ਸਰਕਾਰ ਵੱਲੋਂ 3.92 ਲੱਖ ਕਰੋੜ ਰੁਪਏ ਮੁੱਲ ਦੇ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ

03/01/2021 4:20:28 PM

ਨਵੀਂ ਦਿੱਲੀ- ਦੇਸ਼ ਵਿਚ ਸਪੈਕਟ੍ਰਮ ਨਿਲਾਮੀ ਸੋਮਵਾਰ ਨੂੰ ਸ਼ੁਰੂ ਹੋ ਗਈ। ਕੁੱਲ 3.92 ਲੱਖ ਕਰੋੜ ਰੁਪਏ ਮੁੱਲ ਦੇ 2,251.25 ਮੈਗਾਹਰਟਜ਼ ਸਪੈਕਟ੍ਰਮ ਨੂੰ ਨਿਲਾਮੀ ਲਈ ਰੱਖਿਆ ਗਿਆ ਹੈ। ਉਦਯੋਗ ਸੂਤਰਾਂ ਨੇ ਕਿਹਾ ਕਿ ਮੋਬਾਇਲ ਲਈ 700, 800, 900, 1800, 2100, 2300 ਅਤੇ 2500 ਮੈਗਾਹਰਟਜ਼ ਵਿਚ ਸਪੈਟ੍ਰਮ ਨਿਲਾਮੀ ਅਜੇ ਜਾਰੀ ਹੈ।

ਹਾਲਾਂਕਿ, ਸਪੈਕਟ੍ਰਮ ਦੀ ਮੌਜੂਦਾ ਦੌਰ ਦੀ ਨਿਲਾਮੀ ਵਿਚ 3300-3600 ਮੈਗਾਹਰਟਜ਼ ਦੀ ਬਾਰੰਬਾਰਤਾ ਸ਼ਾਮਲ ਨਹੀਂ ਹੈ, ਜੋ ਸਪੈਕਟ੍ਰਮ 5-ਜੀ ਸੇਵਾਵਾਂ ਲਈ ਇਸਤੇਮਾਲ ਹੋਣਾ ਹੈ।

ਉੱਥੇ ਹੀ, 700, 800 ਅਤੇ 900 ਮੈਗਾਹਰਟਜ਼ ਵਿਚ ਜਿੱਤੇ ਗਏ ਸਪੈਕਟ੍ਰਮ ਲਈ ਸਫਲ ਬੋਲੀਦਾਤਾ ਨੂੰ ਸ਼ੁਰੂ ਵਿਚ 25 ਫ਼ੀਸਦੀ ਅਤੇ ਇਸ ਤੋਂ ਇਲਾਵਾ 1800, 2100, 2300 ਅਤੇ 2500 ਮੈਗਾਹਰਟਜ਼ ਵਿਚ ਸ਼ਾਮਲ ਸਪੈਕਟ੍ਰਮ ਲਈ ਇਕ ਵਾਰ ਵਿਚ 50 ਫ਼ੀਸਦੀ ਭੁਗਤਾਨ ਕਰਨਾ ਹੋਵੇਗਾ। ਬਾਕੀ ਰਾਸ਼ੀ ਦਾ ਭੁਗਤਾਨ ਦੋ ਸਾਲਾਂ ਤੋਂ ਪਿੱਛੋਂ ਵੱਧ ਤੋਂ ਵੱਧ 16 ਮਹੀਨਾਵਾਰ ਕਿਸ਼ਤਾਂ ਵਿਚ ਕੀਤਾ ਜਾ ਸਕਦਾ ਹੈ। ਇਸ ਨਿਲਾਮੀ ਵਿਚ ਸ਼ਾਮਲ ਸਪੈਕਟ੍ਰਮ ਦੀ ਮਿਆਦ 20 ਸਾਲ ਦੀ ਹੋਵੇਗੀ। ਨਿੱਜੀ ਖੇਤਰ ਦੀਆਂ ਦੂਰਸੰਚਾਰ ਕੰਪਨੀਆਂ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਸਪੈਕਟ੍ਰਮ ਨਿਲਾਮੀ ਲਈ 13,475 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ (ਈ. ਐੱਮ. ਡੀ.) ਜਮ੍ਹਾ ਕਰਾਈ ਹੈ। ਜਿਓ ਨੇ ਨਿਲਾਮੀ ਲਈ ਸਭ ਤੋਂ ਜ਼ਿਆਦਾ 10,000 ਕਰੋੜ ਰੁਪਏ ਦਾ ਈ. ਐੱਮ. ਡੀ. ਜਮ੍ਹਾ ਕਰਾਇਆ ਹੈ।


Sanjeev

Content Editor

Related News