ਮਹਿੰਗਾ ਹੋਵੇਗਾ ATM ''ਚੋਂ ਪੈਸੇ ਕਢਾਉਣਾ, ਜਲਦ ਵਧ ਸਕਦੀ ਹੈ ਫੀਸ
Saturday, Apr 13, 2019 - 03:51 PM (IST)

ਮੁੰਬਈ— ਜਲਦ ਹੀ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣਾ ਮਹਿੰਗਾ ਹੋ ਸਕਦਾ ਹੈ। ਬੀਤੇ ਸਾਲ ਆਟੋਮੈਟਿਡ ਟੇਲਰ ਮਸ਼ੀਨ (ਏ. ਟੀ. ਐੱਮ.) ਇੰਡਸਟਰੀ ਨੇ ਚਿਤਾਵਨੀ ਦਿੱਤੀ ਸੀ ਕਿ ਮਾਰਚ 2019 ਤਕ ਲਗਭਗ 50 ਫੀਸਦੀ ਏ. ਟੀ. ਐੱਮ. ਬੰਦ ਹੋ ਸਕਦੇ ਹਨ। ਹਾਲਾਂਕਿ ਏ. ਟੀ. ਐੱਮ. ਦਾ ਮਾਰਚ ਡਾਟਾ ਹੁਣ ਤਕ ਸਾਹਮਣੇ ਨਹੀਂ ਹੈ ਪਰ ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਗਿਣਤੀ ਘੱਟ ਕਰਨ ਦੀ ਬਜਾਏ ਫੀਸਾਂ 'ਚ ਵਾਧਾ ਹੋ ਸਕਦਾ ਹੈ। ਸੂਤਰਾਂ ਮੁਤਾਬਕ, ਏ. ਟੀ. ਐੱਮ. ਟ੍ਰਾਂਜੈਕਸ਼ਨ ਜਲਦ ਤੁਹਾਨੂੰ 10-15 ਫੀਸਦੀ ਮਹਿੰਗਾ ਪੈ ਸਕਦਾ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਕਿਓਰਿਟੀ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਏ. ਟੀ. ਐੱਮ. ਇੰਡਸਟਰੀ ਦੀ ਲਾਗਤ ਕਾਫੀ ਵਧੀ ਹੈ। ਉੱਥੇ ਹੀ, ਨਵੰਬਰ 2016 'ਚ ਕੀਤੀ ਗਈ ਨੋਟਬੰਦੀ ਕਾਰਨ ਵੀ ਏ. ਟੀ. ਐੱਮ. ਇੰਡਸਟਰੀ ਪ੍ਰਭਾਵਿਤ ਹੋਈ ਸੀ।
ਬਾਜ਼ਾਰ 'ਚ ਦੋ ਤਰ੍ਹਾਂ ਦੇ ਏ. ਟੀ. ਐੱਮ. ਹਨ। ਇਕ ਤਾਂ ਬੈਂਕਾਂ ਦੇ ਹਨ ਤੇ ਦੂਜੇ ਏ. ਟੀ. ਐੱਮ. ਕੰਪਨੀਆਂ ਚਲਾ ਰਹੀਆਂ ਹਨ। ਆਰ. ਬੀ. ਆਈ. ਨੇ ਜਦੋਂ ਏ. ਟੀ. ਐੱਮ. ਮਸ਼ੀਨਾਂ 'ਚ ਕੁਝ ਸੁਰੱਖਿਆ ਮਾਪਦੰਡਾਂ ਨੂੰ ਜੋੜਨ ਲਈ ਕਿਹਾ ਸੀ ਤਾਂ ਇਸ ਗੱਲ 'ਤੇ ਕੋਈ ਸਹਿਮਤੀ ਨਹੀਂ ਸੀ ਕਿ ਇਸ ਦਾ ਖਰਚ ਏ. ਟੀ. ਐੱਮ. ਕੰਪਨੀਆਂ ਜਾਂ ਬੈਂਕਾਂ 'ਚੋਂ ਕੌਣ ਚੁੱਕੇਗਾ। ਬੈਂਕਾਂ ਕੋਲੋਂ ਖਰਚ ਨਾ ਮਿਲਣ ਕਾਰਨ ਇੰਡਸਟਰੀ ਦੀ ਲਾਗਤ ਵਧ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ 'ਤੇ ਗੱਲਬਾਤ ਹੋ ਰਹੀ ਹੈ। ਹੁਣ ਜਾਂ ਤਾਂ ਲਾਗਤ ਸਹਿਣ ਕਰਨ ਵਾਲੇ ਬੈਂਕ ਹੋਣਗੇ ਜਾਂ ਇੰਟਰਚੇਂਜ ਫੀਸ 'ਚ ਬਦਲਾਵ ਹੋਵੇਗਾ। ਇਸ ਲਈ ਗਾਹਕਾਂ ਨੂੰ ਏ. ਟੀ. ਐੱਮ. ਦੀ ਗਿਣਤੀ ਘਟਣ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇੰਟਰਚੇਂਜ ਫੀਸ 'ਚ ਬਦਲਾਵ ਹੁੰਦਾ ਹੈ ਤਾਂ ਏ. ਟੀ. ਐੱਮ. ਫੀਸਾਂ 'ਚ 10-15 ਫੀਸਦੀ ਦਾ ਵਾਧਾ ਹੋ ਸਕਦਾ ਹੈ।