ਕੁਲ 7 ਯਤਨ ਕੀਤੇ ਗਏ ਸਨ ਮਹਾਤਮਾ ਗਾਂਧੀ ਜੀ ਦੀ ਹੱਤਿਆ ਦੇ
Thursday, Jan 30, 2025 - 02:56 AM (IST)
ਹਰ ਸਾਲ 30 ਜਨਵਰੀ ਨੂੰ ਰਿਣੀ ਰਾਸ਼ਟਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਸੰਭਵ ਤੌਰ ’ਤੇ ਦੂਜੀ ਜਮਾਤ ’ਚ ਬੱਚਿਆਂ ਨੂੰ ਸਭ ਤੋਂ ਪਹਿਲਾਂ 1857 ਦੀ ਆਜ਼ਾਦੀ ਦੀ ਲੜਾਈ ਬਾਰੇ ਪਤਾ ਲੱਗਦਾ ਹੈ ਅਤੇ ਫਿਰ ਹੌਲੀ-ਹੌਲੀ ਉਹ 1919 ਦੇ ਗਾਂਧੀ ਜੀ ਦੇ ਸ਼ਾਂਤੀਪੂਰਨ ਵਿਰੋਧ ਅੰਦੋਲਨਾਂ ਬਾਰੇ ਪੜ੍ਹਦੇ ਹਨ ਜਦੋਂ ਪੂਰਾ ਦੇਸ਼ ਇਕਜੁੱਟ ਹੋ ਕੇ ਅੰਗਰੇਜ਼ਾਂ ਵਿਰੁੱਧ ਲੜਨ ਲਈ ਇਕੱਠਾ ਅੱਗੇ ਆਇਆ ਸੀ। ਸਕੂਲੀ ਪੜ੍ਹਾਈ ਪੂਰੀ ਕਰਨ ਤੱਕ ਅਸੀਂ ਸਾਰੇ ਗਾਂਧੀ ਜੀ ਦੇ 7 ਵਿਰੋਧ ਅੰਦੋਲਨਾਂ ਬਾਰੇ ਪੜ੍ਹ ਚੁੱਕੇ ਹੁੰਦੇ ਹਾਂ।
ਇਸ ਤੋਂ ਸਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਗਾਂਧੀ ਜੀ ਦੀ ਹੱਤਿਆ ਦੀ ਸਾਜ਼ਿਸ਼ ਨਾਰਾਇਣ ਆਪਟੇ, ਗੋਪਾਲ ਗੋਡਸੇ, ਮਦਨ ਲਾਲ ਪਾਹਵਾ, ਦਿਗੰਬਰ ਬੈਜ ਅਤੇ ਨਾਥੂਰਾਮ ਗੋਡਸੇ ਆਦਿ 6 ਵਿਅਕਤੀਆਂ ਨੇ ਰਚੀ ਸੀ ਅਤੇ ਅਖੀਰ 30 ਜਨਵਰੀ, 1948 ਨੂੰ ਨਵੀਂ ਦਿੱਲੀ ’ਚ ਇਸ ਨੂੰ ਨਾਥੂਰਾਮ ਗੋਡਸੇ ਨੇ ਅੰਜ਼ਾਮ ਦਿੱਤਾ। ਅਖੀਰ ਇਨ੍ਹਾਂ ਲੋਕਾਂ ’ਤੇ ਮੁਕੱਦਮਾ ਚਲਾਉਣ ਪਿਛੋਂ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਦਿੱਤੀ ਗਈ।
ਨਾਥੂਰਾਮ ਗੋਡਸੇ ਆਪਣੇ ਮਾਤਾ-ਪਿਤਾ ਦਾ ਚੌਥਾ ਬੇਟਾ ਸੀ ਅਤੇ ਉਸ ਤੋਂ ਪਹਿਲਾਂ ਜਨਮੇ ਉਨ੍ਹਾਂ ਦੇ 3 ਲੜਕੇ ਜਿਊਂਦੇ ਨਹੀਂ ਬਚੇ ਸਨ, ਸਿਰਫ 3 ਲੜਕੀਆਂ ਬਚੀਆਂ ਸਨ। ਇਸ ਲਈ ਨਾਥੂ ਰਾਮ ਨੂੰ ਇਕ ਲੜਕੀ ਦੇ ਰੂਪ ’ਚ ਪਾਲਿਆ ਗਿਆ। ਹਾਲਾਂਕਿ ਉਸਦਾ ਨਾਂ ਰਾਮਚੰਦਰ ਸੀ ਪਰ ਉਸ ਦੇ ਨੱਕ ’ਚ ਲੜਕੀਆਂ ਵਾਂਗ ਨੱਥ ਪਹਿਨਾਈ ਗਈ ਅਤੇ ਉਸ ਨੂੰ ਪੁਕਾਰਿਆ ਜਾਣ ਲੱਗਾ- ਨੱਥ ਵਾਲਾ ਰਾਮ।
