ਵੱਖ-ਵੱਖ ਕਾਰਨਾਂ ਕਰਕੇ ਵਧ ਰਿਹਾ ਆਤਮਹੱਤਿਆ ਦਾ ਰੁਝਾਨ!
Friday, Nov 28, 2025 - 03:25 AM (IST)
ਦੇਸ਼ ’ਚ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ’ਚ ਆਤਮਹੱਤਿਆ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਪਰਿਵਾਰ ਉੱਜੜ ਰਹੇ ਹਨ। ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅਨੁਸਾਰ ਸਾਲ 2023 ’ਚ ਦੇਸ਼ ਭਰ ’ਚ 171418 ਲੋਕਾਂ ਨੇ ਆਤਮਹੱਤਿਆਵਾਂ ਕੀਤੀਆਂ। ਇਸ ਸਮੱਸਿਆ ਦੀ ਗੰਭੀਰਤਾ ਪਿਛਲੇ ਸਿਰਫ 11 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 16 ਨਵੰਬਰ ਨੂੰ ‘ਰੀਵਾ’ (ਮੱਧ ਪ੍ਰਦੇਸ਼) ’ਚ 11ਵੀਂ ਕਲਾਸ ਦੀ ਵਿਦਿਆਰਥਣ ਨੇ ਇਕ ਅਧਿਆਪਕ ਵਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਆਪਣੇ ਸੁਸਾਈਡ ਨੋਟ ’ਚ ਉਸ ਨੇ ਲਿਖਿਆ ਕਿ ਅਧਿਆਪਕ ਨੇ ਉਸ ਨੂੰ ਕੁੱਟਿਆ ਅਤੇ ਉਸ ਦੀਆਂ ਉਂਗਲੀਆਂ ਵਿਚਾਲੇ ਪੈੱਨ ਦਬਾਅ ਕੇ ਉਸ ਨੂੰ ਟਾਰਚਰ ਕੀਤਾ।
* 23 ਨਵੰਬਰ ਨੂੰ ‘ਜਲੰਧਰ’ ’ਚ ਇਕ ਨਵਵਿਆਹੁਤਾ ਨੇ ਆਪਣੇ ਪਤੀ, ਦਿਓਰ ਅਤੇ ਸੱਸ ਵਲੋਂ ਦਾਜ ਨੂੰ ਲੈ ਕੇ ਤੰਗ ਅਤੇ ਮਾਰਕੁੱਟ ਕਰਨ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਇਸ ਸੰਬੰਧ ’ਚ ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
* 23 ਨਵੰਬਰ ਨੂੰ ਹੀ ‘ਮਲਕਾਨਗਿਰੀ’ (ਓਡਿਸ਼ਾ) ’ਚ ਇਕ ਔਰਤ ਨੇ ਆਪਣੇ ਪਤੀ ਦੀ ਮੌਤ ਦਾ ਸਦਮਾ ਨਾ ਸਹਿ ਸਕਣ ਕਾਰਨ ਆਪਣੇ ਦੋਵਾਂ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਵੀ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ।
* 23 ਨਵੰਬਰ ਨੂੰ ਹੀ ‘ਜਸ਼ਪੁਰ ਨਗਰ’ (ਛੱਤੀਸਗੜ੍ਹ) ’ਚ ਇਕ ਨਿੱਜੀ ਸਕੂਲ ਦੀ ਨੌਵੀਂ ਕਲਾਸ ਦੀ ਇਕ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ’ਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਆਪਣੇ ਸੁਸਾਈਡ ਨੋਟ ’ਚ ਉਸ ਨੇ ਸਕੂਲ ਦੇ ਪ੍ਰਿੰਸੀਪਲ ’ਤੇ ‘ਬੈਡ ਟੱਚ’ ਕਰਨ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।
* 24 ਨਵੰਬਰ ਨੂੰ ‘ਕਪੂਰਥਲਾ’ (ਪੰਜਾਬ) ’ਚ ਵਿਦੇਸ਼ ਜਾਣ ਦੇ ਇੱਛੁਕ ਇਕ ਨੌਜਵਾਨ ਨੇ ਟ੍ਰੈਵਲ ਏਜੰਟ ਵਲੋਂ ਉਸ ਨੂੰ ਧੋਖਾ ਦੇ ਕੇ 25 ਲੱਖ ਰੁਪਏ ਠੱਗ ਲੈਣ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ।
* 25 ਨਵੰਬਰ ਨੂੰ ‘ਪਟਿਆਲਾ’ (ਪੰਜਾਬ) ’ਚ ਪ੍ਰੇਮਿਕਾ ਵਲੋਂ ਆਪਣੇ ਪ੍ਰੇਮੀ ’ਤੇ ਜਲਦੀ ਵਿਆਹ ਕਰਨ ਦਾ ਦਬਾਅ ਪਾਉਣ ਤੋਂ ਤੰਗ ਆ ਕੇ ਪ੍ਰੇਮੀ ਨੌਜਵਾਨ ਨੇ ਹੋਟਲ ’ਚ ਫਾਹ ਲਗਾ ਕੇ ਆਤਮਹੱਤਿਆ ਕਰ ਲਈ।
