‘ਬਿਹਾਰ ਚੋਣਾਂ ’ਚ ਟਿਕਟਾਂ ਨੂੰ ਲੈ ਕੇ’ ਜ਼ਿਆਦਾਤਰ ਪਾਰਟੀਆਂ ’ਚ ਖਿੱਚੋਤਾਣ ਜਾਰੀ!
Thursday, Oct 16, 2025 - 04:04 AM (IST)

6 ਅਤੇ 11 ਨਵੰਬਰ ਨੂੰ 2 ਪੜਾਵਾਂ ’ਚ ਹੋਣ ਜਾ ਰਹੀਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਜਪਾ ਦੇ ਨਾਲ ਗੱਠਜੋੜ ’ਚ ਰਹਿ ਕੇ 10ਵੀਂ ਵਾਰ ਮੁੱਖ ਮੰਤਰੀ ਬਣਨ ਲਈ ਯਤਨਸ਼ੀਲ ਜਦ (ਯੂ) ਸੁਪਰੀਮੋ ਨਿਤੀਸ਼ ਕੁਮਾਰ ਦਾ ਇਸ ਵਾਰ ‘ਰਾਜਦ’ ਦੀ ਅਗਵਾਈ ਵਾਲੇ ‘ਮਹਾਗੱਠਜੋੜ’ ਅਤੇ ‘ਪ੍ਰਸ਼ਾਂਤ ਕਿਸ਼ੋਰ’ ਦੀ ‘ਜਨ ਸੁਰਾਜ ਪਾਰਟੀ’ ਨਾਲ ਮੁਕਾਬਲਾ ਹੈ ਅਤੇ ਜ਼ਿਆਦਾਤਰ ਪਾਰਟੀਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ।
ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਸਾਰੀਅਾਂ 243 ਸੀਟਾਂ ’ਤੇ ਅਾਪਣੇ ਉਮੀਦਵਾਰ ਉਤਾਰਨ ਦਾ ਐਲਾਨ ਕਰਨ ਦੇ ਨਾਲ ਹੀ 51 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 3 ਸਾਲ ਮਿਹਨਤ ਕਰ ਕੇ ਪਾਰਟੀ ਖੜ੍ਹੀ ਕੀਤੀ ਹੈ।
ਰਾਜਗ ਵੱਲੋਂ 12 ਅਕਤੂਬਰ ਨੂੰ ਫਾਈਨਲ ਕੀਤੀਅਾਂ ਗਈਅਾਂ ਸੀਟਾਂ ਦੀ ਵੰਡ ਦੇ ਅਨੁਸਾਰ ਭਾਜਪਾ ਅਤੇ ਜਦ (ਯੂ) ਦੋਵਾਂ ਨੂੰ 101-101 ਸੀਟਾਂ ਦੇਣਾ ਤੈਅ ਹੋਇਅਾ ਹੈ ਅਤੇ ਬਾਕੀ 41 ਸੀਟਾਂ ’ਚੋਂ ‘ਚਿਰਾਗ ਪਾਸਵਾਨ’ ਦੀ ‘ਲੋਜਪਾ’ (ਰਾਮਵਿਲਾਸ) ਨੂੰ ਸਭ ਤੋਂ ਵੱਧ 29, ‘ਜੀਤਨ ਰਾਮ ਮਾਂਝੀ’ ਦੀ ‘ਹਮ’ ਅਤੇ ‘ਉਪੇਂਦਰ ਕੁਸ਼ਵਾਹਾ’ ਦੀ ‘ਰਾਸ਼ਟਰੀ ਲੋਕ ਮੋਰਚਾ (ਰਾਲੋਮਾ)’ ਨੂੰ 6-6 ਸੀਟਾਂ ਦੇਣ ਦੀ ਗੱਲ ਕਹੀ ਗਈ ਹੈ।
ਇਸ ਵੰਡ ਦੀ ਖਾਸ ਗੱਲ ਇਹ ਹੈ ਿਕ ਇਸ ਵਾਰ ਭਾਜਪਾ ਅਤੇ ਜਦ (ਯੂ) ਨੂੰ ਬਰਾਬਰ ਸੀਟਾਂ ਮਿਲੀਅਾਂ ਹਨ ਜਦ ਕਿ ਇਸ ਤੋਂ ਪਹਿਲਾਂ ਜਦ (ਯੂ) ਨੂੰ ਵੱਧ ਸੀਟਾਂ ਦਿੱਤੀਅਾਂ ਜਾਂਦੀਅਾਂ ਸਨ ਅਤੇ ਉਹ ‘ਵੱਡੇ ਭਰਾ’ ਦੀ ਭੂਮਿਕਾ ’ਚ ਰਹਿੰਦੀ ਸੀ।
