‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
Sunday, Aug 09, 2026 - 04:51 PM (IST)
ਇਸਲਾਮਾਬਾਦ ਮੈਮੋਰੰਡਮ ਦਾ ਪਤਨ ਇਕ ਪਹਿਲਾਂ ਤੋਂ ਅਨੁਮਾਨਿਤ ਹਿਸਾਬ-ਕਿਤਾਬ ਸੀ। ਅਮਰੀਕਾ-ਈਰਾਨ ਸਮਝੌਤੇ ਨੇ ਦੁਸ਼ਮਣੀ ਦੀ ਸਮਾਪਤੀ, ਹੋਰਮੁਜ਼ ਜਲਡਮਰੂਮੱਧ ’ਤੇ ਈਰਾਨੀ ਪਾਬੰਦੀਆਂ ਦੇ ਅੰਤ, ਖੇਤਰ ’ਚ ਅਮਰੀਕੀ ਫ਼ੌਜੀ ਸੰਪਤੀਆਂ ਦੀ ਪੜਾਅਵਾਰ ਕਟੌਤੀ, ਤਹਿਰਾਨ ਲਈ ਪਾਬੰਦੀਆਂ ’ਚ ਰਾਹਤ ਅਤੇ ਈਰਾਨ ਦੇ ਮੁੜ-ਨਿਰਮਾਣ ਤੇ ਵਿਕਾਸ ਲਈ ਇਕ ਲੋੜੀਂਦੀ ਆਰਥਿਕ ਵਚਨਬੱਧਤਾ ਦਾ ਵਾਅਦਾ ਕੀਤਾ ਸੀ। ਬਕਾਇਆ ਪ੍ਰਮਾਣੂ ਪ੍ਰੋਗਰਾਮ ਦੇ ਮੁੱਦੇ ਨੂੰ ਸੁਲਝਾਉਣ ਲਈ 60 ਦਿਨਾਂ ਦੀ ਸਮਾਂ-ਹੱਦ ਤੈਅ ਕੀਤੀ ਗਈ ਸੀ। ਜੁਲਾਈ ਦੀ ਸ਼ੁਰੂਆਤ ਤੱਕ, ਉਹ ਢਾਂਚਾ ਬਦਲ ਚੁੱਕਾ ਸੀ।
ਯਮਨ ’ਚ ਹੂਤੀ, ਈਰਾਨ ਦੇ ਇਸ਼ਾਰੇ ’ਤੇ ਕੰਮ ਕਰਦੇ ਹੋਏ, ਬਾਬ ਅਲ-ਮੰਦੇਬ ਜਲਡਮਰੂਮੱਧ ਦੀ ਨਾਕਾਬੰਦੀ ਦਾ ਐਲਾਨ ਕਰ ਚੁੱਕੇ ਹਨ। ਸਾਊਦੀ ਅਰਬ ਅਤੇ 13 ਹੋਰ ਦੇਸ਼ਾਂ ਨੇ ਲਾਲ ਸਾਗਰ ਅਤੇ ਬਾਬ ਅਲ-ਮੰਦੇਬ ’ਚ ਹੂਤੀ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਰਿਆਦ ’ਚ ਬਹੁ-ਰਾਸ਼ਟਰੀ ਸਮੁੰਦਰੀ ਰੱਖਿਆ ਗੱਠਜੋੜ ਦਾ ਗਠਨ ਕੀਤਾ ਹੈ। 3 ਹਫ਼ਤਿਆਂ ਤੋਂ ਵੀ ਘੱਟ ਸਮੇਂ ’ਚ, ਇਕ ਕੂਟਨੀਤਕ ਨਰਮੀ ਸਮੁੰਦਰੀ ਯੁੱਧ, ਪ੍ਰੌਕਸੀ ਤਣਾਅ ਅਤੇ ਵਿਰੋਧੀ ਫ਼ੌਜੀ ਗੁੱਟਾਂ ਦੇ ਸਪੱਸ਼ਟ ਰੂਪ ’ਚ ਢਲਣ ’ਚ ਬਦਲ ਗਈ।
