ਪਾਕਿਸਤਾਨ ’ਚ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਿਉਂ?

Thursday, Nov 14, 2024 - 03:06 PM (IST)

ਪਾਕਿਸਤਾਨ ’ਚ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਿਉਂ?

ਬੀਤੇ ਦਿਨੀਂ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਸ਼ਾਦਮਾਨ ਚੌਕ ਨੂੰ ਸ਼ਹੀਦ ਭਗਤ ਨੂੰ ਸਮਰਪਿਤ ਕਰਨ ਦੀ ਸਾਲਾਂ ਪੁਰਾਣੀ ਮੰਗ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਹੈ, ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋਂ ਇਕ ਅਪਰਾਧੀ ਸੀ ਅਤੇ ਅੱਜ ਦੀ ਪਰਿਭਾਸ਼ਾ ਵਿਚ ਇਕ ਅੱਤਵਾਦੀ ਸੀ। ਜਿਵੇਂ ਹੀ ਇਹ ਖਬਰ ਭਾਰਤ ਪਹੁੰਚੀ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤੁਰੰਤ ਪਾਕਿਸਤਾਨ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਪਰ ਮੈਨੂੰ ਪਾਕਿਸਤਾਨ ਦੇ ਇਸ ਹਿਮਾਕਤ (ਗੁਸਤਾਖੀ) ’ਤੇ ਕੋਈ ਹੈਰਾਨੀ ਨਹੀਂ ਹੋਈ। ਕੀ ਇਸ ਇਸਲਾਮੀ ਦੇਸ਼ ਤੋਂ ਕਿਸੇ ਹੋਰ ਵਤੀਰੇ ਦੀ ਆਸ ਕੀਤੀ ਜਾ ਸਕਦੀ ਹੈ?

ਲਾਹੌਰ ਦਾ ਉਹ ਸਥਾਨ ਜਿੱਥੇ ਮਹਾਨ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ, ਸ਼ਾਦਮਾਨ ਚੌਕ ਦੇ ਨਾਮ ਨਾਲ ਮਸ਼ਹੂਰ ਹੈ। ਇਸ ਮਾਮਲੇ ਵਿਚ 8 ਨਵੰਬਰ ਨੂੰ ਲਾਹੌਰ ਹਾਈ ਕੋਰਟ ਵਿਚ ਸੁਣਵਾਈ ਸੀ। ਫਿਰ ਲਾਹੌਰ ਪ੍ਰਸ਼ਾਸਨ ਨੇ ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ’ ਵੱਲੋਂ ਅਦਾਲਤ ’ਚ ਦਾਇਰ ਪਟੀਸ਼ਨ ’ਤੇ ਜਵਾਬ ਦਿੰਦਿਆਂ ਕਿਹਾ ਕਿ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਪ੍ਰਸਤਾਵਿਤ ਯੋਜਨਾ ਸਾਬਕਾ ਜਲ ਸੈਨਾ ਅਧਿਕਾਰੀ ਤਾਰਿਕ ਮਜੀਦ ਦੀ ਟਿੱਪਣੀ ਦੇ ਮੱਦੇਨਜ਼ਰ ਰੱਦ ਕਰ ਦਿੱਤੀ ਗਈ ਹੈ। ਮਜੀਦ ਇਸ ਕੇਸ ਵਿਚ ਬਣਾਈ ਗਈ ਕਮੇਟੀ ਦਾ ਹਿੱਸਾ ਹੈ ਅਤੇ ਉਸ ਨੇ ਕਿਹਾ ਸੀ ਕਿ ਭਗਤ ਸਿੰਘ ਨੇ ਇਕ ਬ੍ਰਿਟਿਸ਼ ਪੁਲਸ ਅਧਿਕਾਰੀ ਨੂੰ ਮਾਰਿਆ ਸੀ ਅਤੇ ਇਸ ਲਈ ਉਸ ਨੂੰ ਉਸ ਦੇ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।

