ਖੱਬੇ ਹੱਥ ਦਾ ਹੋਣਾ ਕੋਈ ਅਪਰਾਧ ਨਹੀਂ...!
Monday, Aug 10, 2026 - 04:57 PM (IST)
ਜਦੋਂ ਮੈਂ ਆਪਣੀ ਸਭ ਤੋਂ ਛੋਟੀ ਪੋਤੀ ਨੂੰ ਹੌਲੀ-ਹੌਲੀ ਆਪਣੇ ਸੱਜੇ ਹੱਥ ਦੀ ਬਜਾਏ ਖੱਬੇ ਹੱਥ ਦੀ ਜ਼ਿਆਦਾ ਵਰਤੋਂ ਕਰਦੇ ਹੋਏ ਦੇਖਦਾ ਹਾਂ, ਤਾਂ ਸੋਚਦਾ ਹਾਂ ਕਿ ਕੀ ਉਹ ਖੱਬੇ ਹੱਥ ਨਾਲ ਕੰਮ ਕਰਨ ਵਾਲੀ (ਲੈਫਟ-ਹੈਂਡਿਡ) ਬਣੇਗੀ?
ਮੈਂ ਉਸ ਨੂੰ ਖੱਬੇ ਹੱਥ ਨਾਲ ਖਿਡੌਣਾ ਚੁੱਕਦਿਆਂ, ਉਸ ’ਚ ਬਿਸਕੁਟ ਰੱਖਦਿਆਂ ਅਤੇ ਕਈ ਵਾਰ ਉਸ ਨੂੰ ਇਸ ਤਰ੍ਹਾਂ ਲਹਿਰਾਉਂਦਿਆਂ ਦੇਖਦਾ ਹਾਂ, ਜਿਵੇਂ ਕੋਈ ਨੇਤਾ, ਜਿਸ ਨੂੰ ਅਚਾਨਕ ਲੋਕਾਂ ਦੀ ਭੀੜ ਮਿਲ ਗਈ ਹੋਵੇ।
ਮੈਂ ਕਹਿੰਦਾ ਹਾਂ, ‘‘ਸ਼ਾਇਦ ਉਹ ਲੈਫਟ-ਹੈਂਡਿਡ ਹੈ।’’
ਕੋਈ ਘਬਰਾਉਂਦਾ ਨਹੀਂ ਹੈ। ਕੋਈ ਪੁਜਾਰੀ ਨੂੰ ਨਹੀਂ ਬੁਲਾਉਂਦਾ। ਕੋਈ ਸਕੇਲ ਲਈ ਹੋਏ ਟੀਚਰ ਨੂੰ ਨਹੀਂ ਬੁਲਾਉਂਦਾ। ਕੋਈ ਸੰਸਦੀ ਕਮੇਟੀ ਨਹੀਂ ਬਣਾਉਂਦਾ ਜੋ ਇਹ ਜਾਂਚ ਕਰੇ ਕਿ ਕੀ ਉਸ ਦਾ ਖੱਬਾ ਹੱਥ ਦੇਸ਼-ਵਿਰੋਧੀ ਹੈ।
ਫਿਰ ਵੀ, ਕੁਝ ਸਮਾਂ ਪਹਿਲਾਂ ਤੱਕ, ਉਸ ਮਾਸੂਮ ਛੋਟੇ-ਜਿਹੇ ਹੱਥ ਨੂੰ ਦੇਖ ਕੇ ਕਾਫ਼ੀ ਚਿੰਤਾ ਹੁੰਦੀ ਸੀ।
ਵੀਹਵੀਂ ਸਦੀ ’ਚ ਵੀ, ਬ੍ਰਿਟੇਨ, ਉੱਤਰੀ ਅਮਰੀਕਾ ਅਤੇ ਦੂਜੀਆਂ ਥਾਵਾਂ ’ਤੇ ਟੀਚਰ ਖੱਬੇ ਹੱਥ ਵਾਲੇ ਬੱਚਿਆਂ ਨੂੰ ਸੱਜੇ ਹੱਥ ਨਾਲ ਲਿਖਣ ਲਈ ਮਜਬੂਰ ਕਰਦੇ ਸਨ। ਕੁਝ ਤਾਂ ਬੱਚੇ ਦੇ ਉਸ ‘ਗਲਤ’ ਹੱਥ ਨੂੰ ਉਸ ਦੀ ਪਿੱਠ ਪਿੱਛੇ ਬੰਨ੍ਹ ਵੀ ਦਿੰਦੇ ਸਨ। ਇਸ ਨੂੰ ਹੀ ਸਿੱਖਿਆ ਕਿਹਾ ਜਾਂਦਾ ਸੀ।
ਹੋ ਸਕਦਾ ਹੈ ਬੱਚਾ ਇਸ ਨੂੰ ਟਾਰਚਰ ਕਹਿੰਦਾ ਪਰ ਬੱਚਿਆਂ ਤੋਂ ਸਲਾਹ ਨਹੀਂ ਲਈ ਜਾਂਦੀ ਸੀ। ਵੱਡਿਆਂ ਨੂੰ ਪਤਾ ਹੁੰਦਾ ਸੀ ਕਿ ਕੀ ਸਹੀ ਹੈ, ਖ਼ਾਸ ਕਰਕੇ ਉਦੋਂ, ਜਦੋਂ ਉਹ ਪੂਰੀ ਤਰ੍ਹਾਂ ਗਲਤ ਹੁੰਦੇ ਸਨ।
ਇਸ ਭੇਦਭਾਵ ਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਸਨ। ਸੱਜੇ ਹੱਥ ਨੂੰ ਚੰਗਿਆਈ, ਤਾਕਤ ਅਤੇ ਈਸ਼ਵਰੀ ਕਿਰਪਾ ਨਾਲ ਜੋੜਿਆ ਜਾਂਦਾ ਸੀ। ਖੱਬਾ ਹੱਥ ਕਮਜ਼ੋਰੀ, ਬੁਰਾਈ ਅਤੇ ਬਦਕਿਸਮਤੀ ਦਾ ਸੰਕੇਤ ਮੰਨਿਆ ਜਾਂਦਾ ਸੀ। ਇੱਥੋਂ ਤੱਕ ਕਿ ‘ਸਿਨਿਸਟਰ’ (ਅਸ਼ੁੱਭ) ਸ਼ਬਦ ਵੀ ਲਾਤੀਨੀ ਭਾਸ਼ਾ ਦੇ ‘ਲੈਫਟ’ (ਖੱਬੇ) ਸ਼ਬਦ ਤੋਂ ਆਇਆ ਹੈ।
ਜ਼ਰਾ ਸੋਚੋ। ਇਕ ਹੱਥ ਪਾਣੀ ਦਾ ਗਲਾਸ ਚੁੱਕਣ ਲਈ ਅੱਗੇ ਵਧਦਾ ਹੈ ਅਤੇ ਸੱਭਿਅਤਾ ਚੀਕਦੀ ਹੈ, ‘‘ਬੁਰੀਆਂ ਤਾਕਤਾਂ ਕੰਮ ਕਰ ਰਹੀਆਂ ਹਨ!’’
ਫਿਰ ਇਟਲੀ ਦੇ ਕ੍ਰਿਮਿਨੋਲੋਜਿਸਟ (ਅਪਰਾਧ-ਮਾਹਿਰ) ਸੇਜ਼ਾਰੇ ਲੋਮਬਰੋਸੋ ਆਏ, ਜਿਨ੍ਹਾਂ ਨੇ ਤੈਅ ਕੀਤਾ ਕਿ ਭੇਦਭਾਵ ਨੂੰ ਵਿਗਿਆਨਕ ਮਾਨਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਖੱਬੇ ਹੱਥ ਦੀ ਵਰਤੋਂ ਔਰਤਾਂ, ਬੱਚਿਆਂ, ਅਪਰਾਧੀਆਂ ਅਤੇ ਅਜਿਹੇ ਲੋਕਾਂ ’ਚ ਆਮ ਸੀ, ਜਿਨ੍ਹਾਂ ਦਾ ਉਨ੍ਹਾਂ ਨੇ ਆਪਣੇ ਸਮੇਂ ਦੀ ਨਸਲਵਾਦੀ ਅਤੇ ਬਸਤੀਵਾਦੀ ਸ਼ਬਦਾਵਲੀ ’ਚ ਵਰਣਨ ਕੀਤਾ ਸੀ।
ਬਾਅਦ ’ਚ ਉਨ੍ਹਾਂ ਦੇ ਨਤੀਜਿਆਂ ਨੂੰ ਗਲਤ ਸਾਬਤ ਕਰ ਦਿੱਤਾ ਗਿਆ ਪਰ ਬਕਵਾਸ ਗੱਲਾਂ ਨੂੰ ਹਮੇਸ਼ਾ ਸਬੂਤ ਦੀ ਲੋੜ ਨਹੀਂ ਹੁੰਦੀ। ਇਸ ਲਈ ਬਸ ਇਕ ਪ੍ਰਭਾਵਸ਼ਾਲੀ ਦਿਸਣ ਵਾਲੇ ਆਦਮੀ, ਕੁਝ ਅੰਕੜਿਆਂ ਅਤੇ ਸਵਾਲ ਨਾ ਪੁੱਛਣ ਲਈ ਤਿਆਰ ਦਰਸ਼ਕਾਂ ਦੀ ਲੋੜ ਹੁੰਦੀ ਹੈ।
