ਕਿਸ਼ਨ ਪਟਨਾਇਕ ਹੋਣ ਦਾ ਮਤਲਬ
Wednesday, Sep 25, 2024 - 05:13 PM (IST)
ਚੋਣਾਂ ਦੇ ਨਤੀਜਿਆਂ ਵਾਲੇ ਦਿਨ ਇਕ ਇੰਟਰਵਿਊ ਚੱਲ ਰਹੀ ਸੀ। ਅਚਾਨਕ ਚੋਣ ਚਰਚਾ ਨੂੰ ਰੋਕ ਕੇ ਸੌਰਭ ਦਿਵੇਦੀ ਨੇ ਮੈਨੂੰ ਪੁੱਛਿਆ, ‘‘ਅੱਛਾ, ਤੁਸੀਂ ਅਕਸਰ ਆਪਣੇ ਗੁਰੂ ਕਿਸ਼ਨ ਪਟਨਾਇਕ ਦੀ ਗੱਲ ਕਰਦੇ ਹੋ। ਸਾਡੇ ਦਰਸ਼ਕਾਂ ਨੂੰ ਉਨ੍ਹਾਂ ਬਾਰੇ ਕੁਝ ਦੱਸੋ।’’
ਮੈਂ ਇਸ ਸਵਾਲ ਲਈ ਤਿਆਰ ਨਹੀਂ ਸੀ। ਉਸ ਸਮੇਂ ਜੋ ਬਣ ਸਕਿਆ ਉਹ ਕਹਿ ਦਿੱਤਾ ਪਰ ਤਦ ਤੋਂ ਇਹ ਸਵਾਲ ਲਗਾਤਾਰ ਮੇਰੇ ਅੰਦਰ ਚੱਲ ਰਿਹਾ ਹੈ-ਕਿਸ਼ਨ ਜੀ ਦੀ ਜਾਣ-ਪਛਾਣ ਕਿਵੇਂ ਕਰਵਾਵਾਂ? ਕੋਈ ਸਾਫ ਜਵਾਬ ਨਹੀਂ ਆਉਂਦਾ ਪਰ ਇਸ 27 ਸਤੰਬਰ ਨੂੰ ਉਨ੍ਹਾਂ ਦੀ 20ਵੀਂ ਬਰਸੀ ’ਤੇ ਇਕ ਕੋਸ਼ਿਸ਼ ਕਰਨੀ ਤਾਂ ਬਣਦੀ ਹੈ।
ਕਿਸ਼ਨ ਪਟਨਾਇਕ (1930-2004) ਦੀ ਸਭ ਤੋਂ ਸੌਖੀ ਜਾਣ-ਪਛਾਣ ਇਹ ਹੋਵੇਗੀ ਕਿ ਉਹ ਇਕ ਸਿਆਸੀ ਆਗੂ ਸਨ, ਸਮਾਜਵਾਦੀ ਆਗੂ ਸਨ, ਸਾਬਕਾ ਸੰਸਦ ਮੈਂਬਰ ਸਨ ਅਤੇ ਬਦਲਵੀਂ ਸਿਆਸਤ ਦੇ ਸੂਤਰਧਾਰ ਸਨ।
ਜਵਾਨੀ ਵੇਲੇ ਹੀ ਸਮਾਜਵਾਦੀ ਅੰਦੋਲਨ ਨਾਲ ਜੁੜੇ, ਸਿਰਫ 32 ਸਾਲ ਦੀ ਉਮਰ ’ਚ ਓਡਿਸ਼ਾ ਦੇ ਸੰਬਲਪੁਰ ਇਲਾਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ, ਸਮਾਜਵਾਦੀ ਅੰਦੋਲਨ ਦੇ ਖਿੰਡਣ ਪਿੱਛੋਂ ਲੋਹੀਆ ਵਿਚਾਰ ਮੰਚ ਦੀ ਸਥਾਪਨਾ ਕੀਤੀ, ਫਿਰ 1980 ’ਚ ਗੈਰ-ਪਾਰਟੀ ਸਿਆਸਤ ਦੇ ਹਥਿਆਰ ਵਜੋਂ ਸਮਤਾ ਸੰਗਠਨ ਬਣਾਇਆ ਅਤੇ ਫਿਰ 1995 ’ਚ ਬਦਲਵੀਂ ਸਿਆਸਤ ਦੇ ਵਾਹਕ ਇਕ ਸਿਆਸੀ ਪਾਰਟੀ ‘ਸਮਾਜਵਾਦੀ ਜਨ ਪ੍ਰੀਸ਼ਦ’ ਦੀ ਸਥਾਪਨਾ ਕੀਤੀ।
ਜਵਾਨੀ ’ਚ ਹੀ ਸੰਸਦ ਮੈਂਬਰ ਬਣਨ ਪਿੱਛੋਂ ਵੀ ਉਨ੍ਹਾਂ ਨੇ ਜ਼ਿੰਦਗੀ ਭਰ ਕੋਈ ਜਾਇਦਾਦ ਨਹੀਂ ਬਣਾਈ, ਆਰਥਿਕ ਤੰਗੀ ਦੇ ਬਾਵਜੂਦ 60 ਸਾਲ ਦੀ ਉਮਰ ਤਕ ਸਾਬਕਾ ਸੰਸਦ ਮੈਂਬਰ ਦੀ ਪੈਨਸ਼ਨ ਵੀ ਨਹੀਂ ਲਈ, ਦਿੱਲੀ ’ਚ ਦੂਜੇ ਸੰਸਦ ਮੈਂਬਰਾਂ ਦੇ ਸਰਵੈਂਟ ਕੁਆਰਟਰ ’ਚ ਰਹੇ, ਆਪਣੀ ਜੀਵਨ ਸਾਥਣ ਅਤੇ ਸਕੂਲ ਅਧਿਆਪਕਾ ਵਾਣੀ ਮੰਜਰੀ ਦਾਸ ਦੀ ਤਨਖਾਹ ’ਚ ਗੁਜ਼ਾਰਾ ਕੀਤਾ, ਨਾ ਪਰਿਵਾਰ ਵਧਾਇਆ ਅਤੇ ਨਾ ਹੀ ਬੈਂਕ ਬੈਲੇਂਸ ਰੱਖਿਆ। ਸਿਆਸਤ ਦੀ ਦੁਨੀਆ ਨੇ ਉਨ੍ਹਾਂ ਨੂੰ ਅਜਿਹੇ ਆਦਰਸ਼ਵਾਦੀ ਸੰਤ ਵਜੋਂ ਦੇਖਿਆ ਜੋ ਮੁੱਖ ਧਾਰਾ ਦੀ ਸਿਆਸਤ ’ਚ ਅਸਫਲ ਹੋਇਆ। ਨਾ ਉਨ੍ਹਾਂ ਨੇ ਫਿਰ ਕਦੀ ਚੋਣ ਜਿੱਤੀ, ਨਾ ਉਨ੍ਹਾਂ ਦੀ ਬਣਾਈ ਪਾਰਟੀ ਨੂੰ ਚੋਣ ਸਫਲਤਾ ਮਿਲੀ।
ਸਿਆਸਤ ਦੀ ਦੁਨੀਆ ਜੇ ਕਿਸ਼ਨ ਜੀ ਦੀ ਕਿਸੇ ਸਫਲਤਾ ਨੂੰ ਯਾਦ ਕਰੇਗੀ ਤਾਂ ਇਕ ਗੁਰੂ ਦੇ ਰੂਪ ’ਚ। ਬਿਹਾਰ ’ਚ ਜੇ. ਪੀ. ਅੰਦੋਲਨ ਸਮੇਂ ਤੋਂ ਕਿਸ਼ਨ ਜੀ ਦੀ ਅਗਵਾਈ ’ਚ ਨਿਤੀਸ਼ ਕੁਮਾਰ, ਸ਼ਿਵਾਨੰਦ ਤਿਵਾੜੀ ਅਤੇ ਰਘੂਪਤੀ ਵਰਗੇ ਕਈ ਨੌਜਵਾਨ ਸਿਆਸਤ ’ਚ ਆਏ ਅਤੇ ਸਮਾਂ ਪੈਣ ’ਤੇ ਮੁੱਖ ਧਾਰਾ ਦੀ ਸਿਆਸਤ ਨਾਲ ਜੁੜੇ। ਸਮਤਾ ਸੰਗਠਨ ਰਾਹੀਂ ਰਾਕੇਸ਼ ਸਿਨ੍ਹਾ, ਸੁਨੀਲ, ਸਵਾਤੀ, ਸੋਮਨਾਥ ਤ੍ਰਿਪਾਠੀ, ਜਸਬੀਰ ਸਿੰਘ ਅਤੇ ਵਿਜੇ ਪ੍ਰਤਾਪ ਵਰਗੇ ਆਦਰਸ਼ਵਾਦੀ ਸਿਆਸੀ ਕਾਮੇ ਜਨ ਅੰਦੋਲਨਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਸਿਆਸੀਕਰਨ ਦੀ ਮੁਹਿੰਮ ’ਚ ਜੁੜੇ।