ਇਸੇ ਕਮੇਟੀ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਗਤ ਸਿੰਘ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਧਾਰਮਿਕ ਆਗੂਆਂ ਤੋਂ ਪ੍ਰਭਾਵਿਤ ਸੀ ਅਤੇ ਭਗਤ ਸਿੰਘ ਫਾਊਂਡੇਸ਼ਨ ਇਸਲਾਮਿਕ ਵਿਚਾਰਧਾਰਾ ਅਤੇ ਪਾਕਿਸਤਾਨੀ ਸੰਸਕ੍ਰਿਤੀ ਦੇ ਖਿਲਾਫ ਕੰਮ ਕਰ ਰਹੀ ਸੀ ਅਤੇ ਇਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰਿਪੋਰਟ ਅਨੁਸਾਰ ਫਾਊਂਡੇਸ਼ਨ ਦੇ ਅਧਿਕਾਰੀ ਜੋ ਖੁਦ ਮੁਸਲਮਾਨ ਹਨ, ਕੀ ਉਹ ਨਹੀਂ ਜਾਣਦੇ ਕਿ ਪਾਕਿਸਤਾਨ ਵਿਚ ਕਿਸੇ ਜਗ੍ਹਾ ਦਾ ਨਾਂ ਨਾਸਤਿਕ ਦੇ ਨਾਂ ’ਤੇ ਰੱਖਣਾ ਮਨਜ਼ੂਰ ਨਹੀਂ ਹੈ ਅਤੇ ਇਸਲਾਮ ਵਿਚ ਮਨੁੱਖੀ ਮੂਰਤੀਆਂ ’ਤੇ ਪਾਬੰਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ 2025 ਨੂੰ ਹੋਵੇਗੀ।

ਭਗਤ ਸਿੰਘ ਦਾ ਪਾਕਿਸਤਾਨ ਨਾਲ ਸਬੰਧ ਸਿਰਫ਼ ਲਾਹੌਰ ਜੇਲ ਤੱਕ ਸੀਮਤ ਨਹੀਂ ਹੈ। ਅਣਵੰਡੇ ਪੰਜਾਬ ਵਿਚ ਲਾਇਲਪੁਰ ਦਾ ਕਸਬਾ, ਜਿੱਥੇ ਉਸ ਦਾ ਜਨਮ ਹੋਇਆ ਸੀ, ਉਹ ਵੀ ਹੁਣ ਪਾਕਿਸਤਾਨ ਵਿਚ ਹੈ। ਲਾਹੌਰ ਦੇ ਨੈਸ਼ਨਲ ਕਾਲਜ ਵਿਚ ਹੀ ਭਗਤ ਸਿੰਘ ਦੇ ਅੰਦਰ ਇਨਕਲਾਬ ਦੇ ਬੀਜ ਬੀਜੇ ਗਏ ਸਨ ਅਤੇ ਲਾਹੌਰ ਵਿਚ ਹੀ ‘ਨੌਜਵਾਨ ਭਾਰਤ ਸਭਾ’ ਵੀ ਬਣਾਈ ਗਈ ਸੀ। ਇਸ ਪਿਛੋਕੜ ਵਿਚ ਜੇਕਰ ਪਾਕਿਸਤਾਨ ਭਗਤ ਸਿੰਘ ਨੂੰ ਆਪਣਾ ‘ਨਾਇਕ’ ਮੰਨ ਲੈਂਦਾ ਤਾਂ ਅਜਿਹਾ ਕਰ ਕੇ ਉਹ ‘ਕਾਫ਼ਿਰ-ਕੁਫ਼ਰ’ ਦੇ ਸੰਕਲਪ ਤੋਂ ਪ੍ਰੇਰਨਾ ਲੈਣ ਵਾਲੀ ਉਸ ਦੀ ਵਿਚਾਰਧਾਰਕ ਹੋਂਦ ਨੂੰ ਸਿੱਧੇ-ਅਸਿੱਧੇ ਰੂਪ ਵਿਚ ਨਕਾਰ ਦਿੰਦਾ। ਭਗਤ ਸਿੰਘ ਪਾਕਿਸਤਾਨੀ ਸੱਤਾ ਅਤੇ ਵਿਚਾਰਧਾਰਕ ਸਥਾਪਤੀ ਲਈ ਵੀ ਇਕ ‘ਕਾਫਰ’ ਹੈ।

