ਹਰਿਆਣਾ ਨੂੰ ਦੇਸ਼-ਦੁਨੀਆ ਨਾਲ ਜੋੜਨ ਵਾਲਾ ਪੁਲ ਨਹੀਂ ਰਿਹਾ
Wednesday, Dec 04, 2024 - 07:08 PM (IST)
23 ਨਵੰਬਰ ਨੂੰ ਖ਼ਬਰ ਮਿਲੀ ਕਿ ਸੁਰਿੰਦਰ ਪਾਲ ਸਿੰਘ ਨਹੀਂ ਰਹੇ। ਲੇਖਕ, ਚਿੰਤਕ, ਕਾਰਕੁੰਨ, ਦੋਸਤ ਅਤੇ ਇਕ ਸ਼ਾਨਦਾਰ ਇਨਸਾਨ ‘ਐੱਸ. ਪੀ.’ ਨੇ ਪੰਚਕੂਲਾ ’ਚ ਆਪਣੇ ਪਰਿਵਾਰਕ ਮੈਂਬਰਾਂ ਦਰਮਿਆਨ ਆਖਰੀ ਸਾਹ ਲਿਆ। ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਕੈਂਸਰ ਹੋਣ ਦਾ ਪਤਾ ਲੱਗਾ ਸੀ। ਡਾਕਟਰਾਂ ਨੇ ਕਿਹਾ ਕਿ ਇਹ ਚੌਥੀ ਸਟੇਜ ਹੈ, ਕੁਝ ਕਰਨਾ ਮੁਸ਼ਕਲ ਹੈ। ਇਸ ਸਥਿਤੀ ਦਾ ਸਾਹਮਣਾ ਵੀ ਐੱਸ. ਪੀ. ਨੇ ਉਸੇ ਸਹਿਜਤਾ ਨਾਲ ਕੀਤਾ ਜਿਵੇਂ ਜ਼ਿੰਦਗੀ ’ਚ ਹਰ ਚੁਣੌਤੀ ਦਾ ਕੀਤਾ ਸੀ। ਹਸਪਤਾਲ ਵਿਚ ਰਹਿੰਦਿਆਂ ਵੀ ਉਹ ਆਪਣੇ ਨਾਲੋਂ ਵੱਧ ਆਪਣੇ ਦੋਸਤਾਂ ਦਾ ਹਾਲ-ਚਾਲ ਪੁੱਛਦਾ ਸੀ। ਉਸ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਪਰਿਵਾਰ ਨੇ ਉਸ ਦੀ ਲਾਸ਼ ਨੂੰ ਪੀ. ਜੀ. ਆਈ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ।
ਭਾਵੇਂ ਹਰਿਆਣੇ ਦੀ ਆਮ ਜਨਤਾ ਉਨ੍ਹਾਂ ਦੇ ਨਾਂ ਤੋਂ ਜਾਣੂ ਨਾ ਹੋਵੇ, ਪਰ ਇਸ ਸੂਬੇ ਦੇ ਲੇਖਕ, ਬੁੱਧੀਜੀਵੀ ਅਤੇ ਸਮਾਜਿਕ-ਸਿਆਸੀ ਕਾਰਕੁੰਨ ਅਤੇ ਅਗਾਂਹਵਧੂ ਲਹਿਰ ਨਾਲ ਜੁੜੇ ਸਾਰੇ ਲੋਕ ‘ਐੱਸ. ਪੀ.’ ਦੇ ਕੁਵੇਲੇ ਹੋਏ ਦਿਹਾਂਤ ਨਾਲ ਪੈਦਾ ਹੋਏ ਖਲਾਅ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਹਰਿਆਣਾ ਦੇ ਜਨਤਕ ਜੀਵਨ ਵਿਚ ਸੁਰਿੰਦਰ ਪਾਲ ਦੀ ਭੂਮਿਕਾ ਇਕ ਪੁਲ ਵਰਗੀ ਸੀ। ਲੇਖਕ ਵਜੋਂ ਉਸ ਨੇ ਇਸ ਸਮਾਜ ਨੂੰ ਆਪਣੇ ਅੰਦਰ ਦੀਆਂ ਅਣਛੂਹੀਆਂ, ਅਣਜਾਣ ਪਰਤਾਂ ਨਾਲ ਜੋੜਿਆ, ਇਸ ਸੂਬੇ ਨੂੰ ਬਾਕੀ ਦੇਸ਼ ਦੇ ਸਰੋਕਾਰਾਂ ਨਾਲ ਜੋੜਿਆ ਅਤੇ ਭਾਰਤ ਨੂੰ ਬਾਕੀ ਦੁਨੀਆ ਨਾਲ ਜੋੜਿਆ। ਇਕ ਸਿਆਸੀ ਕਾਰਕੁੰਨ ਵਜੋਂ, ਸੁਰਿੰਦਰ ਪਾਲ ਨੇ ਖੱਬੇਪੱਖੀ ਸਿਆਸਤ ਨੂੰ ਅੰਬੇਡਕਰ, ਗਾਂਧੀ ਅਤੇ ਸਵਰਾਜ ਦੀ ਵਿਚਾਰਧਾਰਾ ਨਾਲ ਜੋੜਿਆ। ਇਕ ਮਨੁੱਖ ਹੋਣ ਦੇ ਨਾਤੇ ਉਨ੍ਹਾਂ ਨੇ ਨੌਜਵਾਨਾਂ ਨਾਲ ਖੁੱਲ੍ਹੇ ਦਿਲ ਨਾਲ ਸੰਵਾਦ ਰਾਹੀਂ ਨਵੀਂ ਅਤੇ ਪੁਰਾਣੀ ਪੀੜ੍ਹੀ ਨੂੰ ਵੀ ਜੋੜਿਆ। ਅਜਿਹੇ ਲੋਕ ਹਰਿਆਣਾ ਦੇ ਜਨਤਕ ਜੀਵਨ ਵਿਚ ਬਹੁਤ ਘੱਟ ਹਨ।
ਸੁਰਿੰਦਰ ਪਾਲ ਦਾ ਜਨਮ 12 ਨਵੰਬਰ 1960 ਨੂੰ ਹਿਸਾਰ ਦੇ ਇਕ ਪੜ੍ਹੇ-ਲਿਖੇ ਦਲਿਤ ਪਰਿਵਾਰ ਵਿਚ ਹੋਇਆ। ਹਿਸਾਰ ਸਥਿਤ ਐਗਰੀਕਲਚਰਲ ਯੂਨੀਵਰਸਿਟੀ ਤੋਂ ਐਗਰੀਕਲਚਰਲ ਸਾਇੰਸਜ਼ ਵਿਚ ਬੈਚੁਲਰ ਦੀ ਡਿਗਰੀ ਹਾਸਲ ਕਰਨ ਦੌਰਾਨ, ਉਨ੍ਹਾਂ ਦੀ ਜਾਣ-ਪਛਾਣ ਖੱਬੇਪੱਖੀ ਵਿਚਾਰਧਾਰਾ ਅਤੇ ਸੰਗਠਨਾਂ ਨਾਲ ਹੋਈ। ਇਸ ਦੋਹਰੇ ਅਨੁਭਵ ਨੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕੰਮ ਉੱਤੇ ਡੂੰਘੀ ਛਾਪ ਛੱਡੀ। ਆਪਣੇ ਦਲਿਤ ਪਿਛੋਕੜ ਕਾਰਨ ਉਨ੍ਹਾਂ ਨੇ ਜਾਤ-ਪਾਤ ਦਾ ਖਮਿਆਜ਼ਾ ਦੇਖਿਆ ਅਤੇ ਝੱਲਿਆ, ਪਰ ਇਸ ਦਾ ਦਰਦ ਜਾਂ ਕੁੜੱਤਣ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਛੂਹ ਵੀ ਨਾ ਸਕੀ।
ਸਮਾਜਿਕ ਨਿਆਂ ਪ੍ਰਤੀ ਉਨ੍ਹਾਂ ਦਾ ਸੱਦਾ ਇਕਹਿਰਾ ਨਹੀਂ ਸੀ। ਉਨ੍ਹਾਂ ਨੇ ਆਪਣੇ ਦਰਦ ਨੂੰ ਦੁਨੀਆ ਭਰ ਦੇ ਵਾਂਝਿਆਂ ਅਤੇ ਦੱਬੇ-ਕੁਚਲੇ ਵਰਗ ਦੇ ਦਰਦ ਨਾਲ ਜੋੜਿਆ। ਗਰੀਬਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਆਦਿਵਾਸੀਆਂ ਨਾਲ ਹਮਦਰਦੀ ਕੀਤੀ। ਭਾਰਤ ਵਿਚ ਹੀ ਨਹੀਂ ਸਗੋਂ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਮੂਲ ਨਿਵਾਸੀਆਂ ਅਤੇ ਪ੍ਰਵਾਸੀਆਂ ਦੇ ਦੁੱਖਾਂ ਨੂੰ ਵੀ ਦਰਜ ਕੀਤਾ।
ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸੁਰਿੰਦਰ ਪਾਲ ਸਿੰਘ ਨੇ ਸਟੇਟ ਬੈਂਕ ਆਫ ਇੰਡੀਆ ਵਿਚ ਬਤੌਰ ਅਫਸਰ ਨੌਕਰੀ ਕੀਤੀ ਪਰ ਉਨ੍ਹਾਂ ਦਾ ਮਨ ਸਮਾਜਿਕ-ਸਿਆਸੀ ਕੰਮਾਂ ਵਿਚ ਲੱਗਾ ਹੋਇਆ ਸੀ, ਜਿਸ ਕਰਕੇ ਬੈਂਕ ਦੀ ਨੌਕਰੀ ਤੋਂ ਜਲਦੀ ਸੇਵਾਮੁਕਤੀ ਲੈ ਕੇ ਉਨ੍ਹਾਂ ਨੇ ਪੂਰੇ ਸਮੇਂ ਦੇ ਸਮਾਜਿਕ-ਸਿਆਸੀ ਕਾਰਕੁੰਨ ਦੀ ਜ਼ਿੰਦਗੀ ਨੂੰ ਚੁਣਿਆ, ਜਿਸ ਵਿਚ ਉਨ੍ਹਾਂ ਦੀ ਜੀਵਨ ਸਾਥਣ ਅਤੇ ਸੇਵਾਮੁਕਤ ਪ੍ਰਿੰਸੀਪਲ ਸ਼੍ਰੀਮਤੀ ਗੀਤਾ ਪਾਲ ਨੇ ਉਨ੍ਹਾਂ ਦਾ ਵਧ-ਚੜ੍ਹ ਕੇ ਸਾਥ ਦਿੱਤਾ।
ਅੰਨਾ ਅੰਦੋਲਨ ਤੋਂ ਬਾਅਦ, ਉਹ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ ਅੰਬਾਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ 2014 ਦੀਆਂ ਸੰਸਦੀ ਚੋਣਾਂ ਵੀ ਲੜੀਆਂ ਪਰ ਉਨ੍ਹਾਂ ਨੂੰ ਲੀਡਰਸ਼ਿਪ ਜਾਂ ਆਪਣੇ ਸਿਆਸੀ ਕਰੀਅਰ ਵਿਚ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਉਮੀਦਵਾਰ ਦੀ ਭੂਮਿਕਾ ਨੂੰ ਸੰਸਥਾ ਵੱਲੋਂ ਦਿੱਤੇ ਕੰਮ ਵਾਂਗ ਹੀ ਇਮਾਨਦਾਰੀ ਨਾਲ ਨਿਭਾਇਆ। ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਸਮੇਂ ਸੁਰਿੰਦਰ ਪਾਲ ਨੇ ਬਿਨਾਂ ਕਿਸੇ ਝਿਜਕ ਦੇ ਸਿਧਾਂਤਕ ਅਸਹਿਮਤੀ ਪ੍ਰਗਟ ਕੀਤੀ ਸੀ।
