ਫਿਰ ਉਡੀਕ ਹੈ ਸਭ ਤੋਂ ਵੱਡੇ ਲੋਕਤੰਤਰ ਦਾ ਮੂਡ ਜਾਣਨ ਦੀ

Monday, Apr 01, 2024 - 04:05 PM (IST)

ਫਿਰ ਉਡੀਕ ਹੈ ਸਭ ਤੋਂ ਵੱਡੇ ਲੋਕਤੰਤਰ ਦਾ ਮੂਡ ਜਾਣਨ ਦੀ

ਉਂਝ ਤਾਂ ਸਿਆਸੀ ਪੰਡਿਤ ਭਾਰਤ ਦੀ ਹਰ ਚੋਣ ਨੂੰ ਕਦੇ ਵੱਖ, ਕਦੇ ਖਾਸ, ਕਦੇ ਲਿਟਮਸ ਟੈਸਟ ਤਾਂ ਕਦੇ ਸਿਆਸਤ ਦੀ ਦਿਸ਼ਾ ਅਤੇ ਦਸ਼ਾ ਬਦਲਣ ਵਾਲੀ ਦੱਸਦੇ ਹਨ ਪਰ 2024 ਦੀਆਂ ਅਾਮ ਚੋਣਾਂ ਭਾਰਤੀ ਲੋਕਤੰਤਰ ਦੇ ਇਤਿਹਾਸ ’ਚ ਸਭ ਤੋਂ ਵੱਖਰੀਆਂ ਸਾਬਿਤ ਹੋਣਗੀਆਂ। ਘੱਟ ਤੋਂ ਘੱਟ ਥੋਕ ’ਚ ਦਲ-ਬਦਲ ਦੇ ਕਾਰਨ ਲੰਬੇ ਸਮੇਂ ਤਕ ਯਾਦ ਰਹਿਣਗੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਸੱਚ ਹੋਣ ਲੱਗਾ ਕਿਉਂਕਿ ਲੋਕ ਕਾਂਗਰਸ ਤੋਂ ਇੰਝ ਛਿਟਕਣੇ ਸ਼ੁਰੂ ਹੋਏ ਕਿ ਪੁੱਛੋ ਨਾ। ਕਦੋਂ ਤੱਕ ਛਿਟਕਦੇ ਰਹਿਣਗੇ ਨਹੀਂ ਪਤਾ? ਪਤਾ ਹੈ ਤਾਂ ਬਸ ਇੰਨਾ ਕਿ ਭਾਜਪਾ ਨੇ ਕਾਂਗਰਸੀਆਂ ਲਈ ਦਰਵਾਜ਼ੇ ਕੀ ਖੋਲ੍ਹੇ, ਭੀੜ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।

ਹਾਂ, ਭਾਜਪਾ ਦੇ ਉਹ ਸਿਪਾਹਸਲਾਰ, ਵਫਾਦਾਰ ਅਤੇ ਜ਼ਮੀਨੀ ਪੱਧਰ ਦੇ ਵਰਕਰ ਭੰਬਲਭੂਸੇ ਵਿਚ ਹੋਣਗੇ ਕਿ ਨਵੀਂ ਭੀੜ ਵਿਚ ਉਨ੍ਹਾਂ ਦੀ ਹੈਸੀਅਤ ਕੀ ਹੋਵੇਗੀ? ਦਾਦ ਦੇਣੀ ਹੋਵੇਗੀ ਕਿ ਭਾਜਪਾ ਦੇ ਇੰਨੇ ਵਿਸ਼ਾਲ ਸੰਗਠਨ ’ਚ ਚੋਟੀ ਦੀ ਲੀਡਰਸ਼ਿਪ ਦੇ ਅੱਗੇ ਕੋਈ ਕਿੰਨਾ ਵੀ ਵੱਡਾ ਹੋਵੇ, ਬੋਲ ਨਹੀਂ ਸਕਦਾ।

