‘ਵਾਰਾਣਸੀ ’ਚ ਗੰਦਗੀ ਫੈਲਾਉਣ ’ਤੇ’ ਭਰਨਾ ਹੋਵੇਗਾ ਮੋਟਾ ਜੁਰਮਾਨਾ!
Thursday, Oct 30, 2025 - 04:25 AM (IST)
ਸਵੱਛਤਾ ਦੇ ਮਹੱਤਵ ਤੋਂ ਸਾਰੇ ਜਾਣੂ ਹਨ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਸਵੱਛਤਾ ਵੱਲ ਧਿਆਨ ਨਹੀਂ ਦਿੰਦੇ। ਸਵੱਛਤਾ ਦੇ ਨਿਯਮਾਂ ਦੀ ਪਾਲਣਾ ਕਰਨਾ ਘਰ ਦੇ ਅੰਦਰ ਅਤੇ ਬਾਹਰ ਦੋਵਾਂ ਹੀ ਥਾਵਾਂ ’ਤੇ ਜ਼ਰੂਰੀ ਹੈ।
ਅਕਸਰ ਲੋਕ ਇੱਧਰ-ਉੱਧਰ ਕਿਤੇ ਵੀ ਥੁੱਕ ਦਿੰਦੇ ਹਨ ਜਾਂ ਪਾਨ ਦੀ ਪੀਕ ਉਗਲ ਦਿੰਦੇ ਹਨ। ਕੁਝ ਲੋਕ ਅਾਪਣੇ ਕੁੱਤਿਅਾਂ ਨੂੰ ਵੀ ਘੁਮਾਉਣ ਲੈ ਜਾਂਦੇ ਹਨ ਅਤੇ ਜਨਤਕ ਸਥਾਨ ਜਾਂ ਕਿਤੇ ਵੀ ਉਨ੍ਹਾਂ ਨੂੰ ਪੌਟੀ ਅਾਦਿ ਕਰਵਾ ਦਿੰਦੇ ਹਨ ਜੋ ਅਤਿਅੰਤ ਘਿਨੌਣਾ ਹੈ।
ਇਸੇ ਲਈ ਕਈ ਦੇਸ਼ਾਂ ’ਚ ਜਨਤਕ ਥਾਵਾਂ ’ਤੇ ਥੁੱਕਣ ’ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਸਿੰਗਾਪੁਰ ’ਚ ਅਜਿਹਾ ਕਰਨ ’ਤੇ ਭਾਰੀ ਜੁਰਮਾਨਾ ਅਤੇ ਜਨਤਕ ਥਾਂ ਦੀ ਸਫਾਈ ਕਰਨ ਦੀ ‘ਸਜ਼ਾ’ ਦਿੱਤੀ ਜਾਂਦੀ ਹੈ। ਦੁਬਈ, ਇੰਗਲੈਂਡ, ਪਾਪੁਅਾ ਨਿਊ ਗਿਨੀ, ਸਾਊਦੀ ਅਰਬ ਅਤੇ ਚੀਨ ਦੇ ਕੁਝ ਸ਼ਹਿਰਾਂ ਤੋਂ ਇਲਾਵਾ ਭਾਰਤ ਦੇ ਕੁਝ ਸ਼ਹਿਰਾਂ ’ਚ ਵੀ ਜਨਤਕ ਥਾਵਾਂ ’ਤੇ ਥੁੱਕਣ ’ਤੇ ਜੁਰਮਾਨੇ ਦੀ ਵਿਵਸਥਾ ਹੈ।
ਹੁਣ ਉੱਤਰ ਪ੍ਰਦੇਸ਼ ਦੇ ਵਾਰਾਣਸੀ (ਕਾਸ਼ੀ) ’ਚ ਵੀ ਸਵੱਛਤਾ ਨੂੰ ਉਤਸ਼ਾਹ ਦੇਣ ਲਈ ਨਗਰ ਨਿਗਮ ਨੇ ‘ਉੱਤਰ ਪ੍ਰਦੇਸ਼ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਵੱਛਤਾ ਨਿਯਮ-2021’ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਹੈ। ਹੁਣ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਣ, ਥੁੱਕਣ ਜਾਂ ਕੁੱਤਿਅਾਂ ਅਾਦਿ ਪਾਲਤੂ ਜਾਨਵਰਾਂ ਨੂੰ ਜਨਤਕ ਥਾਵਾਂ ’ਤੇ ਮਲ-ਮੂਤਰ ਕਰਵਾਉਣ ’ਤੇ ਜੁਰਮਾਨਾ ਲਗਾਇਅਾ ਜਾਵੇਗਾ।
ਨਵੀਂ ਵਿਵਸਥਾ ਤਹਿਤ ਸੜਕ ਜਾਂ ਵਾਹਨ ਤੋਂ ਥੁੱਕਣ, ਕੂੜਾ ਸੁੱਟਣ ’ਤੇ 1000 ਰੁਪਏ, ਜਨਤਕ ਸਥਾਨ ’ਤੇ ਪਾਲਤੂ ਕੁੱਤੇ ਨੂੰ ਮਲ-ਮੂਤਰ ਕਰਵਾਉਣ ’ਤੇ 500 ਰੁਪਏ, ਨਦੀ ਜਾਂ ਨਾਲੇ ’ਚ ਪੂਜਾ ਸਮੱਗਰੀ ਜਾਂ ਕਚਰਾ ਸੁੱਟਣ ’ਚੇ 750 ਰੁਪਏ, ‘ਭਵਨ ਨਿਰਮਾਣ ਮਲਬਾ’ ਸੜਕ ਜਾਂ ਨਾਲੀ ਕੰਢੇ ਸੁੱਟਣ ’ਤੇ 3000 ਰੁਪਏ ਜੁਰਮਾਨਾ ਲਗਾਇਅਾ ਜਾਵੇਗਾ।
ਜਨਤਕ ਸਿਹਤ ਅਤੇ ਸਵੱਛਤਾ ਨੂੰ ਉਤਸ਼ਾਹ ਦੇਣ ਲਈ ਚੁੱਕਿਅਾ ਗਿਅਾ ਇਹ ਕਦਮ ਅਤਿਅੰਤ ਉਪਯੋਗੀ ਸਿੱਧ ਹੋ ਸਕਦਾ ਹੈ, ਬਸ਼ਰਤੇ ਇਸ ਨੂੰ ਸਬੰਧਤ ਵਿਭਾਗ ਵੱਲੋਂ ਸਖਤੀ ਨਾਲ ਲਾਗੂ ਕੀਤਾ ਜਾਵੇ। ਭਾਰਤ ’ਚ ਜਿਹੜੀਅਾਂ ਥਾਵਾਂ ’ਤੇ ਅਜਿਹੀ ਵਿਵਸਥਾ ਨਹੀਂ ਹੈ ਉੱਥੇ ਵੀ ਇਸ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ
