ਮੋਬਾਈਲ ਦੀ ਆਦਤ ’ਚ ਜਕੜਿਆ ਨੌਜਵਾਨ : ਚੁਣੌਤੀਆਂ ਅਤੇ ਹੱਲ
Wednesday, Oct 28, 2026 - 01:56 PM (IST)
ਅੱਜ ਦਾ ਯੁੱਗ ਡਿਜੀਟਲ ਕ੍ਰਾਂਤੀ ਦਾ ਯੁੱਗ ਹੈ। ਅੱਜ ਮੋਬਾਈਲ ਸਿੱਖਿਆ, ਮਨੋਰੰਜਨ, ਵਪਾਰ, ਬੈਂਕਿੰਗ ਅਤੇ ਸੂਚਨਾ ਦਾ ਪ੍ਰਮੁੱਖ ਮਾਧਿਅਮ ਬਣ ਚੁੱਕਾ ਹੈ। ਇਸ ਦੇ ਬਾਵਜੂਦ ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ ਖ਼ਾਸ ਕਰਕੇ ਨੌਜਵਾਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਮੋਬਾਈਲ ਆਪਣੇ ਆਪ ’ਚ ਸਮੱਸਿਆ ਨਹੀਂ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਵਿਅਕਤੀ ਆਪਣੀ ਲੋੜ ਅਨੁਸਾਰ ਮੋਬਾਈਲ ਦੀ ਵਰਤੋਂ ਕਰਨ ਦੀ ਬਜਾਏ ਉਸ ਦੇ ਕੰਟਰੋਲ ’ਚ ਰਹਿਣ ਲੱਗਦਾ ਹੈ। ਸਵੇਰੇ ਅੱਖ ਖੁੱਲ੍ਹਦਿਆਂ ਹੀ ਫ਼ੋਨ ਦੇਖਣਾ, ਖਾਣਾ ਖਾਂਦੇ ਸਮੇਂ ਵੀਡੀਓ ਦੇਖਣਾ, ਪੜ੍ਹਾਈ ਦੇ ਵਿਚਾਲੇ ਵਾਰ-ਵਾਰ ਸੰਦੇਸ਼ਾਂ ਦੀ ਜਾਂਚ ਕਰਨਾ ਅਤੇ ਰਾਤ ਨੂੰ ਦੇਰ ਤੱਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣਾ ਅੱਜ ਬਹੁਤ ਸਾਰੇ ਨੌਜਵਾਨਾਂ ਦੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣ ਗਿਆ ਹੈ।
ਨੌਜਵਾਨੀ ਜੀਵਨ ਦਾ ਉਹ ਮਹੱਤਵਪੂਰਨ ਦੌਰ ਹੈ, ਜਿਸ ’ਚ ਸਿੱਖਿਆ, ਹੁਨਰ, ਸ਼ਖ਼ਸੀਅਤ ਅਤੇ ਕਰੀਅਰ ਦੀ ਨੀਂਹ ਰੱਖੀ ਜਾਂਦੀ ਹੈ। ਜੇਕਰ ਇਸੇ ਸਮੇਂ ਦਾ ਵੱਡਾ ਹਿੱਸਾ ਬਿਨਾਂ ਕਿਸੇ ਮਕਸਦ ਦੇ ਮੋਬਾਈਲ ’ਤੇ ਖ਼ਰਚ ਹੋਣ ਲੱਗੇ, ਤਾਂ ਭਵਿੱਖ ਦੀ ਤਿਆਰੀ ਪ੍ਰਭਾਵਿਤ ਹੋਣੀ ਸੁਭਾਵਿਕ ਹੈ।
ਮੋਬਾਈਲ ਦੀ ਬਹੁਤ ਜ਼ਿਆਦਾ ਆਦਤ ਦਾ ਸਭ ਤੋਂ ਵੱਡਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਦਿਖਾਈ ਦਿੰਦਾ ਹੈ। ਕਿਸੇ ਵਿਦਿਆਰਥੀ ਨੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ 2 ਘੰਟੇ ਪੜ੍ਹਨ ਦਾ ਟੀਚਾ ਤੈਅ ਕੀਤਾ ਪਰ ਹਰ 10 ਮਿੰਟ ਬਾਅਦ ਆਉਣ ਵਾਲੇ ਸੁਨੇਹੇ ਅਤੇ ਨੋਟੀਫਿਕੇਸ਼ਨ ਉਸ ਦਾ ਧਿਆਨ ਭਟਕਾਉਂਦੇ ਰਹੇ। ਨਤੀਜੇ ਵਜੋਂ 2 ਘੰਟੇ ਦੀ ਪੜ੍ਹਾਈ ’ਚ ਉਹ ਵਿਸ਼ੇ ਨੂੰ ਠੀਕ ਤਰ੍ਹਾਂ ਸਮਝ ਹੀ ਨਹੀਂ ਸਕਿਆ।