ਇਸ ਤੋਂ ਇਲਾਵਾ ਦੇਸ਼ ਭਰ ’ਚ ਪਤਾ ਨਹੀਂ ਕਿੰਨੇ ਸਿਆਸੀ ਕਾਮੇ, ਅੰਦੋਲਨਕਰਮੀ, ਸਿਆਸੀ ਵਰਕਰ, ਬੁੱਧੀਜੀਵੀ, ਪੱਤਰਕਾਰ ਅਤੇ ਲੋਕ ਸੇਵਕ ਮਿਲਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਕਿਸ਼ਨ ਜੀ ਦੇ ਸੰਪਰਕ ’ਚ ਆ ਕੇ ਬਦਲ ਗਈ। ਉਸ ਲੰਬੀ ਫਹਿਰਿਸਤ ’ਚ ਇਨ੍ਹਾਂ ਸਤਰਾਂ ਦਾ ਲੇਖਕ ਵੀ ਸ਼ਾਮਲ ਹੈ।
ਕਿਸ਼ਨ ਪਟਨਾਇਕ ਆਧੁਨਿਕ ਭਾਰਤੀ ਸਿਆਸੀ ਚਿੰਤਨ ਪ੍ਰੰਪਰਾ ਦੀ ਸ਼ਾਇਦ ਆਖਰੀ ਘੜੀ ਸਨ। ਉਨ੍ਹਾਂ ਦੇ ਚਿੰਤਨ ਦਾ ਸ਼ੁਰੂਆਤੀ ਬਿੰਦੂ ਬੇਸ਼ੱਕ ਲੋਹੀਆ ਹੈ, ਪਰ ਉਨ੍ਹਾਂ ਨੂੰ ਸਿਰਫ ਲੋਹੀਆਵਾਦੀ ਜਾਂ ਸਮਾਜਵਾਦੀ ਚਿੰਤਕ ਕਹਿਣਾ ਠੀਕ ਨਹੀਂ ਹੋਵੇਗਾ। ਦਰਅਸਲ 20ਵੀਂ ਸਦੀ ਦੇ ਭਾਰਤ ’ਚ ਸਿਆਸੀ ਫਲਸਫੇ ਦੀਆਂ ਦੋ ਵੱਖ-ਵੱਖ ਧਾਰਾਵਾਂ ਰਹੀਆਂ ਹਨ-ਸਮਾਨਤਾ ਆਧਾਰਿਤ ਧਾਰਾ ਅਤੇ ਸਵਦੇਸ਼ੀ ਵਿਚਾਰਧਾਰਾ। ਕਿਸ਼ਨ ਪਟਨਾਇਕ ਇਨ੍ਹਾਂ ਦੋਵਾਂ ਧਾਰਾਵਾਂ ਦਰਮਿਆਨ ਪੁਲ ਸਨ, ਜਿਨ੍ਹਾਂ ਨੇ ਇਨ੍ਹਾਂ ਵਿਚਾਰ ਪ੍ਰੰਪਰਾਵਾਂ ਨੂੰ 21ਵੀਂ ਸਦੀ ਲਈ ਪ੍ਰਾਸੰਗਿਕ ਬਣਾਇਆ।
ਉਨ੍ਹਾਂ ਨੇ ਜ਼ਿੰਦਗੀ ਭਰ ਲਿਖਣ ਨੂੰ ਆਪਣੇ ਸਿਆਸੀ ਕਰਮ ਦਾ ਹਿੱਸਾ ਬਣਾਇਆ। ਰਾਮ ਮਨੋਹਰ ਲੋਹੀਆ ਦੀ ਅਖਬਾਰ ‘ਮੈਨਕਾਈਂਡ’ ਦੇ ਸੰਪਾਦਨ ਤੋਂ ਸ਼ੁਰੂ ਕਰ ਕੇ ਕਿਸ਼ਨ ਜੀ ਨੇ ਪਹਿਲਾਂ ‘ਚੌਰੰਗੀ ਵਾਰਤਾ’ ਅਤੇ ਬਾਅਦ ’ਚ ‘ਸਾਮਿਅਕ ਵਾਰਤਾ’ ਅਖਬਾਰ ਦਾ ਸੰਪਾਦਨ ਕੀਤਾ। ਉਨ੍ਹਾਂ ਦੇ ਲੇਖ ਕਈ ਕਿਤਾਬਾਂ ਦੇ ਰੂਪ ’ਚ ਛਪੇ ਹਨ : ‘ਬਦਲ ਨਹੀਂ ਹੈ ਦੁਨੀਆ’, ‘ਭਾਰਤ ਸ਼ੂਦਰਾਂ ਦਾ ਹੋਵੇਗਾ’, ‘ਕਿਸਾਨ ਅੰਦੋਲਨ : ਦਸ਼ਾ ਅਤੇ ਦਿਸ਼ਾ’ ਅਤੇ ‘ਬਦਲਾਅ ਦੀ ਚੁਣੌਤੀ’।
ਆਪਣੀਆਂ ਲਿਖਤਾਂ, ਭਾਸ਼ਣਾਂ ਅਤੇ ਸੰਵਾਦਾਂ ਰਾਹੀਂ, ਕਿਸ਼ਨ ਜੀ ਨੇ ਵਾਤਾਵਰਣ ਦੇ ਸਵਾਲ ਅਤੇ ਵਿਸਥਾਪਨ ਬਾਰੇ ਚਿੰਤਾਵਾਂ ਲਈ ਇਕ ਜਗ੍ਹਾ ਬਣਾਈ, ਅਸਾਮ ਅਤੇ ਉੱਤਰੀ ਬੰਗਾਲ ਵਰਗੇ ਹਾਸ਼ੀਏ ਦੇ ਇਲਾਕਿਆਂ ਦੇ ਮੂਲ ਨਿਵਾਸੀ ਦੀ ਚਿੰਤਾ ਨੂੰ ਸਮਝਿਆ, ਜਾਤ ਅਤੇ ਰਾਖਵੇਂਕਰਨ ਦੇ ਸਵਾਲ ’ਤੇ ਸਮਾਜਵਾਦੀ ਇੱਛਾ ਨੂੰ ਤਿੱਖਾ ਕੀਤਾ, ਰਾਸ਼ਟਰਵਾਦ ਦੀ ਸਕਾਰਾਤਮਕ ਊਰਜਾ ਨੂੰ ਰੇਖਾਂਕਿਤ ਕੀਤਾ ਅਤੇ ਲੋਹੀਆ ਦੀ ਵਿਚਾਰਧਾਰਕ ਪ੍ਰੰਪਰਾ ਅਤੇ ਗਾਂਧੀ ਅਤੇ ਅੰਬੇਡਕਰ ਦੀ ਵਿਰਾਸਤ ਵਿਚਕਾਰ ਸੰਵਾਦ ਸਥਾਪਿਤ ਕੀਤਾ।
ਉਨ੍ਹਾਂ ਨੂੰ ਜਾਣਨ ਵਾਲੇ ਕਿਸ਼ਨ ਜੀ ਨੂੰ ਇਕ ਅਸਾਧਾਰਨ ਇਨਸਾਨ ਵਜੋਂ ਯਾਦ ਰੱਖਣਗੇ। ਉਹ ਭਗਵਦ ਗੀਤਾ ਦੇ ਸਥਿਤੀ ਬਦਲਣ ਦੇ ਸੰਕਲਪ ’ਤੇ ਖਰੇ ਉਤਰਦੇ ਸਨ। ਨਾ ਦੁੱਖ ’ਚ ਦੁਖੀ, ਨਾ ਸੁੱਖ ’ਚ ਬਮ-ਬਮ। ਸਫਲਤਾ-ਅਸਫਲਤਾ ਤੋਂ ਨਿਰਲੇਪ। ਸਵੈ-ਪ੍ਰਸ਼ੰਸਾ ਤੋਂ ਕੋਹਾਂ ਦੂਰ, ਆਪਣੇ ਆਲੇ-ਦੁਆਲੇ ਚਾਪਲੂਸਾਂ ਦੇ ਦਰਬਾਰ ਤੋਂ ਸਖਤ ਪਰਹੇਜ਼। ਹਰ ਵਿਅਕਤੀ ਨੂੰ ਮਾਣ, ਹਰ ਬੱਚੇ ’ਚ ਰੁਚੀ, ਹਰ ਔਰਤ ਦਾ ਸਨਮਾਨ। ਆਪਣੀ ਨੁਕਤਾਚੀਨੀ ਸੁਣਨ ਅਤੇ ਉਸ ਤੋਂ ਸਿੱਖਣ ਦਾ ਮਾਦਾ। ਸਿਆਸਤ ’ਚ ਰਹਿਣ ਦੇ ਬਾਵਜੂਦ ਸੁਭਾਵਿਕ ਨਿਮਰਤਾ ਅਤੇ ਡੂੰਘੀ ਝਿਜਕ। ਆਪਣੇ ਲਈ ਘੱਟੋ-ਘੱਟ ਜਗ੍ਹਾ ਘੇਰਨ ਦੀ ਇੱਛਾ।
