ਰੇਲ ਹਾਦਸੇ ਰੋਕਣ ’ਚ ਸਹਾਇਤਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ
Thursday, Dec 12, 2024 - 03:20 AM (IST)
ਇਕ ਪਾਸੇ ਦੇਸ਼ ’ਚ ਰੇਲਗੱਡੀਆਂ ਦੇ ਪੱਟੜੀ ਤੋਂ ਲੱਥਣ ਦੀਆਂ ਘਟਨਾਵਾਂ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਪੱਟੜੀਆਂ ’ਚ ਤਰੇੜਾਂ ਆਦਿ ਆਉਣ ਕਾਰਨ ਰੇਲਾਂ ਹਾਦਸਿਆਂ ਦੇ ਜੋਖ਼ਮ ’ਤੇ ਹਨ। ਅਜਿਹੇ ’ਚ ਕੁਝ ਜਾਗਰੂਕ ਸਟਾਫ ਅਤੇ ਨਾਗਰਿਕ ਰੇਲ ਹਾਦਸੇ ਰੋਕਣ ’ਚ ਅਾਪਣਾ ਯੋਗਦਾਨ ਪਾ ਰਹੇ ਹਨ ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ-
* 3 ਜੂਨ ਨੂੰ ‘ਸਮਸਤੀਪੁਰ’ (ਬਿਹਾਰ) ਵਿਚ ‘ਸ਼ਹਿਬਾਜ਼ ਹੁਸੈਨ’ (11) ਨਾਂ ਦਾ ਇਕ ਬੱਚਾ ਜਦੋਂ ਧੁੱਪ ਤੋਂ ਬਚਣ ਲਈ ਸਿਰ ’ਤੇ ਗਮਛਾ ਰੱਖ ਕੇ ਰੇਲ ਪੱਟੜੀ ਦੇ ਨੇੜਿਓਂ ਲੰਘ ਰਿਹਾ ਸੀ, ਤਦ ਹੀ ਉਸ ਦੀ ਨਜ਼ਰ ਜੋੜ ’ਤੇ ਇਕ-ਦੂਜੇ ਤੋਂ ਵੱਖ ਹੋ ਚੁੱਕੀ ਟੁੱਟੀ ਰੇਲ ਪੱਟੜੀ ’ਤੇ ਪਈ। ਉਸ ਸਮੇਂ ਦੂਜੇ ਪਾਸੇ ਉਸੇ ਪੱਟੜੀ ’ਤੇ ਇਕ ਟ੍ਰੇਨ ਆਉਂਦੀ ਦੇਖ ਕੇ ਉਹ ਸਿਰ ’ਤੋਂ ਉਤਾਰ ਕੇ ਗਮਛਾ ਲਹਿਰਾਉਂਦੇ ਹੋਏ ਟ੍ਰੇਨ ਨੂੰ ਰੋਕਣ ਲਈ ਉਸ ਦਿਸ਼ਾ ’ਚ ਦੌੜ ਪਿਆ।
ਇਸ ਦੌਰਾਨ ਡਿੱਗ ਜਾਣ ਕਾਰਨ ਉਸ ਨੂੰ ਸੱਟ ਵੀ ਲੱਗੀ ਪਰ ਟ੍ਰੇਨ ਦੇ ਡਰਾਈਵਰ ਨੇ ਉਸ ਨੂੰ ਦੇਖ ਲਿਆ ਅਤੇ ਸਮੇਂ ਸਿਰ ਟ੍ਰੇਨ ਨੂੰ ਰੋਕ ਦਿੱਤਾ ਜਿਸ ਨਾਲ ਹਾਦਸਾ ਟਲ ਗਿਆ।
* 11 ਨਵੰਬਰ ਨੂੰ ਬਿਹਾਰ ’ਚ ‘ਗੌਤਮ ਸਥਾਨ’ ਅਤੇ ‘ਛਪਰਾ’ ਜੰਕਸ਼ਨਾਂ ਦਰਮਿਆਨ ‘ਸੇਂਗਰ ਟੋਲਾ’ ਪਿੰਡ ਨੇੜੇ ਰੇਲ ਪੱਟੜੀ ਦੇ ਨਿਰੀਖਣ ਦੌਰਾਨ ਟ੍ਰੈਕ ਮੈਨ ਨੇ ਇਕ ਥਾਂ ’ਤੇ ਪੱਟੜੀ ਚਾਰ ਇੰਚ ਟੁੱਟੀ ਹੋਈ ਦੇਖੀ ਜਦੋਂਕਿ ਇਸ ’ਤੇ ਹੀ ਛਪਰਾ ਤੋਂ ਬਲੀਆ ਵੱਲ ਜਾਣ ਵਾਲੀ ਕੋਲਕਾਤਾ-ਗਾਜ਼ੀਪੁਰ ਐਕਸਪ੍ਰੈੱਸ ਤੇਜ਼ ਰਫਤਾਰ ਨਾਲ ਆ ਰਹੀ ਸੀ।
ਇਸ ਨੂੰ ਦੇਖਦੇ ਹੀ ਉਸ ਨੇ ਆਪਣੇ ਹੱਥ ਨਾਲ ਲਾਲ ਝੰਡੀ ਦਿਖਾ ਕੇ ਟ੍ਰੇਨ ਨੂੰ ਰੋਕਣ ਦਾ ਸੰਕੇਤ ਦਿੱਤਾ ਅਤੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਵੀ ਦੇ ਦਿੱਤੀ। ਟ੍ਰੇਨ ਦੇ ਚਾਲਕਾਂ ‘ਦੀਪਕ ਕੁਮਾਰ’ ਅਤੇ ‘ਸ਼ੁਭਾਂਸ਼ੂ ਰਾਜ’ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟੁੱਟੀ ਪੱਟੜੀ ਤੋਂ 100 ਮੀਟਰ ਪਹਿਲਾਂ ਹੀ ਟ੍ਰੇਨ ਨੂੰ ਰੋਕ ਕੇ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ।
* ਅਤੇ ਹੁਣ 8 ਦਸੰਬਰ ਨੂੰ ਉੱਤਰ ਪ੍ਰਦੇਸ਼ ’ਚ ‘ਇੱਜ਼ਤ ਨਗਰ’ ਅਤੇ ‘ਭੋਜੀਪੁਰਾ’ ਜੰਕਸ਼ਨਾਂ ਦਰਮਿਆਨ ਰੇਲ ਪੱਟੜੀ ਦੇ ਨਿਰੀਖਣ ਦੌਰਾਨ 2 ਟ੍ਰੈਕਮੈਨਾਂ ‘ਪ੍ਰੇਮ ਪਾਲ’ ਅਤੇ ‘ਹਰੀ ਬਾਬੂ’ ਨੇ ਪੱਟੜੀ ’ਚ ਇਕ ਇੰਚ ਦੀ ਤਰੇੜ ਦੇਖ ਕੇ ਤੁਰੰਤ ਕੰਟਰੋਲ ਰੂਮ ਨੂੰ ਸੂਚਨਾ ਭਿਜਵਾ ਕੇ ‘ਇੱਜ਼ਤ ਨਗਰ’ ਤੋਂ ਰਵਾਨਾ ਹੋਣ ਵਾਲੀ ਆਗਰਾ ਫੋਰਟ-ਰਾਮਨਗਰ ਐਕਸਪ੍ਰੈੱਸ ਨੂੰ ਰੁਕਵਾਇਆ ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ।
ਅਧਿਕਾਰੀਆਂ ਅਨੁਸਾਰ ਸਰਦੀਆਂ ’ਚ ਸੁੰਗੜ ਜਾਣ ਕਾਰਨ ਪੱਟੜੀਆਂ ’ਚ ਤਰੇੜਾਂ ਆਉਣ ਦੀ ਸੰਭਾਵਨਾ ਰਹਿੰਦੀ ਹੈ । ਇਸ ਲਈ ਇਸ ਮਾਮਲੇ ’ਚ ਖਾਸ ਸਾਵਧਾਨੀ ਵਰਤਣ ਅਤੇ ਗਸ਼ਤ ਵਧਾਉਣ ਦੀ ਲੋੜ ਹੈ। ਇਹੀ ਨਹੀਂ, ਆਪਣੀ ਸੂਝ-ਬੂਝ ਨਾਲ ਹਜ਼ਾਰਾਂ ਰੇਲ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਜਾਗਰੂਕ ਸਟਾਫ ਅਤੇ ਹੋਰ ਲੋਕਾਂ ਨੂੰ ਇਨਾਮ ਦੇਣ ਅਤੇ ਲਾਪਰਵਾਹ ਮੁਲਾਜ਼ਮਾਂ ਨੂੰ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