ਜਿੱਤ ਨੂੰ ਹਾਰ ’ਚ ਕਿਵੇਂ ਬਦਲੀਏ, ਇਹ ਕਾਂਗਰਸ ਤੋਂ ਹੀ ਸਿੱਖਿਆ ਜਾ ਸਕਦਾ ਹੈ
Thursday, Oct 10, 2024 - 05:15 PM (IST)
ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ-ਕਾਂਗਰਸ ਲਈ ਹੈਰਾਨ ਕਰਨ ਵਾਲੇ ਹਨ। ਹਰਿਆਣਾ ’ਚ ਕਾਂਗਰਸ ਦੀ ਹਾਰ ਦੀ ਵਜ੍ਹਾ ਲੋੜ ਤੋਂ ਵੱਧ ਸਵੈ-ਭਰੋਸਾ ਅਤੇ ਸਥਾਨਕ ਆਗੂਆਂ ਦੀ ਨਾਫਰਮਾਨੀ ਨੂੰ ਮੰਨਿਆ ਜਾ ਰਿਹਾ ਹੈ। ਕੋਈ ਵੀ ਮਜ਼ਬੂਤੀ ਨਾਲ ਨਹੀਂ ਕਹਿ ਰਿਹਾ ਸੀ ਕਿ ਹਰਿਆਣਾ ’ਚ ਦੁਬਾਰਾ ਭਾਜਪਾ ਦੀ ਸਰਕਾਰ ਆਏਗੀ। ਕੁਲ ਮਿਲਾ ਕੇ ਮਾਹੌਲ ਇਹ ਸੀ ਕਿ ਕਾਂਗਰਸ ਦੀ ਜਿੱਤ ਇਕ ਪਾਸੜ ਹੋਵੇਗੀ ਪਰ ਜਿੱਤ ਦੀ ਪਾਰੀ ਨੂੰ ਹਾਰ ’ਚ ਕਿਵੇਂ ਬਦਲਿਆ ਜਾਵੇ , ਇਹ ਕਾਂਗਰਸ ਤੋਂ ਹੀ ਸਿੱਖਿਆ ਜਾ ਸਕਦਾ ਹੈ।
ਹਰਿਆਣਾ ’ਚ ਭਾਜਪਾ ਵਿਰੋਧੀ ਮਾਹੌਲ ਸੀ। ਅਜਿਹਾ ਮਾਹੌਲ ਸੀ ਕਿ ਭਾਜਪਾ ਦੇ ਮੰਤਰੀਆਂ ਅਤੇ ਉਮੀਦਵਾਰਾਂ ਨੂੰ ਹਰਿਆਣਾ ਦੇ ਪਿੰਡਾਂ ’ਚ ਵੜਨ ਨਹੀਂ ਦਿੱਤਾ ਜਾ ਰਿਹਾ ਸੀ ਫਿਰ ਵੀ ਹਰਿਆਣਾ ਦੇ ਨਤੀਜੇ ਕਾਂਗਰਸ ਦੇ ਖਿਲਾਫ ਗਏ, ਉਥੇ ਹੀ ਜੰਮੂ-ਕਸ਼ਮੀਰ ’ਚ ਕਾਂਗਰਸ ਅਤੇ ਨੈਸ਼ਨਲ ਕਾਨਫਰੈਂਸ ਗੱਠਜੋੜ ਨੇ ਬਹੁਮਤ ਹਾਸਲ ਕਰ ਲਿਆਅਤੇ ਭਾਜਪਾ ਦਾ ਸੁਫਨਾ ਚਕਨਾਚੂਰ ਕਰ ਦਿੱਤਾ।
ਢੋਲ ਵਜਾਇਆ ਜਾ ਰਿਹਾ ਸੀ ਕਿ ਕਸ਼ਮੀਰ ਦੀ ਜਨਤਾ ਮੋਦੀ-ਸ਼ਾਹ ਨੂੰ ਹੀ ਵੋਟ ਦੇਵੇਗੀ। 