ਉੱਦਮ ’ਚ 11 ਲੱਖ ਤੋਂ ਵੱਧ ਉਦਯੋਗ ਰਜਿਸਟਰਡ
Sunday, Nov 08, 2020 - 12:33 AM (IST)
ਨਵੀਂ ਦਿੱਲੀ– ਛੋਟੇ ਕਾਰੋਬਾਰੀਆਂ ਨੂੰ ਮਦਦ ਦੇਣ ਲਈ ਸ਼ੁਰੂ ਕੀਤੀ ਗਈ ਉੱਦਮ ਰਜਿਸਟ੍ਰੇਸ਼ਨ ਪ੍ਰਕਿਰਿਆ ’ਚ 11 ਲੱਖ ਤੋਂ ਵੱਧ ਛੋਟੇ ਉਦਯੋਗ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਇਨ੍ਹਾਂ ’ਚ ਲਗਭਗ ਪੌਣੇ 2 ਲੱਖ ਮਹਿਲਾ ਉੱਦਮੀ ਹਨ। ਕੇਂਦਰੀ ਸੂਖਮ, ਲਘੁ ਅਤੇ ਦਰਮਿਆਨੇ ਉੱਦਮ ਮੰਤਰਾਲਾ ਨੇ ਦੱਸਿਆ ਕਿ ਇਕ ਜੁਲਾਈ 2020 ਨੂੰ ਸ਼ੁਰੂ ਕੀਤੀ ਗਈ ਉੱਦਮ ਰਜਿਸਟ੍ਰੇਸ਼ਨ ਦੀ ਨਵੀਂ ਆਨਲਾਈਨ ਪ੍ਰਣਾਲੀ ਸਮੇਂ ਅਤੇ ਤਕਨਾਲੌਜੀ ਦੀ ਕਸੌਟੀ ’ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ ਕਿਉਂਕਿ ਇਸ ’ਤੇ 11 ਲੱਖ ਤੋਂ ਵੱਧ ਛੋਟੇ ਉਦਯੋਗ ਸਫਲਤਾਪੂਰਵਕ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਅੰਕੜਿਆਂ ਮੁਤਾਬਕ ਲਗਭਗ 3.72 ਲੱਖ ਉੱਦਮਾਂ ਨੇ ਨਿਰਮਾਣ ਸ਼੍ਰੇਣੀ ਦੇ ਤਹਿਤ ਰਜਿਸਟ੍ਰੇਸ਼ਨ ਕੀਤੀ ਹੈ ਜਦੋਂ ਕਿ ਸੇਵਾ ਖੇਤਰ ਦੇ ਤਹਿਤ 6.31 ਲੱਖ ਉੱਦਮ ਰਜਿਸਟਰਡ ਹੋਏ। ਸੂਖਮ ਉੱਦਮਾਂ ਦੀ ਹਿੱਸੇਦਾਰੀ 93.17 ਫੀਸਦੀ ਹੈ ਜਦੋਂ ਕਿ ਲਘੁ ਅਤੇ ਦਰਮਿਆਨੇ ਉੱਦਮ ਲੜੀਵਾਰ 5.62 ਫੀਸਦੀ ਅਤੇ 1.21 ਫੀਸਦੀ ਹਨ। ਲਗਭਗ 7.98 ਲੱਖ ਉੱਦਮ ਮਰਦ ਉੱਦਮੀਆਂ ਦੀ ਮਲਕੀਅਤ ’ਤ ਹਨ ਜਦੋਂ ਕਿ ਮਹਿਲਾ ਉੱਦਮੀਆਂ ਦੀ ਮਲਕੀਅਤ ’ਚ 1.73 ਲੱਖ ਉੱਦਮ ਰਜਿਸਟਰਡ ਹਨ। ਕੁਲ 11 ਹਜ਼ਾਰ 188 ਉੱਦਮ ਦਿਵਿਆਂਗ ਉੱਦਮੀਆਂ ਦੇ ਹਨ।