ਇਸ ਜ਼ਹਿਰੀਲੀ ਸੋਚ ਦੀਆਂ ਜੜ੍ਹਾਂ ਭਾਰਤੀ ਉਪ ਮਹਾਦੀਪ ਵਿਚ ਬਹੁਤ ਡੂੰਘੀਆਂ ਹਨ। ਗਾਂਧੀ ਜੀ ਨੇ ਅਲੀ ਭਰਾਵਾਂ (ਮੌਲਾਨਾ ਮੁਹੰਮਦ ਅਲੀ ਜੌਹਰ ਅਤੇ ਸ਼ੌਕਤ ਅਲੀ) ਦੇ ਨਾਲ, ਵਿਦੇਸ਼ੀ ਖਿਲਾਫਤ ਅੰਦੋਲਨ (1919-24) ਦੀ ਅਗਵਾਈ ਕੀਤੀ ਸੀ ਪਰ ਮੌਲਾਨਾ ਮੁਹੰਮਦ ਅਲੀ ਖੁਦ ਗਾਂਧੀ ਜੀ ਬਾਰੇ ਕੀ ਸੋਚਦੇ ਸੀ, ਇਹ ਉਨ੍ਹਾਂ ਦੇ ਇਸ ਵਿਚਾਰ ਤੋਂ ਸਪੱਸ਼ਟ ਹੈ ਕਿ ਗਾਂਧੀ ਦਾ ਕਿਰਦਾਰ ਭਾਵੇਂ ਕਿੰਨਾ ਵੀ ਸ਼ੁੱਧ ਕਿਉਂ ਨਾ ਹੋਵੇ, ਧਰਮ ਦੇ ਨਜ਼ਰੀਏ ਤੋਂ ਉਹ ਮੈਨੂੰ ਕਿਸੇ ਵੀ ਚਰਿੱਤਰਹੀਣ ਮੁਸਲਮਾਨ ਨਾਲੋਂ ਨੀਵੇਂ ਜਾਪਦੇ ਹਨ।

ਵੰਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਸ ਨੇ ਆਪਣੇ ਦਸਤਾਵੇਜ਼ਾਂ, ਸਕੂਲੀ ਪਾਠਕ੍ਰਮ ਅਤੇ ਇਸਦੀਆਂ ਆਪਣੀਆਂ ਅਧਿਕਾਰਤ ਵੈੱਬਸਾਈਟਾਂ ਵਿਚ ਜ਼ਿਕਰ ਕੀਤਾ ਹੈ ਕਿ ਉਸ ਦੀਆਂ ਜੜ੍ਹਾਂ ਸੰਨ 711-12 ਵਿਚ ਇਸਲਾਮੀ ਹਮਲਾਵਰਾਂ ਮੁਹੰਮਦ ਬਿਨ ਕਾਸਿਮ ਵਲੋਂ ਹਿੰਦੂ ਰਾਜੇ ਦਾਹਿਰ ਵਲੋਂ ਸ਼ਾਸਤ ਤੱਤਕਾਲੀ ਸਿੰਧ ’ਤੇ ਹਮਲੇ ’ਚ ਮਿਲਦੀਆਂ ਹਨ। ਇਸ ਵਿਚ ਕਾਸਿਮ ਨੂੰ ‘ਪਹਿਲਾ ਪਾਕਿਸਤਾਨੀ’ ਅਤੇ ਸਿੰਧ ਨੂੰ ਦੱਖਣੀ ਏਸ਼ੀਆ ਦਾ ਪਹਿਲਾ ‘ਇਸਲਾਮਿਕ ਸੂਬਾ ’ ਦੱਸਿਆ ਗਿਆ ਹੈ।

