ਮੁੰਬਈ ’ਚ ਹੜ੍ਹ...!

Thursday, Jul 09, 2026 - 04:42 PM (IST)

ਮੁੰਬਈ ’ਚ ਹੜ੍ਹ...!

ਖ਼ੁਸ਼ਕਿਸਮਤੀ ਨਾਲ, ਇਸ ਸਮੇਂ ਮੈਂ ਮੁੰਬਈ ਤੋਂ ਹਜ਼ਾਰਾਂ ਮੀਲ ਦੂਰ ਹਾਂ, ਉਨ੍ਹਾਂ ਸੜਕਾਂ ਦੇ ਵੀਡੀਓ ਦੇਖ ਰਿਹਾ ਹਾਂ ਜੋ ਨਦੀਆਂ ’ਚ ਬਦਲ ਗਈਆਂ ਹਨ, ਕਾਰਾਂ ਅਣਚਾਹੀਆਂ ਬੇੜੀਆਂ ਵਾਂਗ ਇੱਧਰ-ਉੱਧਰ ਤੈਰ ਰਹੀਆਂ ਹਨ ਅਤੇ ਮੁਸਾਫ਼ਰ ਪਾਣੀ ’ਚੋਂ ਲੰਘ ਰਹੇ ਹਨ, ਜਿਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਖਰਕਾਰ ਸਵੀਕਾਰ ਕਰ ਲਿਆ ਹੈ ਕਿ ਇਨਸਾਨਾਂ ਦੀ ਤੁਲਨਾ ’ਚ ਮੱਛੀਆਂ ਕੋਲ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਹਨ।

ਮੈਨੂੰ ਸਵੀਕਾਰ ਕਰਨਾ ਪਵੇਗਾ ਕਿ ਮੈਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਉੱਥੇ ਨਹੀਂ ਹਾਂ।

ਮਜ਼ੇਦਾਰ ਗੱਲ ਇਹ ਹੈ ਕਿ ਮੇਰੇ ਜਾਣ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ, ਹਰ ਕੋਈ ਬਿਲਕੁਲ ਵੱਖਰੀ ਗੱਲ ਕਰ ਰਿਹਾ ਸੀ।

ਸ਼ਹਿਰ ਸੁੱਕਾ ਸੀ। ਜਲ ਭੰਡਾਰਾਂ ਦਾ ਪੱਧਰ ਘੱਟ ਸੀ। ਅਖ਼ਬਾਰਾਂ ’ਚ ਚਿੰਤਾਜਨਕ ਖ਼ਬਰਾਂ ਸਨ।

ਗੱਲਬਾਤ ਇਸ ਗੱਲ ’ਤੇ ਖ਼ਤਮ ਹੁੰਦੀ ਸੀ, ‘‘ਸਾਨੂੰ ਅਸਲ ’ਚ ਮੀਂਹ ਦੀ ਲੋੜ ਹੈ।’’

ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਗਈਆਂ। ਲੋਕਾਂ ਨੇ ਇਮਾਨਦਾਰੀ ਨਾਲ ਭਗਵਾਨ ਅੱਗੇ ਸ਼ਹਿਰ ’ਤੇ ਮੀਂਹ ਪਾਉਣ ਦੀ ਪ੍ਰਾਰਥਨਾ ਕੀਤੀ।

ਜ਼ਾਹਿਰ ਹੈ, ਉਨ੍ਹਾਂ ਨੇ ਸੁਣ ਲਈ।

ਇਕੋ ਇਕ ਸਮੱਸਿਆ ਇਹ ਹੈ ਕਿ ਅਜਿਹਾ ਲੱਗਦਾ ਹੈ ਕਿ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਉਹ ਅਜਿਹਾ ਕਰਨਗੇ!

