ਸ਼ੇਅਰ ਮਾਰਕਿਟ ਵਿਚ 'ਬਲੱਡਬਾਥ', ਇਕ ਮਹੀਨੇ ’ਚ 4818 ਅੰਕ ਗੁਆ ਚੁੱਕਾ ਹੈ ਸੈਂਸੈਕਸ

Tuesday, Feb 15, 2022 - 02:12 PM (IST)

ਮੁੰਬਈ (ਏਜੰਸੀਆਂ) - ਸਟਾਕ ਮਾਰਕੀਟਸ ’ਚ ਆਈ ਗਿਰਾਵਟ ਨੇ ਨਿਵੇਸ਼ਕਾਂ ਨੂੰ ਡਰਾ ਦਿੱਤਾ ਹੈ। ਅੱਜ ਦਾ ਦਿਨ ਬਾਜ਼ਾਰ ਲਈ ਬਲੈਕ ਮੰਡੇ ਸਾਬਤ ਹੋਇਆ। ਖਾਸ ਗੱਲ ਇਹ ਹੈ ਕਿ ਮਾਰਕੀਟਸ ’ਚ ਵਿਕਰੀ ਦਾ ਚਾਰੇ ਪਾਸੇ ਦਬਾਅ ਦਿਖਾਈ ਦੇ ਰਿਹਾ ਹੈ। ਛੋਟੇ-ਵੱਡੇ ਸਾਰੇ ਸ਼ੇਅਰਾਂ ’ਚ ਵੱਡੀ ਗਿਰਾਵਟ ਹੈ। ਸਿਰਫ ਇਕ ਮਹੀਨੇ ’ਚ ਸੈਂਸੈਕਸ 4,818 ਅੰਕ ਡਿੱਗ ਚੁੱਕਾ ਹੈ। ਬਾਜ਼ਾਰ ਦੀ ਗਿਰਾਵਟ ਅਜਿਹੇ ਸਮੇਂ ਆਈ ਹੈ ਜਦੋਂ ਐੱਲ. ਆਈ. ਸੀ. ਆਈ. ਪੀ. ਓ. ਪੇਸ਼ ਕਰਨ ਜਾ ਰਹੀ ਹੈ। ਅਜਿਹੇ ’ਚ ਗਿਰਾਵਟ ਦਾ ਅਸਰ ਇਸ ਮੈਗਾ ਇਸ਼ੂ ’ਤੇ ਪੈ ਸਕਦਾ ਹੈ।

ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਆਪਣੇ 10 ਮਹੀਨਿਆਂ ਦੀ ਸਭ ਤੋਂ ਵੱਡੀ ਗਿਰਾਵਟ ਦਿਖਾਈ। ਇਸ ਤਰ੍ਹਾਂ ਦੀ ਗਿਰਾਵਟ ਨੂੰ ਸ਼ੇਅਰ ਬਾਜ਼ਾਰ ’ਚ ਬਲੱਡਬਾਥ ਕਿਹਾ ਜਾਂਦਾ ਹੈ। ਸੋਮਵਾਰ ਨੂੰ ਭਾਰਤੀ ਬਾਜ਼ਾਰ ਗੈਪਡਾਊਨ ਖੁੱਲ੍ਹੇ ਅਤੇ ਉਸ ਤੋਂ ਬਾਅਦ ਵੀ ਡਿਗਦੇ ਚਲੇ ਗਏ। ਇਕ ਹੀ ਸੈਸ਼ਨ ’ਚ ਸੈਂਸੈਕਸ 3 ਫੀਸਦੀ ਡਿੱਗ ਗਿਆ ਅਤੇ ਨਿਫਟੀ 3.06 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਅਜਿਹੀ ਗਿਰਾਵਟ ਪਿਛਲੇ 10 ਮਹੀਨਿਆਂ ’ਚ ਨਹੀਂ ਆਈ ਸੀ। ਜੇ ਅਸੀਂ ਗੱਲ ਕਰੀਏ ਪਿਛਲੇ ਦੋ ਕਾਰੋਬਾਰੀ ਦਿਨਾਂ ਦੀ ਤਾਂ ਨਿਵੇਸ਼ਕ 12.45 ਲੱਖ ਕਰੋੜ ਰੁਪਏ ਗੁਆ ਚੁੱਕੇ ਹਨ। ਸੋਮਵਾਰ ਨੂੰ ਸਾਰੇ ਸੈਕਟਰਾਂ ’ਚ ਭਾਰੀ ਵਿਕਰੀ ਦੇਖੀ ਗਈ। ਇਕ ਵੀ ਸੈਕਟਰ ਹਰੇ ਨਿਸ਼ਾਨ ’ਤੇ ਬੰਦ ਹੋਣ ’ਚ ਸਫਲ ਨਹੀਂ ਹੋ ਸਕਿਆ। ਸਭ ਤੋਂ ਵੱਧ ਗਿਰਾਵਟ ਪਬਲਿਕ ਸੈਕਟਰ ਬੈਂਕਸ ਰੀਅਲਟੀ ਅਤੇ ਮੈਟਲ ’ਚ ਦੇਖੀ ਗਈ।

ਜਾਣਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ’ਚ ਸ਼ੇਅਰ ਬਾਜ਼ਾਰ ਦਬਾਅ ’ਚ ਹਨ। ਇੰਡੀਅਨ ਮਾਰਕੀਟ ’ਚ ਗਿਰਾਵਟ ਜ਼ਿਆਦਾ ਹੈ, ਜਿਸ ਦਾ ਕਾਰਨ ਵਿਦੇਸ਼ੀ ਫੰਡਾਂ ਦੀ ਵਿਕਰੀ ਹੈ। ਪਿਛਲੇ ਕੁੱਝ ਹਫਤਿਆਂ ਤੋਂ ਵਿਦੇਸ਼ੀ ਫੰਡ ਇੰਡੀਅਨ ਮਾਰਕੀਟਸ ’ਚ ਲਗਾਤਾਰ ਵਿਕਰੀ ਕਰ ਰਹੇ ਹਨ। ਇਸ ਕਾਰਨ ਨਿਫਟੀ 17,000 ਤੋਂ ਹੇਠਾਂ ਚਲਾ ਗਿਆ ਹੈ। ਇਸ ਤੋਂ ਪਹਿਲਾਂ 17 ਦਸੰਬਰ ਨੂੰ ਨਿਫਟੀ 17,000 ਤੋਂ ਹੇਠਾਂ ਗਿਆ ਸੀ। ਕਰੀਬ 2 ਮਹੀਨਿਆਂ ’ਚ ਨਿਫਟੀ ਦਾ ਦੋ ਵਾਰ 17,000 ਤੋਂ ਹੇਠਾਂ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਬਾਜ਼ਾਰ ’ਚ ਸਟ੍ਰੈਂਥ ਨਹੀਂ ਹੈ।

ਜਦੋਂ ਕਾਰੋਬਾਰ ਸਮਾਪਤ ਹੋਇਆ ਤਾਂ ਬੀ. ਐੱਸ. ਈ. 1,747.08 ਅੰਕ (3 ਫੀਸਦੀ) ਡਿੱਗ ਕੇ 56,405.08 ਅੰਕ ’ਤੇ ਰਿਹਾ। ਇਸ ਤਰ੍ਹਾਂ ਐੱਨ. ਐੱਸ. ਈ. ਨਿਫਟੀ 531.95 ਅੰਕ (3.06 ਫੀਸਦੀ) ਡਿੱਗ ਕੇ 16,842.80 ਅੰਕ ’ਤੇ ਬੰਦ ਹੋਇਆ। ਇਹ ਦੋਵੇਂ ਮੇਜਰ ਇੰਡੈਕਸ ਲਈ ਕਰੀਬ ਇਕ ਸਾਲ ਦੀ ਸਭ ਤੋਂ ਵੱਡੀ ਇਕ ਦਿਨ ਦੀ ਗਿਰਾਵਟ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 26 ਫਰਵਰੀ ਨੂੰ ਸੈਂਸੈਕਸ 1940 ਅੰਕ ਅਤੇ ਨਿਫਟੀ ’ਚ 568 ਅੰਕ ਦੀ ਗਿਰਾਵਟ ਆਈ ਸੀ।

