ਸੀ. ਜੇ. ਪੀ. ਲਈ ਰਾਹੁਲ ਗਾਂਧੀ ਦੀ ਰਣਨੀਤੀ ’ਚ ਬਦਲਾਅ!

Saturday, Oct 17, 2026 - 05:46 PM (IST)

ਸੀ. ਜੇ. ਪੀ. ਲਈ ਰਾਹੁਲ ਗਾਂਧੀ ਦੀ ਰਣਨੀਤੀ ’ਚ ਬਦਲਾਅ!

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜੰਤਰ-ਮੰਤਰ ਰੋਡ ’ਤੇ ਤਿਰੰਗਾ ਲਹਿਰਾਉਣ ਲਈ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਨੇਤਾਵਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ, ਜਿਸ ਨੂੰ ਸੋਮਵਾਰ ਨੂੰ ਵਿਰੋਧ ਸਥਲ ਵਜੋਂ ਡੀ-ਨੋਟੀਫਾਈ ਕਰ ਦਿੱਤਾ ਗਿਆ ਸੀ। ਰਾਹੁਲ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਜੰਤਰ-ਮੰਤਰ ’ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ’ਚ ਤਿਰੰਗਾ ਲਹਿਰਾਉਣਾ ਅਪਰਾਧ ਨਹੀਂ ਹੈ। ਇਸ ਲਈ ਨੌਜਵਾਨਾਂ ਨੂੰ ਜੇਲ ’ਚ ਸੁੱਟਣਾ ਕਾਇਰਤਾ ਭਰਿਆ ਕੰਮ ਹੈ। ਵਿਦਿਆਰਥੀ। ਨੌਜਵਾਨ। ਪੱਤਰਕਾਰ। ਇੰਡੀਆ ਬਲਾਕ। ਵੱਖ-ਵੱਖ ਬੈਨਰ, ਇਕ ਕਾਰਨ। ਸਾਰੇ ਵਿਰੋਧ ਇਕ ਹਨ- ਨਾਗਰਿਕ ਜੋ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਜੰਤਰ-ਮੰਤਰ ਭਾਰਤ ਦੇ ਲੋਕਾਂ ਦਾ ਹੈ। ਅਸੀਂ ਇਸ ਨੂੰ ਵਾਪਸ ਲਵਾਂਗੇ।’’ ਸੀ. ਜੇ. ਪੀ. ਨੇ ਕਾਂਗਰਸ ਅਤੇ ਇੰਡੀਆ ਬਲਾਕ ਵੱਲੋਂ ਆਯੋਜਿਤ ਬੈਠਕਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਦੂਰੀ ਬਣਾ ਕੇ ਰੱਖੀ ਅਤੇ ਦੋਵਾਂ ਧਿਰਾਂ ਵਿਚਾਲੇ ਸੋਸ਼ਲ ਮੀਡੀਆ ’ਤੇ ਟਕਰਾਅ ਹੋਇਆ। ਤ੍ਰਿਣਮੂਲ ਕਾਂਗਰਸ ਅਤੇ ਖੱਬੇਪੱਖੀ ਦਲਾਂ ਨੇ ਦੋਵਾਂ ਵਿਚਾਲੇ ਇਕ ਪੁਲ ਬਣਨ ਦਾ ਯਤਨ ਕੀਤਾ।

ਸੀ. ਜੇ. ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵਿਅਕਤੀਗਤ ਤੌਰ ’ਤੇ ਸੰਬੋਧਨ ਕਰਦਿਆਂ ‘ਐਕਸ’ ਪੋਸਟ ’ਚ ਰਾਹੁਲ ਅਤੇ ਹੋਰ ਨੇਤਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪੋਸਟ ਕੀਤਾ, ‘‘ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਵਿਰੁੱਧ ਬੋਲਣ ਲਈ ਧੰਨਵਾਦ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਰ।’’ ਜੇਲ ’ਚ ਬੰਦ ਸੀ. ਜੇ. ਪੀ. ਨੇਤਾਵਾਂ ਲਈ ਖੁੱਲ੍ਹਾ ਸਮਰਥਨ ਰਾਹੁਲ ਗਾਂਧੀ ਦੀ ਰਣਨੀਤੀ ’ਚ ਬਦਲਾਅ ਦਾ ਸੰਕੇਤ ਦਿੰਦਾ ਹੈ, ਜੋ ਉਨ੍ਹਾਂ ਨਿਰੰਤਰ ਵਿਰੋਧ ਅਤੇ ਆਲੋਚਨਾਵਾਂ ਦੇ ਵਿਚਾਲੇ ਹੈ ਕਿ ਕਾਂਗਰਸ ਸੀ. ਜੇ. ਪੀ. ਤੋਂ ਦੂਰੀ ਬਣਾ ਕੇ ਰੱਖ ਰਹੀ ਹੈ।

