ਜਾਰੀ ਹੈ ਬਿਹਾਰ ’ਚ ਪੁਲਾਂ ਦੇ ਟੁੱਟਣ ਦਾ ਸਿਲਸਿਲਾ

Sunday, Sep 29, 2024 - 03:07 AM (IST)

ਬਿਹਾਰ ’ਚ ਪੁਲਾਂ ਦੇ ਟੁੱਟਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਪਿਛਲੇ ਥੋੜ੍ਹੇ ਜਿਹੇ ਸਮੇਂ ’ਚ ਹੀ ਉਥੇ ਕਈ ਜ਼ਿਲਿਆਂ ’ਚ ‘ਕੋਸੀ’, ‘ਬਕਰਾ’, ‘ਗੰਗਾ’, ‘ਗੰਡਕ’ ਅਤੇ ‘ਮਹਾਨੰਦਾ’ ਨਦੀਆਂ ’ਤੇ ਬਣੇ ਦਰਜਨਾਂ ਪੁਲ ਡਿੱਗ ਚੁੱਕੇ ਹਨ। ਇਕ ਪੁਲ ਤਾਂ 16 ਮਈ, 2024 ਨੂੰ ਪੂਰਨੀਆ ’ਚ ‘ਕੰਕ੍ਰੀਟਿੰਗ’ ਦੇ 4 ਘੰਟੇ ਪਿੱਛੋਂ ਹੀ ਡਿੱਗ ਗਿਆ।

18 ਜੂਨ ਨੂੰ ਅਰਰੀਆ, 22 ਜੂਨ ਨੂੰ ਸਿਵਾਨ, 23 ਜੂਨ ਨੂੰ ਪੂਰਬੀ ਚੰਪਾਰਨ, 27 ਜੂਨ ਨੂੰ ਕਿਸ਼ਨਗੰਜ, 28 ਜੂਨ ਨੂੰ ਮਧੂਬਨੀ, 1 ਜੁਲਾਈ ਨੂੰ ਮੁਜ਼ੱਫਰਪੁਰ, 3 ਜੁਲਾਈ ਨੂੰ ਸਿਵਾਨ ’ਚ 3 ਅਤੇ ਸਾਰਨ ’ਚ 2 ਅਤੇ 4 ਜੁਲਾਈ ਨੂੰ ਸਾਰਨ ’ਚ 1 ਪੁਲ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ :

* 22 ਸਤੰਬਰ ਦੀ ਰਾਤ ਨੂੰ ਪਟਨਾ ਜ਼ਿਲੇ ਦੇ ‘ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ’ ਦਾ ਇਕ ਉਸਾਰੀ ਅਧੀਨ ਹਿੱਸਾ ਢਹਿ ਗਿਆ। ਇਸ 5.57 ਕਿਲੋਮੀਟਰ ਲੰਬੇ ਪੁਲ ਦੀ ਨੀਂਹ 2011 ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੱਖੀ ਸੀ। ਤਦ ਇਸ ਦੀ ਲਾਗਤ 1602.74 ਕਰੋੜ ਰੁਪਏ ਮਿੱਥੀ ਗਈ ਸੀ।

* 22 ਸਤੰਬਰ ਨੂੰ ਹੀ ਭਾਗਲਪੁਰ ਅਤੇ ਮੁੰਗੇਰ ਦੇ ਦਰਮਿਆਨ ਬਰਿਆਪੁਰ ਦੀ ‘ਹਰਿਣਮਾਰ’ ਪੰਚਾਇਤ ਨੂੰ ‘ਗੋਗਰੀ-ਜਮਾਲਪੁਰ’ ਨੂੰ ਜੋੜਨ ਵਾਲਾ 20 ਮੀਟਰ ਲੰਬਾ ਪੁਲ ਡਿੱਗ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਰਸਤੇ ’ਚ ਹੋਰ ਵੀ ਕਈ ਪੁਲ ਹਨ, ਜਿਨ੍ਹਾਂ ਦੀ ਹਾਲਤ ਸਹੀ ਨਹੀਂ ਹੈ ਅਤੇ ਉਹ ਕਦੇ ਵੀ ਡਿੱਗ ਸਕਦੇ ਹਨ।

* 27 ਸਤੰਬਰ ਨੂੰ ਭਾਗਲਪੁਰ ਜ਼ਿਲੇ ’ਚ ‘ਪੀਰਪੈਂਤੀ’ ਅਤੇ ‘ਬਾਬੂਪੁਰ’ ਇਲਾਕਿਆਂ ਨੂੰ ਜੋੜਨ ਵਾਲੇ ਪੁਲ ਦਾ ਖੰਭਾ ਟੁੱਟ ਕੇ ਡਿੱਗ ਗਿਆ ਹੈ।

ਉਕਤ ਘਟਨਾਕ੍ਰਮ ਬਿਹਾਰ ’ਚ ਪੁਰਾਣੇ ਪੁਲਾਂ ਦੀ ਦੇਖਭਾਲ ’ਚ ਲਾਪ੍ਰਵਾਹੀ ਅਤੇ ਨਵੇਂ ਪੁਲਾਂ ਦੀ ਉਸਾਰੀ ’ਚ ਘਟੀਆ ਸਮੱਗਰੀ ਦੀ ਵਰਤੋਂ ਅਤੇ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ। ਇਸ ਲਈ, ਇਸ ਮਾਮਲੇ ’ਚ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਕੋਲੋਂ ਹੀ ਇਸ ਮਾਮਲੇ ’ਚ ਹੋਈ ਹਾਨੀ ਦੀ ਰਕਮ ਵਸੂਲ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


Harpreet SIngh

Content Editor

Related News