ਪੁਲਸ ਹਿਰਾਸਤ ''ਚੋਂ ਦੌੜਿਆ ਮੁਲਜ਼ਮ, ਹੱਥਕੜੀ ''ਚੋਂ ਹੱਥ ਕੱਢ ਹੋਇਆ ਫ਼ਰਾਰ
Tuesday, Feb 03, 2026 - 06:09 PM (IST)
ਲੁਧਿਆਣਾ (ਰਾਜ): ਸਿਵਲ ਹਸਪਤਾਲ ਤੋਂ ਪੁਲਸ ਹਿਰਾਸਤ ਵਿਚੋਂ ਇਕ ਮੁਲਜ਼ਮ ਫ਼ਰਾਰ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੋਸਟਲ ਜੇਲ੍ਹ ਤੋਂ ਮੈਡੀਕਲ ਜਾਂਚ ਲਈ ਲਿਆਂਦੇ ਗਏ ਪੰਜ ਮੁਲਜ਼ਮਾਂ ਵਿਚੋਂ ਇਕ ਸ਼ਾਤਿਰ ਅਪਰਾਧੀ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਸ ਵਿਭਾਗ ਵਿਚ ਹੜਕੰਪ ਮੱਚ ਗਿਆ ਹੈ ਤੇ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।
ASI ਹਰਭਜਨ ਸਿੰਘ ਨੇ ਦੱਸਿਆ ਕਿ ਉਹ ਖੰਨਾ ਵਿਚ ਤਾਇਨਾਤ ਹਨ, ਬੀਤੇ ਕੱਲ੍ਹ 2 ਫ਼ਰਵਰੀ ਨੂੰ ਉਹ ਆਪਣੇ ਮੁਲਾਜ਼ਮਾਂ ਦੇ ਨਾਲ ਕਿਸੇ ਕੇਸ ਵਿਚ ਬੋਸਟਲ ਜੇਲ੍ਹ ਲੁਧਿਆਣਾ ਤੋਂ ਪੰਜ ਮੁਲਜ਼ਮਾਂ- ਅਜੇ, ਪ੍ਰਭਜੋਤ, ਰੋਹਿਤ ਕੁਮਾਰ, ਸੰਨੀ ਤੇ ਟੋਨਾ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਏ ਸਨ। ਜਦੋਂ ਉਹ ਮੁਲਜ਼ਮ ਅਜੇ ਨੂੰ ਲੈ ਕੇ ਹੱਡੀਆਂ ਦੇ ਡਾਕਟਰ ਕੋਲੋਂ ਚੈੱਕਅਪ ਕਰਵਾ ਕੇ ਦਵਾਈ ਲੈ ਰਹੇ ਸਨ, ਉਸੇ ਦੌਰਾਨ ਹਸਪਤਾਲ ਵਿਚ ਮਰੀਜ਼ਾਂ ਦੀ ਭਾਰੀ ਭੀੜ ਮੌਜੂਦ ਸੀ। ਇਸੇ ਭੀੜ ਤੇ ਸ਼ੋਰ-ਸ਼ਰਾਬੇ ਦਾ ਫ਼ਾਇਦਾ ਚੁੱਕ ਕੇ ਸ਼ਾਤਿਰ ਮੁਲਜ਼ਮ ਅਜੇ ਨੇ ਬੜੀ ਚਾਲਾਕੀ ਨਾਲ ਹਥਕੜੀ ਵਿਚੋਂ ਆਪਣਾ ਹੱਥ ਬਾਹਰ ਕੱਢ ਲਿਆ ਤੇ ਵੇਖਦੇ ਹੀ ਵੇਖਦੇ ਮੌਕੇ ਤੋਂ ਫ਼ਰਾਰ ਹੋ ਗਿਆ।
ਉੱਥ ਹੀ ਹੱਥਕੜੀ ਤੋਂ ਹੱਥ ਕੱਢ ਕੇ ਭੱਜਣ ਦੇ ਇਸ ਘਟਨਾ ਨੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁਲਜ਼ਮ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 2 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਮੁਲਜ਼ਮ ਦੇ ਭੱਜਣ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ।
