ਟਰੰਪ ਵਲੋਂ ਜ਼ੇਲੈਂਸਕੀ ਨੂੰ ਸੱਦ ਕੇ ਅਪਮਾਨਿਤ ਕਰਨਾ ਕਿਸ ਤਰ੍ਹਾਂ ਦੀ ਡਿਪਲੋਮੈਟਿਕ ਕੂਟਨੀਤੀ

Monday, Mar 03, 2025 - 03:36 AM (IST)

ਟਰੰਪ ਵਲੋਂ ਜ਼ੇਲੈਂਸਕੀ ਨੂੰ ਸੱਦ ਕੇ ਅਪਮਾਨਿਤ ਕਰਨਾ ਕਿਸ ਤਰ੍ਹਾਂ ਦੀ ਡਿਪਲੋਮੈਟਿਕ ਕੂਟਨੀਤੀ

ਟਰੰਪ ਟੈਲੀਵਿਜ਼ਨ ’ਤੇ ਲੋਕਾਂ ਦਾ ਧਿਆਨ ਖਿੱਚਣਾ ਜਾਣਦੇ ਹਨ। ਇਸੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਅਮਰੀਕਾ ਦੀ ਸੱਤਾ ਤਕ ਪਹੁੰਚਣ ਦਾ ਰਸਤਾ ਤੈਅ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਜਿੰਨਾ ਜ਼ਿਆਦਾ ਹੈਰਾਨ ਕਰਨ ਵਾਲਾ, ਵੱਧ ਅਜੀਬ ਅਤੇ ਵੱਧ ਰੁੱਖਾ ਹੋਵੇਗਾ, ਓਨੀ ਹੀ ਉਸ ਦੀ ਰੇਟਿੰਗ ਵਧੇਗੀ।

ਉਨ੍ਹਾਂ ਦਾ ਇਹ ਫਾਰਮੂਲਾ 2015 ’ਚ ਵੀ ਸਫਲ ਰਿਹਾ ਸੀ ਅਤੇ 2024 ’ਚ ਫਿਰ ਤੋਂ ਕੰਮ ਆਇਆ। ਕੀ ਝਟਕਾ ਦੇਣ ਦੀ ਰਣਨੀਤੀ ਤੁਹਾਡੇ ਅਹੁਦੇ ’ਤੇ ਰਹਿੰਦੇ ਹੋਏ ਵੀ ਕੰਮ ਕਰਦੀ ਹੈ ਜਦੋਂ ਤੁਹਾਨੂੰ ਚੋਣਾਂ ਜਿੱਤਣ ਦੀ ਲੋੜ ਨਹੀਂ ਰਹਿ ਜਾਂਦੀ ਹੈ! ਤਾਂ ਸਫਲਤਾ ਦਾ ਮਾਪਦੰਡ ਕੀ ਹੈ?

ਯੂਕ੍ਰੇਨ-ਰੂਸ ਜੰਗ ਖਤਮ ਕਰਵਾਉਣ ਦੀ ਘੁਸਰ-ਮੁਸਰ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮਿਲਣ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਮਰੀਕਾ ਪਹੁੰਚੇ ਪਰ ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਯੂਕ੍ਰੇਨ ਜੰਗ ਦੀ ਗੱਲ ਚੱਲਦੇ ਹੀ ਹਾਲਾਤ ਬਦਲ ਗਏ ਅਤੇ ਜ਼ੇਲੈਂਸਕੀ, ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ’ਚ ਗਰਮਾ-ਗਰਮ ਬਹਿਸ ਹੋ ਗਈ।