5 ਸਾਲ ਪਹਿਲਾਂ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਮੰਨ ਲਓ ਧਾਰਾ 370 ਹਟਾ ਕੇ ਇਕ ਇਨਕਲਾਬੀ ਕਦਮ ਚੁੱਕਿਆ ਹੈ। ਮੋਦੀ-ਸ਼ਾਹ ਕਸ਼ਮੀਰ ’ਚੋਂ ਧਾਰਾ 370 ਹਟਾ ਕੇ ਅਖੰਡ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਨ ਦਾ ਦਮ ਭਰ ਰਹੇ ਸਨ ਪਰ ਕਸ਼ਮੀਰ ’ਚ ਅੱਤਵਾਦ ਖਤਮ ਨਹੀਂ ਕਰ ਸਕੇ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ’ਚ ਮੋਦੀ-ਸ਼ਾਹ ਪਛੜ ਗਏ।
ਮੁੱਖ ਤੌਰ ’ਤੇ ਮੋਦੀ-ਸ਼ਾਹ ਹਜ਼ਾਰਾਂ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਉਣ ’ਚ ਅਸਫਲ ਰਹੇ। ਧਾਰਾ 370 ਹਟਾਉਣਾ ਇਕ ਤਮਾਸ਼ਾ ਸਾਬਿਤ ਹੋਇਆ ਅਤੇ ਹੁਣ ਉਥੋਂ ਦੀ ਜਨਤਾ ਨੇ ਭਾਜਪਾ ਨੂੰ ਹਰਾ ਦਿੱਤਾ। ਇਸ ਤਰ੍ਹਾਂ ਹਰਿਆਣਾ ’ਚ ਕਾਂਗਰਸ ਅਤੇ ਜੰਮੂ-ਕਸ਼ਮੀਰ ’ਚ ਭਾਜਪਾ ਨੂੰ ਝਟਕਾ ਲੱਗਾ। ਪ੍ਰਧਾਨ ਮੰਤਰੀ ਮੋਦੀ ਨੂੰ ਕਸ਼ਮੀਰ ਦੇ ਲੋਕਾਂ ਨੇ ਖਾਰਿਜ ਕਰ ਦਿੱਤਾ ਅਤੇ ਹਰਿਆਣਾ ’ਚ ਸਥਿਤੀ ਅਨੁਕੂਲ ਹੋਣ ਦੇ ਬਾਵਜੂਦ ਵੀ ਕਾਂਗਰਸ ਫਾਇਦਾ ਨਹੀਂ ਲੈ ਸਕੀ।
ਕਾਂਗਰਸ ਦੇ ਨਾਲ ਅਜਿਹਾ ਹਮੇਸ਼ਾ ਹੁੰਦਾ ਹੈ। ਪਿਛਲੀ ਵਾਰ ਮੱਧ ਪ੍ਰਦੇਸ਼, ਛੱਤੀਸਗੜ੍ਹ ’ਚ ਇਕ ਤਰ੍ਹਾਂ ਦਾ ਮਾਹੌਲ ਸੀ ਕਿ ਭਾਜਪਾ ਸੱਤਾ ’ਚ ਨਹੀਂ ਆਵੇਗੀ ਪਰ ਕਾਂਗਰਸ ਪਾਰਟੀ ਦੀ ਅੰਦਰੂਨੀ ਅਵਿਵਸਥਾ ਭਾਜਪਾ ਲਈ ਮੁਫੀਦ ਸਾਬਿਤ ਹੋਈ। ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ’ਚ ਕਾਂਗਰਸ ਪਾਰਟੀ ਦੀ ਬੇੜੀ ਡੁਬੋ ਦਿੱਤੀ ਹੈ। ਹੁੱਡਾ ਦੀ ਭੂਮਿਕਾ ਇਸ ਤਰ੍ਹਾਂ ਸੀ ਕਿ ਜਿਵੇਂ ਕਾਂਗਰਸ ਦੇ ਸੂਤਰਧਾਰ ਉਹੀ ਹਨ ਅਤੇ ਜਿਸ ਤਰ੍ਹਾਂ ਉਹ ਚਾਹੁਣਗੇ ਉਂਝ ਹੀ ਹੋਵੇਗਾ।
