ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ ਫੈਸਲੇ!
Sunday, Oct 04, 2026 - 03:12 AM (IST)
ਭਾਰਤੀ ਸਮਾਜ ਨੂੰ ਪ੍ਰਾਚੀਨ ਕਾਲ ਤੋਂ ਹੀ ਦਾਜ, ਮ੍ਰਿਤੂ-ਭੋਜ ਅਤੇ ਨਸ਼ਿਆਂ ਆਦਿ ਦੀਆਂ ਸਮਾਜਿਕ ਕੁਰੀਤੀਆਂ ਨੇ ਜਕੜਿਆ ਹੋਇਆ ਹੈ। ਇਨ੍ਹਾਂ ਕੁਰੀਤੀਆਂ ਦੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਮੇਂ-ਸਮੇਂ ’ਤੇ ‘ਸਵਾਮੀ ਰਾਮਕ੍ਰਿਸ਼ਨ ਪਰਮਹੰਸ’, ‘ਸਵਾਮੀ ਦਯਾਨੰਦ’ ਅਤੇ ‘ਸਵਾਮੀ ਵਿਵੇਕਾਨੰਦ’ ਵਰਗੇ ਸਮਾਜ ਸੁਧਾਰਕਾਂ ਵੱਲੋਂ ਮੁਹਿੰਮਾਂ ਚਲਾਈਆਂ ਗਈਆਂ ਪਰ ਹੁਣ ਵੀ ਸਮਾਜ ਇਨ੍ਹਾਂ ਕੁਰੀਤੀਆਂ ਤੋਂ ਮੁਕਤ ਨਹੀਂ ਹੋ ਸਕਿਆ ਹੈ।
ਮੌਜੂਦਾ ਸਮੇਂ ’ਚ ਅਨੇਕਾਂ ਪੰਚਾਇਤਾਂ ਵੱਲੋਂ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਆਪਣੇ-ਆਪਣੇ ਪੱਧਰ ’ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵੱਲੋਂ ਲਏ ਗਏ ਕੁਝ ਪ੍ਰੇਰਣਾਦਾਇਕ ਅਤੇ ਜਨ-ਹਿੱਤਕਾਰੀ ਫ਼ੈਸਲੇ ਹੇਠ ਲਿਖੇ ਅਨੁਸਾਰ ਹਨ :
* 16 ਫ਼ਰਵਰੀ ਨੂੰ ‘ਸੰਭਲ’ (ਉੱਤਰ ਪ੍ਰਦੇਸ਼) ਦੀ ‘ਕਿਦਵਈ ਬਰਾਦਰੀ’ ਨੇ ਆਪਣੀ ਪੰਚਾਇਤ ’ਚ ਵਿਆਹ-ਸ਼ਾਦੀਆਂ ’ਚ ਫਿਜ਼ੂਲ-ਖਰਚੀ ਰੋਕਣ ਲਈ ਸ਼ਾਦੀ ਜਾਂ ਬਾਰਾਤ ਵਾਲੇ ਦਿਨ ਡੀ.ਜੇ. ਵਜਾਉਣ ਅਤੇ ਨੱਚਣ-ਗਾਉਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ‘ਕਿਦਵਈ ਬਰਾਦਰੀ’ ਦੇ ਮੁਖੀ ਨੇ ਸਜ਼ਾ ਦੇਣ ਦਾ ਫ਼ੈਸਲਾ ਕੀਤਾ।
*6 ਜੁਲਾਈ ਨੂੰ ‘ਸਿਰਮੌਰ’ (ਹਿਮਾਚਲ ਪ੍ਰਦੇਸ਼) ਦੇ ‘ਸ਼ਿਲਾਈ’ ਉਪ-ਮੰਡਲ ਦੇ ‘ਧਾਰਵਾ’ ਪਿੰਡ ਦੀ ਪੰਚਾਇਤ ਵੱਲੋਂ ਪਿੰਡ ’ਚ ਹੋਣ ਵਾਲੇ ਵਿਆਹ ਸਮਾਗਮ ਸਾਦਗੀ ਨਾਲ ਕਰਨ, ਵਿਆਹ ’ਚ ਬੀਅਰ, ਸ਼ਰਾਬ ਅਤੇ ਹੋਰ ਸਾਰੇ ਕਿਸਮ ਦੇ ਨਸ਼ਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ, ਦਾਜ ਦੇ ਲੈਣ-ਦੇਣ ’ਤੇ ਪੂਰਨ ਰੋਕ ਲਗਾਉਣ ਆਦਿ ਦੇ ਫ਼ੈਸਲੇ ਲਏ ਗਏ। ਹੁਣ ਬਰਾਤ ’ਚ ਵੱਧ ਤੋਂ ਵੱਧ 100 ਬਰਾਤੀ ਅਤੇ 15 ਵਾਹਨ ਹੀ ਸ਼ਾਮਲ ਹੋ ਸਕਣਗੇ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਰਿਵਾਰ ’ਤੇ 50,000 ਰੁਪਏ ਦਾ ਜੁਰਮਾਨਾ ਲਗਾਉਣ ਅਤੇ ਉਨ੍ਹਾਂ ਦੇ ਪਰਿਵਾਰ ’ਚ ਹੋਣ ਵਾਲੇ ਕਿਸੇ ਵੀ ਸਮਾਗਮ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਵੀ ਕੀਤਾ ਗਿਆ।
* 9 ਜੁਲਾਈ ਨੂੰ ‘ਬਠਿੰਡਾ’ (ਪੰਜਾਬ) ਦੇ ‘ਜੱਸੀ ਪੌਵਾਲੀ’ ਪਿੰਡ ਦੇ ਲੋਕਾਂ ਨੇ ਇਕ ਮਤਾ ਪਾਸ ਕਰਕੇ ਨਸ਼ੇ ਦੀ ਵਿਕਰੀ ਅਤੇ ਸੇਵਨ ਕਰਦਿਆਂ ਫੜੇ ਗਏ ਲੋਕਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ।
ਇਸ ਦੇ ਨਾਲ ਹੀ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ’ਚ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਸ ਦੁਆਰਾ ਉਸ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਅਤੇ ਪੰਚਾਇਤ ’ਚ ਕਿਰਾਏਦਾਰ ਦਾ ਵੇਰਵਾ ਜਮ੍ਹਾ ਕਰਵਾਉਣ ਦੀ ਅਪੀਲ ਵੀ ਕੀਤੀ ਗਈ।
* 23 ਅਗਸਤ ਨੂੰ ‘ਮੁਕਤਸਰ’ (ਪੰਜਾਬ) ਦੇ ‘ਕਬਰਵਾਲਾ’ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਦਾ ਸਰਪੰਚ ਜਾਂ ਪੰਚਾਇਤ ਦਾ ਕੋਈ ਵੀ ਮੈਂਬਰ ਨਸ਼ਾ ਵੇਚਣ ਦੇ ਦੋਸ਼ ’ਚ ਫੜੇ ਗਏ ਲੋਕਾਂ ਦੀ ਜ਼ਮਾਨਤ ਨਹੀਂ ਦੇਵੇਗਾ ਅਤੇ ਅਜਿਹਾ ਕਰਨ ਵਾਲੇ ’ਤੇ 10,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
* 23 ਅਗਸਤ ਨੂੰ ਹੀ ‘ਹਾਂਸੀ’ (ਹਰਿਆਣਾ) ਦੇ ਪਿੰਡ ‘ਰਾਜਥਲ’ ਦੀ ਪੰਚਾਇਤ ਨੇ ਨਸ਼ਿਆਂ ਦੀ ਰੋਕਥਾਮ ਲਈ ਪਿੰਡ ’ਚੋਂ ਲੰਘਣ ਵਾਲੇ ਜੀਂਦ-ਹਾਂਸੀ ਰੋਡ ’ਤੇ ਦਿਨ-ਰਾਤ ਠੀਕਰੀ ਪਹਿਰਾ ਦੇਣ ਅਤੇ ਪਿੰਡ ’ਚ ਨਸ਼ਾ ਵੇਚਣ ਵਾਲੇ ਨੂੰ 1 ਲੱਖ ਰੁਪਏ ਜੁਰਮਾਨਾ ਕਰਨ ਦਾ ਫ਼ੈਸਲਾ ਕੀਤਾ।
* 2 ਅਕਤੂਬਰ ਨੂੰ ‘ਪਲਵਲ’ (ਹਰਿਆਣਾ) ’ਚ ਹੋਈ ‘ਬ੍ਰਾਹਮਣ ਸਮਾਜ ਦੀ ਮਹਾਪੰਚਾਇਤ’ ’ਚ ਮ੍ਰਿਤੂ-ਭੋਜ ’ਤੇ ਪਾਬੰਦੀ ਲਗਾਉਣ ਤੋਂ ਇਲਾਵਾ ਵਿਆਹ-ਸ਼ਾਦੀ ਦੌਰਾਨ ਹੋਣ ਵਾਲੇ ਲੈਣ-ਦੇਣ ’ਤੇ ਰੋਕ ਲਗਾਉਣ ਆਦਿ ਦੇ ਫ਼ੈਸਲੇ ਲਏ ਗਏ।
