ਬੈਂਕਾਂ ਦੀ ਹੜਤਾਲ, 16,500 ਕਰੋੜ ਦੇ ਚੈੱਕ ਫਸੇ, ਕੱਲ ਵੀ ਰਹੇਗਾ ਕੰਮਕਾਜ ਠੱਪ

03/15/2021 2:22:08 PM

ਨਵੀਂ ਦਿੱਲੀ- ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਵਿਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵੱਲੋਂ ਬੁਲਾਈ ਗਈ ਦੋ ਦਿਨਾਂ ਰਾਸ਼ਟਰ ਪੱਧਰੀ ਹੜਤਾਲ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ।

ਬੈਂਕਿੰਗ ਕੰਮਕਾਜ ਨਾ ਹੋਣ ਦੀ ਵਜ੍ਹਾ ਨਾਲ ਲਗਭਗ 16,500 ਕਰੋੜ ਰੁਪਏ ਦੇ ਦੋ ਕਰੋੜ ਚੈੱਕ ਪਾਸ ਨਹੀਂ ਹੋਏ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਾਚਲਮ ਨੇ ਇਸ ਹੜਤਾਲ ਨੂੰ ਸਫ਼ਲ ਕਰਾਰ ਦਿੰਦੇ ਹੋਏ ਇਹ ਗੱਲ ਆਖ਼ੀ।

ਉਨ੍ਹਾਂ ਕਿਹਾ ਕਿ ਇਸ ਹੜਤਾਲ ਵਿਚ ਲਗਭਗ 10 ਲੱਖ ਬੈਂਕ ਮੁਲਾਜ਼ਮ ਨਾਲ ਆਏ ਹਨ। ਸਰਕਾਰ ਨੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਵਜ੍ਹਾ ਨਾਲ ਇਹ ਹੜਤਾਲ ਹੋ ਰਹੀ ਹੈ।

ਵੈਂਕਟਾਚਲਮ ਨੇ ਕਿਹਾ, ''ਵੱਖ-ਵੱਖ ਸੂਬਿਆਂ ਤੋਂ ਸਾਡੇ ਤੱਕ ਪਹੁੰਚ ਰਹੀਆਂ ਰਿਪੋਰਟਾਂ ਅਨੁਸਾਰ, ਹੜਤਾਲ ਦੇ ਸਮਰਥਨ ਵਿਚ ਸਾਰੀ ਜਗ੍ਹਾ ਬੈਂਕਿੰਗ ਕੰਮ ਪ੍ਰਭਾਵਿਤ ਹੋਏ ਹਨ।'' ਬਹੁਤ ਸਾਰੀਆਂ ਸ਼ਾਖਾਵਾਂ ਵੀ ਨਹੀਂ ਖੁੱਲ੍ਹੀਆਂ ਹਨ, ਜਿਸ ਕਾਰਨ ਚੈੱਕ ਨਹੀਂ ਲੱਗ ਸਕੇ। ਉਨ੍ਹਾਂ ਕਿਹਾ ਕਿ ਹੜਤਾਲ ਮੰਗਲਵਾਰ ਨੂੰ ਵੀ ਜਾਰੀ ਰਹੇਗੀ, ਤਾਂ ਜੋ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ਵਿਚ ਜਾਣ ਤੋਂ ਬਚਾਇਆ ਜਾ ਸਕੇ। ਗੌਰਤਲਬ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ (ਯੂ. ਐੱਫ. ਬੀ. ਯੂ.) ਨੌਂ ਸੰਗਠਨਾਂ ਦਾ ਸੰਯੁਕਤ ਮੰਚ ਹੈ।


Sanjeev

Content Editor

Related News