ਕਾਂਗਰਸੀ ਨੇਤਾਵਾਂ ’ਚ ਪੁਰਾਣੀ ਸੋਚ ਅਜੇ ਵੀ ਕਾਇਮ

03/19/2020 2:10:37 AM

ਵਕੀਲ ਅਹਿਮਦ 

ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੱਜ ਸੱਚਮੁੱਚ ਚਿੰਤਾਜਨਕ ਸਥਿਤੀ ’ਚ ਆ ਕੇ ਖੜ੍ਹੀ ਹੋ ਗਈ ਹੈ। ਇਕ ਤੋਂ ਬਾਅਦ ਇਕ ਦੇ ਕ੍ਰਮ ’ਚ ਪਾਰਟੀ ਛੱਡ ਕੇ ਜਾ ਰਹੇ ਅਾਗੂਆਂ ’ਚ ਇਕ ਹੋਰ ਨਾਂ ਜਯੋਤਿਰਾਦਿੱਤਿਆ ਸਿੰਧੀਆ ਦਾ ਜੁੜ ਗਿਆ ਹੈ। ਪਾਰਟੀ ’ਚ ਨਿਰਾਸ਼ਾ ਦਾ ਮਾਹੌਲ ਹੈ। ਰਾਹੁਲ ਗਾਂਧੀ ਨੂੰ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡਿਆਂ 8 ਮਹੀਨੇ ਹੋ ਚੁੱਕੇ ਹਨ। ਕਾਫੀ ਸਮੇਂ ਬਾਅਦ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ ਪਰ ਪਾਰਟੀ ’ਚ ਪੂਰੇ ਸਮੇਂ ਦੇ ਪ੍ਰਧਾਨ ਦੀ ਨਿਯੁਕਤੀ ਅਜੇ ਤਕ ਨਹੀਂ ਹੋ ਸਕੀ। ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਸਾਹਮਣੇ ਕਾਂਗਰਸ ਮਜ਼ਬੂਤੀ ਨਾਲ ਖੜ੍ਹੀ ਨਹੀਂ ਹੋ ਰਹੀ। ਅਜਿਹਾ ਜਾਪਦਾ ਹੈ ਕਿ ਕਾਂਗਰਸ ੀ ਅਾਗੂਆਂ ਦੀ ਪੁਰਾਣੀ ਸੋਚ ਸ਼ਾਇਦ ਅਜੇ ਵੀ ਬਣੀ ਹੈ ਕਿ ਸਾਹਮਣੇ ਵਾਲੀ ਸਰਕਾਰ ਆਪਣੀਆਂ ਗਲਤੀਆਂ ਨਾਲ ਖਤਮ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਰਿਹਾ। ਨਰਿੰਦਰ ਮੋਦੀ ਭਾਜਪਾ ’ਚ ਇਕ ਅਤਿਅੰਤ ਮਜ਼ਬੂਤ ਲੀਡਰਸ਼ਿਪ ਬਣ ਗਏ ਹਨ। ਉਨ੍ਹਾਂ ਦੀ ਕਾਟ ਲਈ ਕਾਂਗਰਸ ’ਚ ਇਕ ਵੀ ਨੇਤਾ ਦਮਖਮ ਦੇ ਨਾਲ ਖੜ੍ਹਾ ਨਹੀਂ ਨਜ਼ਰ ਆ ਰਿਹਾ। ਰਾਹੁਲ ਗਾਂਧੀ ਨੇ ਕੋਸ਼ਿਸ਼ ਕੀਤੀ ਪਰ ਉਹ ਵੀ ਟਿਕ ਨਹੀਂ ਸਕੇ, ਜਦਕਿ ਕਾਂਗਰਸ ਦੇ ਨੇਤਾ ਨਰਿੰਦਰ ਮੋਦੀ ਸਰਕਾਰ ’ਤੇ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾ ਰਹੇ ਹਨ ਪਰ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਖੁਦ ਕਾਂਗਰਸ ਕਿਉਂਕਿ ਕਾਂਗਰਸ ਹੀ ਅਜੇ ਵੀ ਇਕਲੌਤੀ ਪਾਰਟੀ ਹੈ, ਜਿਸ ਦਾ ਦੇਸ਼ ਦੇ ਕੋਨੇ-ਕੋਨੇ ’ਚ ਜਨ-ਆਧਾਰ ਹੈ।