ਉਸ ਤੋਂ ਬਾਅਦ 4 ਹੋਰ ਲੜਕੇ ਪੈਦਾ ਹੋਏ। ਗੋਪਾਲ ਵਿਨਾਇਕ ਉਸ ਦਾ ਛੋਟਾ ਭਰਾ ਸੀ ਜੋ ਦੂਜੇ ਵਿਸ਼ਵ ਯੁੱਧ ’ਚ ਹਿੱਸਾ ਲੈਣ ਪਿੱਛੋਂ ਪੁਣੇ ਦੀ ਹਥਿਆਰ ਫੈਕਟਰੀ ’ਚ ਸਹਾਇਕ ਸਟੋਰ ਕੀਪਰ ਵਜੋਂ ਕੰਮ ਕਰ ਰਿਹਾ ਸੀ। ਇਸ ਤਰ੍ਹਾਂ ਗਾਂਧੀ ਜੀ ਦੀ ਹੱਤਿਆ ਲਈ ਉਹ ਹਥਿਆਰ ਹਾਸਲ ਕਰਨ ’ਚ ਸਫਲ ਹੋ ਗਿਆ।
ਰਾਇਲ ਇੰਡੀਅਨ ਏਅਰਫੋਰਸ ’ਚ ਰਿਕਰੂਮੈਂਟ ਅਫਸਰ ਵਜੋਂ ਕੰਮ ਕਰਦੇ ਨਾਰਾਇਣ ਆਪਟੇ ਨਾਲ ਵੀ ਇਹੀ ਸਥਿਤੀ ਸੀ। ਅਸਲ ’ਚ ਡਾਕਟਰ ਪਰਚੁਰੇ ਨੇ ਨਾਥੂ ਰਾਮ ਲਈ 28 ਜਨਵਰੀ, 1948 ਨੂੰ ਇਟਾਲੀਅਨ ਬੈਰੇਟਾ ਪਿਸਤੌਲ ਦਾ ਪ੍ਰਬੰਧ ਕੀਤਾ ਸੀ ਜਿਸ ਨਾਲ ਅਖੀਰ ਗਾਂਧੀ ਜੀ ਦੀ ਹੱਤਿਆ ਕੀਤੀ ਗਈ।
ਇਨ੍ਹਾਂ ਲੋਕਾਂ ਲਈ ਧਨ ਦੀ ਕੋਈ ਸਮੱਸਿਆ ਨਹੀਂ ਸੀ। ਲੇਖਕ ਸ਼ਿਬੂ ਪ੍ਰਸਾਦ ਨੇ ਆਪਣੀ ਕਿਤਾਬ ’ਚ ਲਿਖਿਆ ਹੈ ਕਿ ਗਾਂਧੀ ਜੀ ਦੀ ਹੱਤਿਆ ਦੀ ਯੋਜਨਾ ਪਾਕਿਸਤਾਨ ਲਈ 55 ਕਰੋੜ ਰੁਪਏ ਦੀ ਅਦਾਇਗੀ ਤੋਂ ਪਹਿਲਾਂ ਹੀ ਬਣਾ ਲਈ ਗਈ ਸੀ। ਗੋਡਸੇ ਅਤੇ ਆਪਟੇ ਜਹਾਜ਼ ਰਾਹੀਂ ਅਤੇ ਉੱਚ ਸ਼੍ਰੇਣੀ ਦੀਅਾਂ ਰੇਲ ਗੱਡੀਆਂ ’ਚ ਯਾਤਰਾ ਕਰਦੇ, ਚੰਗੇ ਹੋਟਲਾਂ ’ਚ ਰਹਿੰਦੇ ਅਤੇ ਹਥਿਆਰਾਂ ’ਤੇ ਕਾਫੀ ਧਨ ਖਰਚ ਕਰਦੇ ਸਨ।
ਤਾਂ ਫਿਰ ਗਾਂਧੀ ਜੀ ਦੀ ਹੱਤਿਆ ਦਾ ਕਾਰਨ ਕੀ ਸੀ? ਅਕਸਰ ਕਿਹਾ ਜਾਂਦਾ ਸੀ ਕਿ ਇਸ ਦਾ ਕਾਰਨ ਇਹ ਹੈ ਕਿ ਗਾਂਧੀ ਜੀ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਦੇ ਸਨ ਪਰ ਇਹ ਸਹੀ ਨਹੀਂ ਹੈ। ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਨ ਵਾਲੇ ਪਹਿਲੇ ਵਿਅਕਤੀ ਬਾਲ ਗੰਗਾਧਰ ਤਿਲਕ ਸਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਲ ਗੰਗਾਧਰ ਤਿਲਕ ਨੇ ਹੀ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਮੁਸਲਿਮ ਲੀਗ ਨਾਲ 1916 ’ਚ ਲਖਨਊ ਸਮਝੌਤੇ ’ਤੇ ਹਸਤਾਖਰ ਕੀਤੇ ਸਨ।
ਤਾਂ ਫਿਰ ਗਾਂਧੀ ਜੀ ਦੀ ਹੱਤਿਆ ਦਾ ਕਾਰਨ ਕੀ ਸੀ? ਸਪੱਸ਼ਟ ਤੌਰ ’ਤੇ ਇਸ ਦਾ ਘੱਟ ਜਾਣਿਆ ਜਾਂਦਾ ਕਾਰਨ ਹੈ ਉਨ੍ਹਾਂ ਦੀ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ ਨੂੰ ਉਪਰ ਚੁੱਕਣ ਦੀ ਨੀਤੀ ਅਤੇ ਹਰੀਜਨਾਂ ਨੂੰ ਸਭ ਦੇ ਬਰਾਬਰ ਲਿਆਉਣ ਦਾ ਉਨ੍ਹਾਂ ਦਾ ਵਿਚਾਰ। ਇਸੇ ਲਈ 3500 ਸਾਲਾਂ ਤੋਂ ਵਰਣ ਵਿਵਸਥਾ ਦੇ ਪ੍ਰਛਾਵੇਂ ਹੇਠ ਜਿਊਣ ਵਾਲੇ ਸਮਾਜ ’ਚ ਗਾਂਧੀ ਜੀ ਦੇ ਵਿਰੁੱਧ ਗੁੱਸਾ ਭੜਕ ਉੱਠਿਆ।
ਹਾਲਾਂਕਿ ਦੱਖਣੀ ਅਫਰੀਕਾ ’ਚ ਵੀ 2 ਵਾਰ ਗਾਂਧੀ ਜੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤ ’ਚ ਉਨ੍ਹਾਂ ’ਤੇ ਪਹਿਲਾ ਜਾਨਲੇਵਾ ਹਮਲਾ 1934 ’ਚ ਕੀਤਾ ਗਿਆ ਜਦੋਂ ਉਹ ਪੁਣੇ ’ਚ ਛੂਤਛਾਤ ਵਿਰੁੱਧ ਮੁਹਿੰਮ ਚਲਾ ਰਹੇ ਸਨ। 1931 ’ਚ ਉਨ੍ਹਾਂ ਨੇ ਕਾਂਗਰਸ ਦੇ ਕਰਾਚੀ ਸੰਮੇਲਨ ’ਚ ‘ਇਕ ਵਿਅਕਤੀ, ਇਕ ਵੋਟ ਅਤੇ ਸਭ ਲਈ ਬਰਾਬਰ ਮੁੱਢਲੇ ਅਧਿਕਾਰ’ ਦਾ ਬਿੱਲ ਪਾਸ ਕਰਵਾਇਆ ਸੀ।
ਵੰਡ ਤੋਂ ਠੀਕ ਪਹਿਲਾਂ ਅਤੇ ਉਸ ਪਿਛੋਂ ਪੈਦਾ ਹੋਣ ਵਾਲੀ ਬੇਚੈਨੀ ਨੇ ਗਾਂਧੀ ਵਿਰੋਧੀਆਂ ਨੂੰ ਮੌਕਾ ਮੁਹੱਈਆ ਕਰਵਾ ਦਿੱਤਾ।