ਕੁਮਾਰੀ ਸ਼ੈਲਜਾ ਵਰਗੀ ਪਾਰਟੀ ਆਗੂ ਨੂੰ ਹੁੱਡਾ ਅਤੇ ਉਨ੍ਹਾਂ ਦੇ ਲੋਕਾਂ ਵਲੋਂ ਜਨਤਕ ਤੌਰ ’ਤੇ ਅਪਮਾਨਿਤ ਕੀਤਾ ਗਿਆ ਅਤੇ ਦਿੱਲੀ ’ਚ ਕਾਂਗਰਸ ਹਾਈਕਮਾਨ ਹੁੱਡਾ ਨੂੰ ਰੋਕਣ ’ਚ ਅਸਫਲ ਰਹੀ। ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਬਾਰਡਰ ’ਤੇ ਜ਼ਬਰਦਸਤ ਅੰਦੋਲਨ ਕੀਤਾ। ਹਰਿਆਣਾ ਦੀਆਂ ਮਹਿਲਾ ਪਹਿਲਵਾਨਾਂ ਨਾਲ ਛੇੜਛਾੜ ’ਤੇ ਭਾਜਪਾ ਨੇ ਅਤੇ ਉਸ ਦੇ ਪ੍ਰਧਾਨ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ।
ਵਿਨੇਸ਼ ਫੋਗਾਟ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਦੇ ਜੰਤਰ-ਮੰਤਰ ਰੋਡ ਤੋਂ ਘੜੀਸਦੇ ਹੋਏ ਪੁਲਸ ਵੈਨ ’ਚ ਬੰਦ ਕੀਤਾ ਗਿਆ। ਇਨ੍ਹਾਂ ਸਾਰਿਆਂ ਦਾ ਗੁੱਸਾ ਹਰਿਆਣਾ ਦੇ ਲੋਕਾਂ ’ਚ ਸਾਫ ਦਿਖਾਈ ਦੇ ਰਿਹਾ ਸੀ। ਭਾਵੇਂ ਹੀ ਵਿਨੇਸ਼ ਫੋਗਾਟ ਖੁਦ ਜਿੱਤ ਗਈ ਪਰ ਉਨ੍ਹਾਂ ਨਾਲ ਹੋਏ ਅਨਿਆਂ ਕਾਰਨ ਪੂਰੇ ਹਰਿਆਣਾ ’ਚ ਪੈਦਾ ਹੋਏ ਗੁੱਸੇ ਅਤੇ ਨਾਰਾਜ਼ਗੀ ਤੋਂ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਇਆ। ਹਰਿਆਣਾ ’ਚ ਭਾਜਪਾ ਵਿਰੋਧੀ ਲਹਿਰ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਭਾਜਪਾ ਉਸ ਲਹਿਰ ’ਚ ਵਹਿ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਕਾਂਗਰਸ ਦਾ ਸੰਗਠਨ ਅਵਿਵਸਥਿਤ ਅਤੇ ਕਮਜ਼ੋਰ ਸੀ। ਸਿਆਸਤ ਅਤੇ ਚੋਣਾਂ ’ਚ ਸੰਗਠਨ ਲਈ ਜ਼ਮੀਨ ’ਤੇ ਹੋਣਾ ਜ਼ਰੂਰੀ ਹੈ। ਭਾਜਪਾ ਦਾ ਸੰਗਠਨ ਮਜ਼ਬੂਤ ਸੀ ਅਤੇ ‘ਸਟ੍ਰੈਟੇਜੀ’ ਬੇਮਿਸਾਲ ਸਾਬਤ ਹੋਈ। ਕਮਲਨਾਥ ਨੇ ਮੱਧ ਪ੍ਰਦੇਸ਼ ’ਚ ਭਾਜਪਾ ਦੀ ਸਿੱਧੀ ਮਦਦ ਕੀਤੀ।