ਮੋਦੀ ਦਾ ਬਦਲ ਤਾਂ ਕਾਂਗਰਸ ਨੂੰ ਬਣਨਾ ਹੀ ਹੋਵੇਗਾ

ਲੋਕ ਸਭਾ ’ਚ ਗਿਣਤੀ ਬਲ ਘੱਟ ਹੈ ਤਾਂ ਕੀ ਹੋਇਆ? ਉਨ੍ਹਾਂ ਲੋਕਾਂ ਦਾ ਬਦਲ ਤਾਂ ਕਾਂਗਰਸ ਨੂੰ ਬਣਨਾ ਹੀ ਹੋਵੇਗਾ, ਜੋ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਹੀ ਹੋੋਵੇਗੀ। ਜਦੋਂ 2019 ਮਈ ’ਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਅਾਂ ਸਨ ਤਾਂ ਲੋਕਾਂ ਨਾਲ ਗੱਲਬਾਤ ਸਮੇਂ ਇਹ ਮਹਿਸੂਸ ਹੋ ਰਿਹਾ ਸੀ ਕਿ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਹੋਰ ਬਦਲ ਨਹੀਂ ਹੈ, ਤਾਂ ਕੀ ਕਰੀਏ? ਭਾਵ ਬਹੁਤੇ ਲੋਕ ਬਦਲ ਸਾਹਮਣੇ ਨਾ ਹੋਣ ਕਾਰਣ ਵੀ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਰਹੇ। ਕਾਂਗਰਸ ਦੇ ਨੇਤਾ ਨਰਿੰਦਰ ਮੋਦੀ ਦਾ ਸਾਹਮਣਾ ਕਰਨ ’ਚ ਕਮਜ਼ੋਰ ਸਾਬਤ ਹੋ ਰਹੇ ਹਨ ਤਾਂ ਕਾਂਗਰਸ ਦੀ ਲੀਡਰਸ਼ਿਪ ਸਮਝ ਨਹੀਂ ਸਕੀ ਕਿ ਲੋਕ ਕੀ ਚਾਹੁੰਦੇ ਹਨ। ਅੱਜ ਕਾਂਗਰਸ ਦੀ ਬੁਰੀ ਹਾਲਤ ਦਾ ਕਾਰਣ ਦੂਰਅੰਦੇਸ਼ੀ ਰਣਨੀਤੀ ਨਾ ਬਣਨਾ ਅਤੇ ਜਨਤਾ ਨਾਲ ਅਾਗੂਆਂ ਦਾ ਸਿੱਧਾ ਨਾ ਜੁੜਨਾ ਹੈ।

