ਹੜ੍ਹ ਦੇ ਪਾਣੀ ਦਾ ਪ੍ਰਬੰਧਨ ਕੌਣ ਕਰੇ

Tuesday, Jul 30, 2024 - 04:32 PM (IST)

ਹੜ੍ਹ ਦੇ ਪਾਣੀ ਦਾ ਪ੍ਰਬੰਧਨ ਕੌਣ ਕਰੇ

ਦੋ-ਤਿੰਨ ਦਿਨ ਪਹਿਲਾਂ ਦੀ ਗੱਲ ਹੈ, ਇਕ ਜਗ੍ਹਾ ਤੋਂ ਲੰਘ ਰਹੀ ਸੀ ਤਾਂ ਉਥੇ ਇਕ ਵੱਡਾ ਹੋਰਡਿੰਗ ਲੱਗਾ ਦੇਖਿਆ ਜਿਸ ’ਤੇ ਲਿਖਿਆ ਸੀ ‘ਮੀਂਹ ਦੇ ਪਾਣੀ ਦੀ ਇਕ-ਇਕ ਬੂੰਦ ਬਚਾਉਣੀ ਜ਼ਰੂਰੀ ਹੈ’। ਅਜਿਹੇ ਇਸ਼ਤਿਹਾਰ ਅਕਸਰ ਹੀ ਨਜ਼ਰ ਆਉਂਦੇ ਹਨ। ਆਪਣੀ ਮੂਲ ਪ੍ਰਤਿਗਿਆ ’ਚ ਇਹ ਗੱਲ ਬਹੁਤ ਚੰਗੀ ਵੀ ਲੱਗਦੀ ਹੈ। ਉਂਝ ਵੀ ਆਪਣੇ ਇਥੇ ਕਹਾਵਤ ਹੈ ਕਿ ‘ਬੂੰਦ-ਬੂੰਦ ਨਾਲ ਘੜਾ ਭਰੇ’। ਦਹਾਕਿਆਂ ਤੋਂ ਇਹ ਐਲਾਨ ਵੀ ਕੀਤਾ ਜਾਂਦਾ ਰਿਹਾ ਹੈ ਕਿ ਅਗਲਾ ਵਿਸ਼ਵ ਯੁੱਧ ਪਾਣੀ ਲਈ ਹੀ ਹੋਵੇਗਾ।

ਭਾਰਤ ’ਚ ਪਾਣੀ ਬਚਾਉਣ ਦੀਆਂ ਵੱਖ-ਵੱਖ ਤਕਨੀਕਾਂ ਪਹਿਲਾਂ ਤੋਂ ਹੀ ਮੌਜੂਦ ਹਨ। ਰਾਜਸਥਾਨ ਜਿੱਥੇ ਸਭ ਤੋਂ ਘੱਟ ਮੀਂਹ ਪੈਂਦਾ ਹੈ, ਉਥੇ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਮਸ਼ਹੂਰ ਚੌਗਿਰਦਾ ਮਾਹਿਰ ਸਵ. ਅਨੁਪਮ ਮਿਸ਼ਰ ਨੇ ਦੋ ਅਦਭੁੱਤ ਪੁਸਤਕਾਂ ਲਿਖੀਆਂ ਸਨ। ‘ਅੱਜ ਵੀ ਖਰੇ ਹਨ ਤਾਲਾਬ’ ਅਤੇ ‘ਰਾਜਸਥਾਨ ਦੀਆਂ ਰਜਤ ਬੂੰਦਾਂ’। ਕਈ ਸੰਸਥਾਵਾਂ ਵੀ ਪਾਣੀ ਬਚਾਉਣ ਦੀਆਂ ਵੱਖ-ਵੱਖ ਤਕਨੀਕਾਂ ’ਤੇ ਕੰਮ ਕਰਦੀਆਂ ਹਨ।