ਇਕ ਪੁਰਾਣੀ ਕਹਾਣੀ ਹੈ ਜਿਸ ਨੂੰ ਸੁਣਾਉਣ ਤੋਂ ਮੈਂ ਕਦੇ ਨਹੀਂ ਥੱਕਦਾ। ਭਿਆਨਕ ਸੋਕੇ ਦੌਰਾਨ, ਇਕ ਚਰਚ ਨੇ ਮੀਂਹ ਲਈ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਐਲਾਨ ਕੀਤਾ। ਹਾਲ ਉਨ੍ਹਾਂ ਲੋਕਾਂ ਨਾਲ ਭਰ ਗਿਆ, ਜਿਨ੍ਹਾਂ ਨੇ ਭਾਵੁਕ ਹੋ ਕੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਭਗਵਾਨ ਅੱਗੇ ਬੇਨਤੀ ਕੀਤੀ। ਉਨ੍ਹਾਂ ਨੇ ਪਵਿੱਤਰ ਗ੍ਰੰਥਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਉਸਦੀ ਭਰੋਸੇਯੋਗਤਾ ਬਾਰੇ ਭਜਨ ਗਾਏ।

ਉਦੋਂ ਹੀ ਇਕ ਛੋਟਾ ਲੜਕਾ ਛਤਰੀ ਲੈ ਕੇ ਅੰਦਰ ਆਇਆ।

ਸਾਰੇ ਹੱਸਣ ਲੱਗੇ।

‘‘ਇਹ ਕਿਸ ਲਈ ਹੈ?’’ ਉਨ੍ਹਾਂ ਨੇ ਪੁੱਛਿਆ।

ਛੋਟਾ ਸਾਥੀ ਹੈਰਾਨ ਦਿਸ ਰਿਹਾ ਸੀ।

‘‘ਕੀ ਅਸੀਂ ਮੀਂਹ ਲਈ ਪ੍ਰਾਰਥਨਾ ਨਹੀਂ ਕਰ ਰਹੇ?’’ ਉਸਨੇ ਉੱਤਰ ਦਿੱਤਾ। ‘‘ਮੈਨੂੰ ਲੱਗਿਆ ਕਿ ਭਗਵਾਨ ਜਵਾਬ ਦੇਣਗੇ।’’

ਇਹ ਕਾਬਿਲ-ਏ-ਗੌਰ ਹੈ ਕਿ ਅਕਸਰ ਸਭ ਤੋਂ ਛੋਟੇ ਸ਼ਰਧਾਲੂ ਦਾ ਵਿਸ਼ਵਾਸ ਸਭ ਤੋਂ ਵੱਡਾ ਹੁੰਦਾ ਹੈ।

ਕਦੇ-ਕਦੇ ਮੈਂ ਸੋਚਦਾ ਹਾਂ ਕਿ ਕੀ ਮੁੰਬਈ ਦੀਆਂ ਤਿਆਰੀਆਂ ਸਾਡੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦੀਆਂ ਹਨ? ਅਸੀਂ ਮੀਂਹ ਮੰਗਿਆ ਪਰ ਅਜਿਹਾ ਵਿਵਹਾਰ ਕੀਤਾ, ਜਿਵੇਂ ਅਾਸਮਾਨ ਨੇ ਸਾਡੀ ਪ੍ਰਾਰਥਨਾ ਨੂੰ ਕਿਤੇ ਗੁਆ ਦਿੱਤਾ ਹੋਵੇ।

ਨਾਲੀਆਂ ਬੰਦ ਰਹੀਆਂ। ਜਲ ਚੈਨਲਾਂ ਨੇ ਮੰਨੋ ਇਹ ਭੁਲਾ ਦਿੱਤਾ ਕਿ ਉਨ੍ਹਾਂ ਨੂੰ ਪਾਣੀ ਲੈ ਜਾਣ ਲਈ ਬਣਾਇਆ ਗਿਆ ਸੀ। ਨੀਵੇਂ ਇਲਾਕਿਆਂ ਨੇ ਹੈਰਾਨੀਜਨਕ ਨਿਰੰਤਰਤਾ ਦੇ ਨਾਲ ਠੀਕ ਉੱਥੇ ਹੀ ਹੜ੍ਹ ਲਿਆ ਕੇ ਵਿਵਹਾਰ ਕੀਤਾ ਜਿੱਥੇ ਉਹ ਹਮੇਸ਼ਾ ਹੜ੍ਹ ਦਾ ਸ਼ਿਕਾਰ ਹੁੰਦੇ ਹਨ।

ਸ਼ਾਇਦ ਮੁੰਬਈ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਵਿਸ਼ਵਾਸ ਕੇਵਲ ਮੰਗਣਾ ਨਹੀਂ ਹੈ। ਕਿ ਵਿਸ਼ਵਾਸ ਤਿਆਰੀ ਹੈ।