ਸੱਚਾਈ ਨੇ ਉਨ੍ਹਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਪਰਿਭਾਸ਼ਿਤ ਕੀਤਾ। ਉਨ੍ਹਾਂ ਦੀ ਮੌਜੂਦਗੀ ਵਿਚ ਸੱਚ ਨਾ ਬੋਲਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਦੇ ਨਾਲ ਰਹਿਣਾ ਸੱਚਮੁੱਚ ਸਤਿਸੰਗ ਸੀ, ਸੱਚ ਦੀ ਸੰਗਤ। ਆਉਣ ਵਾਲੀਆਂ ਪੀੜ੍ਹੀਆਂ ਦੀ ਤਾਂ ਗੱਲ ਹੀ ਛੱਡ ਦਿਓ, ਅੱਜ ਵੀ ਨਵੇਂ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਅਜਿਹਾ ਵਿਅਕਤੀ ਭਾਰਤ ਦੀ ਸਿਆਸਤ ’ਚ 20 ਸਾਲ ਪਹਿਲਾਂ ਤਕ ਮੌਜੂਦ ਸੀ।
ਇਹ ਸਭ ਪਛਾਣਾਂ ਜ਼ਰੂਰੀ ਹਨ ਪਰ ਅਧੂਰੀਆਂ ਹਨ ਕਿਉਂਕਿ ਇਹ ਸਭ ਪਛਾਣਾਂ ਕੁਝ ਸਾਂਚਿਆਂ ’ਚ ਬੱਝੀਆਂ ਹਨ-ਆਗੂ ਬਨਾਮ ਸਾਧੂ, ਕਾਮਾ ਬਨਾਮ ਚਿੰਤਕ, ਸੱਤਾ ਬਨਾਮ ਸਮਾਜ। ਕਿਸ਼ਨ ਪਟਨਾਇਕ ਭਾਰਤ ਦੇ ਜਨਤਕ ਜੀਵਨ ਦੇ ਉਸ ਯੁੱਗ ਦੀ ਯਾਦ ਦਿਵਾਉਂਦੇ ਹਨ ਜਿਸ ’ਚ ਇਕ ਸਿਆਸੀ ਆਗੂ ਅਤੇ ਚਿੰਤਕ ’ਚ ਫਰਕ ਨਹੀਂ ਸੀ। ਸਿਆਸਤ ਵਿਚਾਰ ਤੋਂ ਦਿਸ਼ਾ ਲੈਂਦੀ ਸੀ ਅਤੇ ਵਿਚਾਰ ਸਿਆਸਤ ਨਾਲ ਰਫਤਾਰ ਫੜਦੇ ਸਨ।
ਕਿਸ਼ਨ ਜੀ ਨੂੰ ਯਾਦ ਕਰਨਾ ਸਾਡੀ ਸੱਭਿਅਤਾ ’ਚ ਸਾਧੂ ਦੀ ਭੂਮਿਕਾ ਨੂੰ ਯਾਦ ਕਰਨਾ ਹੈ ਜਿਸ ਦਾ ਕੰਮ ਰਾਜੇ ਨੂੰ ਸੱਚ ਦਾ ਸ਼ੀਸ਼ਾ ਦਿਖਾਉਣਾ ਸੀ। ਕਿਸ਼ਨ ਜੀ ਸਾਨੂੰ ਉਸ ਮਰਿਆਦਾ ਦੇ ਕਿੱਲ ਦੀ ਯਾਦ ਦਿਵਾਉਂਦੇ ਹਨ, ਜੋ ਸਾਡੀ ਨਜ਼ਰ ਤੋਂ ਦੂਰ ਰਹਿੰਦੀ ਹੈ ਪਰ ਜਿਸ ਕਿੱਲ ਨੇ ਸਦੀਆਂ ਤੋਂ ਸਾਡੀ ਸੱਭਿਅਤਾ ਦੀ ਨੀਂਹ ਨੂੰ ਖੜ੍ਹਾ ਰੱਖਿਆ ਹੈ। ਕਿਸ਼ਨ ਪਟਨਾਇਕ ਨੂੰ ਯਾਦ ਕਰਨਾ ਉਸ ਭਵਿੱਖ ਨੂੰ ਜਿਊਂਦੇ ਰੱਖਣਾ ਹੈ ਜਿੱਥੇ ਸਿਆਸਤ ਸ਼ੁੱਭ ਨੂੰ ਸੱਚ ’ਚ ਬਦਲਣ ਦਾ ਕਰਮਯੋਗ ਹੈ।
ਯੋਗੇਂਦਰ ਯਾਦਵ