ਇਹ ਸਮਝਣ ਲਈ ਕਿ ਪੂਰੇ ਮੱਧ ਪੂਰਬ ’ਚ ਟਿਕਾਊ ਸਥਿਰਤਾ ਕਿਉਂ ਦੁਰਲੱਭ ਬਣੀ ਹੋਈ ਹੈ, ਪਹਿਲਾਂ ਇਹ ਪਛਾਣਨਾ ਹੋਵੇਗਾ ਕਿ ਇਹ ਧਰਤੀ ਪ੍ਰਾਚੀਨ ਦੁਨੀਆ ਦਾ ਕੇਂਦਰੀ ਲਾਂਘਾ ਰਹੀ ਹੈ। ਤੇਲ ਤੋਂ ਬਹੁਤ ਪਹਿਲਾਂ, ਇਹ ਭਾਰਤੀ, ਚੀਨੀ ਅਤੇ ਫ਼ਾਰਸੀ ਸੱਭਿਅਤਾਵਾਂ ਨੂੰ ਮਿਸਰ, ਯੂਨਾਨ ਅਤੇ ਰੋਮ ਨਾਲ ਜੋੜਨ ਵਾਲਾ ਥਲ ਮਾਰਗ ਅਤੇ ਸਮੁੰਦਰੀ ਚੌਰਾਹਾ ਸੀ।
ਤੀਜੀ ਅਤੇ ਦੂਜੀ ਸਦੀ ਈਸਾ ਪੂਰਵ ਦੇ ਸੀਰੀਆਈ ਯੁੱਧ, ਟਾਲੇਮੀਆ ਅਤੇ ਸੈਲੂਸਿਡ ਸਾਮਰਾਜਾਂ ਵਿਚਾਲੇ, ਅਸਲ ’ਚ ਵਪਾਰਕ ਮਾਲੀਏ ਅਤੇ ਉਨ੍ਹਾਂ ਉਪਜਾਊ ਮੈਦਾਨਾਂ ’ਤੇ ਕੰਟਰੋਲ ਦੇ ਸੰਘਰਸ਼ ਸਨ ਜਿਨ੍ਹਾਂ ਨੇ ਸਾਮਰਾਜਵਾਦੀ ਇੱਛਾਵਾਂ ਨੂੰ ਪਾਲਿਆ-ਪੋਸਿਆ ਸੀ। ਇਸੇ ਤਰ੍ਹਾਂ ਰੋਮਨ-ਫ਼ਾਰਸੀ ਯੁੱਧ ਵੀ ਸਨ ਜਿਹੜੇ ਇੰਨੇ ‘ਵਿਅਰਥ’ ਅਤੇ ਨਿਰਾਸ਼ ਕਰਨ ਵਾਲੇ ਅਤੇ ਉਕਾਊ ਸਨ ਕਿ ਉਨ੍ਹਾਂ ’ਤੇ ਵਿਚਾਰ ਕਰਨਾ ਵੀ ਔਖਾ ਹੈ।
ਧਰਮ ਨੇ ਇਨ੍ਹਾਂ ਸੰਘਰਸ਼ਾਂ ’ਚ ਇਕ ਲੰਬਕਾਰੀ ਪਸਾਰ ਜੋੜ ਦਿੱਤਾ। 7ਵੀਂ ਸਦੀ ਦੀਆਂ ਅਰਬ ਜਿੱਤਾਂ ਨੇ ਪਲ ਭਰ ਲਈ ਖੇਤਰ ਦੇ ਵਿਸ਼ਾਲ ਭੂ-ਭਾਗ ਨੂੰ ਇਕਜੁੱਟ ਕੀਤਾ ਪਰ 632 ਈਸਵੀ ’ਚ ਪੈਗੰਬਰ ਮੁਹੰਮਦ ਦੇ ਦਿਹਾਂਤ ਤੋਂ ਬਾਅਦ ਉੱਤਰਾਧਿਕਾਰੀ ਦੇ ਸੰਕਟ ਨੇ ਇਕ ਅਜਿਹੀ ਵੰਡ ਪੈਦਾ ਕੀਤੀ, ਜੋ 14 ਸਦੀਆਂ ’ਚ ਹੋਰ ਡੂੰਘੀ ਹੁੰਦੀ ਚਲੀ ਗਈ।
