AIR INDIA ਦੇ ਮੁਲਾਜ਼ਮਾਂ ਨੇ ਤਨਖ਼ਾਹਾਂ 'ਚ ਕਟੌਤੀ ਦਾ ਵਿਰੋਧ ਕੀਤਾ

12/28/2020 2:58:16 PM

ਮੁੰਬਈ- ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਮੁਲਾਜ਼ਮ ਸੰਗਠਨ ਨੇ ਤਨਖ਼ਾਹਾਂ ਵਿਚ ਕਟੌਤੀ ਦਾ ਵਿਰੋਧ ਕੀਤਾ ਹੈ। ਸੰਗਠਨ ਨੇ ਡਾਕਟਰੀ ਭੱਤੇ ਨੂੰ ਜਾਰੀ ਰੱਖਦੇ ਹੋਏ ਅਤੇ ਨਿੱਜੀਕਰਨ ਤੋਂ ਪਹਿਲਾਂ ਬਕਾਏ ਦਾ ਭੁਗਤਾਨ ਕਰਨ ਦੀ ਮੰਗ ਕੀਤੀ ਹੈ।

ਪਾਇਲਟ ਸੰਗਠਨ ਨੇ ਆਪਣੇ ਮੈਂਬਰਾ ਨੂੰ ਵਾਧੂ ਸਮੇਂ ਲਈ ਡਿਊਟੀ ਨਾ ਕਰਨ ਨੂੰ ਕਿਹਾ ਹੈ, ਜਦੋਂ ਕਿ ਏਅਰ ਇੰਡੀਆ ਮੁਲਾਜ਼ਮ ਸੰਗਠਨ (ਏ. ਆਈ. ਈ. ਓ.) ਨੇ ਬਕਾਏ ਦਾ ਭੁਗਤਾਨ, ਛੁੱਟੀ ਦਾ ਨਕਦੀਕਰਨ, ਡਾਕਟਰੀ  ਭੱਤੇ  ਨੂੰ ਜਾਰੀ ਰੱਖਣ ਆਦਿ ਤਮਾਮ ਮੁੱਦਿਆਂ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਬੈਠਕ ਕਰਨ ਦੀ ਮੰਗ ਕੀਤੀ ਹੈ।

ਏ. ਆਈ. ਈ. ਓ. ਦੇ ਜਨਰਲ ਸਕੱਤਰ ਅਜਗਾਓਂਕਰ ਨੇ ਕਿਹਾ ਕਿ ਸੰਗਠਨ ਨੇ ਮੁਫ਼ਤ ਟਿਕਟ, ਰਿਹਾਇਸ਼ੀ, ਕੈਂਟੀਨ ਸਹੂਲਤਾਂ ਨੂੰ ਨਿੱਜੀਕਰਨ ਤੋਂ ਬਾਅਦ ਵੀ ਜਾਰੀ ਰੱਖਣ ਦੀ ਮੰਗ ਕੀਤੀ ਹੈ।

ਭਾਰਤੀ ਵਪਾਰਕ ਪਾਇਲਟ ਸੰਗਠਨ ਅਤੇ ਭਾਰਤੀ ਪਾਇਲਟ ਗਿਲਡ ਨੇ ਆਪਣੇ ਮੈਂਬਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਤਨਖ਼ਾਹ ਕਟੌਤੀ ਦਾ ਵਿਰੋਧ ਕਰਨ ਲਈ ਆਪਣੇ ਡਿਊਟੀ ਸਮੇਂ ਨੂੰ ਨਾ ਵਧਾਉਣ। ਆਈ. ਸੀ. ਪੀ. ਏ. ਦੇ ਜਨਰਲ ਸਕੱਤਰ ਟੀ. ਪ੍ਰਵੀਣ ਕੀਰਤੀ ਤੇ ਆਈ. ਪੀ. ਜੀ. ਦੇ ਜਨਰਲ ਸਕੱਤਰ ਕਣਵ ਹਿੰਗੋਰਾਨੀ ਨੇ ਆਪਣੇ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਕਿਹਾ, ''ਕੋਵਿਡ-19 ਦੌਰਾਨ ਅਸੀਂ ਉਡਾਣਾਂ ਨੂੰ ਚਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਉੱਚ ਪ੍ਰਬੰਧਨ ਨੇ ਮਹਾਮਾਰੀ ਦੀ ਆੜ ਵਿਚ ਸਾਡੇ ਨਾਲ ਭੇਦਭਾਵ ਕਰਦੇ ਹੋਏ ਤਨਖ਼ਾਹ ਕਟੌਤੀ ਦਾ ਫ਼ੈਸਲ ਲਿਆ।''


Sanjeev

Content Editor

Related News