ਜਿਨ੍ਹਾਂ ਭਾਰਤੀ ਖੇਤਰਾਂ ਨੂੰ ਮਿਲਾ ਕੇ ਅਗਸਤ 1947 ਵਿਚ ਪਾਕਿਸਤਾਨ ਬਣਾਇਆ ਗਿਆ ਸੀ, ਇੱਥੇ ਹਜ਼ਾਰਾਂ ਸਾਲ ਪਹਿਲਾਂ ਵੇਦਾਂ ਦੀ ਬਾਣੀ ਰਚੀ ਗਈ ਸੀ ਅਤੇ ਬਹੁਲਵਾਦੀ ਸਨਾਤਨ ਸੰਸਕ੍ਰਿਤੀ ਦਾ ਵਿਕਾਸ ਹੋਇਆ ਸੀ। ਇਸ ਲਈ ਅੱਜ ਵੀ ਪੁਰਾਤਤਵ-ਵਿਗਿਆਨੀਆਂ ਦੀਆਂ ਖੋਦਾਈਆਂ ਵਿਚ ਵੈਦਿਕ ਸੱਭਿਅਤਾ ਦੇ ਪ੍ਰਤੀਕ ਉਭਰਦੇ ਹਨ, ਜਿਨ੍ਹਾਂ ਦੀ ਇਸਲਾਮ ਵਿਚ ਕੋਈ ਥਾਂ ਨਹੀਂ ਹੈ ਪਰ ਪਾਕਿਸਤਾਨ ਆਪਣਾ ਅਕਸ ਸੁਧਾਰਨ ਦੇ ਨਾਂ ’ਤੇ ਮੋਹੰਜੋਦੜੋ, ਹੜੱਪਾ, ਸਿੰਧੂ ਘਾਟੀ, ਆਰੀਅਨ ਸੱਭਿਅਤਾ ਨੂੰ ਕੌਟਿਲਯ ਅਤੇ ਗੰਧਾਰ ਕਲਾ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਸਾਲ 29 ਮਈ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਸੀ, “ਪਾਕਿਸਤਾਨ ਨੂੰ ਆਪਣੀ ਪ੍ਰਾਚੀਨ ਬੁੱਧ ਵਿਰਾਸਤ ‘ਤੇ ਮਾਣ ਹੈ।”