ਫਿਰ ਵੀ ਸਥਿਰਤਾ ਦਾ ਸਭ ਤੋਂ ਸਥਾਈ ਸਰੋਤ ਉਹ ਰਾਜਨੀਤਕ ਹੱਦਾਂ ਹਨ, ਜਿਨ੍ਹਾਂ ਨੂੰ ਇਸ ਖੇਤਰ ’ਤੇ ਇਸ ਦੇ ਮਨੁੱਖੀ ਭੂਗੋਲ ਪ੍ਰਤੀ ਲਗਭਗ ਕਲਾਤਮਕ ਉਦਾਸੀਨਤਾ ਨਾਲ ਥੋਪਿਆ ਗਿਆ ਸੀ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਉਸਮਾਨੀ ਸਾਮਰਾਜ ਦੇ ਪਤਨ ਨੇ ਇਕ ਅਜਿਹਾ ਖ਼ਾਲੀਪਣ ਪੇਸ਼ ਕੀਤਾ, ਜਿਸ ’ਚ ਯੂਰਪੀ ਬਸਤੀਵਾਦੀ ਤਾਕਤਾਂ ਅਤੇ ਸਥਾਨਕ ਰਾਸ਼ਟਰਵਾਦ ਦੌੜ ਪਏ ਪਰ ਨਤੀਜੇ ਪਹਿਲਾਂ ਦੀਆਂ (ਯੂਰਪੀ ਸ਼ਕਤੀਆਂ) ਸ਼ਕਤੀਆਂ ਰਾਹੀਂ ਜ਼ਿਆਦਾ ਆਕਾਰ ਲਏ ਗਏ। 1916 ਦੇ ਸ਼ੁਰੂਆਤੀ ਦੌਰ ’ਚ ਹੀ, ਮਾਰਕ ਸਾਈਕਸ ਅਤੇ ਫ਼ਰਾਂਸਵਾ ਜੌਰਜਸ-ਪਿਕੋਟ ਲੇਵਾਂਟ ਦੇ ਪਾਰ ਰੇਖਾਵਾਂ ਖਿੱਚ ਰਹੇ ਸਨ, ਇਸ ਨੂੰ ਜ਼ਮੀਨ ’ਤੇ ਫ਼ਿਰਕੂ, ਨਸਲੀ ਜਾਂ ਕਬਾਇਲੀ ਹਕੀਕਤਾਂ ਦੀ ਪਰਵਾਹ ਕੀਤੇ ਬਿਨਾਂ 5 ਵੱਖ-ਵੱਖ ਸੰਸਥਾਵਾਂ ’ਚ ਬ੍ਰਿਟਿਸ਼ ਅਤੇ ਫ਼ਰਾਂਸੀਸੀ ਕੰਟਰੋਲ ਦੇ ਖੇਤਰਾਂ ’ਚ ਵੰਡ ਰਹੇ ਸਨ।
ਸਾਈਕਸ-ਪਿਕੋਟ ਸਮਝੌਤਾ ਉਹ ਮੂਲ ਪਾਪ ਬਣਿਆ ਹੋਇਆ ਹੈ ਜਿਸ ਤੋਂ ਇਕ ਸਦੀ ਦਾ ਸੰਘਰਸ਼ ਵਹਿਆ ਹੈ। ਸਿਆਹੀ ਸੁੱਕਣ ਤੋਂ ਪਹਿਲਾਂ ਹੀ, ਬ੍ਰਿਟੇਨ ਨੇ ਇਸ ਵਿਸ਼ਵਾਸਘਾਤ ਨੂੰ ਹੋਰ ਵਧਾ ਦਿੱਤਾ। ਨਵੰਬਰ 1917 ਦੇ ਬਾਲਫੌਰ ਘੋਸ਼ਣਾ ਪੱਤਰ ਨੇ ਫ਼ਲਸਤੀਨ ’ਚ ਇਕ ਯਹੂਦੀ ਰਾਸ਼ਟਰੀ ਘਰ ਦਾ ਵਾਅਦਾ ਕੀਤਾ, ਜੋ ਸਿੱਧੇ ਤੌਰ ’ਤੇ ਸਾਈਕਸ-ਪਿਕੋਟ ਸਮਝੌਤੇ ਅਤੇ ਪਹਿਲਾਂ ਦੇ ਮੈਕਮੋਹਨ-ਹੁਸੈਨ ਪੱਤਰ-ਵਿਹਾਰ ਦੇ ਨਿਯਮਾਂ ਦਾ ਖੰਡਨ ਕਰਦਾ ਹੈ, ਜਿਸ ’ਚ ਅੰਗਰੇਜ਼ਾਂ ਨੇ ਉਸਮਾਨੀ ਸਾਮਰਾਜ ਵਿਰੁੱਧ ਉਨ੍ਹਾਂ ਦੇ ਵਿਦਰੋਹ ਦੇ ਬਦਲੇ ਮੱਕਾ ਦੇ ਸ਼ਰੀਫ਼ ਹੁਸੈਨ ਬਿਨ ਅਲੀ ਨੂੰ ਫ਼ਲਸਤੀਨ ਸਮੇਤ ਅਰਬ ਪ੍ਰਾਇਦੀਪ ਦਾ ਵਾਅਦਾ ਕੀਤਾ ਸੀ। ਬ੍ਰਿਟੇਨ ਨੇ ਤਿੰਨ-ਤਰਫ਼ਾ ਖੇਡ ਖੇਡਦਿਆਂ ਉਹੀ ਜ਼ਮੀਨ ਅਰਬਾਂ, ਸਿਆਸਤਦਾਨਾਂ ਅਤੇ ਆਪਣੇ ਖ਼ੁਦ ਦੇ ਬਸਤੀਵਾਦੀ ਪ੍ਰਸ਼ਾਸਨ ਨੂੰ ਦੇਣ ਦਾ ਵਾਅਦਾ ਕੀਤਾ।
ਇਸ ਦੇ ਨਤੀਜੇ ਤੁਰੰਤ ਅਤੇ ਸਥਾਈ ਸਨ। 1920 ਦੀ ਸੇਵਰਸ ਦੀ ਸੰਧੀ ਨੇ ਇਸ ਵੰਡ ਨੂੰ ਰਸਮੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀਆਂ ਹੱਦਾਂ ਤੁਰਕੀ ਦੇ ਵਿਰੋਧ ਦੇ ਭਾਰ ਹੇਠਾਂ ਢਹਿ ਗਈਆਂ, ਜਿਸ ਨਾਲ 1923 ਦੀ ਲੌਜੇਨ ਦੀ ਸੰਧੀ ਹੋਈ ਅਤੇ ਇਕ ਤੁਰਕੀ ਗਣਰਾਜ ਦਾ ਉਭਾਰ ਹੋਇਆ ਜਿਸ ਨੇ ਬਸਤੀਵਾਦੀ ਵੰਡ ਨੂੰ ਖ਼ਾਰਿਜ ਕਰ ਦਿੱਤਾ।
ਉਸੇ ਸਾਲ ਦਮਿਸ਼ਕ ’ਚ, ਸੀਰੀਆ, ਜਾਰਡਨ, ਲੈਬਨਾਨ ਅਤੇ ਫ਼ਲਸਤੀਨ ਦੇ ਪ੍ਰਤੀਨਿਧੀਆਂ ਦੇ ਇਕ ਸੰਵਿਧਾਨਕ ਸੰਮੇਲਨ ਨੇ ਫ਼ੈਸਲੇ ਦੇ ਤਹਿਤ ਇਕ ਆਜ਼ਾਦ ਅਰਬ ਸਾਮਰਾਜ ਦਾ ਐਲਾਨ ਕੀਤਾ, ਜੋ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸਮਝੌਤੇ ਰਾਹੀਂ ਬਣਿਆ ਇਕ ਬਹੁਲਵਾਦੀ ਸੰਵਿਧਾਨਕ ਰਾਜਤੰਤਰ ਸੀ। ਹਾਲਾਂਕਿ, ਫ਼ਰਾਂਸੀਸੀ ਫ਼ੌਜ ਨੇ ਇਸ ਨੂੰ ਕੁਚਲ ਦਿੱਤਾ ਅਤੇ ਫ਼ੈਸਲ ਭੱਜ ਗਏ। ਉੱਤਰ-ਉਸਮਾਨੀ ਰਾਜਨੀਤਕ ਭਾਈਚਾਰੇ ਦੇ ਉਸ ਦੇਸੀ, ਗੱਲਬਾਤ ਨਾਲ ਤੈਅ ਹੋਏ ਦ੍ਰਿਸ਼ਟੀਕੋਣ ਦੇ ਦਮਨ ਨੇ ਦਹਾਕਿਆਂ ਤੱਕ ਇਸ ਖੇਤਰ ਨੂੰ ਪ੍ਰੇਸ਼ਾਨ ਕੀਤਾ।