ਰਜਿਸਟ੍ਰੇਸ਼ਨ ਦੇ ਚੋਟੀ ਦੇ ਪੰਜ ਉਦਯੋਗਿਕ ਖੇਤਰ ਖੁਰਾਕ ਪਦਾਰਥ, ਕੱਪੜਾ, ਬਣੇ ਧਾਤੂ ਉਤਪਾਦ ਅਤੇ ਮਸ਼ੀਨਰੀ ਅਤੇ ਯੰਤਰ ਹਨ। ਇਨ੍ਹਾਂ ਰਜਿਸਟ੍ਰੇਸ਼ਨ ਇਕਾਈਆਂ ’ਚ 1 ਕਰੋੜ 10 ਲੱਖ 3 ਹਜ਼ਾਰ 512 ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉੱਦਮ ਰਜਿਸਟ੍ਰੇਸ਼ਨ ’ਚ 5 ਮੋਹਰੀ ਸੂਬੇ ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਹਨ।
ਮੰਤਰਾਲਾ ਨੇ ਕਿਹਾ ਕਿ ਪੈਨ ਨੰਬਰ ਤੋਂ ਬਿਨਾਂ ਰਜਿਸਟ੍ਰੇਸ਼ਨ ਦੀ ਇਜਾਜ਼ਤ 31 ਮਾਰਚ, 2021 ਤੱਕ ਹੈ। ਇਸ ਤਰ੍ਹਾਂ ਜੀ. ਐੱਸ. ਟੀ. ਨੰਬਰ ਤੋਂ ਬਿਨਾਂ ਰਜਿਸਟ੍ਰੇਸ਼ਨ ਦੀ ਵਿਵਸਥਾ ਵੀ 31 ਮਾਰਚ 2021 ਤੱਕ ਹੀ ਹੈ। ਅਜਿਹੇ ਸਾਰੇ ਉੱਦਮ ਜੋ ਹਾਲੇ ਤੱਕ ਰਜਿਸਟਰਡ ਨਹੀਂ ਹੋਏ ਹਨ, ਉਨ੍ਹਾਂ ਨੂੰ ਮੰਤਰਾਲਾ ਅਤੇ ਹੋਰ ਸਰਕਾਰੀ ਏਜੰਸੀਆਂ ਦਾ ਲਾਭ ਉਠਾਉਣ ਲਈ ਖੁਦ ਨੂੰ ਰਜਿਸਟਰਡ ਕਰਨਾ ਚਾਹੀਦਾ ਹੈ।
ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਫ੍ਰੀ ਹੈ ਅਤੇ ਸਿਰਫ ਸਰਕਾਰੀ ਪੋਰਟਲ ਹੀ ਰਜਿਸਟ੍ਰੇਸ਼ਨ ਕਰਵਾਇਆ ਜਾਣਾ ਚਾਹੀਦਾ ਹੈ। ਮੰਤਰਾਲਾ ਨੇ ਕਿਹਾ ਕਿ ਉੱਦਮੀਆਂ ਨੂੰ ਨਕਲੀ ਅਤੇ ਭਰਮਾਊ ਏਜੰਸੀਆਂ ਦੀਆਂ ਫਰਜ਼ੀ ਵੈੱਬਸਾਈਟਾਂ ਅਤੇ ਪੋਰਟਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਨੇ ਪਹਿਲੀ ਜੁਲਾਈ 2020 ਨੂੰ ਛੋਟੇ ਉਦਯੋਗਾਂ ਦੀ ਪਰਿਭਾਸ਼ਾ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੋਧਿਆ। ਉਸੇ ਦੌਰਾਨ ਉੱਦਮ ਰਜਿਸਟ੍ਰੇਸ਼ਨ ਲਈ ਇਕ ਨਵਾਂ ਪੋਰਟਲ ਵੀ ਸ਼ੁਰੂ ਕੀਤਾ ਸੀ। ਉਦੋਂ ਤੋਂ ਇਹ ਪੋਰਟਲ ਸੁਚਾਰੂ ਰੂਪ ਨਾਲ ਕੰਮ ਕਰ ਰਿਹਾ ਹੈ।