ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ

Saturday, Oct 31, 2026 - 11:11 AM (IST)

ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ

ਰਾਸ਼ਟਰੀ ਏਕਤਾ ਸਿਰਫ਼ ਨਕਸ਼ੇ ’ਤੇ ਸਰਹੱਦਾਂ ਖਿੱਚਣ ਨਾਲ ਸੁਰੱਖਿਅਤ ਨਹੀਂ ਹੁੰਦੀ। ਇਹ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਦੇ ਲੋਕ ਇਕ ਸਾਂਝੇ ਿਸਆਸੀ ਅਤੇ ਸਮਾਜਿਕ ਪ੍ਰਾਜੈਕਟ ਨਾਲ ਆਪਣਾ ਜੁੜਾਅ ਮਹਿਸੂਸ ਕਰਦੇ ਹਨ ਜਾਂ ਨਹੀਂ। ਭਾਰਤ ਲਈ ਇਹ ਚੁਣੌਤੀ ਆਜ਼ਾਦੀ ਤੋਂ ਬਾਅਦ ਕਾਫ਼ੀ ਵਿਕਸਤ ਹੋਈ ਹੈ। ਰਿਆਸਤਾਂ ਦੇ ਏਕੀਕਰਨ ਨੇ ਸੰਘ ਦੀ ਖੇਤਰੀ ਨੀਂਹ ਰੱਖੀ ਪਰ ਤੇਜ਼ ਆਰਥਿਕ ਪਰਿਵਰਤਨ, ਖੇਤਰੀ ਇੱਛਾਵਾਂ ਅਤੇ ਬਦਲਦੀਆਂ ਸਮਾਜਿਕ ਉਮੀਦਾਂ ਦੇ ਵਿਚਾਲੇ ਏਕਤਾ ਬਣਾਈ ਰੱਖਣ ਦਾ ਕਾਰਜ ਜਾਰੀ ਹੈ।

ਰਾਸ਼ਟਰੀ ਏਕਤਾ ਦਿਵਸ ਸਰਦਾਰ ਵੱਲਭਭਾਈ ਪਟੇਲ ਦੀ ਵਿਰਾਸਤ ਨੂੰ ਸਮਕਾਲੀ ਭਾਰਤ ਦੀਆਂ ਚੁਣੌਤੀਆਂ ਨਾਲ ਜੋੜ ਕੇ ਦੇਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਏਕਤਾ ਦਿਵਸ ਸਰਦਾਰ ਵੱਲਭਭਾਈ ਪਟੇਲ ਦਾ ਜਨਮ ਦਿਨ ਹੈ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਆਜ਼ਾਦੀ ਤੋਂ ਬਾਅਦ ਰਿਆਸਤਾਂ ਦੇ ਏਕੀਕਰਨ ’ਚ ਕੇਂਦਰੀ ਭੂਮਿਕਾ ਨਿਭਾਈ। ਭਾਰਤ ਸਰਕਾਰ ਨੇ 2014 ’ਚ ਇਸ ਦਿਵਸ ਦੀ ਸ਼ੁਰੂਆਤ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਲਈ ਕੀਤੀ। ਇਹ ਮੌਕਾ ਸਿਰਫ਼ ਯਾਦ ਕਰਨ ਦਾ ਦਿਨ ਨਹੀਂ, ਇਹ ਭਾਰਤ ਦੀ ਰਾਸ਼ਟਰੀ ਇਕਜੁੱਟਤਾ ਦੀ ਨੀਂਹ ਅਤੇ ਉਸ ਨੂੰ ਬਣਾਈ ਰੱਖਣ ਦੀਆਂ ਜ਼ਿੰਮੇਵਾਰੀਆਂ ’ਤੇ ਚਿੰਤਨ ਨੂੰ ਉਤਸ਼ਾਹਿਤ ਕਰਦਾ ਹੈ।