ਭਾਜਪਾ ਨੂੰ ਰੋਕਣ ਦੀ ਨੀਤੀ ਕਾਰਣ ਉੱਤਰ ਪ੍ਰਦੇਸ਼ ’ਚ ਕਾਂਗਰਸ ਖੁਦਕੁਸ਼ੀ ਕਰ ਬੈਠੀ

ਤੱਤਕਾਲਿਕ ਲਾਭ ਤੋਂ ਮੇਰਾ ਮਤਲਬ ਉੱਤਰ ਪ੍ਰਦੇਸ਼ ’ਚ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਸਿਰਫ ਭਾਜਪਾ ਨੂੰ ਰੋਕਣ ਦੀ ਨੀਅਤ ਨਾਲ ਕਦੀ ਸਮਾਜਵਾਦੀ ਪਾਰਟੀ ਨੂੰ ਅਤੇ ਕਦੀ ਬਹੁਜਨ ਸਮਾਜ ਪਾਰਟੀ ਨੂੰ ਸੁਪੋਰਟ ਕਰਦੀ ਰਹੀ ਹੈ। ਉਸ ਸਮੇਂ ਪਾਰਟੀ ਦੇ ਸੀਨੀਅਰ ਨੇਤਾ ਨਾਰਾਇਣ ਦੱਤ ਤਿਵਾੜੀ ਨੇ ਕਾਂਗਰਸ ਦੀ ਇਸ ਨੀਤੀ ਦੇ ਵਿਰੋਧ ’ਚ ਕਾਂਗਰਸ ਛੱਡ ਕੇ ਤਿਵਾੜੀ ਕਾਂਗਰਸ ਬਣਾ ਲਈ ਸੀ। ਨਤੀਜਾ ਉਹੀ ਹੋਇਆ, ਭਾਜਪਾ ਨੂੰ ਰੋਕਣ ਦੀ ਨੀਤੀ ਕਾਰਣ ਉੱਤਰ ਪ੍ਰਦੇਸ਼ ’ਚ ਕਾਂਗਰਸ ਖੁਦਕੁਸ਼ੀ ਕਰ ਬੈਠੀ। ਇਹ ਨੀਤੀ ਹਾਲ ਹੀ ’ਚ ਕਰਨਾਟਕ ਵਿਚ ਵੀ ਅਪਣਾਈ ਗਈ, ਜਦੋਂ ਜਨਤਾ ਦਲ (ਐੱਸ.) ਦੇ ਥੋੜ੍ਹੇ ਜਿਹੇ ਵਿਧਾਇਕਾਂ ਨੂੰ ਸਮਰਥਨ ਦੇ ਕੇ ਕਾਂਗਰਸ ਨੇ ਉੱਥੇ ਉਨ੍ਹਾਂ ਦੀ ਸਰਕਾਰ ਬਣਵਾ ਦਿੱਤੀ, ਮਕਸਦ ਉਹੀ ਭਾਜਪਾ ਨੂੰ ਰੋਕਣ ਦਾ। ਕਾਂਗਰਸ ਪਾਰਟੀ ਨੇ ਜੇਕਰ ਬਹੁਤ ਪਹਿਲਾਂ ਹੀ ਦੂਰ ਦੀ ਸੋਚ ਰੱਖੀ ਹੁੰਦੀ ਤਾਂ ਸ਼ਾਇਦ ਅੱਜ ਭਾਜਪਾ ਵੀ ਇੰਨੀ ਮਜ਼ਬੂਤ ਨਾ ਹੁੰਦੀ। ਖੈਰ, ਦੂਸਰਾ ਸਭ ਤੋਂ ਵੱਡਾ ਇਸ ਪਾਰਟੀ ਦੇ ਪਤਨ ਦਾ ਕਾਰਣ ਇਸ ਦੇ ਅਾਗੂਆਂ ਦਾ ਜਨਤਾ ਨਾਲ ਸਿੱਧਾ ਜੁੜਾਅ ਨਾ ਹੋਣਾ ਵੀ ਹੈ। ਅਜੇ ਵੀ ਇਸ ਪਾਰਟੀ ’ਚ ਅਜਿਹੇ ਬਹੁਤ ਸਾਰੇ ਅਾਗੂ ਹਨ, ਜਿਨ੍ਹਾਂ ਨੂੰ ਜਨਤਾ ਸਿਰਫ ਟੈਲੀਵਿਜ਼ਨ ਸਕਰੀਨ ’ਤੇ ਹੀ ਅਾਪਣੇ ਦਰਮਿਅਾਨ ਸਮਝਦੀ ਹੈ, ਵੈਸੇ ਸ਼ਾਇਦ ਕਦੇ ਨਹੀਂ। ਮੈਂ ਸਮਝਦਾ ਹਾਂ ਕਿ ਪਾਰਟੀ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ’ਚ ਪ੍ਰਾਇਮਰੀ ਪੱਧਰ ਤੋਂ ਸ਼ੁਰੂਆਤ ਕਰਨੀ ਹੋਵੇਗੀ। ਪਾਰਟੀ ਨੂੰ ਇਸ ਸਮੇਂ ਤਾਕਤਵਰ ਲੀਡਰਸ਼ਿਪ ਦੀ ਲੋੜ ਹੈ ਅਤੇ ਉਹ ਗਾਂਧੀ ਪਰਿਵਾਰ ਤੋਂ ਇਲਾਵਾ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਇਸ ਨਾਲ ਉਸ ’ਤੇ ਵੰਸ਼ਵਾਦੀ ਅਤੇ ਨੇਤਾਵਾਂ ਤੋਂ ਚਾਪਲੂਸ ਹੋਣ ਦਾ ਠੱਪਾ ਹਟ ਜਾਵੇਗਾ, ਫਿਰ ਇਕ ਨਾ ਇਕ ਦਿਨ ਤਾਂ ਇਹ ਹੋਣਾ ਹੀ ਹੈ। ਮੇਰੇ ਵਿਚਾਰ ਨਾਲ ਅਜੇ ਕਿਉਂ ਨਹੀਂ। ਮੇਰੀ ਕਿਸੇ ਕਾਂਗਰਸੀ ਨੇਤਾ ਨਾਲ ਮੁਲਾਕਾਤ ਨਹੀਂ ਹੋਈ ਹੋਵੇਗੀ ਤਾਂ ਮੈਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਜ਼ਮੀਨ ਨਾਲ ਜੁੜੋ, ਈਮਾਨਦਾਰ, ਮਿਹਨਤੀ ਅਾਗੂਆਂ ਨੂੰ ਅੱਗੇ ਲਿਆ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰਨ, ਲੀਡਰਸ਼ਿਪ ਅਜਿਹੀ ਹੋਵੇ, ਜੋ ਟਾਲ-ਮਟੋਲ ਨਾ ਕਰੇ, ਜਿਵੇਂ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਮੇਂ ਹੋਇਆ। ਭੁਪਿੰਦਰ ਸਿੰਘ ਹੁੱਡਾ ਜ਼ਮੀਨੀ ਨੇਤਾ ਹਨ। ਲੋਕਾਂ ਨਾਲ ਸਿੱਧੇ ਜੁੜੇ ਹਨ ਪਰ ਉਨ੍ਹਾਂ ਨੂੰ ਚੋਣਾਂ ਦੀ ਕਮਾਨ ਬਹੁਤ ਦੇਰ ਨਾਲ ਦਿੱਤੀ ਗਈ। ਉੱਥੇ ਹੀ ਲੋਕ ਇਹੀ ਕਹਿੰਦੇ ਹਨ ਕਿ ਜੇਕਰ ਹੁੱਡਾ ਨੂੰ ਪਹਿਲਾਂ ਹੀ ਕਮਾਂਡ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਨਤੀਜਾ ਕੁਝ ਹੋਰ ਹੀ ਹੁੰਦਾ। ਇੰਝ ਹੀ ਜੇਕਰ ਜਯੋਤਿਰਾਦਿੱਤਿਆ ਨੂੰ ਸਮਝਣ ਦਾ ਯਤਨ ਲੀਡਰਸ਼ਿਪ ਕਰਦੀ ਤਾਂ ਸ਼ਾਇਦ ਉਹ ਪਾਰਟੀ ਛੱਡਣ ਦਾ ਮਨ ਬਦਲ ਲੈਂਦੇ। ਗੱਲਾਂ ਤਾਂ ਬਹੁਤ ਹਨ ਅਤੇ ਕਾਂਗਰਸ ਦੇ ਨੇਤਾ ਵੀ ਸਮਝਦੇ ਹਨ ਕਿ ਕੀ ਕਰਨਾ ਹੈ? ਤਾਂ ਫਿਰ 2024 ਦੀਆਂ ਚੋਣਾਂ ਜਾਂ ਸੂਬਿਅਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਇੰਤਜ਼ਾਰ ਨਾ ਕਰ ਕੇ ਹੁਣ ਤੋਂ ਹੀ ਪਾਰਟੀ ’ਚ ਧੁਰ ਤੋਂ ਲੈ ਕੇ ਤਬਦੀਲੀਆਂ ਦੀ ਸ਼ੁਰੂਆਤ ਕਰਨ, ਤਾਂ ਹੀ ਇਸ ਸਭ ਤੋਂ ਪੁਰਾਣੀ ਪਾਰਟੀ ਦੀ ਹੋਂਦ ਬਚੀ ਰਹੇਗੀ। ਸਭ ਤੋਂ ਪਹਿਲਾਂ ਇਕ ਸਪੱਸ਼ਟ ਸੋਚ, ਨਿਰਪੱਖ, ਈਮਾਨਦਾਰ ਅਤੇ ਵਧੀਅਾ ਬੁਲਾਰੇ ਦੇ ਰੂਪ ’ਚ ਇਕ ਅਸਰਦਾਰ ਲੀਡਰਸ਼ਿਪ ਪਾਰਟੀ ਖੜ੍ਹੀ ਕਰੇ।


Bharat Thapa

Content Editor

Related News