ਪਾਕਿਸਤਾਨ ਆਪਣੀ ਤੌਹੀਨ ਕਿਉਂ ਕਰਵਾ ਰਿਹਾ ਹੈ?
Tuesday, Dec 07, 2021 - 03:36 AM (IST)

ਡਾ. ਵੇਦਪ੍ਰਤਾਪ ਵੈਦਿਕ
‘ਤਹਿਰੀਕੇ-ਲਬਾਯਕ ਪਾਕਿਸਤਾਨ’ ਨਾਂ ਦੇ ਇਸਲਾਮੀ ਸੰਗਠਨ ਨੇ ਇਸਲਾਮ ਅਤੇ ਪਾਕਿਸਤਾਨ, ਦੋਵਾਂ ਦਾ ਅਕਸ ਤਾਰ-ਤਾਰ ਕਰ ਦਿੱਤਾ ਹੈ। ਪਿਛਲੇ ਹਫਤੇ ਉਸ ਦੇ ਉਕਸਾਉਣ ਦੇ ਕਾਰਨ ਸਿਆਲਕੋਟ ਦੇ ਇਕ ਕਾਰਖਾਨੇ ’ਚ ਮੈਨੇਜਰ ਦਾ ਸਾਲਾਂ ਤੋਂ ਕੰਮ ਕਰ ਰਹੇ ਸ਼੍ਰੀਲੰਕਾ ਦੇ ਪ੍ਰਿਯੰਤ ਦਿਵਯਵਦਨ ਨਾਂ ਦੇ ਵਿਅਕਤੀ ਦੀ ਜ਼ਾਲਮਾਨਾ ਹੱਤਿਆ ਕਰ ਦਿੱਤੀ ਗਈ। ਦਿਵਯਵਦਨ ਦੇ ਸਰੀਰ ਦਾ, ਉਸ ਦੀਆਂ ਹੱਡੀਆਂ ਦਾ ਚੂਰਾ-ਚੂਰਾ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਫੂਕ ਦਿੱਤਾ ਗਿਆ। ਇਸ ਮਾੜੇ ਕਰਮ ਦੀ ਨਿੰਦਾ ਪਾਕਿਸਤਾਨ ਦੇ ਲਗਭਗ ਸਾਰੇ ਨੇਤਾ ਅਤੇ ਅਖਬਾਰ ਕਰ ਰਹੇ ਹਨ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਉਸੇ ਕਾਰਖਾਨੇ ਦੇ ਦੂਸਰੇ ਮੈਨੇਜਰ ਮਲਿਕ ਅਦਨਾਨ ਨੇ ਪ੍ਰਿਯੰਤ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਭੀੜ ਨੇ ਪ੍ਰਿਯੰਤ ਦੀ ਹੱਤਿਆ ਕਰ ਹੀ ਦਿੱਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਾਦ ਦੇਣੀ ਪਏਗੀ ਕਿ ਉਨ੍ਹਾਂ ਨੇ ਮਲਿਕ ਅਦਨਾਨ ਦੀ ਤਹਿ ਦਿਲੋਂ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ‘ਤਮਗਾ-ਏ-ਸ਼ੁਜਾਤ’ ਦੇਣ ਦਾ ਐਲਾਨ ਵੀ ਕੀਤਾ ਹੈ।