ਟਰੰਪ ਅਤੇ ਜ਼ੇਲੈਂਸਕੀ ਦਰਮਿਆਨ ਹੋਈ ਗੱਲਬਾਤ ’ਚ ਪੱਤਰਕਾਰਾਂ ਨੇ ਜਦੋਂ ਬੇਤੁਕੇ ਸਵਾਲ ਪੁੱਛੇ ਤਾਂ ਉਨ੍ਹਾਂ ’ਚੋਂ ਇਕ ਸਵਾਲ ਬ੍ਰਾਇਨ ਗਲੇਨ ਦਾ ਸੀ ਜੋ ਰੂੜੀਵਾਦੀ ਵ੍ਹਾਈਟ ਹਾਊਸ ਪੱਤਰਕਾਰ ਹਨ। ਗਲੇਨ ਨੇ ਜ਼ੇਲੈਂਸਕੀ ਕੋਲੋਂ ਪੁੱਛਿਆ, ‘‘ਤੁਸੀਂ ਸੂਟ ਕਿਉਂ ਨਹੀਂ ਪਹਿਨਦੇ? ਕੀ ਤੁਹਾਡੇ ਕੋਲ ਕੋਈ ਸੂਟ ਹੈ? ਤੁਸੀਂ ਓਵਲ ਆਫਿਸ ਦੀ ਸ਼ਾਨ ਦਾ ਸਨਮਾਨ ਨਹੀਂ ਕਰਦੇ?’’ ਇਸ ਦੇ ਉੱਤਰ ’ਚ ਜ਼ੇਲੈਂਸਕੀ ਨੇ ਜਵਾਬ ਦਿੱਤਾ ‘‘ਮੈਂ ਇਸ ਜੰਗ ਦੇ ਖਤਮ ਹੋਣ ਦੇ ਬਾਅਦ ਹੀ ਸੂਟ ਪਹਿਨਾਂਗਾ।’’

ਜ਼ੇਲੈਂਸਕੀ ਅਤੇ ਟਰੰਪ ਦਰਮਿਆਨ ਤਿੱਖੀ ਬਹਿਸ ’ਚ ਜਿਥੇ ਇਕ ਪਾਸੇ ਟਰੰਪ ਨੇ ਜ਼ੇਲੈਂਸਕੀ ਨੂੰ ਵਾਰ-ਵਾਰ ਸੌਰੀ ਕਹਿਣ ਲਈ ਕਿਹਾ ਉਥੇ ਹੀ ਉਪ-ਰਾਸ਼ਟਰਪਤੀ ਵੇਂਸ ਨੇ ਉਨ੍ਹਾਂ ਨੂੰ ਥੈਂਕਯੂ ਕਹਿਣ ਨੂੰ ਕਿਹਾ। ਇਸ ਬਹਿਸ ਦੇ ਬਾਅਦ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਗਈ। ਇਸ ਕਾਨਫਰੰਸ ’ਚ ਅਮਰੀਕਾ ਅਤੇ ਯੂਕ੍ਰੇਨ ਦਰਮਿਆਨ ਮਿਨਰਲ ਡੀਲ ਦਾ ਐਲਾਨ ਹੋਣਾ ਸੀ ਅਤੇ ਅਮਰੀਕਾ ਵਲੋਂ ਯੂਕ੍ਰੇਨ ਲਈ ਲਗਭਗ 31 ਲੱਖ ਕਰੋੜ ਰੁਪਏ ਦੀ ਮਦਦ ਦੇ ਬਦਲੇ ਯੂਕ੍ਰੇਨ ਨੇ ਅਮਰੀਕਾ ਨੂੰ ਲਗਭਗ 44 ਲੱਖ ਕਰੋੜ ਰੁਪਏ ਦੇ ਖਣਿਜ ਸੌਂਪਣੇ ਸਨ।

ਟਰੰਪ ਵਲੋਂ ਜ਼ੇਲੈਂਸਕੀ ਨੂੰ ਬੋਲਣ ਦਾ ਮੌਕਾ ਨਾ ਦੇਣ ’ਤੇ ਅਤੇ ਤੁਸੀਂ ਜਾ ਸਕਦੇ ਹੋ ਕਹਿਣ ’ਤੇ ਜ਼ੇਲੈਂਸਕੀ ਕਾਹਲੀ-ਕਾਹਲੀ ’ਚ ਵ੍ਹਾਈਟ ਹਾਊਸ ਛੱਡ ਕੇ ਲੰਡਨ ਚਲੇ ਗਏ। ਟਰੰਪ ਵਲੋਂ ਜ਼ੇਲੈਂਸਕੀ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਕਿਸੇ ਨੇਤਾ ਨੂੰ ਸੱਦ ਕੇ ਉਸ ਦਾ ਅਪਮਾਨ ਕਰ ਦੇਣਾ ਇਹ ਕਿਸ ਤਰ੍ਹਾਂ ਦੀ ਕੂਟਨੀਤੀ ਹੈ?