ਨਿਤੀਸ਼ ਕੁਮਾਰ ਨੇ ਪਹਿਲਾਂ ਜਦ (ਯੂ) ਲਈ 103 ਸੀਟਾਂ ਫਾਈਨਲ ਕੀਤੀਅਾਂ ਸਨ ਪਰ ਵੰਡ ਦੇ ਦੌਰਾਨ ਪਾਰਟੀ ਨੂੰ ਸਿਰਫ 101 ਸੀਟਾਂ ਹੀ ਮਿਲੀਅਾਂ। ਇਨ੍ਹਾਂ ’ਚੋਂ 9 ਸੀਟਾਂ ਅਜਿਹੀਅਾਂ ਹਨ ਜਿਨ੍ਹਾਂ ਨੂੰ ਨਿਤੀਸ਼ ਕੁਮਾਰ ਨੇ ‘ਲੋਜਪਾ’ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਦੂਜੇ ਪਾਸੇ ਭਾਜਪਾ ਵੱਲੋਂ ‘ਮਹੁਅਾ’ ਦੀ ਸੀਟ ‘ਲੋਜਪਾ’ (ਰਾਮਵਿਲਾਸ) ਨੂੰ ਦੇਣ ’ਤੇ ‘ਉਪੇਂਦਰ ਕੁਸ਼ਵਾਹਾ’ ਨਾਰਾਜ਼ ਹਨ। ਭਾਜਪਾ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਇਸੇ ਕਾਰਨ ਉਹ 15 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ‘ਨਿਤਿਅਾਨੰਦ ਰਾਏ’ ਅਤੇ ਹੋਰਨਾਂ ਨਾਲ ਕੇਂਦਰੀ ਗ੍ਰਹਿ ਮੰਤਰੀ ‘ਅਮਿਤ ਸ਼ਾਹ’ ਨੂੰ ਮਿਲਣ ਦਿੱਲੀ ਪਹੁੰਚੇ। ਦਿੱਲੀ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ‘ਨਥਿੰਗ ਇਜ਼ ਵੈੱਲ ਇਨ ਅੈੱਨ. ਡੀ. ਏ.’ ਭਾਵ ਰਾਜਗ ’ਚ ਸਭ ਕੁਝ ਠੀਕ ਨਹੀਂ ਹੈ।
ਸੀਟਾਂ ਨੂੰ ਲੈ ਕੇ ‘ਰਾਜਦ’ ਅਤੇ ਕਾਂਗਰਸ ’ਚ ਸਹਿਮਤੀ ਨਹੀਂ ਬਣ ਰਹੀ। ‘ਲਾਲੂ ਯਾਦਵ’ ਅਤੇ ‘ਤੇਜਸਵੀ ਯਾਦਵ’ ਬੀਤੇ ਦਿਨ ਦਿੱਲੀ ਤਾਂ ਗਏ ਪਰ ‘ਰਾਹੁਲ ਗਾਂਧੀ’ ਨੂੰ ਮਿਲੇ ਬਿਨਾਂ ਹੀ ਪਰਤ ਅਾਏ।
ਵਰਨਣਯੋਗ ਹੈ ਕਿ 1996 ’ਚ ਸਾਹਮਣੇ ਅਾਏ 950 ਕਰੋੜ ਰੁਪਏ ਦੇ ਚਾਰਾ ਘਪਲੇ ’ਚ ਬਿਹਾਰ ਦੇ ਤਤਕਾਲੀ ਮੁੱਖ ਮੰਤਰੀ ‘ਲਾਲੂ ਪ੍ਰਸਾਦ ਯਾਦਵ’ (ਜੋ ਉਸ ਸਮੇਂ ਜਨਤਾ ਦਲ ’ਚ ਸਨ) ਅਤੇ ਉਨ੍ਹਾਂ ਦੇ ਸਾਥੀਅਾਂ ਦੀ ਸ਼ਮੂਲੀਅਤ ਉਜਾਗਰ ਹੋਣ ’ਤੇ ਅਾਪਣੀ ਗ੍ਰਿਫਤਾਰੀ ਦੀ ਨੌਬਤ ਅਾਉਣ ’ਤੇ ਲਾਲੂ ਯਾਦਵ ਨੇ 5 ਜੁਲਾਈ, 1997 ਨੂੰ ਅਾਪਣੀ ਨਵੀਂ ਪਾਰਟੀ ‘ਰਾਸ਼ਟਰੀ ਜਨਤਾ ਦਲ’ (ਰਾਜਦ) ਬਣਾ ਕੇ 25 ਜੁਲਾਈ, 1997 ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਅਾਪਣੀ ਪਤਨੀ ‘ਰਾਬੜੀ ਦੇਵੀ’ ਨੂੰ ਮੁੱਖ ਮੰਤਰੀ ਬਣਾ ਦਿੱਤਾ।