ਦੁਸ਼ਯੰਤ ਗੌਤਮ ਨੂੰ ਰਾਜਪਾਲ ਨਿਯੁਕਤ ਨਾ ਕਰਨ ਦੀ ਮੰਗ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਸਿੱਕਮ ਦੇ ਰਾਜਪਾਲ ਵਜੋਂ ਦੁਸ਼ਯੰਤ ਗੌਤਮ ਦੀ ਨਿਯੁਕਤੀ ’ਤੇ ਮੁੜ-ਵਿਚਾਰ ਕਰਨ ਲਈ ਕਹਿਣ ਅਤੇ ਅੰਕਿਤਾ ਭੰਡਾਰੀ ਦੀ 2022 ਦੀ ਹੱਤਿਆ ’ਚ ਕਥਿਤ ਵੀ. ਆਈ. ਪੀ. ਐਂਗਲ ਦੀ ਸੀ. ਬੀ. ਆਈ. ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੇ ਅਹੁਦਾ ਸੰਭਾਲਣ ਨੂੰ ਮੁਲਤਵੀ ਕਰਨ ਦੀ ਅਪੀਲ ਕਰਨ। ਮੁਰਮੂ ਨੂੰ ਲਿਖੇ ਪੱਤਰ ’ਚ, ਗਾਂਧੀ ਨੇ ਕਿਹਾ ਕਿ ਉਹ ਆਖਰੀ ਉਪਾਅ ਵਜੋਂ ਉਨ੍ਹਾਂ ਕੋਲ ਆਏ ਹਨ ਅਤੇ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 74(1) ਦੀ ਵਰਤੋਂ ਕਰਕੇ ਸਰਕਾਰ ਨੂੰ ਨਿਯੁਕਤੀ ’ਤੇ ਆਪਣੀ ਸਲਾਹ ’ਤੇ ਮੁੜ-ਵਿਚਾਰ ਕਰਨ ਲਈ ਕਹਿਣ ਦੀ ਅਪੀਲ ਕੀਤੀ।

ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ, ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇੰਡੀਆ ਗੇਟ ’ਤੇ ਅੰਕਿਤਾ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ, ਜਿੱਥੇ ਉਹ ਨਿਯੁਕਤੀ ਦਾ ਵਿਰੋਧ ਕਰਦਿਆਂ ਅਤੇ ਆਪਣੀ ਧੀ ਲਈ ਨਿਆਂ ਦੀ ਮੰਗ ਕਰਦਿਆਂ ਦਿਖਾਈ ਦਿੱਤੇ ਸਨ। ਅੰਕਿਤਾ ਦੇ ਪਿਤਾ, ਵੀਰੇਂਦਰ ਸਿੰਘ ਭੰਡਾਰੀ ਨੇ ਕਿਹਾ ਕਿ ਗੌਤਮ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅਪੀਲ ਕੀਤੀ ਕਿ ਸੀ. ਬੀ. ਆਈ. ਜਾਂਚ ਪੂਰੀ ਹੋਣ ਤੱਕ ਨਿਯੁਕਤੀ ਨੂੰ ਰੋਕ ਦਿੱਤਾ ਜਾਵੇ।

ਪਰਿਵਾਰ ਨੇ ਆਪਣੀਆਂ ਚਿੰਤਾਵਾਂ ਨੂੰ ਰੱਖਣ ਲਈ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਦੇਹਰਾਦੂਨ ਦੇ ਸਕੱਤਰੇਤ ’ਚ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕਰਨਗੇ।