ਇਸ ਤੋਂ ਪਹਿਲਾਂ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਦਾ ਵੀ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਟਰੰਪ ਦਾ ਹੱਥ ਫੜ ਲਿਆ ਸੀ ਅਤੇ ਉਨ੍ਹਾਂ ਦੇ ਐਲਾਨ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਯੂਰਪ ਨੇ ਅਮਰੀਕਾ ਨਾਲੋਂ ਵੱਧ ਪੈਸਾ ਯੂਕ੍ਰੇਨ ਨੂੰ ਦਿੱਤਾ ਅਤੇ ਟਰੰਪ ਦੇ ਇਸ ਕਥਨ ਕਿ ਯੂਰਪ ਨੂੰ ਆਪਣਾ ਪੈਸਾ ਵਾਪਸ ਮਿਲ ਜਾਵੇਗਾ, ਨੂੰ ਗਲਤ ਦੱਸਿਆ ਕਿ ਉਹ ਇਕ ਗਿਫਟ ਸੀ। ਟਰੰਪ ਦਾ ਇਹ ਆਚਰਣ ਕੂਟਨੀਤਿਕ ਸ਼ਿਸ਼ਟਾਚਾਰ ਦੇ ਪੱਧਰ ’ਚ ਆਈ ਗਿਰਾਵਟ ਦੀ ਇਕ ਨਵੀਂ ਮਿਸਾਲ ਹੈ।

ਇਸੇ ਤਰ੍ਹਾਂ ਯੂ. ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਟਰੰਪ ਨੂੰ ਪ੍ਰੈੱਸ ਕਾਨਫਰੰਸ ’ਚ ਰੋਕਦੇ ਹੋਏ ਕਿਹਾ ਕਿ ਟਰੰਪ ਗਲਤ ਕਹਿ ਰਹੇ ਹਨ। ਅਸੀਂ ਅਮਰੀਕਾ ਨਾਲੋਂ ਵੱਧ ਪੈਸਾ ਯੂਕ੍ਰੇਨ ਨੂੰ ਤੋਹਫੇ ’ਚ ਦਿੱਤਾ। ਟਰੰਪ ਦਾ ਕਹਿਣਾ ਕਿ ਉਨ੍ਹਾਂ ਨੇ 304 ਬਿਲੀਅਨ ਡਾਲਰ ਦਿੱਤੇ ਸਨ, ਇਹ ਗਲਤ ਹੈ ਕਿਉਂਕਿ ਅਮਰੀਕਾ ਨੇ 114 ਬਿਲੀਅਨ ਡਾਲਰ ਦੇ ਹਥਿਆਰ ਹੀ ਦਿੱਤੇ ਸਨ। ਜ਼ੇਲੈਂਸਕੀ ’ਤੇ ਯੂਕ੍ਰੇਨ ਦਾ ਕੀਮਤੀ ਖਣਿਜਾਂ ਵਾਲਾ ਇਲਾਕਾ ਦੇਣ ਲਈ ਦਬਾਅ ਪਾਉਣਾ ਵੀ ਕਿਸੇ ਨਜ਼ਰੀਏ ਤੋਂ ਸਹੀ ਨਹੀਂ ਕਿਹਾ ਜਾ ਸਕਦਾ।

ਇਹੀ ਕਾਰਨ ਹੈ ਕਿ ਵਿਸ਼ਵ ’ਚ ਦੁਨੀਆ ਦੇ 31 ਨੇਤਾ ਜ਼ੇਲੈਂਸਕੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਇਨ੍ਹਾਂ ’ਚ ਕੈਨੇਡਾ, ਯੂ. ਕੇ. ਅਤੇ ਈ. ਯੂ. ਬਲਾਕ ਦੇ ਦੇਸ਼ ਸ਼ਾਮਲ ਹਨ। ਕੁਲ ਮਿਲਾ ਕੇ ਟਰੰਪ ਨੇ ਆਪਣੇ ਇਸ ਆਚਰਣ ਨਾਲ ਆਪਣੀ ਅਤੇ ਅਮਰੀਕਾ ਦੀ ਹੀ ਹੇਠੀ ਕਰਵਾਈ ਹੈ।

