ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ

Friday, Nov 28, 2025 - 12:04 PM (IST)

ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ

ਲੋਹੀਆਂ (ਸੁਭਾਸ਼ ਸੱਦੀ)- ਜਲੰਧਰ ਵਿਚ ਬੀਤੇ ਦਿਨੀਂ 13 ਸਾਲਾ ਕੁੜੀ ਦਾ ਜਬਰ-ਜ਼ਿਨਾਹ ਕਰਨ ਮਗਰੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜੇ ਇਹ ਮਾਮਲਾ ਠੰਡਾ ਨਹੀਂ ਹੋਇਆ ਕਿ ਅਜਿਹੀ ਹੀ ਰੂਹ ਕੰਬਾਊ ਘਟਨਾ ਜਲੰਧਰ ਜ਼ਿਲ੍ਹੇ ਵਿਚ ਫਿਰ ਵਾਪਰ ਗਈ। ਲੋਹੀਆਂ ਵਿਖੇ ਇਕ ਪਿੰਡ ਦੇ ਖੇਤਾਂ ’ਤੇ ਲੱਗੀ ਮੋਟਰ ’ਤੇ ਰਹਿੰਦੀ ਮਾਂ ਅਤੇ ਧੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਰੇਪ ਬੀਤੇ ਐਤਵਾਰ ਦੀ ਰਾਤ ਨੂੰ ਹੋਇਆ ਅਤੇ ਸਾਰੇ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਭੱਜਣ ’ਚ ਸਫ਼ਲ ਰਹੇ ਜਦਕਿ ਸੂਤਰਾਂ ਅਨੁਸਾਰ 4 ਵਿਅਕਤੀਆਂ ਵੱਲੋਂ ਇਹ ਘਿਨੌਣਾ ਕਾਰਾ ਕੀਤਾ ਗਿਆ ਜਦਕਿ ਭਾਰੀ ਪੁਲਸ ਪੁਲਸ ਡੀ. ਐੱਸ. ਪੀ. ਓਂਕਾਰ ਬਰਾੜ ਦੀ ਅਗਵਾਈ ’ਚ ਉਸ ਦਿਨ ਤੋਂ ਹੀ ਡੇਰਾ ਲਗਾ ਕੇ ਬੈਠਾ ਹੈ ਤਾਂ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ। ਭਾਵੇਂ ਕਿ ਅੱਜ ਡੀ. ਐੱਸ. ਪੀ. ਬਰਾੜ ਅਤੇ ਥਾਣਾ ਮੁਖੀ ਲੋਹੀਆਂ ਨੇ ਇਸ ਗੱਲ ਨੂੰ ਮੰਨਿਆ ਕਿ ਪਿੰਡ ਕੰਗ ਕਲਾਂ ਵਿਖੇ ਗੈਂਗਰੇਪ ਹੋਇਆ ਹੈ ਅਤੇ ਇਸ ਸਬੰਧੀ ਐੱਫ਼. ਆਈ. ਆਰ. ਵੀ ਦਰਜ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਜੂਨੀਅਰ ਇੰਜੀਨੀਅਰ ਤੇ ਠੇਕੇਦਾਰ ਗ੍ਰਿਫ਼ਤਾਰ, ਕਾਰਾ ਜਾਣ ਹੋਵੇਗੇ ਹੈਰਾਨ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਦੀ ਅੱਧੀ ਰਾਤ ਨੂੰ 4 ਵਿਅਕਤੀ ਇਕ ਚਾਰ ਪਹੀਆ ਵਾਹਨ ’ਤੇ ਮੋਟਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਮਾਂ-ਧੀ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਜਦਕਿ ਧੀ ਦੇ ਪਤੀ ਅਤੇ ਮਾਂ ਦੇ 2 ਪੁੱਤਰਾਂ ਨੂੰ ਦੂਜੇ ਕਮਰੇ ’ਚ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਕਤ ਚਾਰਾਂ ਨੇ ਮਾਂ-ਧੀ ਨਾਲ ਗੈਂਗਰੇਪ ਕੀਤਾ ਅਤੇ ਉਥੋਂ ਨਿਕਲਣ ’ਚ ਕਾਮਯਾਬ ਰਹੇ। ਭਾਰੀ ਡਰ ਨਾਲ ਇਨ੍ਹਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਕਿਸੇ ਤਰ੍ਹਾਂ ਰਾਤ ਕੱਟੀ ਅਤੇ ਸਵੇਰੇ ਤੜਕਸਾਰ ਜ਼ਮੀਨ ਦੇ ਮਾਲਕ ਅਤੇ ਸਾਬਕਾ ਸਰਪੰਚ ਗੱਟੀ ਰਾਏਪੁਰ ਨੂੰ ਉਨ੍ਹਾਂ ਨਾਲ ਹੋਈ ਗੈਂਗਰੇਪ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਸੁਖਵਿੰਦਰ ਸਿੰਘ ਨੇ ਲੋਹੀਆਂ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਜਲੰਧਰ ਕਤਲਕਾਂਡ ਮਾਮਲੇ 'ਚ ਵੱਡਾ ਖ਼ੁਲਾਸਾ! ਕੁੜੀ ਦੇ ਚਾਚੇ ਨੇ ਮੁਲਜ਼ਮ ਬਾਰੇ ਖੋਲ੍ਹ 'ਤਾ ਵੱਡਾ ਰਾਜ਼

