ਭਾਰਤੀ ਔਰਤਾਂ ਦੀ ਹਾਲਤ ਤਰਸਯੋਗ ਕਿਉਂ
Thursday, Sep 26, 2024 - 05:14 PM (IST)
ਅੱਜ ਅਸੀਂ ਭਾਵੇਂ ਹੀ 21ਵੀਂ ਸਦੀ ਵਿਚ ਰਹਿ ਰਹੇ ਹਾਂ ਅਤੇ ਇਸ ਲਈ ਅਸੀਂ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਕੁੜੀਆਂ ਪੜ੍ਹ-ਲਿਖ ਵੀ ਰਹੀਆਂ ਹਨ ਪਰ ਅੱਜ ਵੀ ਸਾਡੇ ਸਮਾਜ ਵਿਚ ਔਰਤਾਂ ਨੂੰ ਤਰਸਯੋਗ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਧਰਮ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸਾਰੇ ਧਰਮ ਔਰਤਾਂ ਪ੍ਰਤੀ ਰੂੜੀਵਾਦੀ ਹਨ, ਕਿਤਾਬਾਂ ’ਚ ਔਰਤਾਂ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਧਾਰਮਿਕ ਸਿੱਖਿਆਵਾਂ ਹੋਣ ਜਾਂ ਸੰਵਿਧਾਨ, ਹਰ ਥਾਂ ਔਰਤ ਨੂੰ ਸਤਿਕਾਰ ਦਿੱਤਾ ਗਿਆ ਹੈ ਪਰ ਇਹ ਸਿਰਫ਼ ਕਾਗਜ਼ਾਂ ਜਾਂ ਉਪਦੇਸ਼ਾਂ ਤੱਕ ਹੀ ਸੀਮਤ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਪੈਦਾ ਹੋਈ ਵਿਗੜੀ ਸੋਚ ਨੇ ਔਰਤਾਂ ਨੂੰ ਮਹਿਜ਼ ਵਸਤੂ ਬਣਾ ਕੇ ਰੱਖ ਦਿੱਤਾ ਹੈ।
ਜੇਕਰ ਅਸੀਂ ਦੇਖੀਏ ਕਿ ਅੱਜ ਔਰਤਾਂ ਨੂੰ ਕਿਹੋ ਜਿਹੇ ਹਾਲਾਤ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਤਾਂ ਸਾਡੇ ਮਰਦ ਪ੍ਰਧਾਨ ਸਮਾਜ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਜਿਨਸੀ ਅਪਰਾਧ ਦਿਨੋ-ਦਿਨ ਨਾ ਸਿਰਫ਼ ਵਧਦੇ ਜਾ ਰਹੇ ਹਨ ਸਗੋਂ ਬੇਹੱਦ ਘਿਨੌਣੇ ਵੀ ਹੋ ਗਏ ਹਨ। ਅਸੀਂ ਔਰਤਾਂ ਨੂੰ ਸ਼ਰਮ-ਹਯਾ ਕਰਨ ਦੀ ਅਪੀਲ ਕਰਦੇ ਹਾਂ ਪਰ ਉਨ੍ਹਾਂ ਮਰਦਾਂ ਦੀ ਸ਼ਰਮ-ਹਯਾ ਕਿੱਥੇ ਚਲੀ ਗਈ ਜਦੋਂ ਕੋਈ 70 ਸਾਲ ਦਾ ਬਜ਼ੁਰਗ ਦੁਕਾਨ ’ਤੇ ਸਾਮਾਨ ਲੈਣ ਆਈ 10 ਸਾਲ ਦੀ ਕੁੜੀ ਨਾਲ ਛੇੜਛਾੜ ਕਰਦਾ ਹੈ।
ਇਕ ਗਰਭਵਤੀ ਔਰਤ ਰੋਂਦੀ ਹੈ ਅਤੇ ਐਲਾਨ ਕਰਦੀ ਹੈ ਕਿ ਉਹ ਗਰਭਵਤੀ ਹੈ ਪਰ ਫਿਰ ਵੀ 3 ਵਿਅਕਤੀ ਉਸ ਨਾਲ ਜਬਰ-ਜ਼ਨਾਹ ਕਰਦੇ ਹਨ। ਅਸੀਂ ਉਨ੍ਹਾਂ ਮਨੁੱਖਾਂ ਦੀ ਮਾਨਸਿਕਤਾ ਦੀ ਤੁਲਨਾ ਪਸ਼ੂਆਂ ਨਾਲ ਵੀ ਨਹੀਂ ਕਰ ਸਕਦੇ ਕਿਉਂਕਿ ਜਾਨਵਰਾਂ ਵਿਚ ਇੰਨੀ ਸਮਝ ਹੁੰਦੀ ਹੈ ਕਿ ਉਹ ਵੀ ਆਪਣੇ ਗਰਭਵਤੀ ਸਾਥੀ ਨੂੰ ਕਾਮ-ਵਾਸਨਾ ਦਾ ਸ਼ਿਕਾਰ ਨਹੀਂ ਬਣਾਉਂਦੇ ਪਰ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਿੱਥੇ ਅਤੇ ਕਿੰਨਾਂ ਡਿੱਗ ਗਏ ਹਾਂ । ਇਸ ਡਿਜੀਟਲ ਯੁੱਗ ਵਿਚ ਸਾਡੇ ਨੌਜਵਾਨ ਫੇਸਬੁੱਕ ਵਰਗੇ ਮਾਧਿਅਮਾਂ ਰਾਹੀਂ ਲੜਕੀਆਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਦੇ ਹਨ। ਮੈਂ ਬਿਨਾਂ ਕਿਸੇ ਝਿਜਕ ਦੇ ਕਹਾਂਗਾ ਕਿ ਅਜਿਹੇ ਨੌਜਵਾਨ ਆਪਣਾ ਧਰਮ ਬਦਲ ਕੇ ਦੂਜੇ ਧਰਮਾਂ ਦੀਆਂ ਲੜਕੀਆਂ ਦਾ ਸ਼ੋਸ਼ਣ ਕਰਦੇ ਹਨ, ਜੋ ਬਾਅਦ ਵਿਚ ਝਗੜੇ ਦਾ ਕਾਰਨ ਵੀ ਬਣਦਾ ਹੈ।
ਅਜਿਹੀਆਂ ਖ਼ਬਰਾਂ ਹਰ ਰੋਜ਼ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਕਾਰਪੋਰੇਟ ਸੈਕਟਰ ਹੋਵੇ ਜਾਂ ਫਿਲਮੀ ਹੀਰੋਇਨਾਂ, ਹਰ ਪਾਸੇ ਜਿਨਸੀ ਸ਼ੋਸ਼ਣ ਆਮ ਗੱਲ ਬਣ ਗਈ ਹੈ ਅਤੇ ਸਾਡਾ ਸਮਾਜ ਲਗਾਤਾਰ ਵਿਗੜ ਰਿਹਾ ਹੈ। ਜਿਨਸੀ ਅਪਰਾਧਾਂ ਤੋਂ ਇਲਾਵਾ ਹੋਰ ਕਿੱਥੇ ਔਰਤ ਦਾ ਅਪਮਾਨ ਨਹੀਂ ਹੁੰਦਾ? ਉਸ ਨੂੰ ਸਹੁਰੇ ਘਰ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇ ਉਸ ਨੂੰ ਸਹੁਰੇ ਘਰ ਵਿਚ ਲਾਲਚੀ ਤੇ ਮਤਲਬੀ ਲੋਕ ਮਿਲ ਜਾਣ। ਇੱਥੇ ਔਰਤਾਂ ਖੁਦ ਔਰਤਾਂ ਦਾ ਸ਼ੋਸ਼ਣ ਕਰਦੀਆਂ ਹਨ। ਕਿਤੇ ਸੱਸ ਦੇ ਰੂਪ ਵਿਚ, ਕਿਤੇ ਨਣਦ ਦੇ ਰੂਪ ਵਿਚ ਅਤੇ ਕਿਤੇ ਭਾਬੀ ਦੇ ਰੂਪ ਵਿਚ। ਮੈਂ ਦੇਖਿਆ ਹੈ ਕਿ ਕੁੜੀ ਭਾਵੇਂ ਜਿੰਨੀ ਮਰਜ਼ੀ ਪੜ੍ਹੀ-ਲਿਖੀ ਜਾਂ ਨੇਕ ਕਿਉਂ ਨਾ ਹੋਵੇ, ਉਹ ਆਪਣੀ ਸੱਸ ਅਤੇ ਨਣਦ ਦੀ ਹਉਮੈ ਅੱਗੇ ਬੇਕਾਰ ਹੁੰਦੀ ਹੈ ਅਤੇ ਉਸ ਹਾਲਤ ਵਿਚ ਉਸ ਦਾ ਹਾਲ ਹੋਰ ਵੀ ਮਾੜਾ ਹੁੰਦਾ ਹੈ ਜਦੋਂ ਉਸ ਦਾ ਪਤੀ ਵੀ ਉਸ ਨੂੰ ਤੰਗ ਕਰਦਾ ਹੈ।
ਆਮ ਤੌਰ ’ਤੇ ਅਸੀਂ ਘਰਾਂ ਵਿਚ ਦੇਖ ਸਕਦੇ ਹਾਂ ਕਿ ਜੇਕਰ ਨੂੰਹ ਪੜ੍ਹੀ-ਲਿਖੀਆ ਜਾਵੇ ਤਾਂ ਸੱਸ ਜਾਂ ਨਣਦਾਂ ਉਸ ਨੂੰ ਹੰਕਾਰੀ ਅਤੇ ਬੇਵਕੂਫ਼ ਕਹਿਣ ਵਿਚ ਬਿਲਕੁਲ ਵੀ ਸੰਕੋਚ ਨਹੀਂ ਕਰਦੀਆਂ। ਕੁੱਲ ਮਿਲਾ ਕੇ ਅਸੀਂ ਦੇਖ ਸਕਦੇ ਹਾਂ ਕਿ ਜ਼ਿਆਦਾਤਰ ਘਰਾਂ ਵਿਚ ਔਰਤਾਂ ਦਾ ਮਾਨਸਿਕ ਸ਼ੋਸ਼ਣ ਹੁੰਦਾ ਹੈ। ਇਕ ਪਾਸੇ ਮਰਦ ਉਸ ਨੂੰ ਬਾਹਰਲੀ ਦੁਨੀਆ ਵਿਚ ਸ਼ਾਂਤੀ ਨਾਲ ਨਹੀਂ ਰਹਿਣ ਦਿੰਦਾ ਅਤੇ ਘਰ ’ਚ ਘਰ ਦੀਆਂ ਔਰਤਾਂ ਹੀ ਉਸ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦਿੰਦੀਆਂ। ਕਦੀ-ਕਦੀ ਤਾਂ ਲੱਗਦਾ ਹੈ ਕਿ ਸਾਡੇ ਸਮਾਜ ਨੂੰ ਕੀ ਹੋ ਗਿਆ ਹੈ? ਸਾਡਾ ਨੈਤਿਕ ਪਤਨ ਕਿਸ ਹੱਦ ਤੱਕ ਹੋ ਗਿਆ ਹੈ? ਜਿਸ ਔਰਤ ਦੀ ਕੁੱਖ ਤੋਂ ਅਸੀਂ ਜਨਮ ਲੈਂਦੇ ਹਾਂ, ਉਸ ਦੀ ਅਜਿਹੀ ਹਾਲਤ ਅਜਿਹੇ ਵੱਖੋ-ਵੱਖਰੇ ਰੂਪਾਂ ਵਿਚ ਹੋ ਗਈ ਹੈ ਕਿ ਮੈਂ ਸੱਚਮੁੱਚ ਇਹੀ ਕਹਾਂਗਾ ਕਿ ਇੱਥੇ ਇਕ ਕੁੜੀ ਕਿੰਨੀ ਹਿੰਮਤ ਨਾਲ ਕਿੰਨਾ ਕੁਝ ਸਹਿ ਕੇ ਰਹਿੰਦੀ ਹੈ।