ਕੱਲ ਦੀ ਪ੍ਰੈੱਸ ਕਾਨਫਰੰਸ ਤੋਂ ਤਿੰਨ ਗੱਲਾਂ ਉੱਭਰਦੀਆਂ ਹਨ। ਜਿਵੇਂ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਜ਼ੇਲੈਂਸਕੀ ਨੂੰ ਪ੍ਰੈੱਸ ਦੇ ਸਾਹਮਣੇ ਬੇਇੱਜ਼ਤ ਕਰਨਾ ਇਕ ਸੋਚੀ-ਸਮਝੀ, ਗਿਣੀ-ਮਿਥੀ ਰਣਨੀਤਿਕ ਯੋਜਨਾ ਸੀ ਤਾਂ ਇਸ ਤੋਂ ਕੀ ਹਾਸਲ ਹੋਵੇਗਾ? ਰੂਸ ਦਾ ਸਾਥ? ਕੀ ਟਰੰਪ ਯੂਕ੍ਰੇਨ ਦੀ ਲੀਡਰਸ਼ਿਪ ਨੂੰ ਬਦਲਣਾ ਚਾਹੁੰਦੇ ਹੋ? ਕਿਉਂਕਿ ਬਿਨਾਂ ਮਿਲੇ ਵੀ ਜ਼ੇਲੈਂਸਕੀ ਨੂੰ ਟਰੰਪ ‘ਡਿਕਟੇਟਰ’ ਕਹਿ ਰਹੇ ਸਨ। ਜ਼ੇਲੈਂਸਕੀ ਦੇ ਬਿਨਾਂ ਉਹ ਰੂਸ ਦੇ ਨਾਲ ਬੈਠ ਕੇ ਸਮਝੌਤਾ ਕਰਨਾ ਚਾਹੁੰਦੇ ਹਨ ਤਾਂ ਕਿ ਮਿਲ ਵੰਡ ਕੇ ਯੂਕ੍ਰੇਨ ਦੇ ਖਣਿਜਾਂ ’ਤੇ ਕਬਜ਼ਾ ਕਰ ਲੈਣ।

ਤੀਸਰੀ ਗੱਲ, ਅਜਿਹੇ ’ਚ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਕੀ ਮਤਲਬ ਰਹਿ ਜਾਂਦਾ ਹੈ ਜਿਨ੍ਹਾਂ ਨੂੰ 1948 ’ਚ ਸੰਯੁਕਤ ਰਾਸ਼ਟਰ ਮਹਾਸਭਾ ’ਚ ਸਾਰੇ ਦੇਸ਼ਾਂ ਨੂੰ ਸਮਾਨਤਾ ਦਿੰਦੇ ਹੋਏ ਅਮਰੀਕਾ ਨੇ ਵੀ ਦਸਤਖਤ ਕੀਤੇ ਸਨ ਜਾਂ ਫਿਰ ਨਾਟੋ ਜਿਸ ’ਚ ਅਮਰੀਕਾ ਨੇ ਯੂਰਪ ਦਾ ਸਾਥ ਦੇਣ ਲਈ ਦਸਤਖਤ ਕੀਤੇ ਸਨ ਤਾਂ ਉਨ੍ਹਾਂ ਦੀ ਅਹਿਮੀਅਤ ਕੀ ਰਹਿ ਗਈ ਹੈ?

ਟਰੰਪ ਦੇ ਇਸ ਓਵਲ ਆਫਿਸ ’ਚ ਹੋਈ ਬੈਠਕ ’ਚ ਸਿਰਫ ਉਨ੍ਹਾਂ ਦੇ ਸਮਰਥਕ ਪੱਤਰਕਾਰਾਂ ਨੂੰ ਹੀ ਬੁਲਾਇਆ ਗਿਆ ਉਥੇ ਹੀ ਦੂਜੇ ਪਾਸੇ ਰੂਸ ਦੀ ‘ਨਿਊਜ਼ ਏਜੰਸੀ’ ‘ਤਾਸ’ ਵਿਸ਼ੇਸ਼ ਤੌਰ ’ਤੇ ਸੱਦੀ ਗਈ ਸੀ। ਤਾਂ ਕੀ ਹੁਣ ਇਹ ਮੰਨਿਆ ਜਾਵੇ ਕਿ ਅਮਰੀਕਾ ਹੁਣ ਰੂਸ ਦੇ ਨਾਲ ਹੈ ਅਤੇ ਬਾਕੀ ਯੂਰਪ, ਏਸ਼ੀਆ, ਅਫਰੀਕਾ ਇਕ ਪਾਸੇ ਹਨ? ਦੂਜੇ ਪਾਸੇ ਅਮਰੀਕਾ ’ਚ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਯੂਕ੍ਰੇਨ ਦੇ ਸਮਰਥਨ ’ਚ ਅਤੇ ਟਰੰਪ ਦੇ ਵਿਰੋਧ ’ਚ ਬੈਨਰਾਂ ਦੇ ਨਾਲ ਪ੍ਰਦਰਸ਼ਨ ਕੀਤਾ।

-ਵਿਜੇ ਕੁਮਾਰ


author

Harpreet SIngh

Content Editor

Related News