ਇਸ ਸਾਲ ਪਹਿਲੀ ਵਾਰ ਬੈਂਕ ਕਰਜ਼ਿਆਂ ਦੀ ਵਿਕਾਸ ਦਰ ਹੋਈ 10 ਫੀਸਦੀ ਤੋਂ ਘੱਟ

10/11/2019 5:14:16 PM

ਮੁੰਬਈ — ਚਾਲੂ ਵਿੱਤੀ ਸਾਲ 'ਚ ਪਹਿਲੀ ਵਾਰ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ਿਆਂ ਦੀ ਵਿਕਾਸ ਦਰ 10 ਫੀਸਦੀ ਤੋਂ ਹੇਠਾਂ ਆ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ 27 ਸਤੰਬਰ ਨੂੰ ਖ਼ਤਮ ਹੋਏ ਪੰਦਰਵਾੜੇ ਦੌਰਾਨ ਬੈਂਕਾਂ ਦੇ ਕਰਜ਼ੇ ਦੀ ਵਿਕਾਸ ਦਰ ਘਟ ਕੇ 8.79 ਪ੍ਰਤੀਸ਼ਤ ਰਹਿ ਗਈ ਹੈ। ਇਸ ਮਿਆਦ ਦੌਰਾਨ ਬੈਂਕਾਂ ਦਾ ਕਰਜ਼ਾ 97.71 ਲੱਖ ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸੇ ਪੰਦਰਵਾੜੇ ਵਿਚ ਬੈਂਕਾਂ ਦਾ ਕਰਜ਼ਾ 89.82 ਲੱਖ ਕਰੋੜ ਰੁਪਏ ਰਿਹਾ ਸੀ। 

ਇਸ ਤੋਂ ਪਿਛਲੇ ਯਾਨੀ 14 ਸਤੰਬਰ ਨੂੰ ਖ਼ਤਮ ਹੋਏ ਪੰਦਰਵਾੜੇ ਵਿਚ ਬੈਂਕਾਂ ਦਾ ਕਰਜ਼ਾ 10.26 ਫੀਸਦੀ ਦੇ ਵਾਧੇ ਨਾਲ 97.01 ਲੱਖ ਕਰੋੜ ਰੁਪਏ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਅਨੁਸਾਰ ਇਸ ਮਿਆਦ ਦੌਰਾਨ ਬੈਂਕਾਂ 'ਚ ਜਮ੍ਹਾਂ ਰਕਮ ਦੀ ਵਾਧਾ ਦਰ ਵੀ ਘੱਟ ਗਈ ਹੈ। ਸਮੀਖਿਆ ਅਧੀਨ ਪੰਦਰਵਾੜੇ ਵਿਚ ਬੈਂਕਾਂ ਦੀ ਜਮ੍ਹਾਂ ਰਕਮ 9.38 ਫੀਸਦੀ ਵਧ ਕੇ 129.06 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਇਸੇ ਪੰਦਰਵਾੜੇ ਵਿਚ ਬੈਂਕ ਜਮ੍ਹਾ 118 ਲੱਖ ਕਰੋੜ ਰੁਪਏ ਸੀ। ਬੈਂਕਾਂ ਦਾ ਜਮ੍ਹਾਂ 13 ਸਤੰਬਰ ਨੂੰ ਖ਼ਤਮ ਹੋਏ ਪੰਦਰਵਾੜੇ ਵਿਚ 10.02 ਪ੍ਰਤੀਸ਼ਤ ਵਧਿਆ ਸੀ। ਸਾਲਾਨਾ ਅਧਾਰ 'ਤੇ ਗੈਰ-ਖੁਰਾਕੀ ਕਰਜ਼ੇ ਦਾ ਵਾਧਾ ਅਗਸਤ 2019 ਵਿਚ ਘੱਟ ਕੇ 9.8 ਪ੍ਰਤੀਸ਼ਤ ਰਹਿ ਗਿਆ। ਇਹ ਅਗਸਤ 2018 ਵਿਚ 12.4 ਪ੍ਰਤੀਸ਼ਤ ਸੀ। ਅਗਸਤ 'ਚ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਲਈ ਕਰਜ਼ੇ ਦੀ ਵਾਧਾ ਦਰ 6.8 ਪ੍ਰਤੀਸ਼ਤ ਸੀ ਜਿਹੜੀ ਕਿ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਵਿਚ 6.6 ਪ੍ਰਤੀਸ਼ਤ ਸੀ। ਸੇਵਾਵਾਂ ਦੇ ਖੇਤਰ 'ਚ ਕਰਜ਼ੇ 'ਚ ਵਾਧਾ ਅਗਸਤ 'ਚ 26.7 ਪ੍ਰਤੀਸ਼ਤ ਤੋਂ ਘਟ ਕੇ 13.3 ਪ੍ਰਤੀਸ਼ਤ ਹੋ ਗਿਆ। ਵਿਅਕਤੀਗਤ ਕਰਜ਼ੇ ਦੀ ਵਾਧਾ ਦਰ ਅਗਸਤ 'ਚ ਘੱਟ ਕੇ 15.6 ਪ੍ਰਤੀਸ਼ਤ ਰਹੀ ਜਿਹੜੀ ਕਿ ਅਗਸਤ 2018 'ਚ 18.2 ਫੀਸਦੀ ਸੀ। ਹਾਲਾਂਕਿ ਇਸ ਮਿਆਦ ਦੌਰਾਨ ਉਦਯੋਗ ਨੂੰ ਕਰਜ਼ੇ ਦੀ ਦਰ ਦੁਗਣੀ ਹੋ ਕੇ  3.9% 'ਤੇ ਪਹੁੰਚ ਗਈ ਜਿਹੜੀ ਕਿ ਅਗਸਤ 2018 'ਚ 1.9 ਫੀਸਦੀ ਸੀ।


Related News