Bitcoin 'ਤੇ ਲੱਗੇਗਾ ਟੈਕਸ, ਇਸੇ ਵਿੱਤੀ ਸਾਲ 'ਚ ਕਰਨਾ ਹੋਵੇਗਾ ਭੁਗਤਾਨ
Wednesday, Feb 17, 2021 - 12:49 PM (IST)
ਨਵੀਂ ਦਿੱਲੀ- ਸਰਕਾਰ ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਤੋਂ ਪਹਿਲਾਂ ਇਸ ਦੀ ਕਮਾਈ ਅਤੇ ਟਰੇਡਿੰਗ 'ਤੇ ਟੈਕਸ ਲਾਉਣ ਜਾ ਰਹੀ ਹੈ। ਇਸੇ ਵਿੱਤੀ ਸਾਲ ਵਿਚ ਟੈਕਸਾਂ ਦਾ ਭੁਗਤਾਨ ਕਰਨਾ ਹੋਵੇਗਾ। ਵਿੱਤ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕ੍ਰਿਪਟੋਕਰੰਸੀ ਬਿੱਲ ਤੋਂ ਪਹਿਲਾਂ ਸਰਕਾਰ ਬਿਟਕੁਆਇਨ ਵਰਗੀਆਂ ਕ੍ਰਿਪਟੋਕਰੰਸੀਜ਼ ਦੇ ਲਾਭ ਅਤੇ ਟਰੇਡਿੰਗ 'ਤੇ ਗੁ਼ੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਅਤੇ ਇਨਕਮ ਟੈਕਸ (ਆਈ. ਟੀ.) ਦੋਵੇਂ ਲਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਬੰਧੀ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ। ਬਿਟਕੁਆਇਨ ਨੂੰ ਵਿੱਤੀ ਸੇਵਾਵਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ ਇਸ ਦੀ ਟਰੇਡਿੰਗ 'ਤੇ 18 ਫ਼ੀਸਦੀ ਜੀ. ਐੱਸ. ਟੀ. ਲੱਗੇਗਾ। ਇਸ ਤੋਂ ਇਲਾਵਾ ਇਨਕਮ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਟੈਕਸ ਮੌਜੂਦਾ ਵਿੱਤੀ ਵਰ੍ਹੇ ਲਈ ਲਾਏ ਜਾਣਗੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਮਾਰਚ 2020 ਵਿਚ ਕ੍ਰਿਪਟੋ ਟਰੇਡ 'ਤੇ ਪਾਬੰਦੀ ਹਟਾ ਦਿੱਤੀ ਗਈ ਸੀ।
ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕ੍ਰਿਪਟੋਕਰੰਸੀ ਅਤੇ ਡਿਜੀਟਲ ਕਰੰਸੀ ਬਿੱਲ 2021 ਨਾਲ ਸਪੱਸ਼ਟ ਹੋਵੇਗਾ ਕਿ ਕਿਸ ਤਰ੍ਹਾਂ ਦੀ ਕ੍ਰਿਪਟੋਕਰੰਸੀ 'ਤੇ ਪਾਬੰਦੀ ਹੋਵੇਗੀ। ਗੌਰਤਲਬ ਹੈ ਕਿ ਕ੍ਰਿਪਟੋਕਰੰਸੀ ਇਕ ਡਿਜੀਟਲ ਕਰੰਸੀ ਹੈ, ਜਿਸ ਨੂੰ ਸਰਕਾਰ ਜਾਂ ਕੋਈ ਬੈਂਕ ਨਹੀਂ ਛਾਪਦਾ ਹੈ। ਇਸ ਲਈ ਇਸ ਵਿਚ ਭਾਰੀ ਨੁਕਸਾਨ ਹੋਣ ਦਾ ਵੱਡਾ ਖ਼ਤਰਾ ਰਹਿੰਦਾ ਹੈ। ਭਾਰਤ ਵਿਚ ਇਸ ਦੇ ਲੈਣ-ਦੇਣ 'ਤੇ ਆਰ. ਬੀ. ਆਈ. ਨੇ ਰੋਕ ਲਾ ਦਿੱਤੀ ਸੀ।