ਅਜਿਹਾ ਨਹੀਂ ਹੈ ਕਿ ਇਹ ਰੁਖਾਪਨ ਹਰ ਕਿਸੇ ਵਿਚ ਹੋਵੇ ਪਰ ਕੁਝ ਅਪਵਾਦਾਂ ਨੂੰ ਛੱਡ ਕੇ ਜ਼ਿਆਦਾਤਰ ਮਾਮਲਿਆਂ ਵਿਚ ਅੱਜ ਵੀ ਔਰਤਾਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਨਹੀਂ ਜਿਊਂਦੀਆਂ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਵਿਚ, ਸਰਕਾਰ ਅਤੇ ਸਮਾਜ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ। ਸਮਾਜ ਦੀ ਵਿਗੜ ਰਹੀ ਹਾਲਤ ਨੂੰ ਸੁਧਾਰਨ ਲਈ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
ਸਰਕਾਰ ਦਾ ਨਾਅਰਾ ਹੈ ਬੇਟੀ ਪੜ੍ਹਾਓ, ਬੇਟੀ ਬਚਾਓ, ਜਿਸ ’ਚ ਬੇਟੀ ਬਚਾਓ ਦਾ ਮਤਲਬ ਹੈ ਕਿ ਉਸ ਨੂੰ ਪੈਦਾ ਹੋਣ ਦਿਓ, ਉਸ ਨੂੰ ਕੁੱਖ ’ਚ ਨਾ ਮਾਰੋ। ਨਾਲ ਹੀ ਇਸ ਨਾਅਰੇ ਦਾ ਅਰਥ ਇਹ ਵੀ ਹੋਣਾ ਚਾਹੀਦਾ ਹੈ ਕਿ ਬੇਟੀ ਬਚਾਓ ਸਮਾਜ ਦੇ ਵਹਿਸ਼ੀ ਦਰਿੰਦਿਆਂ ਤੋਂ, ਉਨ੍ਹਾਂ ਨਾਲਾਇਕ ਔਰਤਾਂ ਤੋਂ ਜੋ ਸੱਸ, ਨਣਦ, ਭਾਬੀਆਂ ਦੇ ਰੂਪ ਵਿਚ ਘਰਾਂ ’ਚ ਕਿਸੇ ਇਕ ਔਰਤ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਇਸ ਸਭ ਲਈ ਸਖ਼ਤ ਕਾਨੂੰਨਾਂ ਦੇ ਨਾਲ-ਨਾਲ ਸਮਾਜ ਵਿਚ ਜਾਗਰੂਕਤਾ ਵੀ ਪੈਦਾ ਕਰਨੀ ਪਵੇਗੀ। ਸਮਾਜ ਨੂੰ ਵਿਗੜਨ ਤੋਂ ਬਚਾਉਣ ਲਈ ਹਰ ਸੱਭਿਅਕ ਔਰਤ ਅਤੇ ਸੱਭਿਅਕ ਮਰਦ ਨੂੰ ਅੱਗੇ ਆਉਣਾ ਪਵੇਗਾ, ਨਹੀਂ ਤਾਂ ਸਾਡੇ ਪਤਨ ਨੂੰ ਕੋਈ ਨਹੀਂ ਰੋਕ ਸਕੇਗਾ।