ਹਰਿਆਣਾ ’ਚ ਵੀ ਕੇਂਦਰੀ ਜਾਂਚ ਏਜੰਸੀ ਹੁੱਡਾ ਦੇ ਪਿੱਛੇ ਸੀ, ਫਿਰ ਵੀ ਹੁੱਡਾ ਕਾਂਗਰਸ ਨਾਲ ਰਹੇ। ਉਹ ਹਰਿਆਣਾ ’ਚ ਜਾਟ ਭਾਈਚਾਰੇ ਦੇ ਵੱਡੇ ਆਗੂ ਹਨ ਪਰ ਉਹ ਹੋਰ ਭਾਈਚਾਰਿਆਂ ਨੂੰ ਕਾਂਗਰਸ ਨਾਲ ਨਹੀਂ ਲਿਆ ਸਕੇ। ਇਹ ਜਾਟਾਂ ਅਤੇ ਹੋਰ ਭਾਈਚਾਰਿਆਂ ਦਰਮਿਆਨ ਮੁਕਾਬਲਾ ਸੀ ਅਤੇ ਭਾਜਪਾ ਜਿੱਤ ਗਈ, ਫਿਰ ਰੇਪ ਦੇ ਦੋਸ਼ ’ਚ ਜੇਲ ’ਚ ਬੰਦ ਅਤੇ ਕੁਝ ਦਿਨ ਪਹਿਲਾਂ ਪੈਰੋਲ ’ਤੇ ਰਿਹਾਅ ਹੋਏ ਬਾਬਾ ਰਾਮ ਰਹੀਮ ਦਾ ਵੀ ਹਰਿਆਣਾ ’ਚ ਭਾਜਪਾ ਦੀ ਜਿੱਤ ’ਚ ‘ਹਿੱਸਾ’ ਹੈ ਹੀ।
ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹ ਬਾਬਾ ‘ਪੈਰੋਲ’ ਉੱਤੇ ਕਿਵੇਂ ਬਾਹਰ ਆ ਜਾਂਦਾ ਹੈ? ਬਾਬਾ ਰਾਮ ਰਹੀਮ ਦਾ ਇਹ ਚੋਣ ਕੁਨੈਕਸ਼ਨ ਪਿਛਲੀਆਂ ਚੋਣਾਂ ’ਚ ਵੀ ਦੇਖਣ ਨੂੰ ਮਿਲਿਆ ਸੀ। ਨਤੀਜੇ ਤੋਂ ਇਕ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਯਾਬ ਸੈਣੀ ਨੇ ਕਿਹਾ ਸੀ ਕਿ ਭਾਜਪਾ ਹੀ ਜਿੱਤੇਗੀ। ਅਸੀਂ ਜਿੱਤ ਲਈ ਸਾਰੇ ਇੰਤਜ਼ਾਮ ਕਰ ਲਏ ਹਨ। ਸੈਣੀ ਦਾ ਇਹ ਬਿਆਨ ਰਹੱਸਮਈ ਹੈ।ਸਵੇਰੇ ਸਾਢੇ 10 ਵਜੇ ਤੱਕ ਕਾਂਗਰਸ 65 ਸੀਟਾਂ ’ਤੇ ਅੱਗੇ ਚੱਲ ਰਹੀ ਸੀ। ਕਾਂਗਰਸ ਥਾਂ-ਥਾਂ ਜਲੇਬੀਆਂ, ਲੱਡੂ ਵੰਡਣ ਲੱਗੀ ਪਰ ਅਗਲੇ ਹੀ ਘੰਟੇ ’ਚ ਭਾਜਪਾ ਨੇ ਲੀਡ ਬਣਾ ਲਈ ਅਤੇ ਕਾਂਗਰਸ ਪਛੜ ਗਈ। ਚੋਣ ਕਮਿਸ਼ਨ ਨੇ ਬਾਅਦ ’ਚ ਵੋਟਾਂ ਦੀ ਗਿਣਤੀ ਵੀ ਹੌਲੀ ਕਰ ਦਿੱਤੀ।
