‘ਖੁਸ਼ੀ ਨੂੰ ਮਾਤਮ ’ਚ ਬਦਲ ਰਿਹਾ’ ‘ਹਰਸ਼ ਫਾਇਰਿੰਗ’ ਦਾ ਵਧਦਾ ਰੁਝਾਨ!

Saturday, Nov 01, 2025 - 05:19 AM (IST)

‘ਖੁਸ਼ੀ ਨੂੰ ਮਾਤਮ ’ਚ ਬਦਲ ਰਿਹਾ’ ‘ਹਰਸ਼ ਫਾਇਰਿੰਗ’ ਦਾ ਵਧਦਾ ਰੁਝਾਨ!

ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਭਲਾ ਕਿਸ ਦਾ ਮਨ ਨਹੀਂ ਮਚਲ ਉੱਠਦਾ! ਅਜਿਹੇ ’ਚ ਕੁਝ ਮੌਕਿਆਂ ’ਤੇ ਕੁਝ ਲੋਕ ਜ਼ਿਆਦਾ ਹੀ ਜੋਸ਼ ’ਚ ਆ ਕੇ ਕੁਝ ਅਜਿਹਾ ਕਰ ਬੈਠਦੇ ਹਨ ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।

ਨਤੀਜਾ ਸੋਚੇ ਬਿਨਾਂ ਜੋਸ਼ ਦੇ ਮਾਰੇ ਗੋਲੀ ਚਲਾ ਕੇ ਖੁਸ਼ੀ ਪ੍ਰਗਟ ਕਰਨ, ਜਿਸ ਨੂੰ ‘ਹਰਸ਼ ਫਾਇਰਿੰਗ’ ਵੀ ਕਿਹਾ ਜਾਂਦਾ ਹੈ, ਨਾਲ ਕਿਸੇ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਅਤੇ ਖੁਸ਼ੀ ਦੇ ਮੌਕੇ ਦਰਦਨਾਕ ਦੁਰਘਟਨਾ ’ਚ ਬਦਲ ਜਾਂਦੇ ਹਨ, ਜਿਨ੍ਹਾਂ ਦੀਆਂ ਪਿਛਲੇ 9 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 7 ਫਰਵਰੀ, 2025 ਨੂੰ ‘ਸੋਨੀਪਤ’ (ਹਰਿਆਣਾ) ’ਚ ਇਕ ਨੌਜਵਾਨ ਦੇ ਮੰਗਣੀ ਸਮਾਗਮ ’ਚ ਕੁਝ ਵਿਅਕਤੀਆਂ ਨੇ ਜੋਸ਼ ’ਚ ਆ ਕੇ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਨਤੀਜੇ ਵਜੋਂ ਇਕ ਗੋਲੀ ਲਾੜੇ ਦੇ ਮਮੇਰੇ ਭਰਾ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ ਅਤੇ ਦੂਜੀ ਗੋਲੀ ਲਾੜੇ ਨੂੰ ਲੱਗਣ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

* 22 ਫਰਵਰੀ ਨੂੰ ‘ਜਲੰਧਰ’ (ਪੰਜਾਬ) ’ਚ ਇਕ ਵਿਆਹ ਸਮਾਗਮ ’ਚ ਹਰਸ਼ ਫਾਇਰਿੰਗ ਦੇ ਦੌਰਾਨ ਗੋਲੀ ਲੱਗਣ ਨਾਲ ਇਕ ਿਵਅਕਤੀ ਦੀ ਮੌਤ ਹੋ ਗਈ।

* 11 ਮਈ ਨੂੰ ‘ਜਹਾਨਾਬਾਦ’ (ਬਿਹਾਰ) ਦੇ ‘ਕੋਰਮਾ’ ਪਿੰਡ ’ਚ ਇਕ ਵਿਅਾਹ ਸਮਾਗਮ ਦੇ ਮੌਕੇ ਆਯੋਜਿਤ ਨੱਚਣ-ਗਾਉਣ ਦੇ ਦੌਰਾਨ ਕੀਤੀ ਗਈ ‘ਹਰਸ਼ ਫਾਇਰਿੰਗ’ ਦੇ ਕਾਰਨ ਇਕ 17 ਸਾਲਾ ਨੌਜਵਾਨ ਦੀ ਮੌਤ ਅਤੇ ਇਕ ਛੋਟੀ ਬੱਚੀ ਜ਼ਖਮੀ ਹੋ ਗਈ।