‘ਤਹਿਰੀਕ’ ਨੇ ਪ੍ਰਿਯੰਤ ’ਤੇ ਇਹ ਦੋਸ਼ ਲਗਾਇਆ ਕਿ ਉਸਨੇ ਤੌਹੀਨ-ਅੱਲ੍ਹਾ ਕੀਤੀ ਹੈ। ਕਾਫਿਰਾਨਾ ਹਰਕਤ ਕੀਤੀ ਹੈ। ਇਸ ਲਈ ਉਸ ਨੂੰ ਉਨ੍ਹਾਂ ਨੇ ਸਜ਼ਾ-ਏ-ਮੌਤ ਦਿੱਤੀ ਹੈ। ਪ੍ਰਿਯੰਤ ਨੇ ਤਹਿਰੀਕ-ਲਬਾਇਕ ਦੇ ਇਕ ਪੋਸਟਰ ਨੂੰ ਆਪਣੇ ਕਾਰਖਾਨੇ ਦੀ ਦੀਵਾਰ ਤੋਂ ਇਸ ਲਈ ਹਟਵਾ ਦਿੱਤਾ ਸੀ ਕਿ ਉਸ ’ਤੇ ਪੁਤਾਈ ਹੋਣੀ ਸੀ। ਹਮਲਾਵਰਾਂ ਦਾ ਕਹਿਣਾ ਹੈ ਕਿ ਉਸ ਪੋਸਟਰ ’ਤੇ ਕੁਰਾਨ ਦੀ ਆਯਤ ਛਪੀ ਹੋਈ ਸੀ। ਇਨ੍ਹਾਂ ਹਮਲਾਵਰਾਂ ਤੋਂ ਕੋਈ ਪੁੱਛੇ ਕਿ ਉਸ ਸ਼੍ਰੀਲੰਕਾਈ ਬੋਧ ਵਿਅਕਤੀ ਨੂੰ ਕੀ ਪਤਾ ਰਿਹਾ ਹੋਵੇਗਾ ਕਿ ਉਸ ਪੋਸਟਰ ’ਤੇ ਅਰਬੀ ਭਾਸ਼ਾ ’ਚ ਕੀ ਲਿਖਿਆ ਹੋਵੇਗਾ? ਮੰਨ ਲਓ ਕਿ ਉਸ ਨੂੰ ਪਤਾ ਵੀ ਹੋਵੇ ਤਾਂ ਵੀ ਕੋਈ ਪੋਸਟਰ ਜਾਂ ਕੋਈ ਗ੍ਰੰਥ ਜਾਂ ਕੋਈ ਮੰਦਿਰ ਜਾਂ ਮਸਜਿਦ ਅਸਲ ’ਚ ਕੀ ਹਨ? ਇਹ ਤਾਂ ਬੇਜ਼ਾਨ ਚੀਜ਼ਾਂ ਹਨ? ਤੁਸੀਂ ਇਨ੍ਹਾਂ ਦੇ ਬਹਾਨੇ ਕਿਸੇ ਦੀ ਹੱਤਿਆ ਕਰਦੇ ਹੋ ਤਾਂ ਉਸ ਦਾ ਅਰਥ ਕੀ ਹੋਇਆ। ਕੀ ਇਹ ਨਹੀਂ ਕਿ ਤੁਸੀਂ ਬੁੱਤਪ੍ਰਸਤ ਹੋ, ਮੂਰਤੀਪੂਜਕਰ ਹੋ, ਜੜ੍ਹਪੂਜਕ ਹੋ? ਕੀ ਇਸਲਾਮ ਬੁੱਤਪ੍ਰਸਤੀ ਦੀ ਇਜਾਜ਼ਤ ਦਿੰਦਾ ਹੈ? ਕੀ ਅੱਲ੍ਹਾ ਜਾਂ ਈਸ਼ਵਰ ਜਾਂ ਗੌਡ ਜਾਂ ਜਿਹੋਵਾ ਇੰਨੇ ਛੁਈ-ਮੁਈ ਹਨ ਕਿ ਕਿਸੇ ਦੇ ਪੋਸਟਰ ਫਾੜ ਦੇਣ, ਨਿੰਦਾ ਜਾਂ ਆਲੋਚਨਾ ਕਰਨ, ਕਿਸੇ ਧਰਮਗ੍ਰੰਥ ਨੂੰ ਉਠਾ ਕੇ ਪਟਕ ਦੇਣ ਨਾਲ ਉਹ ਨਾਰਾਜ਼ ਹੋ ਜਾਂਦਾ ਹੈ? ਈਸ਼ਵਰ ਜਾਂ ਅੱਲ੍ਹਾ ਨੂੰ ਕਿਸ ਨੇ ਦੇਖਿਆ ਹੈ ਪਰ ਇਨਸਾਨ ਆਪਣੀ ਨਾਰਾਜ਼ਗੀ ਨੂੰ ਈਸ਼ਵਰੀ ਨਾਰਾਜ਼ਗੀ ਦਾ ਰੂਪ ਦੇ ਦਿੰਦਾ ਹੈ। ਇਹ ਉਸ ਦੇ ਆਪਣੇ ਹੰਕਾਰ ਅਤੇ ਦਿਮਾਗੀ ਜੜ੍ਹਤਾ ਦਾ ਪ੍ਰਮਾਣ ਹੈ। ਇਸਦਾ ਅਰਥ ਇਹ ਨਹੀਂ ਕਿ ਦੂਸਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣਾ ਉਚਿਤ ਹੈ।
