ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੀ ਕਿਉਂ

02/24/2020 1:50:55 AM

ਇਸ ਗੱਲ ’ਤੇ ਬਹਿਸ ਜਾਰੀ ਹੈ ਕਿ ਕੀ ਚੀਨ ਕੋਰੋਨਾ ਵਾਇਰਸ ਪੀੜਤਾਂ ਦੀ ਸਹੀ ਗਿਣਤੀ ਲੁਕੋ ਰਿਹਾ ਹੈ। ਬੀਤੇ ਹਫਤੇ ਤੋਂ ਚੀਨ ਦਾਅਵਾ ਕਰ ਰਿਹਾ ਹੈ ਕਿ ਨਵੇਂ ਰੋਗੀਆਂ ਦੀ ਗਿਣਤੀ ਘੱਟ ਹੋਈ ਹੈ ਪਰ ਭੂਚਾਲ ’ਚ ਜ਼ਖਮੀ ਜਾਂ ਮਾਰੇ ਜਾਣ ਵਾਲਿਆਂ ਦੀ ਗਿਣਤੀ ’ਤੇ ਚੁੱਪ ਅਤੇ ਬੀਤੇ ਸਾਲ ਹੜ੍ਹਾਂ ’ਚ ਮਰਨ ਵਾਲਿਆਂ ਦੀ ਜਾਣਕਾਰੀ ਨੂੰ ਖਬਰਾਂ ’ਚੋਂ ਪੂਰੀ ਤਰ੍ਹਾਂ ਲੁਕਾਉਣ ਵਰਗੇ ਚੀਨ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪੱਛਮੀ ਮੀਡੀਆ ਇਸ ’ਤੇ ਭਰੋਸਾ ਨਹੀਂ ਕਰ ਰਿਹਾ। ਹੁਣ ‘ਕੋਵਿਡ-19’ ਦੇ ਨਵੇਂ ਨਾਂ ਨਾਲ ਜਾਣਿਅਾ ਜਾ ਰਿਹਾ ਕੋਰੋਨਾ ਵਾਇਰਸ ਸ਼ਰਤੀਆ ਤੌਰ ’ਤੇ ਭਗਵਾਨ ਵਿਸ਼ਨੂੰ ਦਾ ਨਵਾਂ ਅਵਤਾਰ ਨਹੀਂ ਹੈ, ਜਿਵੇਂ ਕਿ ਆਲ ਇੰਡੀਆ ਹਿੰਦੂ ਮਹਾਸਭਾ ਦੇ ਰਾਸ਼ਟਰੀ ਮੁਖੀ ਸਵਾਮੀ ਚੱਕਰਪਾਣੀ ਨੇ ਬੇਤੁਕਾ ਦਾਅਵਾ ਕੀਤਾ ਹੈ। ਉਥੇ ਹੀ ਜ਼ਿਆਦਾਤਰ ਦੁਨੀਆ ਇਸ ਦੇ ਇਲਾਜ ਦੀ ਭਾਲ ’ਚ ਜੁਟੀ ਹੈ। ਹਾਲਾਂਕਿ ਭਵਿੱਖ ਵਿਚ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਣ ਵਾਲੀ ਇਸ ਤਰ੍ਹਾਂ ਦੀ ਇਨਫੈਕਸ਼ਨ ਨੂੰ ਰੋਕਣ ਲਈ ਇਸ ਤੱਥ ਨੂੰ ਸਮਝਣ ਦੀ ਲੋੜ ਹੈ ਕਿ ਕੋਰੋਨਾ ਅਤੇ ਸਾਰਸ ਵਰਗੇ ਜਾਨਲੇਵਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੀ ਕਿਉਂ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਵਾਇਰਸ ਦੀ ਕਰੋਪੀ ਫੈਲਣ ਵਿਚ ਚੀਨ ਦੀਆਂ ਦੋ ਮੂਲ ਸੰਸਕ੍ਰਿਤਕ ਪ੍ਰੰਪਰਾਵਾਂ ਨੇ ਮਦਦ ਕੀਤੀ। ਪਹਿਲਾ ਸੰਸਕ੍ਰਿਤਕ ਕਾਰਣ ਖਤਰੇ ਦੀ ਚਿਤਾਵਨੀ ਦੇ ‘ਸੰਦੇਸ਼ ਵਾਹਕ’ ਨੂੰ ਸਜ਼ਾ ਦੇਣ ਦਾ ਚੀਨ ਦਾ ਲੰਬਾ ਇਤਿਹਾਸ। ਸੋਸ਼ਲ ਮੀਡੀਆ ’ਤੇ ਸੰਭਾਵਿਤ ਵਾਇਰਸ ਦੇ ਫੈਲਣ ਨੂੰ ਲੈ ਕੇ ਚਿਤਾਵਨੀ ਜ਼ਾਹਿਰ ਕਰਨ ਵਾਲੇ ਡਾਕਟਰ ਉਨ੍ਹਾਂ ਅਨੇਕ ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਜਨਵਰੀ ਦੀ ਸ਼ੁਰੂਆਤ ਵਿਚ ਵੁਹਾਨ ਸ਼ਹਿਰ ਦੀ ਪੁਲਸ ਨੇ ਥਾਣੇ ਵਿਚ ਬੁਲਾ ਕੇ ਅਫਵਾਹਾਂ ਨਾ ਫੈਲਾਉਣ ਦੀ ਸਖਤ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੂੰ ਇਕ ਕਾਗਜ਼ ’ਤੇ ਦਸਤਖਤ ਕਰਨ ਲਈ ਕਿਹਾ ਗਿਆ, ਜਿਸ ’ਤੇ ਲਿਖਿਆ ਸੀ ਕਿ ਜੋ ਵੀ ਉਸ ਨੇ ਕਿਹਾ, ਉਹ ਝੂਠ ਸੀ ਪਰ ਵਾਇਰਸ ਤੋਂ ਪੀੜਤ ਅਨੇਕ ਰੋਗੀਆਂ ਦਾ ਇਲਾਜ ਕਰਦੇ ਹੋਏ ਇਸ ਦੇ ਸੰਪਰਕ ਵਿਚ ਆਉਣ ਦੇ ਸਿੱਟੇ ਵਜੋਂ ਬੀਤੇ ਦਿਨੀਂ ਉਨ੍ਹਾਂ ਦੀ ਮੌਤ ਹੁਣ ਇਕ ਹੋਰ ਕਹਾਣੀ ਬਣ ਚੁੱਕੀ ਹੈ। ਇਸੇ ਤਰ੍ਹਾਂ 2002 ’ਚ ਇਕ ਹੋਰ ਕਿਸਮ ਦੇ ਕੋਰੋਨਾ ਵਾਇਰਸ ਕਾਰਣ ਫੈਲੀ ਸਾਰਸ ਮਹਾਮਾਰੀ ਨੂੰ ਵੀ ਸਥਾਨਕ ਪ੍ਰਸ਼ਾਸਨ ਨੇ ਇਕ ਮਹੀਨੇ ਤਕ ਲੁਕੋਈ ਰੱਖਣ ਦਾ ਯਤਨ ਕੀਤਾ ਸੀ ਅਤੇ ਸਭ ਤੋਂ ਪਹਿਲਾਂ ਇਸ ਬਾਰੇ ਚਿਤਾਵਨੀ ਦੇਣ ਵਾਲੇ ਸਰਜਨ ਨੂੰ 45 ਦਿਨਾਂ ਤਕ ਫੌਜ ਦੀ ਹਿਰਾਸਤ ’ਚ ਰੱਖਿਆ ਗਿਆ ਸੀ।