ਇਹੀ ਅਨੁਸ਼ਾਸਨ ਹੈ ਜਿਸ ਨੂੰ ਨਾ ਸਿਰਫ ਕਾਂਗਰਸ ਸਗੋਂ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਸਿੱਖਣਾ ਹੋਵੇਗਾ। ਭਾਜਪਾ ਦੀ ਇਹੀ ਤਾਕਤ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਾਉਂਦੀ ਹੈ। ਇਸ ਨਾਲ ਜੁੜਨ ਵਾਲਿਆਂ ਦੀ ਗਿਣਤੀ ਹਮੇਸ਼ਾ ਨਵਾਂ ਰਿਕਾਰਡ ਬਣਾਉਂਦੀ ਦਿਸਦੀ ਹੈ।

ਚੁਣੇ ਹੋਏ ਲੋਕ-ਪ੍ਰਤੀਨਿਧੀਆਂ ਜਿਨ੍ਹਾਂ ’ਚ ਸੰਸਦ ਮੈਂਬਰਾਂ ਤੋਂ ਲੈ ਕੇ ਵਿਧਾਇਕ, ਮੰਤਰੀ, ਸਾਬਕਾ ਮੰਤਰੀ, ਸਾਬਕਾ ਨੌਕਰਸ਼ਾਹ ਅਤੇ ਜੱਜ ਤਕ ਲਾਈਨ ਲਗਾ ਕੇ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਦੇਸ਼ ਪਹਿਲੀ ਵਾਰ ਅਜਿਹਾ ਦਲ-ਬਦਲ ਦੇਖ ਰਿਹਾ ਹੈ ਪਰ ਸਿਆਸੀ ਪੰਡਿਤਾਂ ’ਚ ਇਹ ਘੁਸਰ-ਮੁਸਰ ਹੋਣ ਲੱਗੀ ਹੈ ਕਿ ਅਜਿਹੀ ਖਿੱਚ ਭਾਜਪਾ ’ਚ ਕਦੋਂ ਤੱਕ ਰਹੇਗੀ? ਯਕੀਨੀ ਤੌਰ ’ਤੇ ਸਵਾਲ ਵਾਜਿਬ ਹੈ ਪਰ ਮੌਜੂ ਨਹੀਂ।

ਥੋੜ੍ਹੇ ਦਿਨ ਪਹਿਲਾਂ ਲੱਗਦਾ ਸੀ ਕਿ ਇਨ੍ਹਾਂ ਚੋਣਾਂ ਨੂੰ ਇਲੈਕਟੋਰਲ ਬਾਂਡ ਵੱਖਰਾ ਰੰਗ ਦੇਵੇਗਾ ਪਰ ਦੋ-ਚਾਰ ਦਿਨ ਦੇ ਹੱਲੇ ਤੋਂ ਬਾਅਦ ਸਿਆਸੀ ਪਾਰਟੀਆਂ ਦੀ ਇਸ ’ਤੇ ਹੌਲੀ ਅਤੇ ਰੁਕਦੀ ਚੀਕ-ਚਿਹਾਟ ਦੱਸਦੀ ਹੈ ਕਿ ਹਮਾਮ ’ਚ ਸਾਰੇ ਨੰਗੇ ਹਨ। ਇਸ ਨੂੰ ਮੁੱਦਾ ਬਣਨ ਤੋਂ ਪਹਿਲਾਂ ਹੀ ਭੁਲਾਇਆ ਜਾਣ ਲੱਗਾ।