ਪਟੇਲ ਦੀ ਉਪਲਬਧੀ ਅਤੇ ਸੰਘ ਦੀ ਨੀਂਹ : 1947 ਹਾਲਾਤ ਨੇ ਸਿਆਸੀ ਏਕੀਕਰਨ ਨੂੰ ਤੁਰੰਤ ਪਹਿਲ ਬਣਾ ਦਿੱਤਾ। ਆਜ਼ਾਦੀ ਨੇ ਬਰਤਾਨਵੀ ਸ਼ਾਸਨ ਦਾ ਅੰਤ ਕੀਤਾ ਪਰ ਸੈਂਕੜੇ ਰਿਆਸਤਾਂ ਨੂੰ ਉੱਭਰਦੇ ਸੰਘ ਦੇ ਨਾਲ ਆਪਣੇ ਸੰਬੰਧ ਤੈਅ ਕਰਨੇ ਸਨ। ਉਨ੍ਹਾਂ ਦਾ ਏਕੀਕਰਨ ਖੰਡਿਤ ਸਿਆਸੀ ਦ੍ਰਿਸ਼ਟੀ ਦੀ ਬਜਾਏ ਇਕ ਕਾਰਜਸ਼ੀਲ ਦੇਸ਼ ਬਣਾਉਣ ਲਈ ਜ਼ਰੂਰੀ ਸੀ।

ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਸਰਦਾਰ ਪਟੇਲ ਨੇ ਵੀ. ਪੀ. ਮੈਨਨ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਇਸ ਪ੍ਰਕਿਰਿਆ ’ਚ ਮੋਹਰੀ ਭੂਮਿਕਾ ਨਿਭਾਈ। ਗੱਲਬਾਤ ਅਤੇ ਿਸਆਸੀ ਸਮਝ ਨਾਲ ਜ਼ਿਆਦਾਤਰ ਰਾਜਾਂ ਦਾ ਰਲੇਵਾਂ ਯਕੀਨੀ ਹੋਇਆ, ਹਾਲਾਂਕਿ ਕੁਝ ਮਾਮਲਿਆਂ ’ਚ ਵਧੇਰੇ ਗੁੰਝਲਦਾਰ ਉਪਾਵਾਂ ਦੀ ਲੋੜ ਪਈ, ਜਿਨ੍ਹਾਂ ’ਚ ਪਟੇਲ ਦਾ ਦ੍ਰਿੜ੍ਹ ਸੰਕਲਪ ਅਤੇ ਿਸਆਸੀ ਵਿਵੇਕ ਨਤੀਜੇ ਲਈ ਕੇਂਦਰ ਸੀ।

ਨਵੀਂ ਚੁਣੌਤੀ-ਵਿਕਾਸ ਦੇ ਰਾਹੀਂ ਏਕਤਾ : ਭਾਰਤ ਦੀ ਸਮਕਾਲੀ ਚੁਣੌਤੀ ਰਿਆਸਤਾਂ ਦਾ ਏਕੀਕਰਨ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਤੇਜ਼ ਰਾਸ਼ਟਰੀ ਵਿਕਾਸ ਸਾਂਝੀ ਤਰੱਕੀ ਦੀ ਭਾਵਨਾ ’ਚ ਪਰਿਵਰਤਿਤ ਹੋਵੇ। ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ, ਬਿਹਤਰ ਆਵਾਜਾਈ ਸੰਪਰਕ, ਡਿਜੀਟਲ ਕੁਨੈਕਟੀਵਿਟੀ ਅਤੇ ਵਧਦੇ ਆਰਥਿਕ ਮੌਕੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਰਾਸ਼ਟਰੀ ਬਾਜ਼ਾਰਾਂ ਅਤੇ ਸੰਸਥਾਵਾਂ ਨਾਲ ਵਧੇਰੇ ਨੇੜਤਾ ਤੋਂ ਜੋੜ ਸਕਦੇ ਹਨ। ਸਰਹੱਦੀ ਖੇਤਰਾਂ ਅਤੇ ਉੱਤਰ-ਪੂਰਬ ’ਚ ਕੁਨੈਕਟੀਵਿਟੀ ਪ੍ਰਾਜੈਕਟਾਂ ਦਾ ਪ੍ਰਭਾਵ ਨਾ ਸਿਰਫ਼ ਗਤੀਸ਼ੀਲਤਾ ਅਤੇ ਸੁਰੱਖਿਆ ’ਤੇ ਪੈਂਦਾ ਹੈ, ਸਗੋਂ ਸੇਵਾਵਾਂ ਤੱਕ ਪਹੁੰਚ ਅਤੇ ਆਰਥਿਕ ਹਿੱਸੇਦਾਰੀ ’ਤੇ ਵੀ ਪੈਂਦਾ ਹੈ।

