ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
Monday, Sep 28, 2026 - 12:56 PM (IST)
ਬਾਬਾ ਨੀਬ ਕਰੌਰੀ ਦੇ ਜੀਵਨ ਦੇ ਪਹਿਲੇ ਅੱਧ ’ਤੇ ਬਣੀ ਫ਼ਿਲਮ ‘ਹਨੂਮਾਨ ਅੰਸ਼’ ਨੇ ਦੇਸ਼-ਵਿਦੇਸ਼ ਦੇ ਸਨਾਤਨ ਧਰਮੀਆਂ ਦੇ ਹਿਰਦੇ ਨੂੰ ਛੂਹਿਆ ਹੈ। ਪਿਛਲੇ ਹਫ਼ਤੇ ਜਦੋਂ ਥੀਏਟਰ ਵਿਚ ਮੈਂ ਇਹ ਫ਼ਿਲਮ ਦੇਖ ਰਿਹਾ ਸੀ ਤਾਂ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕਿਆ ਅਤੇ ਅੱਖਾਂ ਕਈ ਵਾਰ ਭਰ ਆਈਆਂ। ਕਾਰਨ ਇਹ ਕਿ ਨੀਬ ਕਰੌਰੀ ਬਾਬਾ ਦਾ ਤਾਂ ਨਹੀਂ, ਪਰ ਉਨ੍ਹਾਂ ਵਰਗੇ ਕੁਝ ਸੰਤਾਂ ਦਾ ਸੰਗ ਪਿਛਲੇ 28 ਸਾਲਾਂ ਵਿਚ ਮੈਨੂੰ ਨਿਰੰਤਰ ਪ੍ਰਾਪਤ ਹੋਇਆ ਹੈ। ਇਨ੍ਹਾਂ ਸੰਤਾਂ ਦੀ ਸਾਦਗੀ, ਗਰੀਬਾਂ ਪ੍ਰਤੀ ਕਰੁਣਾ ਅਤੇ ਅਮੀਰ-ਗਰੀਬ ਵਿਚਕਾਰ ਕੋਈ ਫ਼ਰਕ ਨਾ ਕਰਨ ਦੀ ਪ੍ਰਵਿਰਤੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।
1998 ਵਿਚ ਜਦੋਂ ਬਰਸਾਨਾ ਦੇ ਵਿਰੱਕਤ ਸੰਤ ਸ਼੍ਰੀ ਰਮੇਸ਼ ਬਾਬਾ ਨੂੰ ਮਿਲਿਆ ਤਾਂ ਉਹ ਮਾਨਗੜ੍ਹ ਦੀ ਪਹਾੜੀ ’ਤੇ ਇਕ ਖੰਡਰ ਵਰਗੇ ਕਮਰੇ ਵਿਚ ਰਹਿੰਦੇ ਸਨ, ਜਿਸ ਵਿਚ ਜੂਨ ਦੀ ਗਰਮ ਦੁਪਹਿਰ ’ਚ ਆਉਂਦੀਆਂ ਗਰਮ ਹਵਾਵਾਂ ਨੂੰ ਰੋਕਣ ਲਈ ਖਿੜਕੀਆਂ ’ਤੇ ਪਾਟੀਆਂ ਬੋਰੀਆਂ ਨੂੰ ਭਿਓਂ ਕੇ ਟੰਗਿਆ ਹੋਇਆ ਸੀ। ਜਦੋਂ ਬਾਬਾ ਨੇ ਮੈਨੂੰ ਬ੍ਰਜ ਦੀਆਂ ਸੱਭਿਆਚਾਰਕ ਵਿਰਾਸਤਾਂ ਨੂੰ ਸੰਭਾਲਣ ਤੇ ਸੰਵਾਰਨ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਇਹ ਵੀ ਕਿਹਾ ਕਿ ‘‘ਭਗਵਾਨ ਦੀਨਬੰਧੂ ਦੀਨਾਨਾਥ ਹਨ, ਧਨੀਬੰਧੂ ਵੀ. ਆਈ. ਪੀ. ਨਾਥ ਨਹੀਂ। ਪਹਿਲਾਂ ਫ਼ਕੀਰ ਬਣੋ, ਫਿਰ ਬ੍ਰਜ ਦੀ ਸੇਵਾ ਕਰਨਾ।’’ ਬਾਬਾ ਦੇ ਸੰਗ ’ਚ 2002-05 ਦੇ ਵਿਚਕਾਰ ਮੈਂ ਵੀ ਅਜਿਹਾ ਜੀਵਨ ਜਿਊਣ ਦਾ ਯਤਨ ਕੀਤਾ। ਬੋਰੀ ਵਿਛਾ ਕੇ ਸੌਣਾ, ਭਿੱਖਿਆ ਮੰਗ ਕੇ ਰੋਟੀ ਖਾਣੀ ਅਤੇ ਬੇਹੱਦ ਸਾਧਾਰਨ ਕੱਪੜੇ ਪਹਿਨਣੇ ਪਰ ਇੰਨਾ ਹੀ ਕਾਫ਼ੀ ਨਹੀਂ ਸੀ। ਆਪਣੇ ਸੁਭਾਅ ਵਿਚ ਲਾਚਾਰੀ ਲਿਆਉਣ ਦਾ ਵੀ ਅਭਿਆਸ ਕਰਨਾ ਸੀ। ਇਸ ਤਰ੍ਹਾਂ ਬਾਬਾ ਨੇ ਅਨੇਕਾਂ ਤਰੀਕਿਆਂ ਨਾਲ ਬ੍ਰਜ ਸੇਵਾ ਲਈ ਸਿਖਲਾਈ ਦਿੱਤੀ।
ਇਸੇ ਤਰ੍ਹਾਂ ਬਰਸਾਨਾ ਦੀ ਪੀਲੀ ਪੋਖਰ ’ਤੇ ਰਹਿਣ ਵਾਲੇ ਵਿਰੱਕਤ ਸੰਤ ਵਿਨੋਦ ਬਾਬਾ ਵੀ ਹਨ, ਜਿਨ੍ਹਾਂ ਦੇ ਤਪ, ਸਾਦਗੀ, ਕਰੁਣਾ ਅਤੇ ਹਿਰਦੇ ਦੀ ਵਿਸ਼ਾਲਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਮਿੱਤਰ ਮੀਰਾ ਬੋਰਵੰਕਰ, ਜੋ ਮਹਾਰਾਸ਼ਟਰ ਦੀ ਚਰਚਿਤ ਪੁਲਸ ਅਧਿਕਾਰੀ ਰਹੀ ਅਤੇ ਜਿਸ ਦੇ ਜੀਵਨ ’ਤੇ ਬਾਲੀਵੁੱਡ ਫ਼ਿਲਮ ‘ਮਰਦਾਨੀ’ ਬਣੀ, ਉਹ ਸ਼੍ਰੀ ਵਿਨੋਦ ਬਾਬਾ ਦੇ ਦਰਸ਼ਨਾਂ ਲਈ ਤਿਆਰ ਨਹੀਂ ਸੀ ਪਰ ਮੈਂ ਉਸ ਨੂੰ ਲੈ ਗਿਆ। ਬਾਬਾ ਨੂੰ ਦੇਖਦਿਆਂ ਹੀ ਉਹ ਅਜਿਹੀ ਹੈਰਾਨ ਹੋਈ ਕਿ ਉੱਥੇ ਉਨ੍ਹਾਂ ਦੇ ਸਾਹਮਣੇ ਘੰਟਿਆਂਬੱਧੀ ਬੈਠਣ ਦੀ ਇੱਛਾ ਪ੍ਰਗਟ ਕਰਨ ਲੱਗੀ।
ਜਿਸ ਤਰ੍ਹਾਂ ਬੱਦਲ ਰਾਤ ਨੂੰ ਚੁੱਪ-ਚਾਪ ਕਿਸਾਨ ਦੇ ਖੇਤ ’ਚ ਬਿਨਾਂ ਦੱਸੇ ਵਰਖਾ ਕਰਕੇ ਚਲੇ ਜਾਂਦੇ ਹਨ, ਉਵੇਂ ਹੀ ਸੰਤ ਵੀ ਸਾਡੇ ਜੀਵਨ ਵਿਚ ਆਪਣੀ ਕਿਰਪਾ ਦੀ ਵਰਖਾ ਆਪੇ ਹੀ ਕਰਦੇ ਰਹਿੰਦੇ ਹਨ। ਗੋਵਰਧਨ ਦੇ ਸਿਆਰਾਮ ਬਾਬਾ, ਵ੍ਰਿੰਦਾਵਨ ਦੇ ਕ੍ਰਿਪਾ ਵਿਲਾਸ ਵਾਲੇ ਮਹਾਰਾਜ, ਪਿਛਲੇ ਕੁਝ ਸਾਲਾਂ ਵਿਚ ਪ੍ਰੇਮਾਨੰਦ ਜੀ ਮਹਾਰਾਜ ਅਤੇ ਕੇਰਲ ਦੀ ਸੰਤ ਮਾਤਾ ਅਮ੍ਰਿਤਾਨੰਦਮਈ ‘ਅੰਮਾ’ ਦੇ ਸੰਗ ਵਿਚ ਮੈਨੂੰ ਅਜਿਹੇ ਹੀ ਅਨੇਕਾਂ ਅਨੁਭਵ ਹੋਏ ਹਨ।
ਸੱਚੇ ਸੰਤ ਸਾਡੀ ਯੋਗਤਾ ਨੂੰ ਨਹੀਂ ਦੇਖਦੇ, ਉਹ ਤਾਂ ਬਿਨਾਂ ਕਿਸੇ ਸੁਆਰਥ ਦੇ ਕਿਰਪਾ ਕਰਦੇ ਹਨ। ਨੀਬ ਕਰੌਰੀ ਬਾਬਾ ਦਾ ਜੀਵਨ ਵੀ ਅਜਿਹਾ ਹੀ ਸੀ। ਉਨ੍ਹਾਂ ਨੇ ਦਿਖਾਵੇ ਤੋਂ ਰਹਿਤ ਸਾਦਗੀ ਭਰਿਆ ਜੀਵਨ ਆਮ ਜਨਮਾਨਸ ਲਈ ਸਮਰਪਿਤ ਕੀਤਾ ਸੀ। ਉਨ੍ਹਾਂ ਦੀਆਂ ਗਤੀਵਿਧੀਆਂ ਇਹ ਸਿੱਧ ਕਰਨ ਲਈ ਕਾਫ਼ੀ ਹਨ ਕਿ ਸੰਤ ਨੂੰ ਤੁਹਾਡੇ ਅਹੁਦੇ, ਧਨ, ਰੁਤਬੇ ਅਤੇ ਹੈਸੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਬਦਕਿਸਮਤੀ ਦੀ ਗੱਲ ਇਹ ਹੈ ਕਿ ਅੱਜ ਦੇਸ਼ ਵਿਚ ਸਨਾਤਨ ਧਰਮ ਦੇ ਨਾਂ ’ਤੇ ਰੌਲਾ ਪਾਉਣ ਵਾਲੇ ਅਜਿਹੇ ਹਜ਼ਾਰਾਂ ਸਵੈ-ਅੈਲਾਨੇ ‘ਸੰਤ’, ਗੁਰੂ, ਕਥਾਵਾਚਕ ਆਦਿ ਸੋਸ਼ਲ ਮੀਡੀਆ ਅਤੇ ਸਮਾਜ ਵਿਚ ਛਾ ਗਏ ਹਨ ਜਿਨ੍ਹਾਂ ਦਾ ਆਚਰਣ ਦੂਰ-ਦੂਰ ਤੱਕ ਸੰਤਾਂ ਵਰਗਾ ਨਹੀਂ ਹੈ।
ਆਮ ਜਨਤਾ ਆਪਣੇ ਜੀਵਨ ਦੇ ਦੁੱਖਾਂ ਤੋਂ ਮੁਕਤੀ ਪਾਉਣ ਲਈ ਧਰਮ ਦੀ ਸ਼ਰਨ ਲੈਂਦੀ ਹੈ ਪਰ ਉਨ੍ਹਾਂ ਨੂੰ ਮਿਲਦਾ ਹੈ— ‘‘ਉੱਚੀ ਦੁਕਾਨ, ਫਿੱਕਾ ਪਕਵਾਨ।’’ ਪਿਛਲੇ 30 ਸਾਲਾਂ ਵਿਚ ਮੈਂ ਇਸ ਕਾਲਮ ਵਿਚ ਕਈ ਵਾਰ ਲਿਖਿਆ ਹੈ ਕਿ ਜਿਸ ਦੇ ਸਾਹਮਣੇ ਬੈਠ ਕੇ ਤੁਹਾਡੀਆਂ ਭੌਤਿਕ ਇੱਛਾਵਾਂ ਖ਼ਤਮ ਹੋ ਜਾਣ ਅਤੇ ਅਧਿਆਤਮਿਕ ਜਿਗਿਆਸਾ ਪ੍ਰਬਲ ਹੋ ਜਾਵੇ, ਉਹੀ ਸੱਚਾ ਸੰਤ ਹੈ। ਬਾਕੀ ਤਾਂ ਸਭ ਧਾਰਮਿਕ ਮਨੋਰੰਜਨ ਹੈ। ਸਾਨੂੰ ਭਗਵਾਨ ਜਾਂ ਸੱਚੇ ਸੰਤ ਤੋਂ ਕੁਝ ਕਹਿ ਕੇ ਮੰਗਣਾ ਨਹੀਂ ਪੈਂਦਾ। ਨੀਬ ਕਰੌਰੀ ਬਾਬਾ ਵਾਂਗ ਉਹ ਆਪ ਹੀ ਜਾਣ ਲੈਂਦੇ ਹਨ ਕਿ ਸਾਨੂੰ ਕੀ ਚਾਹੀਦਾ ਹੈ ਜਾਂ ਸਾਡਾ ਭਲਾ ਕਿਸ ਵਿਚ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਭਗਵਦ ਗੀਤਾ ਦੇ 18ਵੇਂ ਅਧਿਆਇ ਦੇ 61ਵੇਂ ਸਲੋਕ ਵਿਚ ਕਹਿੰਦੇ ਹਨ, ‘ਹੇ ਅਰਜੁਨ! ਈਸ਼ਵਰ ਸਾਰੇ ਜੀਵਾਂ ਦੇ ਹਿਰਦੇ ਵਿਚ ਨਿਵਾਸ ਕਰਦੇ ਹਨ। ਤਾਂ ਉਨ੍ਹਾਂ ਤੋਂ ਕੁਝ ਬੋਲ ਕੇ ਮੰਗਣ ਦੀ ਕੀ ਜ਼ਰੂਰਤ ਹੈ?’