ਜਿਸ ਦੇ ਬਾਅਦ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੀ ਅਤੇ ਘਟਨਾ ਵਾਲੇ ਸਥਾਨ ਨੂੰ ਘੇਰੇ ’ਚ ਲੈ ਲਿਆ, ਜਿਸ ਨਾਲ ਉੱਥੇ ਕਰਫਿਊ ਵਰਗੇ ਹਾਲਾਤ ਬਣ ਗਏ ਅਤੇ ਪੁਲਸ ਵੱਲੋਂ ਕਿਸੇ ਨੂੰ ਵੀ ਪੀੜਤ ਪਰਿਵਾਰ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ ਜਦਕਿ ਪੂਰਾ ਪਰਿਵਾਰ ਹੀ ਪੁਲਸ ਦੇ ਪਹਿਰੇ ਹੇਠ ਰਹਿ ਰਿਹਾ ਹੈ, ਜਿਸ ਤੋਂ ਲੱਗਦਾ ਸੀ ਕਿ ਪੁਲਸ ਵੱਲੋਂ ਇਸ ਘਟਨਾ ਨੂੰ ਛੁਪਾਉਣ ਦੇ ਪੂਰੇ ਯਤਨ ਕੀਤੇ ਗਏ ਜਦਕਿ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਤੇ ਪੂਰੀ ਫੋਰਸ ਵੱਲੋਂ ਕੋਸ਼ਿਸ਼ ਕੀਤੀ ਦਾ ਰਹੀ ਸੀ ਕਿ ਇਹ ਜਾਣਕਾਰੀ ਨਾ ਦਿੱਤੀ ਜਾਵੇ ਕਿਉਂਕਿ ਜੇ ਮੁਲਜ਼ਮਾਂ ਨੂੰ ਕੀਤੀ ਜਾ ਰਹੀ ਜਾਂਚ ਦਾ ਪਤਾ ਲੱਗ ਗਿਆ ਤਾਂ ਉਹ ਭੱਜ ਜਾਣਗੇ।

Punjab: ਪਤਨੀ ਦੀ ਮੌਤ ਮਗਰੋਂ ਪਤੀ ਨੇ ਲਾਇਆ ਮੌਤ ਨੂੰ ਗਲੇ! ਇਸ ਹਾਲ 'ਚ ਲਾਸ਼ ਨੂੰ ਵੇਖ ਪੁੱਤ ਦੇ ਉਡੇ ਹੋਸ਼

ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਜਲੰਧਰ ਪੁਲਸ ਹੀ ਨਹੀਂ ਪੂਰੀ ਪੰਜਾਬ ਦੀ ਪੁਲਸ ਇਨ੍ਹਾਂ ਮੁਲਜ਼ਮਾਂ ਨੂੰ ਲੱਭਣ ’ਚ ਲੱਗੀ ਹੋਈ ਹੈ। ਸਾਰੇ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਹੁਤ ਦੂਰ ਲੱਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੀ ਘਟਨਾ ਵਾਲੇ ਸਥਾਨ ਦਾ ਦੌਰਾ ਕਰ ਚੁੱਕੇ ਹਨ ਪਰ ਕੁਝ ਵੀ ਪਤਾ ਨਹੀਂ ਲਗ ਸਕਿਆ ਜਦਕਿ ਇਸ ਗੈਂਗਰੇਪ ਦੀ ਘਟਨਾ ਬਾਰੇ ਪੁਲਸ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਨਾ ਦੇਣਾ ਸਮਝ ਤੋਂ ਪਰ੍ਹੇ ਹੈ।

ਜ਼ਿਕਰਯੋਗ ਹੈ ਕਿ ਕੰਗ ਕਲਾਂ ’ਚ ਪੀੜਤਾਂ ’ਚ ਇਕ ਵਿਧਵਾ ਮਾਂ (35), ਉਸ ਦੇ 2 ਬੇਟੇ ਉਮਰ 11 ਤੇ 12 ਸਾਲ ਜਦਕਿ ਉਸ ਦੀ 1 ਬੇਟੀ ਉਮਰ ਤਕਰੀਬਨ 18-20 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਕ 6 ਮਹੀਨੇ ਦਾ ਬੱਚਾ ਅਤੇ ਉਸ ਦਾ ਪਤੀ ਉੱਥੇ 2 ਕਮਰਿਆਂ ’ਚ ਰਹਿ ਰਹੇ ਸਨ। ਚਾਰ ਵਿਅਕਤੀਆਂ ਨੇ ਐਤਵਾਰ ਰਾਤ ਨੂੰ ਮੋਟਰ ’ਤੇ ਪੁੱਜ ਕੇ ਹਥਿਆਰਾਂ ਦੀ ਨੋਕ ’ਤੇ ਦੋਵੇਂ ਮਾਂ ਤੇ ਧੀ ਨੂੰ ਇਕ ਕਮਰੇ ’ਚ ਅਤੇ 3 ਲੜਕਿਆਂ ਨੂੰ ਦੂਜੇ ਕਮਰੇ ’ਚ ਬੰਦ ਕਰ ਕੇ ਉਨ੍ਹਾਂ ਮਾਂ-ਧੀ ਨਾਲ ਵਾਰੀ-ਵਾਰੀ ਜਬਰ-ਜ਼ਿਨਾਹ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਵਿਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ 13 ਸਾਲਾ ਕੁੜੀ ਨਾਲ ਵਾਪਰੀ ਘਟਨਾ ਤੋਂ ਬਾਅਦ ਇਕ ਸੈਲੂਨ ਵਿਚ ਵੀ ਵਿਆਹੁਤਾ ਔਰਤ ਨਾਲ ਜਬਰ-ਜ਼ਿਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਵਿਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਡਰ ਪਾਇਆ ਜਾ ਰਿਹਾ ਹੈ।  

ਇਹ ਵੀ ਪੜ੍ਹੋ: ਫਗਵਾੜਾ 'ਚ 'ਆਪ' ਆਗੂ ਦੇ ਘਰ 'ਤੇ ਚਲਾਈਆਂ ਗੋਲ਼ੀਆਂ ਦੇ ਮਾਮਲੇ 'ਚ ਨਵਾਂ ਮੋੜ ! ਹੋਏ ਵੱਡੇ ਖ਼ੁਲਾਸੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News