ਇਹ ਆਮ ਚੋਣਾਂ ਸਰਕਾਰ ਪੱਖੀ ਅਤੇ ਵਿਰੋਧੀ ਧਿਰ ਦੀਆਂ ਗਾਰੰਟੀਆਂ ਦੇ ਭਰੋਸੇ ’ਤੇ ਹੋਣਗੀਆਂ ਪਰ ਵੋਟਰ ਬੇਹੱਦ ਚੁੱਪ ਹੈ। ਪਹਿਲੇ ਪੜਾਅ ਦੀ ਨਾਮਜ਼ਦਗੀ ਹੋ ਚੁੱਕੀ ਹੈ। 19 ਅਪ੍ਰੈਲ ਨੂੰ ਵੋਟਾਂ ਪਾਉਣ ਲਈ ਉਂਗਲੀਆਂ ’ਤੇ ਗਿਣਨ ਲਾਇਕ ਦਿਨ ਬਚੇ ਹਨ। 21 ਸੂਬਿਆਂ ਦੀਆਂ 102 ਸੀਟਾਂ ’ਤੇ ਵੋਟਾਂ ਪੈਣਗੀਆਂ।

ਉਮੀਦਵਾਰ ਤੈਅ ਹੋ ਚੁੱਕੇ ਹਨ। ਇਸ ਪੜਾਅ ’ਚ ਸੀਟ ਸ਼ੇਅਰਿੰਗ ਦਾ ਤੂਫਾਨ ਜਾਂ ਬਵਾਲ ਖਾਸ ਨਹੀਂ ਰਿਹਾ। ਅਗਲੇ ਪੜਾਵਾਂ ਨੂੰ ਲੈ ਕੇ ਜ਼ਰੂਰ ਦਸਤਕਾਂ ਹਨ। ਕਿਤੇ ਉਹੀ ਸਾਧਨ ਦੇ ਕਾਰਨ ਤਾਂ ਪਹਿਲੇ ਪੜਾਅ ਦਾ ਪ੍ਰਚਾਰ ਰਫਤਾਰ ਨਹੀਂ ਫੜ ਸਕਿਆ ਹੈ?

ਇਧਰ ਚੋਣਾਂ ਦੇ ਰੰਗ ਤੋਂ ਪਹਿਲਾਂ ਕਾਂਗਰਸ ਇਨਕਮ ਟੈਕਸ ਵਿਭਾਗ ਤੋਂ ਮਿਲੇ ਤਾਜ਼ਾ ਨੋਟਿਸ ’ਤੇ ਗਰਮ ਹੋਈ ਹੈ। ਦੋਸ਼ ਹੈ ਕਿ ਜੇਕਰ ਇਕਸਾਰ ਮਾਪਦੰਡਾਂ ਦੀ ਵਰਤੋਂ ਹੁੰਦੀ ਤਾਂ ਭਾਜਪਾ ਦੇ ਟੈਕਸ ਉਲੰਘਣਾ ’ਤੇ ਇਨਕਮ ਟੈਕਸ ਵਿਭਾਗ ਅੱਖਾਂ ਨਾ ਮੀਟਦਾ। ਓਧਰ ਦੇਸ਼ ਭਰ ਦੇ ਸੈਂਕੜੇ ਵਕੀਲ ਅਤੇ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖਿਆ।

ਇਸ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਾਂਗਰਸ ’ਤੇ ਖੁੱਲ੍ਹ ਕੇ ਵਾਰ ਕੀਤਾ। ਵਕੀਲਾਂ ਨੇ ਚਿੱਠੀ ’ਚ ਧਿਆਨ ਦਿਵਾਇਆ ਕਿ ਇਕ ਧੜਾ ਸਿਆਸੀ ਅਤੇ ਪੇਸ਼ੇਵਰ ਦਬਾਅ ਅਪਣਾ ਕੇ ਨਿਅਾਪਾਲਿਕਾ ਦੀ ਅਖੰਡਤਾ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਵਿਰੋਧੀ ਧਿਰ ਭਾਜਪਾ ਦੇ ‘ਮੇਕ ਇਨ ਇੰਡੀਆ’, ‘ਸਕਿਲ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਨੂੰ ਖੋਖਲੀ ਨਾਅਰੇਬਾਜ਼ੀ ਦੱਸ ਕੇ 10 ਸਾਲਾਂ ’ਚ ਲੋਕਾਂ ਦੀ ਨੌਕਰੀ ਛੱਡਣ, ਖੋਹਣ ਨੂੰ ਚਿੰਤਾਜਨਕ ਦੱਸ ਕੇ ਪੁੱਛਦੀ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਕਾਰਜਕਾਲ ’ਚ ਬੇਰੋਜ਼ਗਾਰੀ ਦੀ ਦਰ ’ਚ ਗਿਰਾਵਟ ਆਈ ਹੈ ਤਾਂ ਉਸ ਦੇ ਅੰਕੜੇ ਕਿਉਂ ਨਹੀਂ ਜਨਤਕ ਹੁੰਦੇ?

ਓਧਰ ਪ੍ਰਾਪਤੀਆਂ ਤੋਂ ਖੁਸ਼ ਐੱਨ. ਡੀ. ਏ. ‘ਅਬਕੀ ਬਾਰ 400 ਪਾਰ’ ਦੇ ਪ੍ਰਧਾਨ ਮੰਤਰੀ ਮੋਦੀ ਦੇ ਨਾਅਰੇ ਨੂੰ ਵਡਿਆਉਣ ’ਚ ਲੱਗੀ ਹੈ ਕਿਉਂਕਿ ਪ੍ਰਧਾਨ ਮੰਤਰੀ 1984-85 ਦੇ ਕਾਂਗਰਸ ਦੇ 414 ਸੀਟਾਂ ਦਾ ਰਿਕਾਰਡ ਤੋੜਨਾ ਚਾਹੁੰਦੇ ਹਨ? ਭਾਜਪਾ ਖੁਦ 370 ਸੀਟਾਂ ਜਿੱਤਣ ਦੀ ਗੱਲ ਕਹਿ ਕੇ ਕਿਤੇ ਨਾ ਕਿਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕਰਨ ਅਤੇ ਰਾਸ਼ਟਰਵਾਦ ਦੀ ਯਾਦ ਦਿਵਾ ਰਹੀ ਹੈ।

ਓਧਰ ਇਕ ਰੋਚਕ ਤੱਥ ਇਹ ਵੀ ਹੈ ਕਿ 1957 ਦੀ ਚੁਣੀ ਲੋਕ ਸਭਾ ’ਚ ਕਾਂਗਰਸ ਨੂੰ 371 ਸੀਟਾਂ ਮਿਲੀਆਂ ਸਨ। ਪੰ. ਨਹਿਰੂ 16 ਸਾਲ 286 ਦਿਨ ਪ੍ਰਧਾਨ ਮੰਤਰੀ ਰਹੇ। ਸ਼ਾਇਦ ਮੋਦੀ ਇਸ ਤੋਂ ਵੀ ਵੱਡੀ ਲਕੀਰ ਖਿੱਚ ਰਹੇ ਹਨ ਜੋ ਦਿਸਦੀ ਵੀ ਹੈ।

ਚੋਣਾਂ ਤੋਂ ਪਹਿਲਾਂ ਸਰਵੇਖਣਾਂ ’ਚ ਐੱਨ. ਡੀ. ਏ. ਸਾਫ-ਸਾਫ ਅੰਕੜਾ ਛੂੰਹਦਾ ਦਿਸ ਰਿਹਾ ਹੈ ਪਰ ਭਾਜਪਾ ਆਪਣੇ ਦਮ ’ਤੇ ਸੱਤਾ ’ਤੇ ਬਿਰਾਜਣਾ ਚਾਹੁੰਦੀ ਹੈ। ਕਿਉਂ? ਸਾਰਿਆਂ ਨੂੰ ਪਤਾ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦਾ ਅੰਦਰੂਨੀ ਸਰਵੇ 330 ਸੀਟਾਂ ਦੀ ਜਿੱਤ ਦੱਸਦਾ ਹੈ। ਇਹ ਵੀ ਵੱਡੀ ਪ੍ਰਾਪਤੀ ਹੋਵੇਗੀ।

2019 ਦੀਆਂ 9 ਸੀਟਾਂ ’ਤੇ ਅਤੇ ਕਾਂਗਰਸ ਨੇ 44 ਸੀਟਾਂ ’ਤੇ ਜਿੱਤ ਹਾਸਲ ਕੀਤੀ। ਉਦੋਂ ਅਤੇ ਹੁਣ ਦਾ ਕਾਫੀ ਸਮਾਂ ਨਿਕਲ ਗਿਆ ਹੈ। ਕਲਪਨਾਵਾਂ ਦਾ ਰਾਮ ਮੰਦਰ ਅੱਜ ਹਕੀਕਤ ਹੈ। ਹਿੰਦੂਤਵ ਦੇ ਮੁੱਦੇ ਹਮੇਸ਼ਾ ਦਬਦਬੇ ਨਾਲ ਭਾਜਪਾ ਨੇ ਅੱਗੇ ਰੱਖੇ। ਇਸ ’ਤੇ ਖੁੱਲ੍ਹ ਕੇ ਗੱਲ ਕੀਤੀ। ਕਾਂਗਰਸ ਦਾ ਖੁੱਲ੍ਹ ਕੇ ਨਾ ਬੋਲਣਾ ਹੀ ਅੱਜ ਵੱਡੀ ਚੁਣੌਤੀ ਬਣ ਕੇ ਸਾਹਮਣੇ ਹੈ।

ਦਿੱਲੀ ’ਚ ਕੇਜਰੀਵਾਲ ਤੇ ਝਾਰਖੰਡ ’ਚ ਹੇਮੰਤ ਸੋਰੇਨ ਦੀ ਐਨ ਚੋਣਾਂ ਦੇ ਮੌਕੇ ਗ੍ਰਿਫਤਾਰੀ ਜ਼ਰੂਰ ਮੁੱਦਾ ਹੋਵੇਗਾ। ਪੰਜਾਬ ’ਚ ‘ਆਪ’ ਅਤੇ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਦਾ ਭਾਜਪਾ ’ਚ ਜਾਣ ’ਤੇ ਲੋਕ ਫਤਵੇ ਦਾ ਮਿਜਾਜ਼ ਦੇਖਣ ਲਾਇਕ ਹੋਵੇਗਾ। ਹਿਮਾਚਲ ’ਚ ਸਰਕਾਰ ਦੇ ਬਾਵਜੂਦ ਸੰਕਟਗ੍ਰਸਤ ਕਾਂਗਰਸ ਆਪਣਿਆਂ ਨਾਲ ਜੂਝ ਰਹੀ ਹੈ।

ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ’ਚ ਸੱਤ ਭਾਜਪਾ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਵੱਡੀ ਸ਼ੁਰੂਆਤ ਹੈ ਪਰ ਭਾਜਪਾ ਨੂੰ ਦੱਖਣ ’ਚ ਚੁਣੌਤੀਆਂ ਤਾਂ ਹਨ। ਕਾਂਗਰਸ ਅਤੇ ਮਹਾਗੱਠਜੋੜ ਨੂੰ ਉੱਤਰ, ਮੱਧ ਅਤੇ ਬਾਕੀ ਭਾਰਤ ’ਚ ਕਿੰਨਾ ਸਮਰਥਨ ਮਿਲੇਗਾ, ਇਹ ਤਾਂ ਸਮਾਂ ਹੀ ਦੱਸੇਗਾ।

ਹੁਣ ਦੇਖਣ ਲਾਇਕ ਇਹ ਹੋਵੇਗਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਦੇ ਦਰਮਿਆਨ ਕਈ ਵੰਨ-ਸੁਵੰਨਤਾਵਾਂ ਨਾਲ ਭਰਪੂਰ ਦੁਨੀਆ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਤੋਂ 2024 ’ਚ ਕੀ ਸੰਦੇਸ਼ ਨਿਕਲੇਗਾ?

ਰਿਤੂਪਰਣ ਦਵੇ


author

Rakesh

Content Editor

Related News