ਅਜਿਹਾ ਕਿਉਂ ਹੋਇਆ ? ਜਦੋਂ ਕਾਂਗਰਸ ਹਰ ਥਾਂ ਅੱਗੇ ਚਲ ਰਹੀ ਸੀ ਤਾਂ ਵੋਟਾਂ ਦੀ ਗਿਣਤੀ ਅਤੇ ‘ਅਪਡੇਟ’ ਦੀ ਰਫਤਾਰ ਅਚਾਨਕ ਹੌਲੀ ਕਿਉਂ ਹੋ ਗਈ? ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵੀ ਚੋਣ ਕਮਿਸ਼ਨ ’ਤੇ ਦੋਸ਼ ਲਾਇਆ ਹੈ। ਅਜਿਹੇ ’ਚ ਹਰਿਆਣਾ ’ਚ ਭਾਜਪਾ ਦੀ ਜਿੱਤ ਸ਼ੱਕੀ ਹੋ ਗਈ ਹੈ। ਇਸ ਲਈ ਮੋਦੀ ਅਤੇ ਸ਼ਾਹ ਨੂੰ ਹਰਿਆਣਾ ਦੀ ਜਿੱਤ ’ਚ ਨਹੀਂ ਵਹਿ ਜਾਣਾ ਚਾਹੀਦਾ ਕਿਉਂਕਿ ਉਹ ਇਕ ਅਹਿਮ ਸੂਬੇ ਜੰਮੂ-ਕਸ਼ਮੀਰ ’ਚ ਹਾਰ ਗਏ ਹਨ। ਇਸ ਦਾ ਮਤਲਬ ਇਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੂਰੇ ਦੇਸ਼ ਦੇ ਆਗੂ ਨਹੀਂ ਹਨ। ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨਤੀਜੇ ਇਸ ਦੇ ਸੰਕੇਤ ਹਨ। ਕੱਲ ਮਹਾਰਾਸ਼ਟਰ ’ਚ ਚੋਣਾਂ ਹੋਣਗੀਆਂ।
ਮਹਾਰਾਸ਼ਟਰ ਦੀ ਜਨਤਾ ਹਰਿਆਣਾ ਦੇ ਰਾਹ ’ਤੇ ਨਹੀਂ ਜਾਵੇਗੀ ਅਤੇ ਮਹਾਰਾਸ਼ਟਰ ’ਚ ਮਹਾਵਿਕਾਸ ਆਘਾੜੀ ਦੀ ਜਿੱਤ ਹੋਵੇਗੀ। ਮਰਾਠੀ ਲੋਕ ਫਤਵਾ ਮੋਦੀ-ਸ਼ਾਹ, ਫੜਨਵੀਸ-ਸ਼ਿੰਦੇ ਦੇ ਖਿਲਾਫ ਹੈ। ਮਹਾਰਾਸ਼ਟਰ ਦੀ ਬਾਜ਼ੀ ਮਹਾਵਿਕਾਸ ਗੱਠਜੋੜ ਜਿੱਤੇਗਾ ਪਰ ਸੂਬੇ ’ਚ ਕਾਂਗਰਸ ਆਗੂਆਂ ਨੂੰ ਹਰਿਆਣਾ ਦੇ ਨਤੀਜਿਆਂ ਤੋਂ ਬਹੁਤ ਕੁਝ ਸਿੱਖਣਾ ਪਵੇਗਾ। ਹਰਿਆਣਾ ’ਚ ਕਾਂਗਰਸ ਨੇ ‘ਆਪ’ ਸਮੇਤ ਕਈ ਗੱਠਜੋੜ ਦੀਆਂ ਧਿਰਾਂ ਨੂੰ ਦੂਰ ਰੱਖਿਆ ਕਿਉਂਕਿ ਉਨ੍ਹਾਂ ਨੂੰ ਸੱਤਾ ’ਚ ਹਿੱਸੇਦਾਰੀ ਨਹੀਂ ਚਾਹੀਦੀ ਸੀ। ਇਸ ਖੇਡ ’ਚ ਪੂਰਾ ਸੂਬਾ ਹੀ ਹੱਥੋਂ ਨਿੱਕਲ ਗਿਆ। ਜੰਮੂ-ਕਸ਼ਮੀਰ ’ਚ ‘ਇੰਡੀਆ’ ਗੱਠਜੋੜ ਦੀ ਜਿੱਤ ਹੋਈ। ਹਰਿਆਣਾ ’ਚ ਸਿਰਫ ਕਾਂਗਰਸ ਪਿੱਛੇ ਹਟੀ। ‘ਇੰਡੀਆ ਗੱਠਜੋੜ’ ਲਈ ਤਸਵੀਰ ਚੰਗੀ ਨਹੀਂ ਪਰ ਧਿਆਨ ਕੌਣ ਦੇਵੇਗਾ?