ਕਾਂਗਰਸ ਦੀ ‘ਖੁਦਕੁਸ਼ੀ’ ਕੌਣ ਰੋਕੇਗਾ?
Thursday, Feb 20, 2020 - 01:41 AM (IST)

ਵਿਸ਼ਨੂੰ ਗੁਪਤ
ਕਾਂਗਰਸ ਦੀ ਖੁਦਕੁਸ਼ੀ ਕੌਣ ਰੋਕੇਗਾ? ਕਦੋਂ ਤਕ ਕਾਂਗਰਸ ਖੁਦਕੁਸ਼ੀ ਦੇ ਰਸਤੇ ’ਤੇ ਚੱਲੇਗੀ? ਸੂਬਿਆਂ ਵਿਚ ਖੁਦਕੁਸ਼ੀ ’ਤੇ ਖੁਦਕੁਸ਼ੀ ਕਰ ਰਹੀ ਹੈ ਕਾਂਗਰਸ। ਹਰ ਕਾਂਗਰਸੀ ਆਪਣਾ- ਆਪਣਾ ਰਾਗ ਅਲਾਪ ਰਿਹਾ ਹੈ। ਇਕਜੁੱਟਤਾ ਅਤੇ ਇਕ ਲਾਈਨ ਵਿਚ ਖੜ੍ਹੇ ਹੋਣਾ ਕਾਂਗਰਸੀ ਕਦੋਂ ਦੇ ਭੁੱਲ ਚੁੱਕੇ ਹਨ। ਕਦੇ ਕਾਂਗਰਸ ਦਾ ਕੋਈ ਉੱਚ ਨੇਤਾ ਕਾਂਗਰਸ ਦੇ ਪੱਖ ਵਿਚ ਹਵਾ ਬਣਾਉਂਦਾ ਹੈ, ਕਾਂਗਰਸ ਨੂੰ ਪਹਿਲਾਂ ਵਰਗੀ ਸਰਗਰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਦੂਸਰਾ-ਤੀਸਰਾ, ਚੌਥਾ ਕਾਂਗਰਸੀ ਨੇਤਾ ਉਸ ’ਤੇ ਪਾਣੀ ਫੇਰ ਦਿੰਦਾ ਹੈ। ਤੇਜ਼ਾਬੀ, ਹਿੰਸਕ ਅਤੇ ਆਤਮਘਾਤੀ ਬਿਆਨਬਾਜ਼ੀ ਵੀ ਕਿੱਥੇ ਰੁਕਦੀ ਹੈ। ਖੁਸ਼ਫਹਿਮੀ ਵੀ ਕਿੱਥੇ ਰੁਕਦੀ ਹੈ। ਖੁਸ਼ਫਹਿਮੀ ਦਾ ਅਜਿਹਾ ਪ੍ਰਦਰਸ਼ਨ ਕਿ ਅਸੀਂ ਤੇਜ਼ਾਬੀ, ਹਿੰਸਕ ਅਤੇ ਆਤਮਘਾਤੀ ਬਿਆਨਬਾਜ਼ੀ ਕਰਾਂਗੇ, ਫਿਰ ਵੀ ਜਨਤਾ ਉਨ੍ਹਾਂ ਨੂੰ ਵੋਟ ਪਾਉਣ ਲਈ ਮਜਬੂਰ ਅਤੇ ਨਤਮਸਤਕ ਹੈ। ਸੱਤਾ ਤੋਂ ਦੂਰ ਹੋਣਾ ਇਨ੍ਹਾਂ ਨੂੰ ਮਨਜ਼ੂਰ ਨਹੀਂ ਹੈ, ਸੱਤਾਕਾਲ ਦੀ ਮਾਨਸਿਕਤਾ ਤੋਂ ਵੱਖ ਹੋਣਾ ਇਨ੍ਹਾਂ ਨੂੰ ਸਵੀਕਾਰ ਨਹੀਂ ਹੈ। ਵਤੀਰਾ ਅਜਿਹਾ ਹੈ ਕਿ ਜਿਵੇਂ ਉਹ ਅਜੇ ਵੀ ਕੇਂਦਰੀ ਸੱਤਾ ਵਿਚ ਬੈਠੇ ਹਨ। ਇਹ ਅਜੇ ਵੀ ਨਰਿੰਦਰ ਮੋਦੀ ਨੂੰ ਅਪਸ਼ਬਦ ਕਹਿਣ, ਅਪਮਾਨਿਤ ਕਰਨ, ਹਿੰਸਕ ਵਾਕ ਘੜਨ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ, ਜਦਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸੀ ਨਰਿੰਦਰ ਮੋਦੀ ਨੂੰ ਜਿੰਨੇ ਅਪਸ਼ਬਦ ਕਹਿੰਦੇ ਹਨ, ਜਿੰਨਾ ਅਪਮਾਨਿਤ ਕਰਦੇ ਹਨ, ਜਿੰਨਾ ਹਿੰਸਕ ਵਾਕ ਘੜਦੇ ਹਨ, ਓਨਾ ਹੀ ਨਰਿੰਦਰ ਮੋਦੀ ਮਜ਼ਬੂਤ ਹੋ ਕੇ ਉੱਭਰਦੇ ਹਨ ਅਤੇ ਓਨਾ ਹੀ ਜ਼ਿਆਦਾ ਲੋਕ-ਫਤਵਾ ਹਾਸਲ ਕਰ ਕੇ ਸਾਹਮਣੇ ਆਉਂਦੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਆਮ ਵਰਕਰ ਬੇਵੱਸ ਹਨ, ਲਾਚਾਰ ਹਨ, ਜਦਕਿ ਕਾਂਗਰਸ ਦੇ ਨੇਤਾ ਵੀ ਭਰਮ ’ਚ ਹਨ, ਉਨ੍ਹਾਂ ਨੂੰ ਤਾਂ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਉਨ੍ਹਾਂ ਦੇ ਸਿਆਸੀ ਮੁੱਦੇ ਅਤੇ ਸਿਆਸੀ ਮੁਹਿੰਮ ’ਤੇ ਕੌਣ ਕਾਂਗਰਸ ਦਾ ਸੀਨੀਅਰ ਨੇਤਾ ਪਾਣੀ ਫੇਰ ਦੇਵੇਗਾ। ਇਹ ਨਿਸ਼ਚਿਤ ਨਹੀਂ ਹੈ। ਜਦੋਂ ਅਨੁਸ਼ਾਸਨ ਦੀ ਵਾਗਡੋਰ ਕਮਜ਼ੋਰ ਹੁੰਦੀ ਹੈ, ਵਿਚਾਰਧਾਰਾ ਜਦੋਂ ਸਪੱਸ਼ਟ ਨਹੀਂ ਹੁੰਦੀ, ਸਿਆਸੀ ਮੁੱਦਿਆਂ ’ਤੇ ਲਾਭ-ਹਾਨੀ ਦਾ ਵਿਚਾਰ ਨਹੀਂ ਹੁੰਦਾ, ਉਦੋਂ ਕੋਈ ਸਿਆਸੀ ਸੰਗਠਨ ਕਮਜ਼ੋਰ ਹੀ ਹੁੰਦਾ ਹੈ, ਲਗਾਤਾਰ ਪਤਨ ਵੱਲ ਹੀ ਜਾਂਦਾ ਹੈ, ਚੋਣਾਂ ਵਿਚ ਹਾਰ ਨੂੰ ਹੀ ਹਾਸਲ ਕਰਦਾ ਹੈ, ਕਾਂਗਰਸ ਵਿਚ ਅਜਿਹਾ ਹੀ ਹੁੰਦਾ ਚਲਿਆ ਆ ਰਿਹਾ ਹੈ। ਹੁਣੇ-ਹੁਣੇ ਦਿੱਲੀ ’ਚ ਕਾਂਗਰਸ ਜ਼ੀਰੋ ਦੀ ਕਮਜ਼ੋਰ ਸਥਿਤੀ ਤਕ ਪਹੁੰਚ ਗਈ, ਜਿਥੇ ਦਿੱਲੀ ਕਾਂਗਰਸ ਦਾ 15 ਸਾਲ ਤਕ ਸ਼ਾਸਨ ਰਿਹਾ ਸੀ। ਜਿਥੇ ਕਾਂਗਰਸ ਦੀ ਵਿਰਾਸਤ ਵਿਚ ਵਿਕਾਸ ਦੀ ਬਹੁਤ ਵੱਡੀ ਸਿਆਸੀ ਪੂੰਜੀ ਸੀ, ਉੱਥੇ ਹੀ ਕਾਂਗਰਸ ਦਾ ਜ਼ੀਰੋ ਤਕ ਪਹੁੰਚ ਜਾਣਾ ਬਹੁਤ ਵੱਡਾ ਵਿਚਾਰਕ ਸਵਾਲ ਖੜ੍ਹਾ ਕਰਦਾ ਹੈ, ਕਾਂਗਰਸ ਦੀਆਂ ਜੜ੍ਹਾਂ ਵਿਚ ਹੀ ਕਮਜ਼ੋਰੀ ਨੂੰ ਸਪੱਸ਼ਟ ਕਰਦਾ ਹੈ ਅਤੇ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸ ਦੇ ਅੰਦਰ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਅਜੇ ਤਕ ਕੋਈ ਸਿੱਖਿਆ ਵਿਕਸਿਤ ਨਹੀਂ ਹੋਈ। ਲੋਕਤੰਤਰ ਵਿਚ ਅਜਿਹੀ ਉਦਾਹਰਣ ਘੱਟ ਹੀ ਦੇਖਣ ਨੂੰ ਮਿਲਦੀ ਹੈ ਕਿ ਸਿਆਸੀ ਤੌਰ ’ਤੇ ਜ਼ੀਰੋ ਪੱਧਰ ਨੂੰ ਹਾਸਲ ਕਰਨ ਦੇ ਬਾਵਜੂਦ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਖੁਸ਼ੀਆਂ ਜ਼ਾਹਿਰ ਕੀਤੀਆਂ ਜਾਂਦੀਆਂ ਹਨ। ਕੀ ਇਹ ਸਹੀ ਨਹੀਂ ਕਿ ਦਿੱਲੀ ਵਿਚ ਆਪਣੀ ਹਾਰ ਲਈ ਕਾਂਗਰਸ ਦੇ ਸੀਨੀਅਰ ਨੇਤਾ ਖੁਸ਼ ਸਨ। ਕੋਈ ਕਾਂਗਰਸ ਦਾ ਸੀਨੀਅਰ ਨੇਤਾ ਇਹ ਕਹਿੰਦਾ ਹੈ ਕਿ ਸਾਨੂੰ ਤਾਂ ਭਾਜਪਾ ਦੇ ਸੱਤਾ ਤੋਂ ਦੂਰ ਹੋਣ ’ਤੇ ਖੁਸ਼ੀ ਹੈ, ਕੋਈ ਕਾਂਗਰਸੀ ਨੇਤਾ ਕਹਿੰਦਾ ਹੈ ਕਿ ਸਾਨੂੰ ਤਾਂ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਖੁਸ਼ੀ ਹੈ। ਭਾਜਪਾ ਸੱਤਾ ਹਾਸਲ ਕਰਨ ਵਿਚ ਅਸਫਲ ਰਹੀ, ਇਹ ਤਾਂ ਸੱਚ ਹੈ ਪਰ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਤੁਹਾਨੂੰ ਕੀ ਹਾਸਲ ਹੋਇਆ ? ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਾਂਗਰਸ ਦੀ ਸੱਤਾ ਨੂੰ ਹੀ ਹਰਾ ਕੇ ਆਪਣੀ ਸੱਤਾ ਕਾਇਮ ਕੀਤੀ ਸੀ। ਹੁਣ ਤਾਂ ਅਰਵਿੰਦ ਕੇਜਰੀਵਾਲ ਜਿੰਨਾ ਮਜ਼ਬੂਤ ਹੋਵੇਗਾ, ਓਨੇ ਹੀ ਤੁਸੀਂ ਭਾਵ ਕਾਂਗਰਸ ਕਮਜ਼ੋਰ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਖੁਸ਼ੀ ਹੈ ਤਾਂ ਫਿਰ ਦਿੱਲੀ ਵਿਚ ਤੁਸੀਂ ਆਪਣੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਅਤੇ ਦਿੱਲੀ ਦੇ ਇੰਚਾਰਜ ਚਾਕੋ ਤੋਂ ਅਸਤੀਫਾ ਕਿਉਂ ਲਿਆ? ਆਮ ਜਨਤਾ ਇਹ ਸਮਝੀ ਕਿ ਸੁਭਾਸ਼ ਚੋਪੜਾ ਅਤੇ ਚਾਕੋ ਤੋਂ ਅਸਤੀਫਾ ਲੈਣਾ ਸਿਰਫ ਬਲੀ ਦਾ ਬੱਕਰਾ ਬਣਾਉਣ ਵਾਂਗ ਹੀ ਹੈ। ਕਮਜ਼ੋਰ ਕੜੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਜਗ੍ਹਾ ਉਨ੍ਹਾਂ ਕਾਰਣਾਂ ਨੂੰ ਦੇਖਿਆ ਜਾਂਦਾ ਅਤੇ ਅਸਤੀਫਾ ਵੀ ਉਨ੍ਹਾਂ ਤੋਂ ਲਿਆ ਜਾਂਦਾ, ਜਿਨ੍ਹਾਂ ਕਾਰਣ ਕਾਂਗਰਸ ਦੀ ਸਥਿਤੀ ਅਜਿਹੀ ਤਰਸਯੋਗ ਹੋਈ, ਤਾਂ ਜ਼ਿਆਦਾ ਚੰਗਾ ਰਹਿੰਦਾ।
ਜਮਹੂਰੀ ਰਾਜਨੀਤੀ ’ਚ ਅਤਿ ਸਰਗਰਮੀ, ਮੁਹਿੰਮ ਦੀ ਸਰਗਰਮੀ, ਹਿੰਸਕ ਸਰਗਰਮੀ ਨੁਕਸਾਨ ਕਰਨ ਵਾਲੀ ਹੁੰਦੀ ਹੈ। ਸਿਆਸੀ ਸਰਗਰਮੀਆਂ ਵਿਚ ਮੁੱਦੇ ਦੀ ਪਛਾਣ ਜ਼ਰੂਰੀ ਹੁੰਦੀ ਹੈ, ਜਿਸ ਮੁੱਦੇ ’ਤੇ ਤੁਹਾਡੀ ਸਰਗਰਮੀ ਹੈ, ਉਸ ਮੁੱਦੇ ’ਤੇ ਜਨਤਾ ਦੀ ਰਾਇ ਕਿੰਨੀ ਸਪੱਸ਼ਟ ਹੈ, ਕਿੰਨੀ ਡੂੰਘੀ ਹੈ, ਇਹ ਮਹੱਤਵਪੂਰਨ ਹੁੰਦਾ ਹੈ। ਇਸ ਕਸੌਟੀ ’ਤੇ ਦੇਖੋਗੇ ਤਾਂ ਕਾਂਗਰਸ ਦੀ ਲੀਡਰਸ਼ਿਪ ਦੀ ਸਿਆਸੀ ਨੀਤੀ ਅਤੇ ਨਜ਼ਰ ਬਹੁਤ ਹੀ ਕਮਜ਼ੋਰ ਹੈ, ਆਤਮਘਾਤੀ ਹੈ। ਸਮੱਸਿਆ ਪ੍ਰਤੀ ਹਿੰਸਕ ਹੋਣ ਵੱਲ ਹੀ ਸੰਕੇਤ ਦਿੰਦੀ ਹੈ। 2-3 ਤੱਤਕਾਲੀ ਸਿਆਸੀ ਮੁੱਦੇ ਬੜੇ ਹੀ ਮਹੱਤਵਪੂਰਨ ਰਹੇ ਹਨ, ਜਿਨ੍ਹਾਂ ’ਤੇ ਕੋਈ ਠੋਸ ਰਾਇ ਬਣਾਉਣ ਦੀ ਲੋੜ ਸੀ, ਜਿਵੇਂ ਨਾਗਰਿਕਤਾ ਅਧਿਕਾਰ ਸੋਧ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਧਾਰਾ 370। ਇਨ੍ਹਾਂ ਤਿੰਨਾਂ ਸਿਆਸੀ ਮੁੱਦਿਆਂ ’ਤੇ ਕਾਂਗਰਸ ਦੀ ਘੱਟਗਿਣਤੀਵਾਦੀ ਸੋਚ ਵਿਕਸਿਤ ਹੋਈ। ਧਾਰਾ 370 ਦੀ ਸੋਧ ਦਾ ਵਿਰੋਧ ਕਰਨਾ ਇਨ੍ਹਾਂ ਨੂੰ ਭਾਰੀ ਪੈ ਗਿਆ। ਹੁਣੇ-ਹੁਣੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਮੁੱਦੇ ’ਤੇ ਕਾਂਗਰਸ ਨੇ ਹਮਲਾਵਰੀ ਵਿਰੋਧ ਕੀਤਾ, ਇਹ ਜ਼ਾਹਿਰ ਹੈ। ਇਹ ਦੋਵੇਂ ਸਿਆਸੀ ਮੁੱਦੇ ਅਜੇ ਵੀ ਗਰਮ ਹਨ ਪਰ ਕਾਂਗਰਸ ਦਾ ਇਸ ’ਤੇ ਆਧਾਰਿਤ ਰਹਿਣਾ, ਇਸ ’ਤੇ ਆਧਾਰਿਤ ਹੋ ਕੇ ਆਪਣੀ ਜ਼ਮੀਨ ਮਜ਼ਬੂਤ ਕਰਨ ਦੀ ਰਾਜਨੀਤੀ ਕਿੰਨੀ ਚੰਗੀ ਹੈ, ਇਸ ’ਤੇ ਵੀ ਨਜ਼ਰ ਮਾਰਨ ਦੀ ਲੋੜ ਹੋਣੀ ਚਾਹੀਦੀ ਹੈ। ਸ਼ਾਹੀਨ ਬਾਗ ਦਾ ਕਾਂਗਰਸ ਨੇ ਸਮਰਥਨ ਕੀਤਾ ਹੈ। ਜਿਥੇ ਜਿਥੇ ਹਿੰਸਕ ਪ੍ਰਦਰਸ਼ਨ ਹੋਏ, ਉੱਥੇ ਉੱਥੇ ਰਾਹੁਲ ਗਾਂਧੀ-ਪ੍ਰਿਯੰਕਾ ਗਾਂਧੀ ਜਾ ਕੇ ਸਮਰਥਨ ’ਚ ਖੜ੍ਹੇ ਹੋ ਰਹੇ ਹਨ। ਇਹ ਚੰਗੀ ਗੱਲ ਹੈ ਕਿ ਜੇਕਰ ਕਿਸੇ ’ਤੇ ਪੁਲਸ ਨੇ ਜ਼ੁਲਮ ਕੀਤਾ ਹੈ, ਸਰਕਾਰ ਜੇਕਰ ਕਿਸੇ ’ਤੇ ਤਸ਼ੱਦਦ ਕਰ ਰਹੀ ਹੈ, ਕਿਸੇ ਦੇ ਨਾਲ ਭੇਦਭਾਵ ਕਰ ਰਹੀ ਹੈ ਤਾਂ ਉਸ ਦਾ ਵਿਰੋਧ ਹੋਣਾ ਜ਼ਰੂਰੀ ਹੈ, ਰਾਜਨੇਤਾਵਾਂ ਵਲੋਂ ਉਨ੍ਹਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਲਾਭ ਦੇਣਾ, ਹੌਸਲਾ ਦੇਣਾ ਵੀ ਇਕ ਚੰਗੀ ਗੱਲ ਹੈ ਪਰ ਵਿਰੋਧ ਪ੍ਰਦਰਸ਼ਨਾਂ ਨੂੰ ਹਿੰਸਕ ਬਣਾਉਣਾ, ਹਿੰਸਾ ਨੂੰ ਹੱਥਕੰਡਾ ਬਣਾਉਣਾ, ਰਾਸ਼ਟਰੀ ਜਾਇਦਾਦ ਦਾ ਨੁਕਸਾਨ ਕਰਨ ਦੀ ਮਾਨਸਿਕਤਾ ’ਤੇ ਖਾਮੋਸ਼ੀ ਧਾਰ ਲੈਣਾ ਵੀ ਨਾ-ਮਨਜ਼ੂਰ ਹੈ। ਲੋਕਤੰਤਰ ਵਿਚ ਵਿਰੋਧ ਦੀ ਰਾਜਨੀਤੀ ਉਦੋਂ ਸ਼ਕਤੀਸ਼ਾਲੀ ਹੁੰਦੀ ਹੈ, ਜਦੋਂ ਭਾਸ਼ਾ ਸੱਭਿਅਕ ਹੁੰਦੀ ਹੈ, ਅੰਕੜੇ ਮਹੱਤਵਪੂਰਨ ਹੁੰਦੇ ਹਨ, ਤੱਥ ਅਤੇ ਮੁੱਦੇ ਸਪੱਸ਼ਟ ਹੁੰਦੇ ਹਨ, ਤੱਥ ਅਤੇ ਮੁੱਦੇ ਜੇਕਰ ਸਪੱਸ਼ਟ ਹਨ, ਫਿਰ ਵੀ ਖੂਨੀ ਭਾਸ਼ਾ ਅਤੇ ਨਾ-ਸਵੀਕਾਰਨਯੋਗ ਭਾਸ਼ਾ ਲਾਭ ਹਾਸਲ ਕਰਨ ਤੋਂ ਰੋਕ ਦਿੰਦੀ ਹੈ। ਜਦੋਂ ਕਾਂਗਰਸ ਦੇ ਉੱਚ ਸ਼੍ਰੇਣੀ ਦੇ ਨੇਤਾ ਕਹਿੰਦੇ ਹਨ ਕਿ ਅਸੀਂ ਸਾਵਰਕਰ ਨਹੀਂ ਹਾਂ, ਜੋ ਮੁਆਫੀ ਮੰਗ ਲਵੇਗਾ, ਅਸੀਂ ਮਰ ਜਾਵਾਂਗੇ ਪਰ ਮੁਆਫੀ ਨਹੀਂ ਮੰਗਾਂਗੇ ਪਰ ਜਨਤਾ ਦੇਖਦੀ ਹੈ ਕਿ ਤੁਸੀਂ ਸੁਪਰੀਮ ਕੋਰਟ ਵਿਚ ਗਲਤ ਤੱਥ ਦੇਣ ’ਤੇ ਇਕ ਵਾਰ ਨਹੀਂ ਸਗੋਂ ਕਈ ਵਾਰ ਮੁਆਫੀ ਮੰਗ ਚੁੱਕੇ ਹੋ। ਫਿਰ ਜਨਤਾ ਵਿਚ ਤੁਹਾਡੀ ਦਿੱਖ ਸੱਭਿਅਕ ਅਤੇ ਮਜ਼ਬੂਤ ਨੇਤਾ ਦੀ ਨਹੀਂ ਬਣਦੀ। ਜਨਤਾ ਵਿਚਾਲੇ ਜਗ-ਹਸਾਈ ਹੀ ਹੁੰਦੀ ਹੈ। ਜਨਤਾ ਵਿਚ ਕੋਈ ਇਕ ਵਾਰ ਨਹੀਂ ਸਗੋਂ ਵਾਰ-ਵਾਰ ਜਗ-ਹਸਾਈ ਤੁਸੀਂ ਖੁਦ ਕਰਾਈ ਹੈ। ਜਦੋਂ ਤੁਸੀਂ ਬੋਲਦੇ ਹੋ ਕਿ ਬੇਰੋਜ਼ਗਾਰੀ ਤੋਂ ਦੁਖੀ ਲੋਕ ਮੋਦੀ ਨੂੰ ਕੁੱਟਣਗੇ ਤਾਂ ਮੋਦੀ ਇਹ ਕਹਿ ਕੇ ਹਮਦਰਦੀ ਲੁੱਟ ਲੈਂਦੇ ਹਨ ਕਿ ਅਸੀਂ ਆਪਣੀ ਪਿੱਠ ਮਜ਼ਬੂਤ ਕਰ ਰਹੇ ਹਾਂ ਤੁਸੀਂ ਆਓ ਅਤੇ ਸਾਡੇ ’ਤੇ ਲਾਠੀਆਂ ਵਰ੍ਹਾਓ ਭਾਵ ਤੁਹਾਡੇ ਹੱਥਕੰਡੇ ਨਾਲ ਹੀ ਤੁਹਾਡੇ ਉਪਰ ਵਾਰ ਕਰਨ ਵਿਚ ਨਰਿੰਦਰ ਮੋਦੀ ਸਫਲ ਹੋ ਜਾਂਦੇ ਹਨ। ਦੂਸਰੀ, ਤੀਸਰੀ ਅਤੇ ਚੌਥੀ ਸ਼੍ਰੇਣੀ ਦੇ ਕਾਂਗਰਸੀ ਨੇਤਾ ਹੀ ਨਹੀਂ ਸਗੋਂ ਜਨ-ਆਧਾਰ ਰਹਿਤ ਕਾਂਗਰਸੀ ਨੇਤਾ ਜਦੋਂ ਨਰਿੰਦਰ ਮੋਦੀ ਨੂੰ ਅਪਮਾਨਿਤ ਭਾਸ਼ਾ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਤਬਾਹਕਾਰੀ ਅਤੇ ਹਿਟਲਰ ਕਹਿੰਦੇ ਹਨ, ਉਦੋਂ ਪੂਰੀ ਕਾਂਗਰਸ ਪਾਰਟੀ ਅਰਾਜਕ ਸ਼੍ਰੇਣੀ ਵਿਚ ਖੜ੍ਹੀ ਹੋ ਜਾਂਦੀ ਹੈ। ਕਾਂਗਰਸ ਪਾਰਟੀ ਇਕ ਸਿਆਸੀ ਪਾਰਟੀ ਨਹੀਂ ਦਿਸਦੀ ਸਗੋਂ ਹੰਕਾਰੀ ਸੰਗਠਨ ਦੇ ਤੌਰ ’ਤੇ ਖੜ੍ਹੀ ਦਿਸਦੀ ਹੈ।
ਇਹ ਸਹੀ ਹੈ ਕਿ ਭਾਜਪਾ ਲਗਾਤਾਰ ਆਪਣੇ ਪਤਨ ਵੱਲ ਜਾ ਰਹੀ ਹੈ, ਉਹ ਲਗਾਤਾਰ ਸੂਬਿਆਂ ਵਿਚ ਹਾਰ ਰਹੀ ਹੈ ਪਰ ਕਾਂਗਰਸ ਭਾਜਪਾ ਦੇ ਬਦਲ ਦੇ ਤੌਰ ’ਤੇ ਖੜ੍ਹੀ ਕਿਉਂ ਨਹੀਂ ਹੋ ਰਹੀ। ਮਹਾਰਾਸ਼ਟਰ, ਝਾਰਖੰਡ ਵਰਗੇ ਸੂਬਿਆਂ ਵਿਚ ਜਿਥੇ ਭਾਜਪਾ ਸੱਤਾ ’ਚੋਂ ਬਾਹਰ ਹੋ ਗਈ, ਉੱਥੇ ਵੀ ਕਾਂਗਰਸ ਪਹਿਲਾ ਸਥਾਨ ਹਾਸਲ ਕਿਉਂ ਨਹੀਂ ਕਰ ਸਕੀ। ਉੱਥੇ ਖੇਤਰੀ ਦਲਾਂ ਦੀ ਲਟਕਣ ਕਿਉਂ ਬਣ ਗਈ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਕਾਂਗਰਸ ਆਪਣੀ ਤਰਸਯੋਗ ਸਥਿਤੀ ਤੋਂ ਕਦੋਂ ਉੱਪਰ ਉੱਠੇਗੀ, ਇਹ ਨਹੀਂ ਕਿਹਾ ਜਾ ਸਕਦਾ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਵੀ ਕਾਂਗਰਸ ਨੂੰ ਖੇਤਰੀ ਦਲਾਂ ਦੀ ਪਿੱਛਲੱਗੂ ਬਣਨਾ ਪੈ ਰਿਹਾ ਹੈ। ਪ੍ਰਿਯੰਕਾ ਗਾਂਧੀ ਦਾ ਅਵਤਾਰ ਵੀ ਕਾਂਗਰਸ ਲਈ ਵਰਦਾਨ ਸਾਬਤ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਘੱਟਗਿਣਤੀਵਾਦੀ ਨੀਤੀ ਕਾਂਗਰਸ ਨੇ ਅਪਣਾਈ ਹੋਈ ਹੈ, ਉਸ ਦੀ ਬਿਸਾਤ ’ਤੇ ਘੱਟਗਿਣਤੀ ਕਾਂਗਰਸ ਦੇ ਨਾਲ ਕਿਉਂ ਨਹੀਂ ਹੈ। ਦਿੱਲੀ ’ਚ ਘੱਟਗਿਣਤੀ ਦੇ ਲੋਕ ਕੇਜਰੀਵਾਲ ਦੇ ਨਾਲ ਕਿਉਂ ਗਏ। ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ ਆਦਿ ਸੂਬਿਆਂ ਵਿਚ ਘੱਟਗਿਣਤੀ ਲੋਕ ਖੇਤਰੀ ਦਲਾਂ ਦੇ ਨਾਲ ਹਨ। ਘੱਟਗਿਣਤੀ ਲੋਕ ਰਾਜਨੀਤੀ ਦੀ ਹੱਦ ਸੱਤਾ ਤਕ ਪਹੁੰਚਾਉਣ ਦੀ ਗਾਰੰਟੀ ਨਹੀਂ ਦੇ ਸਕਦੇ। ਬਹੁਗਿਣਤੀ ਵਰਗ ਦੀ ਚਿੰਤਾ ਤੁਹਾਡੇ ਵਿਚ ਨਿਹਿੱਤ ਨਹੀਂ ਹੈ। ਬਹੁਗਿਣਤੀ ਵਰਗ ਨੂੰ ਤੁਸੀਂ ਆਪਣਾ ਦੁਸ਼ਮਣ ਮੰਨ ਲਿਆ ਹੈ। ਭਾਜਪਾ ਤੋਂ ਬਹੁਗਿਣਤੀ ਵਰਗ ਨੂੰ ਵਾਪਸ ਲਿਆਉਣ ਦੀ ਕੋਈ ਸਿਆਸੀ ਨੀਤੀ ਕਿੱਥੇ ਹੈੈੈ? ਤੁਹਾਨੂੰ ਅਰਵਿੰਦ ਕੇਜਰੀਵਾਲ ਤੋਂ ਸਿੱਖਿਆ ਲੈਣ ਦੀ ਲੋੜ ਹੈ। ਅਰਵਿੰਦ ਕੇਜਰੀਵਾਲ ਨੇ ਹਨੂਮਾਨ ਮੰਦਰ ਜਾ ਕੇ ਹਨੂਮਾਨ ਚਾਲੀਸਾ ਪੜ੍ਹ ਕੇ ਭਾਜਪਾ ਦੀ ਹਿੰਦੂਤਵ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਅਤੇ ਤੁਹਾਡੇ ਵਾਂਗ ਹਿੰਦੂਤਵ ਨੂੰ ਹੀ ਕੋਸਣ ਅਤੇ ਅਪਮਾਨਿਤ ਕਰਨ ਦਾ ਕੰਮ ਨਹੀਂ ਕੀਤਾ। ਜੇਕਰ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਵਾਂਗ ਹਿੰਦੂਤਵ ਨੂੰ ਕੋਸਦਾ ਅਤੇ ਸ਼ਰੇਆਮ ਘੱਟਗਿਣਤੀ ਦਾ ਸਿਰਮੌਰ ਬਣਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਦਿੱਲੀ ਵਿਚ ਭਾਜਪਾ ਨੂੰ ਆਉਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਸੀ। ਅੱਗੇ ਵੀ ਕਾਂਗਰਸ ਖੁਦਕੁਸ਼ੀ ਕਰਦੀ ਰਹੇਗੀ। ਅਜੇ ਵੀ ਕਾਂਗਰਸ ਦੀ ਪਹਿਲੀ ਸ਼੍ਰੇਣੀ ਦੇ ਨੇਤਾਵਾਂ ਵਿਚ ਅਜਿਹੀ ਦੂਰਦ੍ਰਿਸ਼ਟੀ ਹੀ ਨਹੀਂ ਹੈ, ਜੋ ਕਾਂਗਰਸ ਦੀ ਖੁਦਕੁਸ਼ੀ ਨੂੰ ਰੋਕ ਸਕਣ ਦੀ ਸ਼ਕਤੀ ਰੱਖਦੇ ਹੋਣ। ਕਾਂਗਰਸ ਦੇ ਸੂਬਾਈ ਨੇਤਾ ਅਤੇ ਵਰਕਰ ਆਪਣੀ ਵੱਡੀ ਸ਼੍ਰੇਣੀ ਦੇ ਨੇਤਾਵਾਂ ਦੀ ਖੁਦਕੁਸ਼ੀ ਦੀ ਮਾਨਸਿਕਤਾ ਦੇ ਸ਼ਿਕਾਰ ਹਨ।