ ਦਾ ਉਛਾਲ ਨਵੰਬਰ 2021 ’ਚ ਦੇਖਿਆ ਗਿਆ। ਓਧਰ ਅੰਡੇ ਅਤੇ ਮਿੱਠੇ ਪਾਣੀ ਦੀਆਂ ਮੱਛੀਆਂ ਦੀਆਂ ਕੀਮਤਾਂ ’ਚ 2.1 ਅਤੇ 18 ਫੀਸਦੀ ਕ੍ਰਮਵਾਰ ਵਾਧਾ ਦੇਖਿਆ ਗਿਆ ਸੀ।

ਚੀਨ ਇਸ ਸਮੇਂ ਖੁਰਾਕ ਸੰਕਟ ’ਚ ਇਸ ਲਈ ਫਸਿਆ ਹੋਇਆ ਹੈ ਕਿਉਂਕਿ ਉਸ ਦੀ ਵਧੇਰੇ ਖੇਤੀ ਪੈਦਾਵਾਰ ਵਿਦੇਸ਼ਾਂ ਤੋਂ ਆਉਂਦੀ ਹੈ, ਉਦਾਹਰਣ ਦੇ ਤੌਰ ’ਤੇ ਚੀਨ ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਸੋਇਆਬੀਨ ਦੀ ਬਰਾਮਦ ਕਰਦਾ ਹੈ, ਚੀਨ ਨੂੰ ਸਪਲਾਈ ਹੋਣ ਵਾਲੇ ਮੱਕੇ ਦਾ 80 ਫੀਸਦੀ ਹਿੱਸਾ ਯੂਕ੍ਰੇਨ ਤੋਂ ਆਉਂਦਾ ਹੈ, ਕਣਕ ਅਤੇ ਚੌਲ ਵੀ ਦੱਖਣੀ- ਪੂਰਬੀ ਦੇਸ਼ਾਂ ਤੋਂ ਆਉਂਦੇ ਹਨ। ਇਸ ਦੇ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਚੀਨ ਨੇ ਜੋ ਪਿਛਲੇ 3 ਦਹਾਕੇ ’ਚ ਤੇਜ਼ੀ ਨਾਲ ਆਪਣੇ ਦੇਸ਼ ਦਾ ਉਦਯੋਗੀਕਰਨ ਕੀਤਾ ਹੈ, ਉਸ ਕਾਰਨ ਚੀਨ ਨੇ ਲੋੜ ਤੋਂ ਵੱਧ ਯੂਰੀਆ, ਕੀਟਨਾਸ਼ਕ ਅਤੇ ਦੂਸਰੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਹੈ। ਇਸ ਕਾਰਨ ਚੀਨ ਦੀ 20 ਫੀਸਦੀ ਖੇਤੀ ਵਾਲੀ ਜ਼ਮੀਨ ਜ਼ਹਿਰੀਲੀ ਹੋ ਚੁੱਕੀ ਹੈ। ਉੱਥੇ ਕੁਝ ਵੀ ਪੈਦਾ ਨਹੀਂ ਕੀਤਾ ਜਾ ਸਕਦਾ। ਕਈ ਪਾਣੀਆਂ ਵਾਲੇ ਇਲਾਕੇ, ਦਲਦਲੀ ਇਲਾਕੇ, ਨਦੀ ਦੇ ਮੁਹਾਣੇ, ਨਦੀਆਂ ਦੇ ਦਰਮਿਆਨ ਦੀ ਉਪਜਾਊ ਜ਼ਮੀਨ ਵੀ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਉੱਥੇ ਕੁਝ ਵੀ ਨਹੀਂ ਪੈਦਾ ਹੋ ਸਕਦਾ। ਓਧਰ ਦੂਜੇ ਪਾਸੇ ਚੀਨ ਦੇ ਉਪਰ ਉਸ ਦੀ ਭਾਰੀ ਆਬਾਦੀ ਦਾ ਬੋਝ ਹੈ, ਜਿਸ ਨੂੰ ਪੂਰਾ ਕਰਨ ਦੇ ਲਈ ਚੀਨ ਨੇ ਕਈ ਦੇੇਸ਼ਾਂ ’ਚ ਪੱਟੇ ’ਤੇ ਖੇਤੀਬਾੜੀ ਦੇ ਲਈ ਜ਼ਮੀਨ ਲਈ ਹੈ।