ਦੇਸ਼ ਲਈ ਸ਼ਰਮਨਾਕ ਸੱਚ ਸਾਹਮਣੇ ਰੱਖਣ ਵਾਲੇ ਹਰ ਵਿਅਕਤੀ ਨੂੰ ਸਜ਼ਾ ਦੇਣ ਦੀ ਰਵਾਇਤ ਮੌਜੂਦਾ ਸ਼ੀ ਜਿਨਪਿੰਗ ਦੇ ਸ਼ਾਸਨ ਤਕ ਹੀ ਸੀਮਤ ਨਹੀਂ ਹੈ, ਇਸ ਦਾ ਇਤਿਹਾਸ ਪੂਰੇ ਸਾਮਵਾਦੀ ਸ਼ਾਸਨ ਦੌਰਾਨ ਰਿਹਾ ਹੈ। 1956 ’ਚ ਮਾਓ ਦੇ ਰਾਜ ਵਿਚ ਸਰਕਾਰ ਨੇ ਜਨਤਾ ਨੂੰ ਆਪਣੇ ਬਾਰੇ ਤੱਥ ਅਤੇ ਆਲੋਚਨਾਤਮਕ ਵਿਚਾਰ ਖੁੱਲ੍ਹ ਕੇ ਜ਼ਾਹਿਰ ਕਰਨ ਲਈ ਕਿਹਾ ਸੀ ਪਰ ਇਸ ਤੋਂ ਕੁਝ ਮਹੀਨੇ ਬਾਅਦ ਹੀ ਸੱਜੇਪੱਖੀ ਵਿਰੋਧੀ ਮੁਹਿੰਮ ਚਲਾਉਂਦੇ ਹੋਏ ਉਨ੍ਹਾਂ ਹਜ਼ਾਰਾਂ ਪੜ੍ਹੇ-ਲਿਖੇ ਲੋਕਾਂ ਨੂੰ ਜੇ¶ਲ ਵਿਚ ਸੁੱਟ ਦਿੱਤਾ ਗਿਆ, ਦੇਸ਼-ਨਿਕਾਲਾ ਦੇ ਦਿੱਤਾ ਗਿਆ, ਜਿਨ੍ਹਾਂ ਨੇ ਸਰਕਾਰ ਦੀ ਆਲੋਚਨਾ ਕਰਨ ਦੀ ਹਿੰਮਤ ਕੀਤੀ ਸੀ। ਅਸਲ ਵਿਚ ਚੀਨੀ ਭਾਸ਼ਾ ’ਚ ਇਕ ਕਹਾਵਤ ਹੈ ਕਿ ‘‘ਅੰਤਿਮ ਯਾਤਰਾ ਨੂੰ ਵੀ ਵਿਆਹ ਵਾਂਗ ਸਜਾਓ’’-ਇਸ ਦਾ ਲੁਕਿਆ ਹੋਇਆ ਮਤਲਬ ਇਹ ਹੋਇਆ ਕਿ ਸਰਕਾਰ ਬਾਰੇ ਸੱਚ ਕਹਿਣ ਦੀ ਬਜਾਏ ਕਿਉਂ ਨਾ ਉਸ ਦੀ ਸ਼ਲਾਘਾ ’ਚ ਕਸੀਦੇ ਪੜ੍ਹੇ ਜਾਣ। ਤਾਂ ‘ਸੰਦੇਸ਼ ਵਾਹਕ’ ਦਾ ਮੂੰਹ ਬੰਦ ਕਰਨ ਲਈ ਇਸ ਪ੍ਰੰਪਰਾ ਕਾਰਣ ਇਕ ਹਫਤੇ ਵਿਚ 75 ਹਜ਼ਾਰ ਲੋਕ ਜਾਨਲੇਵਾ ਵਾਇਰਸ ਦੀ ਲਪੇਟ ’ਚ ਆ ਗਏ। ਇਸ ਬੀਮਾਰੀ ਦੇ ਫੈਲਣ ’ਚ ਮਦਦਗਾਰ ਦੂਸਰਾ ਸੰਸਕ੍ਰਿਤਕ ਕਾਰਣ ਚੀਨੀ ਲੋਕਾਂ ਦਾ ‘ਬੀਮਾਰੀਆਂ ਨੂੰ ਦਵਾਈਆਂ ਦੀ ਬਜਾਏ ਭੋਜਨ ਨਾਲ ਦੂਰ ਕਰਨ’ ਵਿਚ ਵਿਸ਼ਵਾਸ ਹੈ। ਗਰੀਬੀ ਅਤੇ ਅਨਪੜ੍ਹਤਾ ਹੋਣ ਕਾਰਣ ਇਹ ਧਾਰਨਾ ਲੋਕਾਂ ਦੇ ਦਿਲ-ਦਿਮਾਗ ’ਚ ਡੂੰਘਾਈ ਤਕ ਘਰ ਕਰ ਚੁੱਕੀ ਹੈ ਅਤੇ ਹੁਣ ਇਹ ਉਨ੍ਹਾਂ ਦੀ ਸੋਚ ਦਾ ਹਿੱਸਾ ਹੈ।