ਅਸਲ ’ਚ ਗਾਂਧੀ ਜੀ ਦੀ ਹੱਤਿਆ ਦੀਆਂ 7 ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ 5 ਦੇ ਵਿਸ਼ੇ ’ਚ ਬ੍ਰਿਟਿਸ਼ ਏਜੰਸੀਆਂ ਵੱਲੋਂ ਠੋਸ ਡਾਕੂਮੈਂਟ ਪੇਸ਼ ਕੀਤੇ ਗਏ ਹਨ। ਇਨ੍ਹਾਂ ’ਚੋਂ 3 ਯਤਨਾਂ ’ਚ ਨਾਥੂਰਾਮ ਗੋਡਸੇ ਅਤੇ ਨਾਰਾਇਣ ਆਪਟੇ ਸ਼ਾਮਲ ਸਨ। ਅਜਿਹੇ ਹੀ ਇਕ ਯਤਨ ’ਚ ਇਕ ਬੰਬ ਵੀ ਫਟ ਗਿਆ ਸੀ।
ਇਹ ਗੱਲ ਹੈਰਾਨੀਜਨਕ ਹੈ ਕਿ ਬ੍ਰਿਟਿਸ਼ ਸਰਕਾਰੀ ਏਜੰਸੀਆਂ ਅਤੇ ਮੁੰਬਈ ਸਰਕਾਰ ਨੇ ਇਹ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਨ੍ਹਾਂ ਹਮਲਿਆਂ ਪਿੱਛੇ ਕਿਸ ਦਾ ਹੱਥ ਸੀ ਪਰ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਅਹਿੰਸਾ ਅਤੇ ਬਰਾਬਰੀ ਦੇ ਸਿਧਾਂਤਾਂ ਦੇ ਪੁਜਾਰੀ ਗਾਂਧੀ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ’ਚੋਂ ਬਾਹਰ ਕੱਢਿਆ, ਦੇ ਹੱਤਿਆਰੇ ਗੋਡਸੇ ਨੂੰ ਗਾਂਧੀ ਜੀ ਦੇ ਪ੍ਰਵਚਨ ਸੁਣਨ ਆਏ ਹਰਬਰਟ ਥਾਮਸ ਰੇਨਰ ਜੂਨੀਅਰ ਨਾਂ ਦੇ ਅਮਰੀਕੀ ਕੈਰੀਅਰ ਡਿਪਲੋਮੈਟ ਨੇ ਮੋਢਿਆਂ ਤੋਂ ਫੜ ਕੇ ਦਬੋਚ ਲਿਆ ਸੀ ਅਤੇ ਤਦ ਤਕ ਦਬੋਚ ਰੱਖਿਆ ਜਦ ਤਕ ਫੌਜ ਅਤੇ ਪੁਲਸ ਨਹੀਂ ਆ ਗਈ।
ਲੋਕ ਗਾਂਧੀ ਨਾਲ ਅਸਹਿਮਤ ਹੋ ਸਕਦੇ ਹਨ ਪਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅਹਿੰਸਾ ਨਾਲ ਹਿੰਸਾ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਇਕ ਬਿਹਤਰ ਸ਼ਾਂਤੀਪੂਰਨ ਵਿਸ਼ਵ ਬਣਾਉਣ ਲਈ ਭਾਰਤ ਨੂੰ ਅਤੀਤ ’ਚ ਝਾਕ ਕੇ ਗਾਂਧੀ ਜੀ ਦੇ ਸ਼ਾਂਤੀ ਦੇ ਸਿਧਾਂਤਾਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਵਿਸ਼ਵ ਨੂੰ ਉਨ੍ਹਾਂ ਦੇ ਸਿਧਾਂਤ ਯਾਦ ਦਿਵਾਉਣੇ ਚਾਹੀਦੇ ਹਨ।