ਹਾਲਾਂਕਿ, ਮੋਬਾਈਲ ਦੀ ਸਹੀ ਵਰਤੋਂ ਆਨਲਾਈਨ ਕਲਾਸਾਂ, ਡਿਜੀਟਲ ਲਾਇਬ੍ਰੇਰੀਆਂ, ਵਿੱਦਿਅਕ ਵੀਡੀਓਜ਼ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਚ ਬਹੁਤ ਉਪਯੋਗੀ ਹੈ। ਫਰਕ ਸਿਰਫ਼ ਮਕਸਦ ਅਤੇ ਸਮੇਂ ਦੇ ਪ੍ਰਬੰਧਨ ਦਾ ਹੈ। ਉਹੀ ਫ਼ੋਨ ਕਿਸੇ ਵਿਦਿਆਰਥੀ ਲਈ ਗਿਆਨ ਦਾ ਭੰਡਾਰ ਬਣ ਸਕਦਾ ਹੈ ਅਤੇ ਉਹੀ ਉਸ ਦੀ ਪੜ੍ਹਾਈ ’ਚ ਰੁਕਾਵਟ ਵੀ ਪੈਦਾ ਕਰ ਸਕਦਾ ਹੈ।
ਸੋਸ਼ਲ ਮੀਡੀਆ ’ਤੇ ਨੌਜਵਾਨ ਅਕਸਰ ਦੂਜਿਆਂ ਦੀ ਜ਼ਿੰਦਗੀ ਦੀਆਂ ਆਕਰਸ਼ਕ ਤਸਵੀਰਾਂ ਦੇਖਦੇ ਹਨ ਅਤੇ ਕਿਸੇ ਦੀ ਸਫ਼ਲਤਾ ਦੇਖ ਕੇ ਉਹ ਆਪਣੇ ਜੀਵਨ ਦੀ ਤੁਲਨਾ ਦੂਜਿਆਂ ਨਾਲ ਕਰਨ ਲੱਗਦੇ ਹਨ। ਹੌਲੀ-ਹੌਲੀ ਉਨ੍ਹਾਂ ’ਚ ਹੀਣਭਾਵਨਾ, ਅਸੰਤੋਖ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਧ ਸਕਦੀ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ’ਤੇ ਦਿਖਾਈ ਦੇਣ ਵਾਲੀਆਂ ਤਸਵੀਰਾਂ ਕਿਸੇ ਵਿਅਕਤੀ ਦੇ ਪੂਰੇ ਜੀਵਨ ਦਾ ਸੱਚ ਨਹੀਂ ਹੁੰਦੀਆਂ। ਉੱਥੇ ਅਕਸਰ ਜੀਵਨ ਦੇ ਚੁਣੇ ਹੋਏ ਚੰਗੇ ਪਲ ਹੀ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਜਦੋਂ ਕਿ ਸੰਘਰਸ਼, ਅਸਫ਼ਲਤਾਵਾਂ ਅਤੇ ਪ੍ਰੇਸ਼ਾਨੀਆਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਹਨ।
ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਨੀਂਦ ਦਾ ਸਮਾਂ ਵਿਗੜ ਸਕਦਾ ਹੈ। ਦੇਰ ਰਾਤ ਤੱਕ ਸਕ੍ਰੀਨ ਦੇਖਣ ਨਾਲ ਸੌਣ ’ਚ ਦੇਰੀ ਹੁੰਦੀ ਹੈ ਅਤੇ ਅਗਲੇ ਦਿਨ ਥਕਾਵਟ, ਚਿੜਚਿੜਾਪਨ ਅਤੇ ਪੜ੍ਹਾਈ ਜਾਂ ਕੰਮ ’ਚ ਮਨ ਨਾ ਲੱਗਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਕੁਝ ਨੌਜਵਾਨਾਂ ’ਚ ਲਗਾਤਾਰ ਆਨਲਾਈਨ ਰਹਿਣ ਦੀ ਇੱਛਾ ਸਮਾਜਿਕ ਮੇਲ-ਜੋਲ ਨੂੰ ਵੀ ਸੀਮਤ ਕਰ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮੋਬਾਈਲ ਵਰਤਣ ਵਾਲਾ ਹਰ ਨੌਜਵਾਨ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਜਦੋਂ ਮੋਬਾਈਲ ਦੀ ਵਰਤੋਂ ਨੀਂਦ, ਪੜ੍ਹਾਈ, ਰਿਸ਼ਤਿਆਂ ਅਤੇ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਿਤ ਕਰਨ ਲੱਗੇ, ਉਦੋਂ ਸੁਚੇਤ ਹੋਣ ਦੀ ਲੋੜ ਹੈ।