ਜੰਗਲਾਂ ਵਿਚ ਪਾਏ ਜਾਣ ਵਾਲੇ ਦੁਰਲੱਭ ਪੌਦੇ ਅਤੇ ਜਾਨਵਰ ਇਲਾਜ ਲਈ ਢੁੱਕਵੇਂ ਮੰਨੇ ਜਾਂਦੇ ਹਨ, ਵਿਸ਼ੇਸ਼ ਤੌਰ ’ਤੇ ਜਦੋਂ ਉਨ੍ਹਾਂ ਨੂੰ ਤਾਜ਼ਾ ਜਾਂ ਕੱਚਾ ਖਾਧਾ ਜਾਏ। ਇਨ੍ਹਾਂ ਨੂੰ ‘ਜ਼ਿਨਬੂ ਫੂਡਜ਼’ ਕਿਹਾ ਜਾਂਦਾ ਹੈ। ਮਰਦਾਨਾ ਤਾਕਤ ਲਈ ਸੱਪਾਂ ਅਤੇ ਮੌਜੂਦਾ ਕੋਰੋਨਾ ਵਾਇਰਸ ਅਤੇ ਉਸ ਤੋਂ ਪਹਿਲਾਂ ਸਾਰਸ ਵਾਇਰਸ ਦੇ ਵਾਹਕ ਮੰਨੇ ਜਾਣ ਵਾਲੇ ਚਮਗਿੱਦੜਾਂ ਨੂੰ ਅੱਖਾਂ ਦੀ ਰੌਸ਼ਨੀ ਲਈ ਚੰਗਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜ਼ਿੰਦਾ ਭਾਲੂਆਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਪਿੱਤੇ ਨੂੰ ਗਠੀਏ ਦੇ ਇਲਾਜ ਲਈ ਅਤੇ ਸ਼ੇਰ ਦੀਆਂ ਹੱਡੀਆਂ ਨੂੰ ਸਰੀਰਕ ਤਾਕਤ ਲਈ ਉੱਤਮ ਸਮਝਿਆ ਜਾਂਦਾ ਹੈ। ਜੇਕਰ ਮਰਦ ਤਾਕਤ ਦੀ ਚਾਹਤ ਵਿਚ ਇਹ ਸਭ ਖਾਂਦੇ ਹਨ ਤਾਂ ਚੀਨ ਦੀਆਂ ਔਰਤਾਂ ਵਲੋਂ ਸੁੰਦਰਤਾ ਲਈ ਵੱਖ-ਵੱਖ ਕਿਸਮ ਦੇ ਹੋਰ ਜਾਨਵਰਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਦੀ ਵਰਤੋਂ ਬਾਰੇ ਤਾਂ ਚਰਚਾ ਕਰਨਾ ਵੀ ਬੜਾ ਭਿਆਨਕ ਹੈ। ਗਰੀਬ ਲੋਕ ਕੁੱਤਿਅਾਂ ਦਾ ਮਾਸ ਖਾਂਦੇ ਹਨ ਕਿਉਂਕਿ ਉਹ ਕੁਝ ਹੋਰ ਖਰੀਦ ਨਹੀਂ ਸਕਦੇ। ਇਹ ਗੱਲ ਸਮਝਣਾ ਮਹੱਤਵਪੂਰਨ ਹੈ ਕਿ ਜੋ ਚੀਜ਼ਾਂ ਹੋਰਨਾਂ ਦੇਸ਼ਾਂ ਦੇ ਲੋਕਾਂ ਲਈ ਨਫਰਤਯੋਗ ਅਤੇ ਅਣਮਨੁੱਖੀ ਹਨ, ਉਹ ਚੀਨ ਵਿਚ ਉਸੇ ਤਰ੍ਹਾਂ ਕੁਦਰਤੀ ਤੌਰ ’ਤੇ ਸਵੀਕਾਰਨਯੋਗ ਹਨ- ਲੱਗਭਗ ਉਸੇ ਤਰ੍ਹਾਂ, ਜਿਵੇਂ ਭਾਰਤ ਵਿਚ ਗਲਾ ਖਰਾਬ ਹੋਣ ਜਾਂ ਸਰਦੀ ਲੱਗਣ ’ਤੇ ਅਦਰਕ ਦਾ ਸੇਵਨ ਪ੍ਰਚੱਲਿਤ ਹੈ। ਜਦੋਂ ਤਕ ਸਮਾਜਿਕ ਮਾਨਤਾਵਾਂ ਨੂੰ ਬਦਲਿਆ ਨਹੀਂ ਜਾਂਦਾ, ਵਿਸ਼ਵ ਦੀ ਕੁਲ ਆਬਾਦੀ ਦਾ 5ਵਾਂ ਹਿੱਸਾ, ਉਸ ਖਾਣੇ ਨੂੰ ਠੀਕ ਮੰਨਦਾ ਰਹੇਗਾ, ਜਿਸ ਨੂੰ ਉਹ ‘ਜ਼ਿਨਬੂ ਫੂਡ’ ਕਹਿੰਦੇ ਹਨ।


Bharat Thapa

Content Editor

Related News