RTI ਦੇ ਤਹਿਤ ਵੱਡਾ ਖੁਲਾਸਾ : 2000 ਰੁਪਏ ਦੇ ਨੋਟ ਦੀ ਛਪਾਈ ਬੰਦ
Thursday, Nov 10, 2022 - 10:24 AM (IST)
ਨਵੀਂ ਦਿੱਲੀ–ਇਕ ਰਾਈਟ ਟੂ ਇਨਫਾਰਮੇਸ਼ਨ (ਆਰ. ਟੀ. ਆਈ.) ਦੇ ਤਹਿਤ ਇਕ ਵੱਡਾ ਖੁਲਾਸਾ ਹੋਇਆ ਹੈ ਕਿ 2019-20, 2020-21 ਅਤੇ 2021-22 ਯਾਨੀ 3 ਸਾਲਾਂ ਦੌਰਾਨ 2000 ਰੁਪਏ ਦਾ ਕੋਈ ਨਵਾਂ ਨੋਟ ਨਹੀਂ ਛਾਪਿਆ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੋਟ ਛਪਾਈ (ਪੀ) ਲਿਮਟਿਡ ਨੇ ਵਿੱਤੀ ਸਾਲ 2016-17 ’ਚ 2000 ਰੁਪਏ ਦੇ 3,5429.91 ਕਰੋੜ ਨੋਟ ਛਾਪੇ ਸਨ ਜੋ 2017-18 ’ਚ ਕਾਫੀ ਘੱਟ 1115.07 ਕਰੋੜ ਨੋਟ ਛਾਪੇ ਗਏ ਅਤੇ 2018-19 ’ਚ ਇਸ ਨੂੰ ਹੋਰ ਘੱਟ ਕਰ ਕੇ ਸਿਰਫ 466.90 ਕਰੋੜ ਨੋਟ ਛਾਪੇ ਗਏ। ਆਰ. ਬੀ. ਆਈ. ਨੋਟ ਛਪਾਈ (ਪੀ) ਲਿਮਟਿਡ ਤੋਂ ਪ੍ਰਾਪਤ ਆਰ. ਟੀ. ਆਈ. ਜਵਾਬ ਤੋਂ ਪਤਾ ਲੱਗਾ ਹੈ ਕਿ ਵਿੱਤੀ ਸਾਲ 2019-20, 2020-21 ਅਤੇ 2021-22 ’ਚ 2000 ਰੁਪਏ ਮੁੱਲ ਵਰਗ ਦੇ ਕਰੰਸੀ ਨੋਟ ਛਾਪਣ ਦੀ ਗਿਣਤੀ ‘0’ ਰਹੀ।
2000 ਦੇ ਨਕਲੀ ਨੋਟਾਂ ਦੀ ਗਿਣਤੀ ਵਧੀ
ਸਰਕਾਰ ਵਲੋਂ 8 ਨਵੰਬਰ 2016 ਨੂੰ 500 ਅਤੇ 10000 ਰੁਪਏ ਦੇ ਪੁਰਾਣੇ ਨੋਟਾਂ ’ਤੇ ਪਾਬੰਦੀ ਲਗਾਉਣ ਵਾਲੇ ਮੁਦਰੀਕਰਨ ਕਦਮ ਦੇ ਐਲਾਨ ਤੋਂ ਬਾਅਦ ਆਰ. ਬੀ. ਆਈ. ਨੇ 2000 ਰੁਪਏ ਦਾ ਨੋਟ ਪੇਸ਼ ਕੀਤਾ ਸੀ। ਸੰਸਦ ’ਚ ਇਕ ਹਾਲ ਹੀ ਦੇ ਜਵਾਬ ’ਚ ਕਿਹਾ ਗਿਆ ਹੈ ਕਿ ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਜ਼ਬਤ ਕੀਤੇ ਗਏ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ 2016 ਅਤੇ 2020 ਦਰਮਿਆਨ 2,272 ਤੋਂ ਵਧ ਕੇ 2,44,834 ਹੋ ਗਈ ਹੈ। ਅੰਕੜਿਆਂ ਮੁਤਾਬਕ 2016 ’ਚ ਦੇਸ਼ ’ਚ ਜ਼ਬਤ ਕੀਤੇ ਗਏ ਨਕਲੀ 2,000 ਰੁਪਏ ਦੇ ਨੋਟਾਂ ਦੀ ਕੁੱਲ ਗਿਣਤੀ 2,272 ਸੀ ਜੋ 2017 ’ਚ ਵਧ ਕੇ 74,898 ਹੋ ਗਈ ਜੋ 2018 ’ਚ ਘਟ ਕੇ 54,776 ਹੋ ਗਈ। 2019 ’ਚ ਇਹ ਅੰਕੜਾ 90,556 ਅਤੇ 2020 ’ਚ 2,44,834 ਨੋਟ ਰਿਹਾ।