ਉਹ ਸਵਰਾਜ ਮੁਹਿੰਮ ਦੇ ਸੰਸਥਾਪਕਾਂ ਵਿਚੋਂ ਇਕ ਸਨ ਅਤੇ ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਬੋਰਡ ਦੇ ਮੈਂਬਰ ਵੀ ਸਨ। ਕਿਸਾਨ ਅੰਦੋਲਨ ਦੌਰਾਨ ਐੱਸ. ਪੀ. ਅਤੇ ਗੀਤਾ ਜੀ ਦੋਵੇਂ ਕੜਾਕੇ ਦੀ ਸਰਦੀ ਵਿਚ ਕਈ ਮਹੀਨਿਆਂ ਤੱਕ ਸੜਕ ’ਤੇ ਕਿਸਾਨਾਂ ਨਾਲ ਟੈਂਟ ਵਿਚ ਰਹੇ। ਭਾਰਤ ਜੋੜੋ ਯਾਤਰਾ ਦੌਰਾਨ ਜ਼ਿਆਦਾਤਰ ਸਮਾਂ ਐੱਸ. ਪੀ. ਨੇ ਪੈਦਲ ਯਾਤਰਾ ਵਿਚ ਸ਼ਮੂਲੀਅਤ ਕੀਤੀ। ਉਹ ਭਾਰਤ ਜੋੜੋ ਮੁਹਿੰਮ ਦੇ ਹਰਿਆਣਾ ਸਟੇਟ ਕੋਆਰਡੀਨੇਟਰ ਵੀ ਸਨ।
ਸਾਲ 2016 ਵਿਚ ਜਦੋਂ ਹਰਿਆਣਾ ਰਾਖਵੇਂਕਰਨ ਦੀ ਹਮਾਇਤ ਅਤੇ ਵਿਰੋਧ ਦੀ ਅੱਗ ਵਿਚ ਸੜ ਰਿਹਾ ਸੀ ਤਾਂ ਐੱਸ. ਪੀ. ਨੇ ‘ਸਦਭਾਵਨਾ ਮੰਚ, ਹਰਿਆਣਾ’ ਦਾ ਗਠਨ ਸੂਬੇ ’ਚ ਨਿਆਂ, ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਸੀ। ਇਸ ਫੋਰਮ ਨੇ ਸੂਬੇ ਵਿਚ ਹੋਈ ਹਿੰਸਾ ਦੀ ਨਿਰਪੱਖ ਜਾਂਚ ਕੀਤੀ, ਦੋਵਾਂ ਪਾਸਿਆਂ ਤੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਸੱਚਾਈ ਲੋਕਾਂ ਸਾਹਮਣੇ ਉਜਾਗਰ ਕਰਨ ਵਾਲੀ ਰਿਪੋਰਟ ਪੇਸ਼ ਕੀਤੀ। ਐੱਸ. ਪੀ. ਦੀ ਅਗਵਾਈ ਵਿਚ ਇਸ ਜਾਤਾਂ ’ਚ ਵੰਡੇ ਸਮਾਜ ਵਿਚ ਨਫ਼ਰਤ ਨੂੰ ਖ਼ਤਮ ਕਰਨ ਦੀ ਇਹ ਇਕ ਇਤਿਹਾਸਕ ਪਹਿਲ ਸੀ।
ਸਿਆਸੀ ਸਰਗਰਮੀ ਤੋਂ ਵੱਧ, ਐੱਸ. ਪੀ. ਦਾ ਮਨ ਪੜ੍ਹਨ-ਪੜ੍ਹਾਉਣ ਅਤੇ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਵਿਚ ਲੱਗਦਾ ਸੀ। ਭਾਵੇਂ ਉਸਦੀ ਪੋਸਟ ਗ੍ਰੈਜੂਏਟ ਡਿਗਰੀ ਸਮਾਜ ਸ਼ਾਸਤਰ ਵਿਚ ਸੀ, ਪਰ ਉਸ ਦਾ ਝੁਕਾਅ ਇਕ ਇਤਿਹਾਸਕਾਰ ਦਾ ਸੀ। ‘ਪੀਂਘ’ ਦੇ ਸੰਪਾਦਕ ਪ੍ਰੋਫੈਸਰ ਡੀ. ਆਰ. ਚੌਧਰੀ ਅਤੇ ਫਿਰ ‘ਦੇਸ ਹਰਿਆਣਾ’ ਮੈਗਜ਼ੀਨ ਰਾਹੀਂ ਪ੍ਰੋਫੈਸਰ ਸੁਭਾਸ਼ ਸੈਣੀ ਨਾਲ ਜੁੜ ਕੇ ਉਨ੍ਹਾਂ ਨੇ ਹਰਿਆਣਾ ਦੇ ਸਮਾਜ ਅਤੇ ਇਤਿਹਾਸ ਬਾਰੇ ਬਹੁਤ ਕੁਝ ਲਿਖਿਆ ਅਤੇ ਲਿਖਵਾਇਆ।