ਮੋਬਾਈਲ ’ਤੇ ਲੰਬੇ ਸਮੇਂ ਤੱਕ ਝੁਕ ਕੇ ਬੈਠਣ ਨਾਲ ਧੌਣ, ਮੋਢਿਆਂ ਅਤੇ ਪਿੱਠ ’ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਲਗਾਤਾਰ ਸਕ੍ਰੀਨ ਦੇਖਣ ਨਾਲ ਅੱਖਾਂ ’ਚ ਥਕਾਵਟ, ਖੁਸ਼ਕੀ ਅਤੇ ਸਿਰਦਰਦ ਵਰਗੀਆਂ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਜਦੋਂ ਮੋਬਾਈਲ ਕਾਰਨ ਖੇਡਾਂ, ਪੈਦਲ ਤੁਰਨਾ ਅਤੇ ਦੂਜੀਆਂ ਸਰੀਰਕ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ, ਉਦੋਂ ਗੈਰ-ਸਰਗਰਮ ਜੀਵਨਸ਼ੈਲੀ ਦਾ ਖ਼ਤਰਾ ਵਧਦਾ ਹੈ। ਇਸ ਲਈ ਲੋੜੀਂਦੀ ਨੀਂਦ, ਰੋਜ਼ਾਨਾ ਕਸਰਤ, ਸੰਤੁਲਿਤ ਭੋਜਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਸਿੱਖਿਆ ਅਤੇ ਕਰੀਅਰ ’ਤੇ ਧਿਆਨ ਦੇਣਾ।
ਮੋਬਾਈਲ ਦੀ ਆਦਤ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸਿਰਫ਼ ਨੌਜਵਾਨਾਂ ’ਤੇ ਪਾ ਦੇਣੀ ਉਚਿਤ ਨਹੀਂ, ਪਰਿਵਾਰ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਇਸ ਦਿਸ਼ਾ ’ਚ ਸਹਿਯੋਗ ਕਰਨਾ ਹੋਵੇਗਾ। ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਖ਼ੁਦ ਮੋਬਾਈਲ ਦੀ ਸੰਤੁਲਿਤ ਵਰਤੋਂ ਦੀ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਸਕੂਲਾਂ ਅਤੇ ਕਾਲਜਾਂ ’ਚ ਡਿਜੀਟਲ ਜਾਗਰੂਕਤਾ, ਸਮਾਂ ਪ੍ਰਬੰਧਨ, ਸਾਈਬਰ ਸੁਰੱਖਿਆ ਅਤੇ ਮਾਨਸਿਕ ਸਿਹਤ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
ਜੇਕਰ ਕਿਸੇ ਨੌਜਵਾਨ ਨੂੰ ਮੋਬਾਈਲ ਤੋਂ ਦੂਰ ਰਹਿਣ ’ਚ ਲਗਾਤਾਰ ਮੁਸ਼ਕਲ ਆ ਰਹੀ ਹੋਵੇ ਅਤੇ ਉਸ ਦੀ ਪੜ੍ਹਾਈ, ਨੀਂਦ ਜਾਂ ਰੋਜ਼ਾਨਾ ਦਾ ਜੀਵਨ ਗੰਭੀਰ ਰੂਪ ’ਚ ਪ੍ਰਭਾਵਿਤ ਹੋ ਰਿਹਾ ਹੋਵੇ, ਤਾਂ ਪਰਿਵਾਰ ਨੂੰ ਉਸ ਨੂੰ ਸ਼ਰਮਿੰਦਾ ਕਰਨ ਦੀ ਬਜਾਏ ਉਚਿਤ ਸਲਾਹ ਅਤੇ ਲੋੜ ਪੈਣ ’ਤੇ ਮਾਨਸਿਕ ਸਿਹਤ ਮਾਹਿਰ ਦੀ ਮਦਦ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਭਾਰਤ ਦੀ ਨੌਜਵਾਨ ਆਬਾਦੀ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ’ਚੋਂ ਇਕ ਹੈ। ਇਸੇ ਨੌਜਵਾਨ ਸ਼ਕਤੀ ਦੇ ਮੋਢਿਆਂ ’ਤੇ ਵਿਗਿਆਨ, ਸਿੱਖਿਆ, ਉਦਯੋਗ, ਖੇਤੀਬਾੜੀ, ਪ੍ਰਸ਼ਾਸਨ ਅਤੇ ਰਾਸ਼ਟਰ ਨਿਰਮਾਣ ਦੀ ਜ਼ਿੰਮੇਵਾਰੀ ਹੈ। ਜੇਕਰ ਉਹ ਡਿਜੀਟਲ ਤਕਨੀਕ ਦੀ ਵਰਤੋਂ ਗਿਆਨ, ਨਵਾਚਾਰ, ਹੁਨਰ ਅਤੇ ਰੁਜ਼ਗਾਰ ਦੇ ਮੌਕੇ ਤਲਾਸ਼ਣ ’ਚ ਕਰਨਗੇ, ਤਾਂ ਇਹੀ ਮੋਬਾਈਲ ਉਨ੍ਹਾਂ ਦੀ ਤਰੱਕੀ ਦਾ ਮਜ਼ਬੂਤ ਮਾਧਿਅਮ ਬਣ ਸਕਦਾ ਹੈ।
—ਪ੍ਰੋ. ਮਨੋਜ ਡੋਗਰਾ