ਹਾਲਾਂਕਿ, ਵਿਕਾਸ ਇਕੱਲਾ ਇਕਜੁੱਟਤਾ ਦੀ ਗਾਰੰਟੀ ਨਹੀਂ ਦੇ ਸਕਦਾ। ਰੋਜ਼ਗਾਰ, ਸਿੱਖਿਆ, ਜਨਤਕ ਸੇਵਾਵਾਂ ਅਤੇ ਨਿਵੇਸ਼ ’ਚ ਖੇਤਰੀ ਅੰਤਰ ਇਹ ਨਿਰਧਾਰਤ ਕਰ ਸਕਦੇ ਹਨ ਕਿ ਨਾਗਰਿਕ ਸੰਘ ਦਾ ਅਨੁਭਵ ਕਿਵੇਂ ਕਰਦੇ ਹਨ। ਇਕ ਭਰੋਸੇਯੋਗ ਰਾਸ਼ਟਰੀ ਦ੍ਰਿਸ਼ਟੀ ’ਚ ਆਰਥਿਕ ਇੱਛਾਵਾਂ ਦੇ ਨਾਲ ਸਥਾਨਕ ਲੋੜਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ। ਜਦੋਂ ਲੋਕ ਆਪਣੇ ਜੀਵਨ ’ਚ ਠੋਸ ਸੁਧਾਰ ਦੇਖਦੇ ਹਨ ਅਤੇ ਜਨਤਕ ਸੰਸਥਾਵਾਂ ’ਤੇ ਵਿਸ਼ਵਾਸ ਰੱਖਦੇ ਹਨ, ਤਾਂ ਸਾਂਝੇ ਰਾਸ਼ਟਰੀ ਪ੍ਰਾਜੈਕਟ ਨਾਲ ਜੁੜਾਅ ਦੀ ਭਾਵਨਾ ਵਧੇਰੇ ਸਾਰਥਕ ਹੋ ਜਾਂਦੀ ਹੈ।

ਇੱਥੇ ਸਹਿਕਾਰੀ ਸੰਘਵਾਦ ਮਹੱਤਵਪੂਰਨ ਹੈ। ਭਾਰਤ ਦੇ ਪੈਮਾਨੇ ਅਤੇ ਭਿੰਨਤਾ ਲਈ ਬੁਨਿਆਦੀ ਢਾਂਚੇ, ਉਦਯੋਗ, ਸਿੱਖਿਆ, ਜਨਤਕ ਸਿਹਤ ਅਤੇ ਅੰਦਰੂਨੀ ਸੁਰੱਖਿਆ ’ਤੇ ਸੰਘ ਅਤੇ ਰਾਜ ਸਰਕਾਰਾਂ ਵਿਚਾਲੇ ਤਾਲਮੇਲ ਦੀ ਲੋੜ ਹੈ। ਲੋਕਤੰਤਰ ’ਚ ਿਸਆਸੀ ਮਤਭੇਦ ਅਟੱਲ ਹਨ, ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਸੰਸਥਾਵਾਂ ਉਨ੍ਹਾਂ ’ਤੇ ਰਚਨਾਤਮਕ ਤਰੀਕੇ ਨਾਲ ਪਾਬੰਦੀ ਲਗਾ ਸਕਦੀਆਂ ਹਨ। ਜਦੋਂ ਸਰਕਾਰਾਂ ਸੰਵਿਧਾਨਕ ਜ਼ਿੰਮੇਵਾਰੀਆਂ ਅਤੇ ਵਾਜਿਬ ਖੇਤਰੀ ਇੱਛਾਵਾਂ ਦਾ ਸਤਿਕਾਰ ਕਰਦਿਆਂ ਮਿਲ ਕੇ ਕੰਮ ਕਰਦੀਆਂ ਹਨ, ਤਾਂ ਰਾਸ਼ਟਰੀ ਏਕਤਾ ਮਜ਼ਬੂਤ ਹੁੰਦੀ ਹੈ।

ਭਿੰਨਤਾ, ਸਮਾਜਿਕ ਵਿਸ਼ਵਾਸ ਅਤੇ ਅਗਲੀ ਪੀੜ੍ਹੀ : ਭਾਰਤ ਦੀ ਤਾਕਤ ਅੰਸ਼ਕ ਤੌਰ ’ਤੇ ਕਈ ਭਾਸ਼ਾਵਾਂ, ਸੱਭਿਆਚਾਰਾਂ, ਪ੍ਰੰਪਰਾਵਾਂ ਅਤੇ ਖੇਤਰੀ ਪਛਾਣਾਂ ਨੂੰ ਅਨੁਕੂਲ ਬਣਾਉਣ ਦੀ ਸਮਰੱਥਾ ’ਚ ਸ਼ਾਮਲ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਨਾਗਰਿਕ ਇਹ ਮੰਨਣ ਕਿ ਉਨ੍ਹਾਂ ਦੀਆਂ ਪਛਾਣਾਂ ਇਕ ਸਾਂਝੇ ਸੰਵਿਧਾਨਕ ਅਤੇ ਿਸਆਸੀ ਢਾਂਚੇ ਦੇ ਅੰਦਰ ਸਹਿ-ਹੋਂਦ ਰੱਖ ਸਕਦੀਆਂ ਹਨ। ਸਮਾਜਿਕ ਇਕਜੁੱਟਤਾ ਸਿਰਫ਼ ਸਰਕਾਰੀ ਸੁਨੇਹਿਆਂ ਨਾਲ ਬਣੀ ਨਹੀਂ ਰਹਿ ਸਕਦੀ। ਇਸ ਲਈ ਜ਼ਿੰਮੇਵਾਰ ਜਨਤਕ ਵਿਚਾਰ-ਵਟਾਂਦਰਾ, ਨਾਗਰਿਕਾਂ ਪ੍ਰਤੀ ਸਮਾਨ ਸਤਿਕਾਰ ਅਤੇ ਇਹ ਵਿਸ਼ਵਾਸ ਜ਼ਰੂਰੀ ਹੈ ਕਿ ਮਤਭੇਦਾਂ ਨੂੰ ਲੋਕਤੰਤਰਿਕ ਸੰਸਥਾਵਾਂ ਦੇ ਰਾਹੀਂ ਪ੍ਰਗਟ ਅਤੇ ਹੱਲ ਕੀਤਾ ਜਾ ਸਕਦਾ ਹੈ।

ਨੌਜਵਾਨ ਭਾਰਤੀਆਂ ਦੀ ਇਸ ਪ੍ਰਕਿਰਿਆ ’ਚ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਭੂਮਿਕਾ ਹੈ। ਵਿਦਿਅਕ ਅਦਾਨ-ਪ੍ਰਦਾਨ, ਸੱਭਿਆਚਾਰਕ ਪ੍ਰੋਗਰਾਮ, ਅੰਤਰ-ਰਾਜ ਯਾਤਰਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਬਾਰੇ ਸਿੱਖਣ ਦੇ ਮੌਕੇ ਖੇਤਰੀ ਸਰਹੱਦਾਂ ਤੋਂ ਪਰੇ ਜਾਣ-ਪਛਾਣ ਬਣਾ ਸਕਦੇ ਹਨ। 2015 ’ਚ ਐਲਾਨੀ ‘ਇਕ ਭਾਰਤ ਸ੍ਰੇਸ਼ਠ ਭਾਰਤ’ ਪਹਿਲ ਸੂਬਿਅਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਆਪਸੀ ਸਮਝ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦੀ ਹੈ। ਅਜਿਹੀਆਂ ਪਹਿਲਾਂ ਰਾਸ਼ਟਰੀ ਏਕੀਕਰਨ ਨੂੰ ਇਕ ਅਮੂਰਤ ਆਦਰਸ਼ ਦੀ ਬਜਾਏ ਜਿਉਂਦਾ-ਜਾਗਦਾ ਅਨੁਭਵ ਬਣਾ ਸਕਦੀਆਂ ਹਨ।