ਜਦੋਂ ਇਕ ਕਿਸਾਨ ਫ਼ਸਲ ਲਈ ਪ੍ਰਾਰਥਨਾ ਕਰਦਾ ਹੈ, ਤਾਂ ਉਹ ਖੇਤ ਵੀ ਵਾਹੁੰਦਾ ਹੈ।

ਜਦੋਂ ਇਕ ਵਿਦਿਆਰਥੀ ਪ੍ਰੀਖਿਆ ਪਾਸ ਕਰਨ ਲਈ ਪ੍ਰਾਰਥਨਾ ਕਰਦਾ ਹੈ, ਤਾਂ ਉਹ ਪਾਠ-ਪੁਸਤਕ ਵੀ ਖੋਲ੍ਹਦਾ ਹੈ।

ਜਦੋਂ ਅਸੀਂ ਮੀਂਹ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਨਾਲੀਆਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਪੰਪਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ, ਫਲੱਡ ਗੇਟ ਦਾ ਨਿਰੀਖਣ ਕਰਨਾ ਚਾਹੀਦਾ ਹੈ ਅਤੇ ਉਮੀਦ ਕਰਨੀ ਚਾਹੀਦੀ ਹੈ ਕਿ ਸਵਰਗ ਅਸਲ ਵਿਚ ਜਵਾਬ ਦੇਵੇਗਾ।

ਵਿਸ਼ਵਾਸ ਕਾਰਜ ’ਚ ਬਦਲੀ ਹੋਈ ਉਮੀਦ ਹੈ।

ਛੋਟੇ ਲੜਕੇ ਦੀ ਛਤਰੀ ਨੇ ਮੰਚਾਂ ਤੋਂ ਦਿੱਤੇ ਗਏ ਕਈ ਉਪਦੇਸ਼ਾਂ ਨਾਲੋਂ ਕਿਤੇ ਵੱਡਾ ਉਪਦੇਸ਼ ਦਿੱਤਾ।

ਉਸਨੂੰ ਵਿਸ਼ਵਾਸ ਸੀ ਕਿ ਉਸਦੀ ਪ੍ਰਾਰਥਨਾ ਦਾ ਉੱਤਰ ਮਿਲੇਗਾ।

ਸ਼ਾਇਦ ਅੱਜ ਹੜ੍ਹ ਮੁੰਬਈ ਤੋਂ ਇਹੀ ਸਵਾਲ ਪੁੱਛ ਰਿਹਾ ਹੈ।

ਜਦੋਂ ਤੁਸੀਂ ਪ੍ਰਾਰਥਨਾ ਕੀਤੀ, ਤਾਂ ਕੀ ਤੁਹਾਨੂੰ ਅਸਲ ਵਿਚ ਵਿਸ਼ਵਾਸ ਸੀ ਕਿ ਭਗਵਾਨ ਨੇ ਤੁਹਾਨੂੰ ਸੁਣਿਆ? ਜਾਂ ਤੁਹਾਡੀਆਂ ਪ੍ਰਾਰਥਨਾਵਾਂ ਕੇਵਲ ਛੱਤ ਵੱਲ ਸੇਧਿਤ ਆਸ਼ਾਵਾਦੀ ਭਾਸ਼ਣ ਸਨ?

ਅਗਲੀ ਵਾਰ ਜਦੋਂ ਅਸੀਂ ਭਗਵਾਨ ਤੋਂ ਕੁਝ ਮੰਗਾਂਗੇ, ਤਾਂ ਸ਼ਾਇਦ ਸਾਨੂੰ ਚੁੱਪਚਾਪ ਆਪਣੀ ਛਤਰੀ ਨਾਲ ਰੱਖਣੀ ਚਾਹੀਦੀ ਹੈ।

ਆਖਰਕਾਰ, ਮੀਂਹ ਲਈ ਪ੍ਰਾਰਥਨਾ ਕਰਨ ਦਾ ਕੋਈ ਮਤਲਬ ਨਹੀਂ, ਜੇਕਰ ਅਸੀਂ ਇਸਦੇ ਪੈਣ ’ਤੇ ਹੈਰਾਨ ਹੋ ਜਾਈਏ, ਹੈ ਨਾ?

-ਰਾਬਰਟ ਕਲੀਮੈਂਟਸ


author

Harpreet SIngh

Content Editor

Related News