ਜੇਕਰ ਇਤਿਹਾਸ ਦਾ ਇਹ ਵਿਸਥਾਰ ਕੁਝ ਸਿਖਾਉਂਦਾ ਹੈ, ਤਾਂ ਉਹ ਇਹ ਹੈ ਕਿ ਮੱਧ ਪੂਰਬ ’ਚ ਸ਼ਾਂਤੀ ਮੌਲਿਕ ਹੋਣੀ ਚਾਹੀਦੀ ਹੈ। ਜਿਸ ਦੀ ਲੋੜ ਹੈ, ਉਹ ਮੱਧ ਪੂਰਬ ਲਈ ਵੈਸਟਫੇਲੀਅਨ ਪਲ ਤੋਂ ਘੱਟ ਕੁਝ ਨਹੀਂ ਹੈ। ਇਕ ਟਿਕਾਊ ਸ਼ਾਂਤੀ ਲਈ ਰਾਜਨੀਤਕ ਅਤੇ ਸਮਾਜਿਕ ਪੁਨਰ-ਵਿਵਸਥਾ ਦੇ ਇਕ ਵਿਆਪਕ ਸਮੂਹ ਦੀ ਲੋੜ ਹੁੰਦੀ ਹੈ, ਜਿਸ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ’ਚ ਇਤਿਹਾਸਕ ਤੌਰ ’ਤੇ ਧੀਰਜ ਦੀ ਕਮੀ ਰਹੀ ਹੈ ਅਤੇ ਖੇਤਰੀ ਸ਼ਕਤੀਆਂ ’ਚ ਵਿਸ਼ਵਾਸ ਦੀ।
ਅੱਜ ਹੋਰਮੁਜ਼ ਜਲਡਮਰੂਮੱਧ ਅਤੇ ਬਾਬ ਅਲ-ਮੰਦੇਬ ਨੂੰ ਆਪਣੀ ਲਪੇਟ ’ਚ ਲੈਣ ਵਾਲੀ ਅੱਗ ਕੋਈ ਅਪਵਾਦ ਨਹੀਂ ਹੈ, ਉਹ ਇਕ ਅਜਿਹੀ ਕਹਾਣੀ ਦਾ ਨਵੀਨਤਮ ਅਧਿਆਏ ਹਨ ਜੋ ਉਦੋਂ ਤੱਕ ਸਮਾਪਤ ਨਹੀਂ ਹੋਵੇਗੀ ਜਦੋਂ ਤੱਕ ਕਿ ਖੇਤਰ ਦੇ ਲੋਕ ਅਤੇ ਉਨ੍ਹਾਂ ਦੇ ਮਾਮਲਿਆਂ ’ਚ ਦਖ਼ਲ ਦੇਣ ਵਾਲੀਆਂ ਤਾਕਤਾਂ, ਉਨ੍ਹਾਂ ਮੌਲਿਕ, ਅਨਸੁਲਝੇ ਮੁੱਦਿਆਂ ਨੂੰ ਹੱਲ ਕਰਨ ਦੀ ਬੁੱਧੀ ਨਹੀਂ ਦਿਖਾਉਂਦੀਆਂ, ਜਿਨ੍ਹਾਂ ਨੇ ਮੱਧ ਪੂਰਬ ਨੂੰ ਆਪਣੇ ਦਰਜ ਇਤਿਹਾਸ ਦੇ ਸੰਪੂਰਨ ਸਮੇਂ ਲਈ ਯੁੱਧ ਅਤੇ ਸ਼ਾਂਤੀ ਦੀ ਮ੍ਰਿਗਤ੍ਰਿਸ਼ਨਾ ਦੇ ਵਿਚਾਲੇ ਮੁਲਤਵੀ ਰੱਖਿਆ ਹੈ।