ਬੇਸ਼ੱਕ ਹੀ ਚੀਨ ਭਾਰਤ ਤੋਂ 3.5 ਗੁਣਾ ਵੱਡਾ ਹੈ ਪਰ ਭਾਰਤ ਦੇ ਕੋਲ ਜਿੰਨੀ ਖੇਤੀ ਯੋਗ ਜ਼ਮੀਨ ਹੈ, ਚੀਨ ਦੇ ਕੋਲ ਉਸ ਦਾ ਸਿਰਫ ਅੱਧਾ ਹਿੱਸਾ ਹੀ ਹੈ, ਉਸ ’ਚੋਂ ਵੀ 20 ਫੀਸਦੀ ਰਸਾਇਣਾਂ ਕਾਰਨ ਜ਼ਹਿਰੀਲਾ ਹੋ ਚੁੱਕਾ ਹੈ। ਜਿੱਥੋਂ ਤੱਕ ਖੁਰਾਕ ਸਪਲਾਈ ਦੀ ਗੱਲ ਹੈ ਤਾਂ ਚੀਨ ’ਚ ਕੋਰੋਨਾ ਦੇ ਕਾਰਨ ਕੋਈ ਵੀ ਸਾਮਾਨ ਚੀਨ ਤੋਂ ਬਾਹਰ ਨਾ ਤਾਂ ਅਾਸਾਨੀ ਨਾਲ ਜਾ ਸਕਦਾ ਹੈ ਅਤੇ ਨਾ ਹੀ ਆ ਸਕਦਾ ਹੈ। ਇਸੇ ਕਾਰਨ ਵੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਜਨਤਾ ਨੂੰ ਇਹ ਕਿਹਾ ਹੈ ਕਿ ਆਪਣੇ ਅਨਾਜ ਦਾ ਕਟੋਰਾ ਆਪਣੇ ਹੱਥ ’ਚ ਮਜ਼ਬੂਤੀ ਨਾਲ ਫੜ ਕੇ ਰੱਖੋ ਤੇ ਆਪਣੇ ਦੇਸ਼ ’ਚ ਅਨਾਜ ਉਗਾਓ।

ਚੀਨ ਨੇ ਕਜ਼ਾਖਿਸਤਾਨ ’ਚ ਕਣਕ ਦੇ ਲਈ ਜ਼ਮੀਨ ਪੱਟੇ ’ਤੇ ਲਈ ਹੋਈ ਹੈ, ਅਰਜਨਟੀਨਾ ਅਤੇ ਬ੍ਰਾਜ਼ੀਲ ’ਚ ਸੋਇਆਬੀਨ ਦੇ ਲਈ, ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ’ਚ ਚੌਲਾਂ ਦੇ ਲਈ, ਅਫਰੀਕਾ ’ਚ ਹੋਰਨਾਂ ਫਸਲਾਂ ਦੇ ਲਈ ਚੀਨ ਨੇ ਖੇਤੀਬਾੜੀ ਜ਼ਮੀਨ ਪੱਟੇ ’ਤੇ ਲਈ ਹੋਈ ਹੈ ਪਰ ਇਨ੍ਹਾਂ ’ਚੋਂ ਕਈ ਦੇਸ਼ਾਂ ਦੇ ਨਾਲ ਚੀਨ ਦੇ ਸਬੰਧ ਹੁਣ ਬਹੁਤ ਖਰਾਬ ਚੱਲ ਰਹੇ ਹਨ ਅਤੇ ਉੱਥੋਂ ਦੀ ਜਨਤਾ ’ਚ ਚੀਨ ਦੇ ਿਵਰੁੱਧ ਰੋਸ ਫੈਲਿਆ ਹੋਇਆ ਹੈ। ਇਸ ਕਾਰਨ ਚੀਨ ਨੂੰ ਪੂਰੀ ਤਰ੍ਹਾਂ ਖੁਰਾਕ ਸਪਲਾਈ ਹੋਣ ’ਚ ਪ੍ਰੇਸ਼ਾਨੀ ਆ ਰਹੀ ਹੈ।

ਕੋਵਿਡ ਦੇ ਕਾਰਨ ਕਈ ਸ਼ਹਿਰਾਂ ’ਚ ਲੱਗੇ ਲਾਕਡਾਊਨ ਨਾਲ ਸ਼ੀਆਨ ਸਮੇਤ ਕੁਝ ਸ਼ਹਿਰਾਂ ’ਚ ਭੁਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਵਾਰ ਦੀ ਖੇਤੀਬਾੜੀ ਨੀਤੀ ਦੇ ਬਾਅਦ ਜੇਕਰ ਪੈਦਾਵਾਰ ਵਧਾਉਣ ਲਈ ਚੀਨ ਨੇ ਖੇਤਾਂ ’ਚ ਯੂਰੀਆ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧਾਈ ਤਾਂ ਵਾਤਾਵਰਣ ’ਤੇ ਇਸ ਦਾ ਬੁਰਾ ਅਸਰ ਪਵੇਗਾ। ਮਿੱਟੀ ਅਤੇ ਪਾਣੀ ’ਚ ਵੱਧ ਪ੍ਰਦੂਸ਼ਣ ਫੈਲੇਗਾ ਜਿਸ ਨਾਲ ਬੰਜਰ ਧਰਤੀ ਦਾ ਖੇਤਰਫਲ ਵਧੇਗਾ। ਕਿਸੇ ਵੀ ਦੇਸ਼ ਦੀ ਵੱਡੀ ਆਬਾਦੀ ਦੇ ਲਈ ਵੱਧ ਅੰਨ ਦੀ ਦਰਾਮਦ ਨਹੀਂ ਕੀਤੀ ਜਾ ਸਕਦੀ, ਇਨ੍ਹਾਂ ਸਾਰੇ ਕਾਰਨਾਂ ਕਰ ਕੇ ਭਵਿੱਖ ’ਚ ਚੀਨ ਦਾ ਖੁਰਾਕ ਸੰਕਟ ਹੋਰ ਡੂੰਘਾ ਹੋਣ ਦਾ ਖਦਸ਼ਾ ਵੱਧ ਦਿਸਦਾ ਹੈ। ਇਸ ਨਾਲ ਨਜਿੱਠਣਾ ਚੀਨ ਲਈ ਸੌਖਾ ਨਹੀਂ ਹੋਵੇਗਾ।


Harinder Kaur

Content Editor

Related News