* 18 ਮਈ ਨੂੰ ‘ਪਟਨਾ’ (ਬਿਹਾਰ) ਦੇ ‘ਜਮਨਪੁਰ’ ਪਿੰਡ ’ਚ ਆਯੋਜਿਤ ਇਕ ਜਨਮ ਦਿਨ ਦੀ ਪਾਰਟੀ ’ਚ ਮੇਜ਼ਬਾਨ ‘ਅਖਿਲੇਸ਼ ਰਾਮ’ ਵਲੋਂ ਕੀਤੀ ਗਈ ਹਰਸ਼ ਫਾਇਰਿੰਗ ’ਚ ਇਕ 6 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਇਸ ਸੰਬੰਧ ’ਚ ‘ਅਖਿਲੇਸ਼ ਰਾਮ’ ਨੂੰ 2 ਦੇਸੀ ਹਥਿਆਰਾਂ ਅਤੇ 6 ਜ਼ਿੰਦਾ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ।

* 28 ਸਤੰਬਰ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ’ਚ ਇਕ ਧਾਰਮਿਕ ਸ਼ੋਭਾ ਯਾਤਰਾ ਦੌਰਾਨ ਹਰਸ਼ ਫਾਇਰਿੰਗ ਕਰਨ ਦੇ ਦੋਸ਼ ’ਚ ਇਕ ਨੌਜਵਾਨ ‘ਆਸ਼ੂਤੋਸ਼ ਯਾਦਵ’ ਨੂੰ ਗ੍ਰਿਫਤਾਰ ਕੀਤਾ ਿਗਆ। ਪੁਲਸ ਨੇ ਇਹ ਕਾਰਵਾਈ ਇਕ ਵਾਇਰਲ ਵੀਡੀਓ ਦੇ ਆਧਾਰ ’ਤੇ ਕੀਤੀ।

* 1 ਅਕਤੂਬਰ ਨੂੰ ‘ਰਾਂਚੀ’ (ਝਾਰਖੰਡ) ਦੇ ਇਕ ਰਿਜ਼ੋਰਟ ’ਚ ‘ਹਰਸ਼ ਫਾਇਰਿੰਗ’ ਦੇ ਦੋਸ਼ ’ਚ ਪੁਲਸ ਨੇ 4 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਅਤੇ 3 ਲਾਇਸੈਂਸੀ ਹਥਿਆਰ ਜ਼ਬਤ ਕੀਤੇ।

* 1 ਅਕਤੂਬਰ ਨੂੰ ਹੀ ‘ਮਥੁਰਾ’ (ਉੱਤਰ ਪ੍ਰਦੇਸ਼) ਦੇ ‘ਕੋਸੀਕਲਾਂ’ ’ਚ ਇਕ ਵਿਅਕਤੀ ਵਲੋਂ ਆਪਣੇ ਬੇਟੇ ਦੇ ਪਹਿਲੇ ਜਨਮ ਦਿਨ ’ਤੇ ਆਯੋਜਿਤ ਪਾਰਟੀ ’ਚ ਕੁਝ ਵਿਅਕਤੀਆਂ ਵਲੋਂ ਕੀਤੀ ਗਈ ਹਰਸ਼ ਫਾਇਰਿੰਗ ’ਚ ਇਕ ਗੋਲੀ ‘ਸ਼ੌਕੀਨ’ ਨਾਂ ਦੇ ਨੌਜਵਾਨ ਦੀ ਛਾਤੀ ’ਚ ਲੱਗ ਜਾਣ ਨਾਲ ਉਸ ਦੀ ਮੌਤ ਹੋ ਗਈ।

* 7 ਅਕਤੂਬਰ ਨੂੰ ‘ਅਮੇਠੀ’ (ਉੱਤਰ ਪ੍ਰਦੇਸ਼) ਦੇ ਪਿੰਡ ‘ਗਰਥੋਲਿਆ’ ’ਚ ਇਕ ਵਿਅਕਤੀ ਨੇ 10 ਸਾਲ ਬਾਅਦ ਆਪਣੇ ਘਰ ’ਚ ਔਲਾਦ ਹੋਣ ਦੀ ਖੁਸ਼ੀ ’ਚ ਇਕ ਪਾਰਟੀ ਦਾ ਆਯੋਜਨ ਕੀਤਾ। ਪਾਰਟੀ ’ਚ ਰਾਤ ਦੇ ਸਮੇਂ ਡੀ. ਜੇ. ਦੀਆਂ ਧੁਨਾਂ ’ਤੇ ਨੱਚਦੇ ਸਮੇਂ ਜੋਸ਼ ’ਚ ਆ ਕੇ ