ਕੀ ਮੈਨੂੰ ਤੁਹਾਡਾ ‘ਪਰਦਾਫਾਸ਼’ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ...?
Saturday, Oct 31, 2026 - 06:53 PM (IST)
‘‘ਸ਼ੁੱਭ ਸਵੇਰਾ, ਸਰ! ਮੈਂ ਇਕ ਪੱਤਰਕਾਰ ਹਾਂ ਅਤੇ ਤੁਹਾਡੇ ਵਿਭਾਗ ਦੁਆਰਾ ਬਣਾਏ ਗਏ ਪੁਲ ਦੀ ਜਾਂਚ ਕਰ ਰਿਹਾ ਹਾਂ।’’
‘‘ਬਹੁਤ ਵਧੀਆ! ਕੀ ਇਸ ਨੇ ਕੋਈ ਪੁਰਸਕਾਰ ਜਿੱਤਿਆ ਹੈ?’’
‘‘ਇਹ ਨਦੀ ’ਚ ਡਿੱਗ ਚੁੱਕਾ ਹੈ, ਸਰ। ਪਰ ਇਕਰਾਰਨਾਮੇ ਬਾਰੇ ਲਿਖਣ ਤੋਂ ਪਹਿਲਾਂ, ਮੈਂ ਸੋਚਿਆ ਕਿ ਮੈਨੂੰ ਤੁਹਾਡੀ ਸਹਿਮਤੀ ਲੈ ਲੈਣੀ ਚਾਹੀਦੀ ਹੈ।’’
ਉੱਥੇ ਇਕ ਵਿਚਾਰਸ਼ੀਲ ਸੰਨਾਟਾ ਛਾ ਗਿਆ। ਦੂਜੇ ਪਾਸੇ ਕਿਤੇ, ਮੈਂ ਕਲਪਨਾ ਕੀਤੀ ਕਿ ਇਕ ਕੁਰਸੀ ਨੂੰ ਮੇਜ਼ ਦੇ ਥੋੜ੍ਹਾ ਹੋਰ ਕਰੀਬ ਖਿੱਚਿਆ ਜਾ ਰਿਹਾ ਹੈ। ਇੱਥੇ, ਆਖਿਰਕਾਰ, ਇਕ ਅਜਿਹਾ ਪੱਤਰਕਾਰ ਸੀ ਜੋ ਸਮਝਦਾ ਸੀ ਕਿ ਪ੍ਰੈੱਸ ਅਤੇ ਸੱਤਾ ਵਿਚਾਲੇ ਇਕ ਸਿਹਤਮੰਦ ਰਿਸ਼ਤਾ ਕਿਵੇਂ ਕੰਮ ਕਰਨਾ ਚਾਹੀਦਾ ਹੈ।
‘‘ਤੁਸੀਂ ਅਸਲ ’ਚ ਕੀ ਪ੍ਰਕਾਸ਼ਿਤ ਕਰਨਾ ਚਾਹੁੰਦੇ ਹੋ?’’
‘‘ਮਨਜ਼ੂਰਸ਼ੁਦਾ ਰਾਸ਼ੀ, ਖਰਚ ਕੀਤੀ ਗਈ ਰਾਸ਼ੀ ਅਤੇ ਤੁਹਾਡੇ ਭਰਾ ਦੀ ਕੰਪਨੀ ਨੂੰ ਇਹ ਇਕਰਾਰਨਾਮਾ ਕਿਵੇਂ ਮਿਲਿਆ।’’
‘‘ਮੇਰਾ ਭਰਾ ਇਕ ਨਿੱਜੀ ਵਿਅਕਤੀ ਹੈ।’’
‘‘ਉਸਨੇ ਇਕ ਜਨਤਕ ਪੁਲ ਬਣਾਇਆ।’’
‘‘ਹਾਂ, ਪਰ ਉਸ ਨੇ ਅਜਿਹਾ ਬਹੁਤ ਨਿੱਜੀ ਤੌਰ ’ਤੇ ਕੀਤਾ।’’
ਇਹ ਕਾਲਪਨਿਕ ਗੱਲਬਾਤ ਉਦੋਂ ਯਾਦ ਆਈ, ਜਦੋਂ ਮੈਂ ਪੜ੍ਹਿਆ ਕਿ 21 ਸਮਾਚਾਰ ਪ੍ਰਕਾਸ਼ਕਾਂ ਨੇ ਭਾਰਤ ਦੇ ਨਿੱਜਤਾ ਕਾਨੂੰਨ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਸਦੀ ਸਹਿਮਤੀ ਸੰਬੰਧੀ ਲੋੜਾਂ ਪੱਤਰਕਾਰੀ ’ਚ ਅੜਿੱਕਾ ਪਾ ਸਕਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨ ਲਈ ਤਿਆਰ ਹੈ।
ਹੁਣ, ਨਿੱਜਤਾ ਸੁਰੱਖਿਆ ਦੀ ਹੱਕਦਾਰ ਹੈ। ਕਿਸੇ ਨੂੰ ਵੀ ਬੈੱਡਰੂਮ ਦੀ ਖਿੜਕੀ ਤੋਂ ਝਾਕਣ ਵਾਲੇ ਜਾਂ ਮਨੋਰੰਜਨ ਲਈ ਕਿਸੇ ਮਰੀਜ਼ ਦੇ ਮੈਡੀਕਲ ਰਿਕਾਰਡ ਪ੍ਰਕਾਸ਼ਿਤ ਕਰਨ ਵਾਲੇ ਰਿਪੋਰਟਰ ਦੀ ਲੋੜ ਨਹੀਂ ਹੈ ਪਰ ਜਦੋਂ ਜਨਤਾ ਦਾ ਪੈਸਾ ਨਿੱਜੀ ਜੇਬਾਂ ’ਚ ਜਾਂਦਾ ਹੈ, ਤਾਂ ਨਿਸ਼ਚਿਤ ਤੌਰ ’ਤੇ ਉਸ ਯਾਤਰਾ ਲਈ ਇਕ ਯਾਤਰਾ ਪੱਤਰਕਾਰ ਤਾਂ ਹੋਣਾ ਹੀ ਚਾਹੀਦਾ ਹੈ।
‘‘ਸਰ, ਕੀ ਅਸੀਂ ਟੋਏ ਦੀ ਤਸਵੀਰ ਲੈ ਸਕਦੇ ਹਾਂ?’’
‘‘ਬਿਲਕੁਲ।’’
‘‘ਅਤੇ ਇਹ ਜ਼ਿਕਰ ਕਰ ਸਕਦੇ ਹਾਂ ਕਿ ਇਸ ਦੀ ਮੁਰੰਮਤ ਲਈ ਕਿਸ ਨੂੰ ਭੁਗਤਾਨ ਕੀਤਾ ਗਿਆ ਸੀ।’’
‘‘ਹੁਣ ਤੁਸੀਂ ਦਖਲਅੰਦਾਜ਼ੀ ਕਰ ਰਹੇ ਹੋ।’’
ਮੈਂ ਇਕ ਨਿਊਜ਼ਰੂਮ ਦੀ ਕਲਪਨਾ ਕਰ ਸਕਦਾ ਹਾਂ, ਜਿੱਥੇ ਅਕਾਊਂਟਸ ਅਤੇ ਇਸ਼ਤਿਹਾਰ ਦੇ ਬਗਲ ’ਚ ਇਕ ਨਵਾਂ ਵਿਭਾਗ ਹੋਵੇ—ਸਹਿਮਤੀ। ਸੈਂਕੜੇ ਨਿਮਰ ਨੌਜਵਾਨ ਕਰਮਚਾਰੀ ਉਨ੍ਹਾਂ ਲੋਕਾਂ ਨੂੰ ਫੋਨ ਕਰ ਰਹੇ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਪਹਿਲੇ ਪੰਨੇ ’ਤੇ ਛਪਣ ਵਾਲੀਆਂ ਹਨ।
‘‘ਮੈਡਮ, ਸਾਡੇ ਕੋਲ ਅਜਿਹੇ ਦਸਤਾਵੇਜ਼ ਹਨ ਜੋ ਦੱਸਦੇ ਹਨ ਕਿ ਤੁਹਾਡੀ ਸੰਸਥਾ ਨੇ ਰਾਹਤ ਫੰਡ ਦੀ ਦੁਰਵਰਤੋਂ ਕੀਤੀ ਹੈ।’’
‘‘ਕਿੰਨਾ ਦੁਖਦਾਇਕ ਹੈ!’’
‘‘ਹਾਂ, ਮੈਡਮ।’’
‘‘ਮੇਰੇ ਕਹਿਣ ਦਾ ਮਤਲਬ ਇਹ ਦੁਖਦਾਇਕ ਹੈ ਕਿ ਤੁਹਾਡੇ ਕੋਲ ਉਹ ਦਸਤਾਵੇਜ਼ ਹਨ।’’
ਸੰਪਾਦਕ ਬੇਸਬਰੀ ਨਾਲ ਉਡੀਕ ਕਰਦਾ ਹੈ। ਪ੍ਰੈੱਸ ਤਿਆਰ ਖੜ੍ਹੀ ਹੈ। ਆਖਿਰਕਾਰ, ਸਹਿਮਤੀ ਕਾਰਜਕਾਰੀ ਇਕ ਸ਼ਾਨਦਾਰ ਖ਼ਬਰ ਨਾਲ ਪ੍ਰਵੇਸ਼ ਕਰਦਾ ਹੈ। ਮੌਸਮ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਮਿਲ ਗਈ ਹੈ, ਬਸ਼ਰਤੇ ਬੱਦਲਾਂ ਦੀ ਪਛਾਣ ਨਾ ਕੀਤੀ ਜਾ ਸਕੇ।
ਸੋਚੋ ਕਿ ਅਜਿਹੀ ਵਿਵਸਥਾ ਉਸ ਛੋਟੀ ਜਿਹੀ ਰਿਸ਼ਵਤ ਦਾ ਕੀ ਹਾਲ ਕਰੇਗੀ। ਲਿਫਾਫੇ ’ਤੇ ਇਕ ਛੋਟਾ ਜਿਹਾ ਐਲਾਨ ਆ ਸਕਦਾ ਹੈ—‘‘ਇਸ ਲੈਣ-ਦੇਣ ਦੀ ਸਮੱਗਰੀ ਨਿੱਜੀ ਹੈ। ਜਨਹਿੱਤ ਨਾਲ ਕਿਸੇ ਵੀ ਸਮਾਨਤਾ ਲਈ ਡੂੰਘਾ ਦੁੱਖ ਹੈ।’’
ਇਸ ਦੌਰਾਨ, ਨਾਗਰਿਕ ਜੁਰਾਬਾਂ ਖਰੀਦਣ ਲਈ ਆਪਣਾ ਫੋਨ ਨੰਬਰ, ਲੰਚ ਆਰਡਰ ਕਰਨ ਲਈ ਆਪਣਾ ਜਨਮਦਿਨ ਅਤੇ ਭੁੱਲਿਆ ਹੋਇਆ ਪਾਸਵਰਡ ਵਾਪਸ ਪਾਉਣ ਲਈ ਆਪਣੇ ਪੂਰੇ ਪਰਿਵਾਰ ਦਾ ਇਤਿਹਾਸ ਦੇਣਾ ਜਾਰੀ ਰੱਖਦਾ ਹੈ। ਉਸ ਦੀ ਨਿੱਜਤਾ ਉੱਘੇ ਤੌਰ ’ਤੇ ਸਮਝੌਤਾਵਾਦੀ ਲੱਗਦੀ ਹੈ ਪਰ ਜਿਵੇਂ ਹੀ ਉਹ ਪੁੱਛਦਾ ਹੈ ਕਿ ਉਸ ਦਾ ਟੈਕਸ ਦਾ ਪੈਸਾ ਕਿੱਥੇ ਗਿਆ, ਖੁਫੀਆਪਣ ਅਚਾਨਕ ਪਵਿੱਤਰ ਹੋ ਜਾਂਦਾ ਹੈ।