ਦਰਅਸਲ ਇਹ ਸਭ ਤੋਂ ਬੇਰਹਿਮ ਮਜ਼ਾਕ ਹੈ। ਕਾਸਿਮ, ਗਜ਼ਨਵੀ, ਗੌਰੀ, ਬਾਬਰ, ਟੀਪੂ ਸੁਲਤਾਨ ਆਦਿ ਇਸਲਾਮੀ ਹਮਲਾਵਰ, ਜਿਨ੍ਹਾਂ ਨੂੰ ਪਾਕਿਸਤਾਨ ਆਪਣੇ ਐਲਾਨੀਆ ਨਾਇਕ ਮੰਨਦਾ ਹੈ ਅਤੇ ਜਿਨ੍ਹਾਂ ਦੇ ਨਾਂ ’ਤੇ ਇਸ ਨੇ ਆਪਣੀਆਂ ਮਿਜ਼ਾਈਲਾਂ ਅਤੇ ਜੰਗੀ ਜਹਾਜ਼ਾਂ ਦੇ ਨਾਮ ਰੱਖੇ ਹਨ, ਉਨ੍ਹਾਂ ਨੇ ਹੀ ‘ਕਾਫਿਰ-ਕੁਫਰ’ ਦੇ ਸੰਕਲਪ ਤੋਂ ਪ੍ਰੇਰਿਤ ਹੋ ਕੇ ਭਾਰਤੀ ਉਪ-ਮਹਾਦੀਪ ਵਿਚ ਗੈਰ-ਇਸਲਾਮਿਕ ਚਿੰਨ੍ਹਾਂ ; ਹਿੰਦੂ ਅਤੇ ਬੋਧੀ ਸਾਹਿਤ ਨੂੰ ਨਸ਼ਟ ਕੀਤਾ ਸੀ। ਅੱਜ ਵੀ ਇਸ ਸੋਚ ਵਿਚ ਕੋਈ ਤਬਦੀਲੀ ਨਹੀਂ ਆਈ। ਜਦੋਂ ਜੁਲਾਈ 2020 ਵਿਚ ਖੈਬਰ ਪਖਤੂਨਖਵਾ ਵਿਚ ਉਸਾਰੀ ਦੇ ਕੰਮ ਦੌਰਾਨ ਭਗਵਾਨ ਗੌਤਮ ਬੁੱਧ ਦੀ ਇਕ ਪ੍ਰਾਚੀਨ ਮੂਰਤੀ ਜ਼ਮੀਨ ਵਿਚੋਂ ਮਿਲੀ ਤਾਂ ਸਥਾਨਕ ਮੌਲਵੀ ਵੱਲੋਂ ਇਸ ਨੂੰ ਗੈਰ-ਇਸਲਾਮਿਕ ਕਹਿਣ ਤੋਂ ਬਾਅਦ ਲੋਕਾਂ ਨੇ ਹਥੌੜਿਆਂ ਨਾਲ ਮੂਰਤੀ ਨੂੰ ਤੋੜ ਦਿੱਤਾ ਸੀ।

ਪਾਕਿਸਤਾਨੀ ਰਾਸ਼ਟਰੀ ਗੀਤ (ਕੌਮੀ ਤਰਾਨਾ) ਦਾ ਮਾਮਲਾ ਹੋਰ ਵੀ ਦਿਲਚਸਪ ਹੈ। ਸਾਲ 1947 ਵਿਚ ਇਸਲਾਮ ਦੇ ਨਾਂ ’ਤੇ ਹੋਈ ਖੂਨੀ ਵੰਡ ਤੋਂ ਬਾਅਦ ਪਾਕਿਸਤਾਨ ਨੂੰ ਬਾਕੀ ਦੁਨੀਆ ਨੂੰ ਅਖੌਤੀ ‘ਧਰਮ ਨਿਰਪੱਖ’ ਦਿਖਾਉਣ ਲਈ ਮੁਹੰਮਦ ਅਲੀ ਜਿਨਾਹ ਨੇ ਹਿੰਦੂ ਮੂਲ ਦੇ ਉਰਦੂ ਕਵੀ ਜਗਨਨਾਥ ਆਜ਼ਾਦ ਦੇ ਲਿਖੇ ਇਕ ਉਰਦੂ ਗੀਤ ਨੂੰ ਰਾਸ਼ਟਰੀ ਬਣਾਇਆ ਸੀ। ਜਿਨ੍ਹਾਂ ਦੀ ਮੌਤ ਤੋਂ ਤਕਰੀਬਨ ਡੇਢ ਸਾਲ ਤੱਕ ਇਹ ਹੀ ਪਾਕਿਸਤਾਨ ਦਾ ਰਾਸ਼ਟਰੀ ਗੀਤ ਰਿਹਾ। ਕਿਉਂਕਿ ਇਹ ਇਕ ‘ਕਾਫ਼ਿਰ’ ਹਿੰਦੂ ਦੁਆਰਾ ਲਿਖਿਆ ਗਿਆ ਸੀ, ਇਸ ਲਈ ਪਾਕਿਸਤਾਨੀ ਲੀਡਰਸ਼ਿਪ ਦੇ ਨਾਲ-ਨਾਲ ਆਮ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ।