ਬੁੰਦੇਲਖੰਡ ’ਚ ਪਾਣੀ ਬਚਾਉਣ ਲਈ ‘ਖੇਤਾਂ ’ਤੇ ਮੇੜ ਅਤੇ ਮੇੜ ’ਤੇ ਪੇੜ’ ਵਰਗੇ ਨਾਅਰਿਆਂ ਦਾ ਬੋਲਬਾਲਾ ਹੈ। ਪਹਾੜਾਂ ’ਚ ਵੀ ਪਾਣੀ ਨੂੰ ਬਚਾਉਣ ਦੀਆਂ ਕਈ ਤਰਕੀਬਾਂ ਮੌਜੂਦ ਰਹੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹ ਸਾਰੀਆਂ ਤਕਨੀਕਾਂ ਕਥਿਤ ਵਿਕਾਸ ਦੀ ਭੇਟ ਚੜ੍ਹ ਚੁੱਕੀਆਂ ਹਨ। ਜਿਨ੍ਹਾਂ ਨਦੀਆਂ ਨੂੰ ਅਸੀਂ ਦੇਵੀ ਮੰਨਦੇ ਹਾਂ, ਪੂਜਦੇ ਹਾਂ ਉਨ੍ਹਾਂ ਨੂੰ ਇੰਨਾ ਜ਼ਿਆਦਾ ਪ੍ਰਦੂਸ਼ਣ ਝਲਣਾ ਪੈ ਰਿਹਾ ਹੈ ਕਿ ਬਹੁਤ ਸਾਰੀਆਂ ਨਦੀਆਂ ਦਾ ਪਾਣੀ ਈ-ਲੈਵਲ ਤੱਕ ਦਾ ਨਹੀਂ ਰਿਹਾ ਹੈ। ਭਾਵ ਕਿ ਪੀਣ ਦੀ ਗੱਲ ਛੱਡੋ ਉਹ ਜਾਨਵਰਾਂ ਨੂੰ ਨਹਾਉਣ ਤੱਕ ਲਈ ਸਹੀ ਨਹੀਂ ਹੈ। ਇਨ੍ਹਾਂ ’ਚ ਗੰਗਾ ਅਤੇ ਯਮੁਨਾ ਵਰਗੀਆਂ ਨਦੀਆਂ ਵੀ ਸ਼ਾਮਲ ਹਨ।

ਖੈਰ ਇਕ ਪਾਸੇ ਬੂੰਦ-ਬੂੰਦ ਪਾਣੀ ਬਚਾਉਣ ਦੀਆਂ ਗੱਲਾਂ ਹਨ ਤਾਂ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਅੱਜਕਲ ਦੇਸ਼ ਦੇ ਜ਼ਿਆਦਾਤਰ ਸੂਬੇ ਹੜ੍ਹ ਵਿਚ ਡੁੱਬੇ ਹਨ। ਲੋਕਾਂ ਦੇ ਘਰਾਂ, ਦੁਕਾਨਾਂ, ਸਕੂਲਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ’ਤੇ ਪਾਣੀ ਭਰਿਆ ਹੈ। ਲੋਕ ਆਪਣੇ ਘਰ-ਬਾਰ ਛੱਡ ਕੇ ਭੱਜ ਗਏ ਹਨ। ਘਰਾਂ ’ਚ ਤਬਾਹੀ ਦੇਖੀਏ ਕਿ ਆਪਣੀ ਜਾਨ ਬਚਾਈਏ। ਕਿਤੇ ਘਰ ਡਿੱਗ ਰਹੇ ਹਨ ਅਤੇ ਕਿਤੇ ਪੁਲ ਟੁੱਟ ਰਹੇ ਹਨ। ਜਾਨਵਰ ਰੁੜ੍ਹੇ ਜਾ ਰਹੇ ਹਨ। ਕਾਰਾਂ ਪਾਣੀ ਵਿਚ ਡੁੱਬ-ਤੈਰ ਰਹੀਆਂ ਹਨ। ਬੱਸਾਂ ਵੀ, ਸੜਕਾਂ ਪਾਣੀ ਨਾਲ ਭਰੀਆਂ ਹਨ। ਲੋਕ ਜਿੱਥੇ ਹਨ ਉਥੇ ਫਸੇ ਹਨ। ਪਤਾ ਨਹੀਂ ਇਨ੍ਹਾਂ ’ਚੋਂ ਕਿੰਨੇ ਬੀਮਾਰ ਵੀ ਹੋਣਗੇ ਪਰ ਆਉਣ-ਜਾਣ ਦੇ ਰਸਤੇ ਹੋਣ ਤਾਂ ਹੀ ਤਾਂ ਹਸਪਤਾਲ ਤੱਕ ਪਹੁੰਚਣ।