ਦੇਸ਼ ਦੇ ਕੋਨੇ-ਕੋਨੇ ਵਿਚ ਅਜਿਹੇ ਸੱਚੇ ਸੰਤਾਂ ਦੀ ਘਾਟ ਨਹੀਂ ਹੈ ਜੋ ਸਾਨੂੰ ਤੱਤ- ਗਿਆਨ ਵੀ ਕਰਵਾ ਸਕਦੇ ਹਨ ਅਤੇ ਸਾਡੀ ਬੇਚੈਨੀ ਨੂੰ ਵੀ ਸ਼ਾਂਤ ਕਰ ਸਕਦੇ ਹਨ। ਅਜਿਹੇ ਸੰਤਾਂ ਨੂੰ ਸਾਡੇ ਤੋਂ ਧਨ ਜਾਂ ਸਾਧਨ ਪਾਉਣ ਦੀ ਉਮੀਦ ਨਹੀਂ ਹੁੰਦੀ। ਉਨ੍ਹਾਂ ਨੂੰ ਜ਼ਬਰਦਸਤੀ ਚੇਲੇ ਬਣਾਉਣ ਦੀ ਇੱਛਾ ਵੀ ਨਹੀਂ ਹੁੰਦੀ। ਅਜਿਹੇ ਸੰਤ ਤਾਂ ਸਾਡੇ ਲੱਖ ਵਾਰ ਨੱਕ ਰਗੜਣ ਤੋਂ ਬਾਅਦ ਵੀ ਸਾਡੀ ਯੋਗਤਾ ਨੂੰ ਦੇਖ ਕੇ ਹੀ ਆਪਣਾ ਚੇਲਾ ਸਵੀਕਾਰ ਕਰਦੇ ਹਨ। ਅੱਜ-ਕੱਲ੍ਹ ਤਾਂ ਦੇਸ਼ ਵਿਚ ਥੋਕ ਦੇ ਭਾਅ ਚੇਲੇ ਬਣਾਉਣ ਦਾ ਧੰਦਾ ਚੱਲ ਰਿਹਾ ਹੈ। ‘ਜੈਸਾ ਗੁਰੂ ਵੈਸਾ ਚੇਲਾ, ਦੋਨੋਂ ਮਿਲਕਰ ਠੇਲਮ-ਠੇਲਾ।’ ਲਗਭਗ 500 ਸਾਲ ਪਹਿਲਾਂ ਮਹਾਪ੍ਰਭੂ ਵੱਲਭਾਚਾਰੀਆ ਜੀ ਬ੍ਰਜ ਚੌਰਾਸੀ ਕੋਸ ਯਾਤਰਾ ਦੌਰਾਨ ਇਕ ਜੰਗਲ ਵਿਚ ਪਏ ਵਿਸ਼ਾਲ ਅਜਗਰ ਨੂੰ ਦੇਖ ਕੇ ਰੁਕ ਗਏ। ਉਸ ਅਜਗਰ ਨੂੰ ਹਜ਼ਾਰਾਂ ਕੀੜੀਆਂ ਖਾ ਰਹੀਆਂ ਸਨ। ਉਹ ਦਰਦ ਨਾਲ ਤੜਫ ਰਿਹਾ ਸੀ।
ਮਹਾਪ੍ਰਭੂ ਨੇ ਉੱਥੇ ਹੀ ਠਹਿਰ ਕੇ ਸ਼੍ਰੀਮਦ ਭਾਗਵਤ ਦੇ 108 ਪਾਠ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਹੈਰਾਨ ਹੋਏ ਚੇਲਿਆਂ ਨੇ ਇਸ ਦਾ ਕਾਰਨ ਪੁੱਛਿਆ। ਮਹਾਪ੍ਰਭੂ ਨੇ ਕਿਹਾ ਕਿ ਇਹ ਅਜਗਰ ਪਿਛਲੇ ਜਨਮ ਵਿਚ ਸਵੈ-ਐਲਾਨਿਆ ਗੁਰੂ ਸੀ। ਇਸ ਨੇ ਹਜ਼ਾਰਾਂ ਲੋਕਾਂ ਨੂੰ ਦੀਖਿਆ ਦੇ ਕੇ ਆਪਣਾ ਚੇਲਾ ਬਣਾਇਆ ਪਰ ਨਾ ਤਾਂ ਉਹ ਆਪਣਾ ਉੱਦਾਰ ਕਰ ਸਕਿਆ ਅਤੇ ਨਾ ਹੀ ਆਪਣੇ ਹਜ਼ਾਰਾਂ ਚੇਲਿਆਂ ਦਾ। ਉਹੀ ਚੇਲੇ ਇਸ ਜਨਮ ਵਿਚ ਇਹ ਹਜ਼ਾਰਾਂ ਕੀੜੀਆਂ ਬਣ ਕੇ ਉਸ ਦਾ ਸਰੀਰ ਖਾ ਰਹੇ ਹਨ। ਇਸੇ ਲਈ ਕਹਾਵਤ ਹੈ, ‘ਪਾਣੀ ਪੀਓ ਛਾਣ ਕੇ, ਗੁਰੂ ਧਾਰੋ ਜਾਣ ਕੇ।’
—ਵਿਨੀਤ ਨਾਰਾਇਣ