ਸੰਪਾਦਕਾਂ ਨੂੰ ਸੁਣਨ ਲਈ ਮੰਤਰੀ ਦੀ ਕਾਹਲੀ ਸਵਾਗਤਯੋਗ ਹੈ। ਉਮੀਦ ਹੈ ਕਿ ਉਸ ਚਰਚਾ ਨਾਲ ਜਨਤਾ ਦੀ ਸੇਵਾ ਕਰਨ ਵਾਲੀ ਪੱਤਰਕਾਰੀ ਲਈ ਸਪੱਸ਼ਟ ਸੁਰੱਖਿਆ ਸਾਹਮਣੇ ਆਵੇਗੀ।
ਅਸੀਂ ਆਪਣੇ ਕਾਲਪਨਿਕ ਪੁਲ ’ਤੇ ਪਰਤਦੇ ਹਾਂ, ਆਖਿਰਕਾਰ ਅਧਿਕਾਰੀ ਦਾ ਫੋਨ ਆਉਂਦਾ ਹੈ।
‘‘ਤੁਹਾਨੂੰ ਪ੍ਰਕਾਸ਼ਿਤ ਕਰਨ ਦੀ ਮੇਰੀ ਇਜਾਜ਼ਤ ਹੈ।’’
‘‘ਜਾਂਚ ਨੂੰ?’’
‘‘ਨਹੀਂ। ਚਿੰਤਾ ਪ੍ਰਗਟ ਕਰਨ ਵਾਲੇ ਮੇਰੇ ਬਿਆਨ ਨੂੰ।’’
‘‘ਅਤੇ ਉਹ ਗਾਇਬ ਪੈਸਾ?’’
‘‘ਕਿਰਪਾ ਕਰਕੇ ਉਸ ਦੀ ਨਿੱਜਤਾ ਦਾ ਸਤਿਕਾਰ ਕਰੋ।’’
ਮੈਂ ਫੋਨ ਰੱਖਿਆ ਅਤੇ ਟੁੱਟੇ ਹੋਏ ਪੁਲ ਦੀ ਤਸਵੀਰ ਦੇਖੀ। ਉਸਦੇ ਹੇਠਾਂ, ਪੇਂਡੂ ਕੰਮ ’ਤੇ ਜਾਣ ਲਈ ਨਦੀ ’ਚੋਂ ਹੋ ਕੇ ਲੰਘ ਰਹੇ ਸਨ, ਆਪਣੀਆਂ ਜੁੱਤੀਆਂ ਨੂੰ ਪਾਣੀ ਤੋਂ ਉੱਪਰ ਚੁੱਕੀ ਹੋਏ।
ਉਨ੍ਹਾਂ ਦਾ ਪੈਸਾ ਖਰਚ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਸਹਿਮਤੀ ਨਹੀਂ ਮੰਗੀ ਗਈ ਸੀ।
ਸ਼ਾਇਦ ਕਿਸੇ ਨੂੰ ਸ਼ੁਰੂਆਤ ਉਨ੍ਹਾਂ ਤੋਂ ਕਰਨੀ ਚਾਹੀਦੀ ਹੈ, ਸਾਡੇ ਨਾਲ...!
—ਰਾਬਰਟ ਕਲੀਮੈਂਟਸ