ਹਸਪਤਾਲ ਪਹੁੰਚ ਵੀ ਜਾਣ ਤਾਂ ਕੀ ਪਤਾ ਕਿ ਹਸਪਤਾਲ ਵੀ ਪਾਣੀ ’ਚ ਡੁੱਬਿਆ ਹੋਵੇ। ਇਕ ਲੜਕੇ ਨੇ ਡੁੱਬਦੇ ਵੱਛੇ ਨੂੰ ਆਪਣੀ ਜਾਨ ’ਤੇ ਖੇਡ ਕੇ ਬਚਾਇਆ ਹੈ। ਇਸੇ ਤਰ੍ਹਾਂ ਇਕ ਮੁਸਲਮਾਨ ਵਿਅਕਤੀ ਨੇ 6 ਕਾਂਵੜੀਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰ ਕੇ ਬਾਹਰ ਕੱਢਿਆ ਹੈ। ਹੜ੍ਹ ਦਾ ਇਹ ਕਹਿਰ ਇਸ ਵਾਰ ਦੀ ਤਾਂ ਗੱਲ ਨਹੀਂ ਹੈ। ਹਰ ਵਾਰ ਅਸੀਂ ਅਜਿਹੇ ਹੀ ਦ੍ਰਿਸ਼ ਦੇਖਦੇ ਹਾਂ। ਭਰੇ ਪਾਣੀ ’ਚ ਕਰੰਟ ਆਉਣ ਨਾਲ ਕਈਆਂ ਦੀ ਮੌਤ ਦੀਆਂ ਗੱਲਾਂ ਵੀ ਸੁਣਦੇ ਹਾਂ ਪਰ ਮੌਸਮ ਬਦਲਦਾ ਹੈ ਤਾਂ ਹੜ੍ਹ ਅਤੇ ਨਦੀਆਂ, ਝਰਨਿਆਂ ਦੇ ਖਤਰਨਾਕ ਰੂਪ ਵੀ ਭੁਲਾ ਦਿੱਤੇ ਜਾਂਦੇ ਹਨ। ਇਹ ਸੋਚ ਕੇ ਕਿ ਅਗਲੀ ਵਾਰ ਜਦੋਂ ਕੁਝ ਹੋਵੇਗਾ ਉਦੋਂ ਦੇਖਾਂਗੇ ਅਤੇ ਅਗਲੀ ਵਾਰ ਪਿਛਲੀ ਵਾਰ ਨਾਲੋਂ ਵੀ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਦੇ ਹਨ।

ਕੀ ਅਜਿਹਾ ਅਸੰਭਵ ਹੈ ਕਿ ਇੰਨਾ ਵੱਡਾ ਇਹ ਦੇਸ਼ ਆਪਣੇ ਵਾਧੂ ਪਾਣੀ ਦਾ ਪ੍ਰਬੰਧਨ ਨਾ ਕਰ ਸਕੇ। ਹੜ੍ਹ ਦੇ ਇਸ ਪਾਣੀ ਨੂੰ ਬਚਾਉਣ ਲਈ ਅਜਿਹੇ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦੇ ਕਿ ਵਾਧੂ ਪਾਣੀ ਜਿਵੇਂ ਹੀ ਨਦੀਆਂ ’ਚ ਆਏ ਉਹ ਤਬਾਹੀ ਮਚਾਉਣ ਦੇ ਮੁਕਾਬਲੇ ਕਿਤੇ ਇਕੱਠਾ ਕੀਤਾ ਜਾ ਸਕੇ। ਇਸ ਪਾਣੀ ਦੇ ਕਾਰਨ ਸਾਡਾ ਘਟਦਾ ਧਰਤੀ ਹੇਠਲਾ ਪਾਣੀ ਵੀ ਵਧ ਸਕਦਾ ਹੈ। ਨਦੀਆਂ ਸੁਕਣ ਤੋਂ ਬਚ ਸਕਦੀਆਂ ਹਨ। ਜੋ ਮਿੱਠਾ ਪਾਣੀ ਸਮੁੰਦਰ ’ਚ ਮਿਲ ਕੇ ਖਾਰਾ ਬਣ ਜਾਂਦਾ ਹੈ ਅਤੇ ਪੀਣ ਦੇ ਲਾਇਕ ਨਹੀਂ ਰਹਿੰਦਾ ਉਸ ਨੂੰ ਬਚਾ ਕੇ ਨਾ ਸਿਰਫ ਮਨੁੱਖਾਂ ਸਗੋਂ ਪਸ਼ੂ-ਪੰਛੀਆਂ, ਇਥੋਂ ਤੱਕ ਕਿ ਫਸਲਾਂ ਦੀ ਪਿਆਸ ਬੁਝਾਈ ਜਾ ਸਕਦੀ ਹੈ। ਸੋਕੇ ਨਾਲ ਨਜਿੱਠਿਆ ਜਾ ਸਕਦਾ ਹੈ।