ਅਖਿਲੇਸ਼ ਦਾ ਟੀਚਾ ਭਾਜਪਾ ਵਿਰੋਧੀ ਗੱਠਜੋੜ ਨੂੰ ਵਿਆਪਕ ਬਣਾਉਣਾ : 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹੋਣ ਦੇ ਕੰਢੇ ’ਤੇ ਹਨ, ਅਜਿਹੇ ’ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਟੀਚਾ ਭਾਜਪਾ ਵਿਰੋਧੀ ਗੱਠਜੋੜ ਨੂੰ ਵਿਆਪਕ ਬਣਾਉਣਾ ਹੈ। ਅਖਿਲੇਸ਼ ਨੇ ਕਿਹਾ, ‘‘ਜੇ ਮੁਸਲਮਾਨ-ਯਾਦਵ (ਐੱਮ-ਵਾਈ) ਵੋਟਾਂ ਬਰਕਰਾਰ ਰਹਿਣ ਅਤੇ ਪੀ. ਡੀ. ਏ. ਨੂੰ ਇਕੱਠਾ ਲਿਆਂਦਾ ਜਾਵੇ, ਤਾਂ ਜੈੱਨ ਜ਼ੀ ’ਚ ਵਧਦੀ ਨਾਰਾਜ਼ਗੀ ਦੇ ਨਾਲ, ਭਾਜਪਾ ਦਾ ਸਫਾਇਆ ਤੈਅ ਹੈ।’’ ਇਹ ਟਿੱਪਣੀ ਸਮਾਜਵਾਦੀ ਪਾਰਟੀ ਦੇ ਰਵਾਇਤੀ ਮੁਸਲਮਾਨ-ਯਾਦਵ ਸਮਰਥਨ ਆਧਾਰ ਨੂੰ ਪੱਛੜੇ ਵਰਗਾਂ, ਦਲਿਤਾਂ ਅਤੇ ਘੱਟਗਿਣਤੀਆਂ ਦੇ ਵਿਆਪਕ ਸਮਾਜਿਕ ਗੱਠਜੋੜ ਨਾਲ ਜੋੜਨ ਦੇ ਯਤਨ ਦਾ ਸੰਕੇਤ ਦਿੰਦੀ ਹੈ, ਨਾਲ ਹੀ ਇਹ ਨੌਜਵਾਨਾਂ ਦੇ ਅਸੰਤੋਸ਼ ਨੂੰ ਭੁਨਾਉਣ ਦੀ ਕੋਸ਼ਿਸ਼ ਹੈ।

ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੇ ਜਨਪ੍ਰਤੀਨਿਧੀ ਆਪਣੇ ਪਰਿਵਾਰਾਂ ’ਚ ਮਗਨ ਰਹਿੰਦੇ ਹਨ ਅਤੇ ਦੁਪਹਿਰ ਨੂੰ ਜਾਗਦੇ ਹਨ, ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦੇ। ਇਹ ਸਮਾਜਵਾਦੀ ਪਾਰਟੀ ਅਤੇ ਇਸ ਦੇ ਮੁਖੀ ਅਖਿਲੇਸ਼ ਯਾਦਵ ’ਤੇ ਸਪੱਸ਼ਟ ਹਮਲਾ ਸੀ। ਵਾਰਾਣਸੀ ’ਚ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਆਦਿੱਤਿਆਨਾਥ ਨੇ ਕਿਹਾ ਕਿ ਜਿਹੜੇ ਨੇਤਾ ਆਪਣੇ ਪਰਿਵਾਰਾਂ ਨੂੰ ਹੀ ਆਪਣੀ ਪੂਰੀ ਦੁਨੀਆ ਮੰਨਦੇ ਹਨ, ਉਹ ਬਦਲਾਅ ਨਹੀਂ ਲਿਆ ਸਕਦੇ ਅਤੇ ਜ਼ੋਰ ਦਿੱਤਾ ਕਿ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਲੋਕਾਂ ਨਾਲ ਜੁੜੇ ਰਹਿਣਾ ਅਤੇ ਉਨ੍ਹਾਂ ਦੇ ਸੁੱਖ-ਦੁੱਖ ’ਚ ਸ਼ਾਮਲ ਹੋਣਾ ਚਾਹੀਦਾ ਹੈ।