ਉਨ੍ਹਾਂ ਦੇ ਆਪਣੇ ਚੰਗੀ ਤਰ੍ਹਾਂ ਖੋਜੇ ਗਏ ਲੇਖਾਂ ਵਿਚ ਗੁੱਗਾ ਪੀਰ (ਜਿਸ ਨਾਲ ਗੁੱਗਾਮਾੜੀ ਦਾ ਮੇਲਾ ਜੁੜਿਆ ਹੋਇਆ ਹੈ), ‘ਜਹਾਜ਼ ਕੋਠੀ’ ਅਤੇ ਮੋਰਨੀ ਹਿੱਲਜ਼ ਦੇ ਇਤਿਹਾਸ ਬਾਰੇ ਉਨ੍ਹਾਂ ਦੇ ਲਿਖੇ ਲੇਖ ਵਿਸ਼ੇਸ਼ ਸਥਾਨ ਰੱਖਦੇ ਹਨ। ਵਿਚਾਰਧਾਰਕ ਦਖਲਅੰਦਾਜ਼ੀ ਕਰਦਿਆਂ ਵੀ ਉਨ੍ਹਾਂ ਨੇ ਕਈ ਲੇਖ ਲਿਖੇ, ਜਿਨ੍ਹਾਂ ਵਿਚੋਂ ਕਿਸਾਨ ਅੰਦੋਲਨ ਦੌਰਾਨ ਛਪਿਆ ਉਨ੍ਹਾਂ ਦਾ ਕਿਤਾਬਚਾ ਜ਼ਿਕਰਯੋਗ ਹੈ। ‘ਬਾਇਟੀਗੋਂਗ’ ਸਿਰਲੇਖ ਹੇਠ ਪ੍ਰਕਾਸ਼ਿਤ ਉਨ੍ਹਾਂ ਦੇ ਲੇਖ ਸੰਗ੍ਰਹਿ ਵਿਚ ਉਨ੍ਹਾਂ ਦੇ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਰਹਿਣ ’ਤੇ ਆਧਾਰਿਤ ਕਈ ਲੇਖ ਹਨ। ਉਹ ਦੁਨੀਆ ’ਚ ਜਿੱਥੇ ਵੀ ਹੁੰਦੇ ਸਨ, ਉਨ੍ਹਾਂ ਦੀ ਸੰਵੇਦਨਸ਼ੀਲ ਨਜ਼ਰ ਆਖਰੀ ਵਿਅਕਤੀ ਤੱਕ ਹੁੰਦੀ ਸੀ, ਕਿਸੇ ਰੈਸਟੋਰੈਂਟ ’ਚ ਕੰਮ ਕਰ ਰਿਹਾ ਮਜ਼ਦੂਰ, ਘੱਟਗਿਣਤੀ, ਪ੍ਰਵਾਸੀ ਜਾਂ ਔਰਤ।
ਮੇਰੀ ਖੁਸ਼ਕਿਸਮਤੀ ਸੀ ਕਿ ਮੈਨੂੰ ਅਜਿਹੇ ਸੁੰਦਰ ਇਨਸਾਨ ਦਾ ਸਾਥ ਮਿਲਿਆ। ਆਮ ਆਦਮੀ ਪਾਰਟੀ, ਸਵਰਾਜ ਮੁਹਿੰਮ, ਸਵਰਾਜ ਇੰਡੀਆ ਤੋਂ ਲੈ ਕੇ ਭਾਰਤ ਜੋੜੋ ਮੁਹਿੰਮ ਤੱਕ ਉਹ ਸਾਡੇ ਸਾਥੀ ਸਨ। ਉਹ ਹਰ ਸੰਘਰਸ਼ ਵਿਚ ਨਾਲ ਰਹੇ, ਬਿਨਾਂ ਆਪਣੇ ਲਈ ਕੁਝ ਚਾਹੇ, ਬਿਨਾਂ ਆਪਣੇ ਵੱਲ ਧਿਆਨ ਖਿੱਚੇ। ਹਰਿਆਣਾ ਦੇ ਜਨਤਕ ਜੀਵਨ ਵਿਚ ਅਗਾਂਹਵਧੂ, ਜਮਹੂਰੀ ਅਤੇ ਸਮਾਜਿਕ ਨਿਆਂ ਨਾਲ ਜੁੜਿਆ ਹਰ ਵਿਅਕਤੀ ਲੰਬੇ ਸਮੇਂ ਤੱਕ ਐੱਸ. ਪੀ. ਦੇ ਵਿਚਾਰਾਂ, ਉਨ੍ਹਾਂ ਦੀ ਮੁਸਕਰਾਹਟ ਅਤੇ ਕੋਮਲਤਾ ਦੀ ਅਣਹੋਂਦ ਨੂੰ ਮਹਿਸੂਸ ਕਰੇਗਾ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਬਣਾਏ ਪੁਲਾਂ ਨੂੰ ਸੰਭਾਲ ਕੇ ਰੱਖਿਆ ਜਾਵੇ।
ਯੋਗੇਂਦਰ ਯਾਦਵ