ਏਕਤਾ ਇਕ ਨਿਰੰਤਰ ਰਾਸ਼ਟਰੀ ਜ਼ਿੰਮੇਵਾਰੀ ਵਜੋਂ : ਏਕਤਾ ਦਿਵਸ ਸੁਰੱਖਿਆ ਅਤੇ ਸਮਾਵੇਸ਼ ਦੇ ਵਿਚਾਲੇ ਸੰਬੰਧ ਨੂੰ ਵੀ ਉਜਾਗਰ ਕਰਦਾ ਹੈ। ਖੇਤਰੀ ਅਖੰਡਤਾ ਦੀ ਰੱਖਿਆ ਅਤੇ ਜਨਤਕ ਵਿਵਸਥਾ ਬਣਾਏ ਰੱਖਣਾ ਸੂਬੇ ਦੀਆਂ ਜ਼ਰੂਰੀ ਜ਼ਿੰਮੇਵਾਰੀਆਂ ਹਨ ਪਰ ਸਥਾਈ ਸਥਿਰਤਾ ਉਨ੍ਹਾਂ ਹਾਲਾਤ ਨੂੰ ਦੂਰ ਕਰਨ ’ਤੇ ਵੀ ਨਿਰਭਰ ਕਰਦੀ ਹੈ ਜੋ ਭਾਈਚਾਰਿਆਂ ਨੂੰ ਅਲੱਗ-ਥਲੱਗ ਜਾਂ ਅਸੰਤੁਸ਼ਟ ਛੱਡ ਦਿੰਦੀਆਂ ਹਨ। ਵਿਕਾਸ, ਜਨਤਕ ਸੇਵਾਵਾਂ ਤੱਕ ਪਹੁੰਚ ਅਤੇ ਸਾਰਥਕ ਹਿੱਸੇਦਾਰੀ ਸ਼ਾਂਤੀ ਦੀ ਨੀਂਹ ਨੂੰ ਮਜ਼ਬੂਤ ਕਰ ਸਕਦੀ ਹੈ।

ਪਟੇਲ ਦੀ ਵਿਰਾਸਤ ਨੂੰ ਇਤਿਹਾਸਕ ਅਤੇ ਸਮਕਾਲੀ ਦੋਵਾਂ ਸੰਦਰਭਾਂ ’ਚ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਕਜੁੱਟ ਭਾਰਤ ਦੀ ਰਾਸ਼ਟਰੀ ਨੀਂਹ ਰੱਖਣ ’ਚ ਮਦਦ ਕੀਤੀ। ਮੌਜੂਦਾ ਪੀੜ੍ਹੀ ਨੂੰ ਲੋਕਤੰਤਰਿਕ ਸੰਸਥਾਵਾਂ, ਸਮਾਵੇਸ਼ੀ ਵਿਕਾਸ ਅਤੇ ਆਪਸੀ ਸਤਿਕਾਰ ਰਾਹੀਂ ਸੰਘ ਨੂੰ ਇਕਜੁੱਟ ਬਣਾਈ ਰੱਖਣਾ ਹੋਵੇਗਾ।

ਰਾਸ਼ਟਰੀ ਏਕਤਾ ਦਾ ਮਾਪਦੰਡ ਇਹ ਨਹੀਂ ਹੈ ਕਿ ਹਰ ਨਾਗਰਿਕ ਇਕੋ ਜਿਹਾ ਸੋਚੇ, ਸਗੋਂ ਇਹ ਹੈ ਕਿ ਵੱਖ-ਵੱਖ ਪਛਾਣਾਂ ਅਤੇ ਹਿੱਤਾਂ ਵਾਲੇ ਲੋਕ ਇਕ ਸਾਂਝਾ ਭਵਿੱਖ ਸਾਂਝਾ ਕਰ ਸਕਣ। ਜਦੋਂ ਭਾਰਤ ਸੰਸਾਰਿਕ ਭੂਮਿਕਾ ਵਧਾਉਣ ਅਤੇ ਆਪਣੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਦਾ ਯਤਨ ਕਰ ਰਿਹਾ ਹੈ, ਤਾਂ ਇਹ ਫਰਕ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਰਾਸ਼ਟਰੀ ਏਕਤਾ ਦਿਵਸ ਯਾਦ ਦਿਵਾਉਂਦਾ ਹੈ ਕਿ ਏਕਤਾ ਅਤੀਤ ਤੋਂ ਵਿਰਾਸਤ ’ਚ ਮਿਲੀ ਪੂਰਨ ਉਪਲਬਧੀ ਨਹੀਂ ਹੈ। ਇਹ ਇਕ ਨਿਰੰਤਰ ਰਾਸ਼ਟਰੀ ਜ਼ਿੰਮੇਵਾਰੀ ਹੈ, ਜੋ ਨਾਗਰਿਕਤਾ ਦੇ ਰੋਜ਼ਾਨਾ ਅਨੁਭਵ ਰਾਹੀਂ ਨਵਿਆਈ ਜਾਂਦੀ ਰਹਿੰਦੀ ਹੈ।

—ਪੂਰਨ ਚੰਦ ਸਰੀਨ, ਅਦਿਲ ਆਜ਼ਮੀ ਤੇ ਨੀਲਕਾਂਤ ਬਖਸ਼ੀ


author

Harpreet SIngh

Content Editor

Related News