ਇਹ ਦੇਖ ਕੇ ਕੀ ਹੈਰਾਨੀ ਨਹੀਂ ਹੁੰਦੀ ਕਿ ਕੋਈ ਵੀ ਚੋਣ ਪਾਣੀ ਵਰਗੇ ਮਹੱਤਵਪੂਰਨ ਮੁੱਦੇ ’ਤੇ ਨਹੀਂ ਲੜੀ ਜਾਂਦੀ। ਚੋਣਾਂ ’ਚ ਅਕਸਰ ਲੋਕਾਂ ਨਾਲ ਜੁੜੇ ਮਸਲਿਆਂ ਦੇ ਮੁਕਾਬਲੇ ਸਨਸਨੀਖੇਜ਼ ਮੁੱਦੇ ਚੁੱਕੇ ਜਾਂਦੇ ਹਨ ਜੋ ਲੋਕਾਂ ਨੂੰ ਭੜਕਾ ਸਕਣ ਅਤੇ ਚੋਣ ਜਿੱਤਾ ਸਕਣ।ਪਾਣੀ ਦਾ ਇਸਤੇਮਾਲ ਵਧਦੀ ਤਕਨੀਕ ਅਤੇ ਵਧਦੀ ਆਬਾਦੀ ਦੇ ਕਾਰਨ ਲਗਾਤਾਰ ਵਧ ਰਿਹਾ ਹੈ ਪਰ ਉਸ ਨੂੰ ਬਚਾਈਏ ਕਿਵੇਂ, ਪ੍ਰਦੂਸ਼ਣ ਮੁਕਤ ਕਿਵੇਂ ਕਰੀਏ, ਇਸ ਦਾ ਕੋਈ ਹੱਲ ਦਿਖਾਈ ਨਹੀਂ ਦਿੰਦਾ। ਜੇ ਹਰ ਸ਼ਹਿਰ ਆਪਣੇ ਵਾਧੂ ਪਾਣੀ ਨੂੰ ਬਚਾਏ ਤਾਂ ਪਾਣੀ ਦੀ ਕਮੀ ਤੋਂ ਸਹਿਜੇ ਹੀ ਮੁਕਤ ਹੋਇਆ ਜਾ ਸਕਦਾ ਹੈ। ਚੇਨਈ ਨੂੰ ਜ਼ੀਰੋ ਪਾਣੀ ਵਾਲਾ ਸ਼ਹਿਰ ਐਲਾਨਿਆ ਜਾ ਚੁੱਕਾ ਹੈ। ਬਹੁਤ ਸਾਰੇ ਸ਼ਹਿਰ ਇਸ ਕਤਾਰ ਵਿਚ ਹਨ। ਪਿੰਡਾਂ ਤੱਕ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ 400 ਮੀਟਰ ਤੱਕ ਪਹੁੰਚ ਗਿਆ ਹੈ।

ਸ਼ਮਾ ਸ਼ਰਮਾ


author

Tanu

Content Editor

Related News