ਇਸੇ ਦੌਰਾਨ 13 ਅਕਤੂਬਰ, 2025 ਨੂੰ ‘ਮਹਾਗੱਠਜੋੜ’ ਦੇ ਨੇਤਾਵਾਂ ‘ਲਾਲੂ ਯਾਦਵ’ ਅਤੇ ਉਨ੍ਹਾਂ ਦੀ ਪਤਨੀ ‘ਰਾਬੜੀ ਦੇਵੀ’ ਅਤੇ ਪੁੱਤਰ ‘ਤੇਜਸਵੀ ਯਾਦਵ’ ਅਾਦਿ ਦੇ ਵਿਰੁੱਧ ਅਾਈ. ਅਾਰ. ਸੀ. ਟੀ. ਸੀ. ’ਚ ਧੋਖਾਦੇਹੀ, ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜ਼ਿਸ਼ ’ਚ ਦਿੱਲੀ ਦੀ ਇਕ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ।
ਇਨ੍ਹਾਂ ਚੋਣਾਂ ਦੀ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਵਾਰ ਰਾਜਦ ਤੋਂ ਬਗਾਵਤ ਕਰ ਕੇ ‘ਤੇਜ ਪ੍ਰਤਾਪ ਯਾਦਵ’ ਵੀ ਅਾਪਣੀ ਅਲੱਗ ਪਾਰਟੀ ‘ਜਨ ਸ਼ਕਤੀ ਜਨਤਾ ਦਲ’ ਬਣਾ ਕੇ ਅਾਪਣੇ ਹੀ ਪਰਿਵਾਰ ਨੂੰ ਚੁਣੌਤੀ ਦੇ ਰਹੇ ਹਨ।
ਦੂਜੇ ਪਾਸੇ ‘ਨਿਤੀਸ਼ ਕੁਮਾਰ’ ਦੇਸ਼ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਹਨ ਜੋ ਪਿਛਲੇ 25 ਸਾਲਾਂ ’ਚ ਵਾਰ-ਵਾਰ ਪਾਲਾ ਬਦਲ ਕੇ 9 ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈ ਚੁੱਕੇ ਹਨ। ਉਨ੍ਹਾਂ ਦਾ ਸਮੁੱਚਾ ਕਾਰਜਕਾਲ ਲਗਭਗ 19 ਸਾਲ ਦਾ ਹੈ।
ਇਸੇ ਦੌਰਾਨ ਜਿੱਥੇ ਵੱਖ-ਵੱਖ ਪਾਰਟੀਅਾਂ ’ਚ ਦਲਬਦਲ ਦੀ ਖੇਡ ਜਾਰੀ ਹੈ, ਉੱਥੇ ਹੀ ਟਿਕਟਾਂ ਦੀ ਵਿਕਰੀ ਵੀ ਜ਼ੋਰਾਂ ’ਤੇ ਹੈ। ਇਸ ਦਾ ਰੇਟ 5 ਲੱਖ ਰੁਪਏ ਤੋਂ 20 ਲੱਖ ਰੁਪਏ ਤਕ ਦੱਸਿਅਾ ਜਾ ਰਿਹਾ ਹੈ ਅਤੇ ਇਸ ਦੇ ਬਦਲੇ ’ਚ ਚੋਣ ਲੜਨ ਦੇ ਚਾਹਵਾਨਾਂ ਨੂੰ ਅਨੇਕ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ।
ਕੁੱਲ ਮਿਲਾ ਕੇ ਬਿਹਾਰ ਦੀਅਾਂ ਚੋਣਾਂ ਨੂੰ ਲੈ ਕੇ ਫਿਲਹਾਲ ਕੁਝ ਇਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ। ਹੁਣ ਭਵਿੱਖ ’ਚ ਸਥਿਤੀ ਕੀ ਰੂਪ ਧਾਰਨ ਕਰਦੀ ਹੈ, ਇਹ ਤਾਂ ਸਮਾਂ ਅਾਉਣ ’ਤੇ ਹੀ ਪਤਾ ਲੱਗੇਗਾ। ਅਲਬੱਤਾ ਚੋਣਾਂ ਤੋਂ ਠੀਕ ਪਹਿਲਾਂ ਬਿਹਾਰ ਲਈ ਕੀਤੇ ਗਏ 25625 ਕਰੋੜ ਰੁਪਿਅਾਂ ਦੀਅਾਂ ਰਿਓੜੀਅਾਂ ਦੇ ਐਲਾਨਾਂ ਦਾ ਰਾਜਗ ਨੂੰ ਕੁਝ ਲਾਭ ਮਿਲ ਸਕਦਾ ਹੈ।
-ਵਿਜੇ ਕੁਮਾਰ