* ਅਤੇ ਹੁਣ 25 ਨਵੰਬਰ ਨੂੰ ਹੀ ‘ਦਿੱਲੀ’ ’ਚ ‘ਕਮਲਾ ਪਸੰਦ’ ਅਤੇ ‘ਰਾਜਸ਼੍ਰੀ ਪਾਨ ਮਸਾਲਾ’ ਦੇ ਮਾਲਿਕ ‘ਕਮਲ ਕਿਸ਼ੋਰ’ ਦੀ ਨੂੰਹ ‘ਦੀਪਤੀ ਚੌਰਸੀਆ’ ਨੇ ਫਾਂਸੀ ਲਗਾ ਕੇ ਆਪਣੇ ਘਰ ’ਚ ਆਤਮਹੱਤਿਆ ਕਰ ਲਈ।
ਪੁਲਸ ਨੇ ਘਟਨਾ ਵਾਲੀ ਥਾਂ ’ਤੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ ਹੈ ਜਿਸ ’ਚ ‘ਦੀਪਤੀ ਚੌਰਸੀਆ’ ਨੇ ਕਿਸੇ ਵੀ ਵਿਅਕਤੀ ’ਤੇ ਸਿੱਧੇ ਦੋਸ਼ ਲਗਾਏ ਬਿਨਾਂ ਪਿਆਰ, ਵਿਸ਼ਵਾਸ ਅਤੇ ਰਿਸ਼ਤਿਆਂ ਦੀ ਮਹੱਤਤਾ ਨੂੰ ਲੈ ਕੇ ਭਾਵਪੂਰਨ ਗੱਲਾਂ ਲਿਖੀਆਂ ਹਨ।
ਪੁਲਸ ਅਨੁਸਾਰ ‘ਦੀਪਤੀ’ ਅਤੇ ਉਸ ਦਾ ਪਤੀ ‘ਹਰਪ੍ਰੀਤ’ ਅਲੱਗ-ਅਲੱਗ ਘਰਾਂ ’ਚ ਰਹਿੰਦੇ ਸਨ। ਦੋਵਾਂ ਦਾ ਵਿਆਹ 2010 ’ਚ ਹੋਇਆ ਸੀ ਅਤੇ ਉਨ੍ਹਾਂ ਦਾ 14 ਸਾਲਾਂ ਦਾ ਇਕ ਬੇਟਾ ਵੀ ਹੈ। ਪਰਿਵਾਰ ਨਾਲ ਜੁੜੇ ਸੂਤਰਾਂ ਅਨੁਸਾਰ ‘ਹਰਪ੍ਰੀਤ’ ਦਾ ਇਕ ਦੂਜਾ ਵਿਆਹ ਵੀ ਹੈ ਜੋ ਦੱਖਣੀ ਭਾਰਤੀ ਫਿਲਮਾਂ ਦੀ ਇਕ ਅਭਿਨੇਤਰੀ ਨਾਲ ਹੋਇਆ ਦੱਿਸਆ ਜਾਂਦਾ ਹੈ ਅਤੇ ਉਸ ਤੋਂ ਵੀ ‘ਹਰਪ੍ਰੀਤ’ ਦੀ ਇਕ ਬੇਟੀ ਹੈ।
‘ਦੀਪਤੀ’ ਦੇ ਭਰਾ ‘ਰਿਸ਼ਭ’ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਭੈਣ ਸਾਲਾਂ ਤੋਂ ਤਸੀਹੇ ਸਹਿ ਰਹੀ ਸੀ ਅਤੇ ਉਸ ਦੇ ਜੀਜਾ ‘ਹਰਪ੍ਰੀਤ’ ਦੇ ਕਈ ਨਾਜਾਇਜ਼ ਸੰਬੰਧ ਸਨ। ‘ਦੀਪਤੀ’ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸਾਲ 3 ਸਤੰਬਰ ਨੂੰ ਦੇਸ਼ ਦੇ ਪ੍ਰਸਿੱਧ ‘ਐਟਲਸ ਸਾਈਕਲ’ ਦੇ ਸਾਬਕਾ ਪ੍ਰਧਾਨ ‘ਸਲਿਲ ਕਪੂਰ’ ਨੇ ਆਪਣੇ ਘਰ ਦੇ ਮੰਦਰ ’ਚ ਆਪਣੇ ਸਿਰ ’ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਆਪਣੇ ਸੁਸਾਈਡ ਨੋਟ ’ਚ ਉਨ੍ਹਾਂ ਨੇ ਆਰਥਿਕ ਤੰਗੀ ਅਤੇ 4 ਲੋਕਾਂ ’ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।
ਕਰੀਅਰ ਨਾਲ ਸੰਬੰਧਤ ਸਮੱਸਿਆਵਾਂ, ਦੁਰਵਿਵਹਾਰ, ਹਿੰਸਾ, ਪਰਿਵਾਰਕ ਸਮੱਸਿਆਵਾਂ, ਵਿਆਹ ਨਾਲ ਜੁੜੀਆਂ ਸਮੱਸਿਆਵਾਂ, ਕੰਮ ਸੰਬੰਧੀ ਤਣਾਅ, ਪ੍ਰੇਮ ਪ੍ਰਸੰਗ, ਜਬਰ-ਜ਼ਨਾਹ ਆਦਿ ਆਤਮਹੱਤਿਆਵਾਂ ਦੇ ਕਾਰਨ ਬਣ ਰਹੇ ਹਨ।
ਆਤਮਹੱਤਿਆਵਾਂ ਦੇ ਜ਼ਿਆਦਾਤਰ ਮਾਮਲਿਆਂ ’ਚ ਨੌਜਵਾਨਾਂ ਦਾ ਮਾਨਸਿਕ ਤੌਰ ’ਤੇ ਕਮਜ਼ੋਰ ਹੋਣਾ ਮੁੱਖ ਹੈ। ਅਜਿਹੀ ਹਾਲਤ ’ਚ ਬੱਚਿਆਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਤਾਂ ਕਿ ਉਹ ਵੱਡੇ ਹੋਣ ’ਤੇ ਜੀਵਨ ’ਚ ਹੋਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਸਕਣ।
–ਵਿਜੇ ਕੁਮਾਰ