ਇਸ ਅਨੁਸਾਰ ਮੰਗਣੀ ’ਚ ਸਿਰਫ਼ ਇਕ ਰੁਪਿਆ ਅਤੇ ਪੰਜ ਜੋੜੀ ਕੱਪੜੇ ਹੀ ਦੇਣ, ਬਰਾਤ ’ਚ ਵੱਧ ਤੋਂ ਵੱਧ 51 ਲੋਕਾਂ ਨੂੰ ਸ਼ਾਮਲ ਕਰਨ ਅਤੇ ਵਰ ਤੇ ਕੰਨਿਆ ਦੋਵਾਂ ਪੱਖਾਂ ਵੱਲੋਂ ਨਸ਼ੇ ’ਤੇ ਪਾਬੰਦੀ ਲਗਾਉਣ ਆਦਿ ਦੇ ਫ਼ੈਸਲੇ ਲਏ ਗਏ। ਡੀ.ਜੇ. ਅਤੇ ਤੇਜ਼ ਸੰਗੀਤ ’ਤੇ ਵੀ ਰੋਕ ਲਗਾਈ ਗਈ ਹੈ। ਕੰਨਿਆ ਪੱਖ ਵੱਲੋਂ ਵਰ ਪੱਖ ਨੂੰ ਵੱਧ ਤੋਂ ਵੱਧ ਦੋ ਤੋਲੇ ਸੋਨੇ ਦੇ ਗਹਿਣੇ, 100 ਗ੍ਰਾਮ ਚਾਂਦੀ, 11 ਜੋੜੀ ਕੱਪੜੇ, ਸੰਦੂਕ ਜਾਂ ਅਲਮਾਰੀ ਅਤੇ ਬੈੱਡ ਦਿੱਤਾ ਜਾ ਸਕੇਗਾ ਅਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵੱਲੋਂ ਆਯੋਜਿਤ ਸਮਾਗਮਾਂ ਦਾ ਬ੍ਰਾਹਮਣ ਸਮਾਜ ਦੀ ਮਹਾਪੰਚਾਇਤ ਵੱਲੋਂ ਬਾਈਕਾਟ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।
* ਅਤੇ ਹੁਣ 2 ਅਕਤੂਬਰ ਨੂੰ ਹੀ ‘ਸ਼ਿਮਲਾ’ (ਹਿਮਾਚਲ ਪ੍ਰਦੇਸ਼) ਦੇ ਪਿੰਡ ‘ਲਬਾਨਾ-ਸਦਾਨਾ’ ਦੀ ਪੰਚਾਇਤ ਨੇ ਆਪਣੀ ਗ੍ਰਾਮ ਸਭਾ ’ਚ ਸਰਬਸੰਮਤੀ ਨਾਲ ਪਾਸ ਮਤੇ ’ਚ ਫਿਜ਼ੂਲ-ਖਰਚੀ ਰੋਕਣ ਲਈ ਬਰਾਤ ਦੇ ਗੇਟ ’ਤੇ ਸਵਾਗਤ, ਟੋਪੀ-ਮਾਲਾਵਾਂ ਤੇ ਬਸਤਰ ਭੇਟ ਕਰਨ, ਮਹਿੰਗੇ ਤੋਹਫ਼ੇ ਦੇਣ ਆਦਿ ’ਤੇ ਪਾਬੰਦੀ ਲਗਾ ਦਿੱਤੀ ਹੈ। ਉਕਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ’ਤੇ 51,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਲੋਕ-ਲਾਜ ਜਾਂ ਪਰੰਪਰਾ ਦੇ ਨਾਂ ’ਤੇ ਨਾ ਚਾਹੁੰਦੇ ਹੋਏ ਵੀ ਇਸ ਤਰ੍ਹਾਂ ਦੀਆਂ ਰਸਮਾਂ ’ਤੇ ਧਨ ਖਰਚ ਕਰਨਾ ਉਚਿਤ ਨਹੀਂ ਹੈ। ਇਸ ਲਈ ਸਮਾਜ ’ਚ ਨਸ਼ਿਆਂ, ਦਾਜ ਅਤੇ ਮ੍ਰਿਤੂ-ਭੋਜ ਆਦਿ ਰਸਮਾਂ ’ਤੇ ਰੋਕ ਲਗਾਉਣ ਦੇ ਉਕਤ ਪੰਚਾਇਤਾਂ ਵਲੋਂ ਲਏ ਗਏ ਫ਼ੈਸਲੇ ਸਹੀ ਹਨ, ਜਿਨ੍ਹਾਂ ਨੂੰ ਹੋਰ ਪੰਚਾਇਤਾਂ ਅਤੇ ਸਮਾਜਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਅਜਿਹਾ ਕਰਕੇ ਦਿਖਾਵੇ ਦੇ ਨਾਂ ’ਤੇ ਫਿਜ਼ੂਲ-ਖਰਚੀ ਅਤੇ ਨਸ਼ਿਆਂ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
—ਵਿਜੇ ਕੁਮਾਰ