ਸਾਲ 1952 ਵਿਚ ਹਾਫਿਜ਼ ਜਲੰਧਰੀ ਵਲੋਂ ਫਾਰਸੀ ਭਾਸ਼ਾ ਵਿਚ ਲਿਖੇ ਗੀਤ ਨੂੰ ਕੌਮੀ ਤਰਾਨਾ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਸਥਿਤੀ ਉਦੋਂ ਹੈ ਜਦੋਂ ਇਸ ਇਸਲਾਮੀ ਦੇਸ਼ ਦੀ ਸਰਕਾਰੀ ਰਾਸ਼ਟਰੀ ਭਾਸ਼ਾ ਉਰਦੂ ਅਤੇ ਅੰਗਰੇਜ਼ੀ ਹੈ ਅਤੇ ਇੱਥੇ ਪੰਜਾਬੀ, ਸਿੰਧੀ, ਪਸ਼ਤੋ, ਬਲੋਚ, ਸਰਾਇਕੀ ਆਦਿ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਫਿਰ ਵੀ ਇਸਦਾ ਰਾਸ਼ਟਰੀ ਗੀਤ ਉਸ ਫ਼ਾਰਸੀ ਭਾਸ਼ਾ ਵਿਚ ਹੈ ਜਿਸ ਨੂੰ ਪਾਕਿਸਤਾਨ ਵਿਚ ਬੋਲਣ ਅਤੇ ਸਮਝਣ ਵਾਲਿਆਂ ਦੀ ਗਿਣਤੀ ਬਹੁਤ ਸੀਮਤ ਹੈ।

ਪਾਕਿਸਤਾਨ ਵਿਚ ਇਹ ਦਹਿਸ਼ਤ ਉਸ ਦੀ ਵਿਚਾਰਧਾਰਕ ਸਥਾਪਤੀ ਕਾਰਨ ਹੈ ਜੋ ਪਿਛਲੇ 77 ਸਾਲਾਂ ਤੋਂ ਆਪਣੀ ਪਛਾਣ ਨੂੰ ਭਾਰਤ ਵਿਚ ਪੈਦਾ ਹੋਈਆਂ ਅਤੇ ਵਿਕਸਿਤ ਹੋਈਆਂ ਸੱਭਿਆਚਾਰਕ ਜੜ੍ਹਾਂ ਨਾਲੋਂ ਤੋੜ ਕੇ ਮੱਧ ਪੂਰਬ ਅਤੇ ਅਰਬ ਦੇਸ਼ਾਂ ਨਾਲ ਜੋੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਇਸੇ ਲਈ ਇਸ ਜੜ੍ਹ ਰਹਿਤ ਪਾਕਿਸਤਾਨ ਨੂੰ ਇਸਲਾਮਿਕ ਹੋਣ ਦੇ ਬਾਵਜੂਦ ਮੱਧ ਪੂਰਬੀ ਦੇਸ਼ਾਂ ਵੱਲੋਂ ਸਨਮਾਨ ਜਾਂ ਬਰਾਬਰੀ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਪਾਕਿਸਤਾਨ ਵਿਚ ਲੋਕਾਂ ਦੇ ਇਕ ਵੱਡੇ ਵਰਗ ਵੱਲੋਂ ਸ਼ਹੀਦ ਭਗਤ ਸਿੰਘ ਦਾ ਵਿਰੋਧ ਵੀ ਆਪਣੀਆਂ ਮੂਲ ਜੜ੍ਹਾਂ ਨੂੰ ਨਕਾਰਨ ਦੀ ਵਿਚਾਰਧਾਰਾ ਤੋਂ ਹੀ ਪ੍ਰੇਰਿਤ ਹੈ।

-ਬਲਬੀਰ ਪੁੰਜ


author

Tanu

Content Editor

Related News