ਚੰਗੀ ਗੱਲ ਇਹ ਹੈ ਕਿ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨਕਾਂ ਨੂੰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਬੱਚਿਆਂ ਨੂੰ ਉਨ੍ਹਾਂ ਦੇ ਸੁਭਾਵਿਕ ਹੱਥ ਨੂੰ ਬਦਲਣ ਲਈ ਮਜਬੂਰ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਹੋ ਸਕਦਾ ਹੈ। ਅੱਜ, ਹੱਥ ਦੀ ਵਰਤੋਂ ਦੀ ਤਰਜੀਹ ਨੂੰ ਆਮ ਮਨੁੱਖੀ ਵਿਭਿੰਨਤਾ ਦਾ ਹਿੱਸਾ ਮੰਨਿਆ ਜਾਂਦਾ ਹੈ।
ਖੱਬੇ ਹੱਥ ਵਾਲੇ ਬੱਚੇ ਨੂੰ ਹੁਣ ਨੁਕਸਦਾਰ, ਖ਼ਤਰਨਾਕ ਜਾਂ ਸੱਭਿਅਤਾ ਨੂੰ ਖ਼ਤਮ ਕਰਨ ਦੀ ਗੁਪਤ ਯੋਜਨਾ ਬਣਾਉਣ ਵਾਲਾ ਨਹੀਂ ਮੰਨਿਆ ਜਾਂਦਾ।
ਅਜੀਬ ਗੱਲ ਹੈ ਨਾ, ਕਿ ਅਸੀਂ ਵੱਖ-ਵੱਖ ਹੱਥਾਂ ਨੂੰ ਤਾਂ ਅਪਣਾਉਣਾ ਸਿੱਖ ਲਿਆ ਹੈ ਪਰ ਵੱਖ-ਵੱਖ ਸੋਚ, ਧਰਮ, ਭਾਸ਼ਾ, ਸੱਭਿਆਚਾਰ ਅਤੇ ਰਾਜਨੀਤਿਕ ਵਿਚਾਰਾਂ ਨੂੰ ਅਪਣਾਉਣ ’ਚ ਅਜੇ ਵੀ ਸੰਘਰਸ਼ ਕਰਦੇ ਹਾਂ।
ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਖੱਬੇ ਹੱਥ ਵਾਲੇ ਬੱਲੇਬਾਜ਼ ਦਾ ਉਤਸ਼ਾਹ ਵਧਾਉਂਦੇ ਹਾਂ ਜੋ ਭਾਰਤ ਲਈ ਕ੍ਰਿਕਟ ਮੈਚ ਜਿੱਤਦਾ ਹੈ। ਜਿੱਤ ਦਿਵਾਉਣ ਵਾਲਾ ਛੱਕਾ ਮਾਰਨ ਤੋਂ ਪਹਿਲਾਂ ਕਿਸੇ ਨੇ ਉਸ ਤੋਂ ਹੱਥ ਬਦਲਣ ਦੀ ਮੰਗ ਨਹੀਂ ਕੀਤੀ। ਕਿਸੇ ਨੇ ਇਹ ਨਹੀਂ ਕਿਹਾ ਕਿ ਉਸ ਦਾ ਸ਼ਾਟ ਗਲਤ ਹੈ ਕਿਉਂਕਿ ਜ਼ਿਆਦਾਤਰ ਲੋਕ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦੇ ਹਨ।
ਸ਼ਾਇਦ ਸਾਡੀ ਸੱਤਾਧਾਰੀ ਪਾਰਟੀ ਨੂੰ ਹੋਰ ਜ਼ਿਆਦਾ ਕ੍ਰਿਕਟ ਦੇਖਣਾ ਚਾਹੀਦਾ ਹੈ।
ਉਨ੍ਹਾਂ ਨੂੰ ਸ਼ਾਇਦ ਪਤਾ ਚੱਲੇ ਕਿ ਕੋਈ ਦੇਸ਼ ਇਸ ਲਈ ਮਜ਼ਬੂਤ ਨਹੀਂ ਬਣਦਾ ਕਿ ਹਰ ਨਾਗਰਿਕ ਇਕੋ ਤਰੀਕੇ ਨਾਲ ਸੋਚੇ, ਪੂਜਾ ਕਰੇ, ਬੋਲੇ, ਵੋਟ ਦੇਵੇ ਅਤੇ ਸਲਾਮੀ ਦੇਵੇ।
ਤਾੜੀ ਵਜਾਉਣ ਲਈ ਦੋਹਾਂ ਹੱਥਾਂ ਦੀ ਲੋੜ ਹੁੰਦੀ ਹੈ।
ਅਤੇ ਭਾਰਤ ਤਾਂ ਹਰ ਤਰ੍ਹਾਂ ਦੇ ਲੋਕਾਂ ਤੋਂ ਮਿਲ ਕੇ ਹੀ ਬਣਦਾ ਹੈ...!
–ਰਾਬਰਟ ਕਲੀਮੈਂਟਸ
