ਟੈਲੀਕਾਮ ਸੰਕਟ ਨੇ ਜਗਾਈ ਹਵਾਈ ਇੰਡਸਟਰੀ, ਮਹਿੰਗਾ ਹੋਵੇਗਾ ਸਫਰ!

11/21/2019 5:21:30 PM

ਨਵੀਂ ਦਿੱਲੀ— ਹੁਣ ਜਲਦ ਹੀ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਭਾਰਤ ਦੀ ਦੂਜੀ ਸਭ ਤੋਂ ਵੱਡੀ ਜਹਾਜ਼ ਕੰਪਨੀ ਸਪਾਈਸ ਜੈੱਟ ਨੇ ਕਿਰਾਏ ਵਧਾਉਣ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਸਪਾਈਸ ਜੈੱਟ ਨੇ ਕਿਰਾਏ ਘੱਟ ਰੱਖਣ ਨੂੰ ਲੈ ਕੇ ਜਾਰੀ ਮੁਕਾਬਲੇਬਾਜ਼ੀ ਦੀ ਵਜ੍ਹਾ ਨਾਲ ਭਾਰਤੀ ਹਵਾਈ ਖੇਤਰ ਦਾ ਹਾਲ ਵੀ ਦੂਰਸੰਚਾਰ ਖੇਤਰ ਵਰਗਾ ਹੋ ਜਾਣ ਦੀ ਚਿਤਾਵਨੀ ਦਿੱਤੀ ਹੈ।

 

ਦੂਰਸੰਚਾਰ ਫਰਮਾਂ ਵੱਲੋਂ ਟੈਰਿਫ ਦਰਾਂ 'ਚ ਵਾਧਾ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਸਪਾਈਸ ਜੈੱਟ ਦੇ ਪ੍ਰਮੁਖ ਅਜੈ ਸਿੰਘ ਨੇ ਕਿਹਾ ਕਿ ਜਹਾਜ਼ ਕੰਪਨੀਆਂ ਨੂੰ ਵੀ ਇਸ ਤੋਂ ਸਬਕ ਸਿਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਵੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਤਕਾਲ ਕਦਮ ਚੁੱਕਣ ਤੇ ਸੰਚਾਲਨ ਲਾਗਤ ਵੀ ਨਹੀਂ ਕੱਢ ਪਾ ਰਹੀ ਕੀਮਤ 'ਤੇ ਟਿਕਟ ਵੇਚਣ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਦੂਰਸੰਚਾਰ ਬਾਜ਼ਾਰ 'ਚ ਵੱਡੀ ਮੁਕਾਬਲੇਬਾਜ਼ੀ ਕਾਰਨ ਟੈਲੀਕਾਮ ਸੈਕਟਰ ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਭਾਰਤੀ ਏਅਰਟੈੱਲ ਤੇ ਵੋਡਾਫੋਨ-ਆਈਡੀਆ ਨੂੰ ਸਤੰਬਰ ਤਿਮਾਹੀ 'ਚ ਹੁਣ ਤਕ ਦਾ ਆਪਣਾ ਸਭ ਤੋਂ ਵੱਡਾ ਘਾਟਾ ਸਹਿਣਾ ਪਿਆ ਹੈ, ਜਿਸ ਕਾਰਨ ਇਨ੍ਹਾਂ ਨੇ 1 ਦਸੰਬਰ ਤੋਂ ਮੋਬਾਇਲ ਪਲਾਨ ਦਰਾਂ 'ਚ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਜਿਓ ਵੀ ਦਰਾਂ 'ਚ ਵਾਧਾ ਕਰਨ ਜਾ ਰਹੀ ਹੈ।

ਭਾਰਤੀ ਹਵਾਈ ਫਰਮਾਂ ਵੀ ਲੋਕਾਂ ਨੂੰ ਆਕਰਸ਼ਤ ਕਰਨ ਲਈ ਤਗੜੀ ਮੁਕਾਬਲੇਬਾਜ਼ੀ ਦੇ ਦੌਰ 'ਚੋਂ ਲੰਘ ਰਹੀਆਂ ਹਨ। ਕਿਰਾਏ ਨੂੰ ਲੈ ਕੇ ਜਾਰੀ ਇਸ ਜੰਗ ਕਾਰਨ ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਤਾਂ ਸਸਤੇ ਸਫਰ ਦਾ ਮੌਕਾ ਮਿਲ ਜਾਂਦਾ ਹੈ ਪਰ ਜਹਾਜ਼ ਕੰਪਨੀਆਂ ਦੀ ਵਿੱਤੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ।


Related News