ਨੇਹਾ ਬੋਰਾ ਸੁਰਖੀਆਂ ’ਚ : ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੀ ਪ੍ਰਧਾਨ ਨੇਹਾ ਬੋਰਾ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਦਿੱਲੀ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰਾਸ਼ਟਰੀ ਸੁਰਖੀਆਂ ’ਚ ਆ ਗਈ ਹੈ। 29 ਸਾਲਾ ਵਿਦਿਆਰਥੀ ਕਾਰਕੁੰਨ ਉਨ੍ਹਾਂ ਲੋਕਾਂ ’ਚ ਸ਼ਾਮਲ ਸੀ, ਜਿਨ੍ਹਾਂ ਨੂੰ ਹਾਲ ਹੀ ’ਚ ਦਿੱਲੀ ਪੁਲਸ ਨੇ ਚੋਣ ਰੋਲ ਦੀ ਸੋਧ ’ਚ ਕਥਿਤ ਅਨਿਯਮਿਤਤਾਵਾਂ ਨਾਲ ਜੁੜੇ ਪ੍ਰਦਰਸ਼ਨਾਂ ਦੌਰਾਨ ਹਿਰਾਸਤ ’ਚ ਲਿਆ ਸੀ। ਇਸ ਦੌਰਾਨ, ਨੇਹਾ ਬੋਰਾ ਨੇ ਦਿੱਲੀ ’ਚ ਇੰਡੀਆ ਬਲਾਕ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮਾਰਚ ਕੀਤਾ ਅਤੇ ਨਵੀਂ ਦਿੱਲੀ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਿਵਾਸ ਸਥਾਨ ’ਤੇ ਆਯੋਜਿਤ ਇੰਡੀਆ ਬਲਾਕ ਦੀ ‘ਹਾਈ ਟੀ’ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ’ਚ ਵੀ ਹਿੱਸਾ ਲਿਆ। ਨੇਹਾ ਨੇ ਸਿੱਧੇ ਤੌਰ ’ਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ, ‘‘ਇਸ ਦੇਸ਼ ਦੇ ਲੋਕਾਂ, ਭਾਰਤੀ ਲੋਕਤੰਤਰ ਅਤੇ ਸੰਵਿਧਾਨ ਦਾ ਇਕੋ-ਇਕ ਦੁਸ਼ਮਣ ਹੈ ਅਤੇ ਉਹ ਹੈ ਭਾਜਪਾ। ਵੋਟਰ ਅਧਿਕਾਰਾਂ ’ਤੇ ਹਮਲਾ ਭਾਰਤ ’ਤੇ ਹਮਲਾ ਹੈ ਅਤੇ ਲੋਕਤੰਤਰ ’ਤੇ ਹਮਲਾ ਹੈ।’’

ਬੋਰਾ ਉਨ੍ਹਾਂ ਵਿਦਿਆਰਥੀ ਨੇਤਾਵਾਂ ’ਚ ਸ਼ਾਮਲ ਸੀ ਜਿਨ੍ਹਾਂ ਨੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਨਾਲ ਜੰਤਰ-ਮੰਤਰ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਚ ਹਿੱਸਾ ਲਿਆ ਸੀ, ਜੋ ਕਥਿਤ ਪ੍ਰੀਖਿਆ ਬੇਨਿਯਮੀਆਂ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੀ ਅਗਵਾਈ ’ਚ ਚੱਲ ਰਹੇ ਵਿਆਪਕ ਵਿਦਿਆਰਥੀ-ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸੀ। ਬੋਰਾ ਨੇ ਝਾਰਖੰਡ ਲੋਕ ਸੇਵਾ ਕਮਿਸ਼ਨ ਅਤੇ ਝਾਰਖੰਡ ਕਰਮਚਾਰੀ ਚੋਣ ਕਮਿਸ਼ਨ ਦੀਆਂ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਝਾਰਖੰਡ ’ਚ ਹੋਏ ਵਿਰੋਧ ਪ੍ਰਦਰਸ਼ਨਾਂ ’ਚ ਵੀ ਹਿੱਸਾ ਲਿਆ ਸੀ

—ਰਾਹਿਲ ਨੋਰਾ ਚੋਪੜਾ


author

Anmol Tagra

Content Editor

Related News