ਪਾਕਿਸਤਾਨ ਦੀ ਇਹ ਬਦਕਿਸਮਤੀ ਹੈ ਕਿ ਉਸ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਚਿਤਾਵਨੀ ’ਤੇ ਉਸਦੇ ਅੱਤਵਾਦੀ ਲੋਕ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਜਿਨਾਹ ਪਾਕਿਸਤਾਨ ਨੂੰ ਇਕ ਸਹਿਣਸ਼ੀਲ ਰਾਸ਼ਟਰ ਬਣਾਉਣਾ ਚਾਹੁੰਦੇ ਸਨ ਪਰ ਪਾਕਿਸਤਾਨ ਦੁਨੀਆ ਦਾ ਸਭ ਤੋਂ ਅਸਹਿਣਸ਼ੀਲ ਇਸਲਾਮੀ ਰਾਸ਼ਟਰ ਬਣ ਗਿਆ ਹੈ। ਕਦੇ ਉਥੇ ਮੰਦਿਰਾਂ, ਕਦੇ ਗੁਰਦੁਆਰਿਆਂ ਅਤੇ ਕਦੇ ਗਿਰਜਾਘਰਾਂ ’ਤੇ ਹਮਲਿਆਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਕਾਦੀਆਨੀਆਂ ’ਤੇ ਹਮਲੇ ਹੁੰਦੇ ਹਨ। 2011 ’ਚ ਲਾਹੌਰ ’ਚ ਰਾਜਪਾਲ ਸਲਮਾਨ ਤਾਸੀਰ ਦੀ ਹੱਤਿਆ ਇਸ ਲਈ ਕਰ ਦਿੱਤੀ ਗਈ ਸੀ ਕਿ ਉਨ੍ਹਾਂ ਨੇ ਆਸੀਆ ਬੀਬੀ ਨਾਂ ਦੀ ਇਕ ਮਹਿਲਾ ਦਾ ਸਮਰਥਨ ਕਰ ਦਿੱਤਾ ਸੀ। ਆਸੀਆ ਬੀਬੀ ’ਤੇ ਤੌਹੀਨ-ਏ-ਅੱਲ੍ਹਾ ਦਾ ਮੁਕੱਦਮਾ ਚਲ ਰਿਹਾ ਸੀ। ਸਲਮਾਨ ਤਾਸੀਰ ਚੰਗੇ ਪੜ੍ਹੇ-ਲਿਖੇ ਮੁਸਲਮਾਨ ਸਨ। ਉਹ ਮੇਰੇ ਮਿੱਤਰ ਸਨ। ਉਨ੍ਹਾਂ ਦੀ ਹੱਤਿਆ ’ਤੇ ਗਜ਼ਬ ਦਾ ਹੰਗਾਮਾ ਹੋਇਆ ਪਰ ਇਹ ਸਿਲਸਿਲਾ ਅਜੇ ਵੀ ਜਿਉਂ ਦਾ ਤਿਉਂ ਜਾਰੀ ਹੈ। ਇਸ ਸਿਲਸਿਲੇ ਨੂੰ ਰੋਕਣ ਦੇ ਲਈ ਇਮਰਾਨ ਸਰਕਾਰ ਦੀ ਸਖਤੀ ਤਾਂ ਚਾਹੀਏ ਹੀ ਪਰ ਉਸ ਤੋਂ ਵੱਧ ਜ਼ਿੰਮੇਵਾਰੀ ਮਜ਼੍ਹਬੀ ਮੌਲਾਨਿਆਂ ਦੀ ਹੈ। ਈਸ਼ਵਰ ਅਤੇ ਅੱਲ੍ਹਾ ਨੂੰ ਆਪਣੀ ਤਾਰੀਫ ਜਾਂ ਤੌਹੀਨ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਸ ਦੇ ਕਾਰਨ ਪਾਕਿਸਤਾਨ ਦੀ ਤੌਹੀਨ ਕਿਉਂ ਹੋਵੇ?