ਕੀ ਹੈ ਇਸ ਬਲੱਡਬਾਥ ਦੇ ਪਿੱਛੇ ਦਾ ਕਾਰਨ

ਜਾਣਕਾਰਾਂ ਦਾ ਕਹਿਣਾ ਹੈ ਕਿ ਗਿਰਾਵਟ ’ਚ ਗਲੋਬਲ ਫੈਕਟਰਸ ਦਾ ਵੱਡਾ ਹੱਥ ਹੈ। ਮੁੱਖ ਤੌਰ ’ਤੇ 3 ਚੀਜ਼ਾਂ ਬਾਜ਼ਾਰ ’ਤੇ ਦਬਾਅ ਵਧਾ ਰਹੀਆਂ ਹਨ। ਇਸ ’ਚ ਪਹਿਲਾ ਰੂਸ ਅਤੇ ਯੂਕ੍ਰੇਨ ਦਰਮਿਆਨ ਵਧਦਾ ਤਨਾਅ ਹੈ। ਅਮਰੀਕਾ ਅਤੇ ਰੂਸ ਦਰਮਿਆਨ ਗੱਲਬਾਤ ਬੇਨਤੀਜਾ ਰਹੀ ਹੈ। ਜਰਮਨੀ ਦੀ ਕੋਸ਼ਿਸ਼ ਵੀ ਤਨਾਅ ਨੂੰ ਘੱਟ ਨਹੀਂ ਕਰ ਸਕੀ ਹੈ। ਉਧਰ ਅਮਰੀਕਾ ’ਚ ਵਿਆਜ ਦਰ ’ਚ ਅਨੁਮਾਨ ਤੋਂ ਜ਼ਿਆਦਾ ਵਾਧਾ ਹੋਣ ਵਾਲਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਸਾਲ ਘੱਟ ਤੋਂ ਘੱਟ 4 ਵਾਰ ਉੱਥੇ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ। ਹੁਣ ਦੇ 7 ਵਾਰ ਤੱਕ ਵਧਣ ਦਾ ਅਨੁਮਾਨ ਹੈ। ਇਹ ਉਭਰਦੇ ਬਾਜ਼ਾਰਾਂ ਲਈ ਨਾਂਹਪੱਖੀ ਹੋਵੇਗਾ। ਤੀਜਾ ਕਰੂਡ ਆਇਲ ਦਾ ਭਾਅ 96 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਇਹ ਭਾਰਤੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।

ਆਇਲ ਮਾਰਕੀਟਿੰਗ ਕੰਪਨੀਆਂ ਦੀ ਹਾਲਤ ਖਰਾਬ

ਸੋਮਵਾਰ ਨੂੰ ਆਇਲ ਮਾਰਕੀਟਿੰਗ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ ਗਿਰਾਵਟ ਆਈ। ਐੱਚ. ਪੀ. ਸੀ. ਐੱਲ. ਦਾ ਸ਼ੇਅਰ 4 ਫੀਸਦੀ ਡਿੱਗ ਗਿਆ। ਬੀ. ਪੀ. ਸੀ. ਐੱਲ. ਦਾ ਸ਼ੇਅਰ 2 ਫੀਸਦੀ ਤੋਂ ਜ਼ਿਆਦਾ ਡਿਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸ਼ੇਅਰਾਂ ’ਚ 4.55 ਫੀਸਦੀ ਦੀ ਕਮਜ਼ੋਰੀ ਆਈ। ਦਰਅਸਲ ਪਿਛਲੇ ਕਰੀਬ 75 ਦਿਨਾਂ ਤੋਂ ਇਨ੍ਹਾਂ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਕੀਤਾ ਹੈ। ਆਖਰੀ ਵਾਰ ਜਦੋਂ ਆਇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਸਨ, ਉਦੋਂ ਕਰੂਡ ਦਾ ਭਾਅ 80 ਡਾਲਰ ਪ੍ਰਤੀ ਬੈਰਲ ਸੀ। ਇਸ ਤਰ੍ਹਾਂ ਭਾਅ 80 ਤੋਂ 96 ਡਾਲਰ ਤੱਕ ਪਹੁੰਚ ਗਿਆ ਹੈ ਜਦ ਕਿ ਆਇਲ ਕੰਪਨੀਆਂ ਪੁਰਾਣੇ ਰੇਟ ’ਤੇ ਵਿਕਰੀ ਕਰ ਰਹੀਆਂ ਹਨ। ਇਸ ਦਾ ਸਿੱਧਾ ਦਬਾਅ ਉਨ੍ਹਾਂ ਦੇ ਮੁਨਾਫੇ ’ਤੇ ਪਵੇਗਾ। ਇਸ ਤੋਂ ਬਚਣ ਲਈ ਉਨ੍ਹਾਂ ਨੂੰ ਤੇਲ ਦੀਆਂ ਕੰਪਨੀਆਂ ’ਚ ਚੋਣਾਂ ਤੋਂ ਬਾਅਤ ਤੇਜ਼ ਵਾਧਾ ਕਰਨਾ ਹੋਵੇਗਾ।

 


Harinder Kaur

Content Editor

Related News