ਗੰਦੇ ਨਾਲੇ ''ਚੋਂ ਮਿਲੀ ਲਾਸ਼, ਜਾਂਚ ਕਰਨ ਦੀ ਬਜਾਏ ਹੱਦਬੰਦੀ ''ਚ ਉਲਝੀ ਪੁਲਸ
Tuesday, Feb 03, 2026 - 07:11 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਚਾਂਦ ਸਿਨੇਮਾ ਪੁਲ਼ ਦੇ ਨੇੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਗੰਦੇ ਨਾਲੇ ਵਿਚ ਤੈਰਦੀ ਨਜ਼ਰ ਆਈ। ਜਿਵੇਂ ਹੀ ਇਹ ਖ਼ਬਰ ਫੈਲੀ, ਰਾਹਗੀਰਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਥਾਣਾ ਡਵੀਜ਼ਨ ਨੰਬਰ 4, ਹੈਬੋਵਾਲ ਅਤੇ ਸਲੇਮ ਟਾਬਰੀ ਦੀਆਂ ਪੁਲਸ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ।
ਹੈਰਾਨੀ ਦੀ ਗੱਲ ਹੈ ਕਿ ਮੌਕੇ 'ਤੇ ਪਹੁੰਚਣ ਦੇ ਬਾਵਜੂਦ ਪੁਲਸ ਕਾਰਵਾਈ ਕਈ ਘੰਟਿਆਂ ਤਕ 'ਹੱਦਬੰਦੀ' ਦੇ ਚੱਕਰ ਵਿਚ ਹੀ ਫਸੀ ਰਹੀ। ਤਿੰਨ ਥਾਣਿਆਂ ਦੀ ਪੁਲਸ ਇਸ ਗੱਲ 'ਤੇ ਉਲਝੀ ਰਹੀ ਕਿ ਜਿਸ ਇਲਾਕੇ ਵਿਚ ਇਹ ਘਟਨਾ ਵਾਪਰੀ, ਉਹ ਕਿਸ ਥਾਣੇ ਦੇ ਅਧੀਨ ਆਉਂਦਾ ਹੈ। ਜਦੋਂ ਪੁਲਸ ਹੱਦਬੰਦੀ ਦਾ ਮਸਲਾ ਹੱਲ ਕਰਨ ਵਿਚ ਰੁੱਝੀ ਹੋਈ ਸੀ, ਤਾਂ ਤਮਾਸ਼ਬੀਨਾਂ ਦੀ ਭੀੜ ਵਧਦੀ ਰਹੀ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਲਾਸ਼ ਕਾਫ਼ੀ ਪੁਰਾਣੀ ਅਤੇ ਪਾਣੀ ਵਿਚ ਰਹਿਣ ਕਾਰਨ ਫੁੱਲ ਚੁੱਕੀ ਹੈ। ਸ਼ੱਕ ਹੈ ਕਿ ਇਹ ਲਾਸ਼ ਮਗਰੋਂ ਰੁੜ ਕੇ ਆਈ ਹੈ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਣ ਦੀ ਤਿਆਰੀ ਕਰ ਰਹੀ ਹੈ।
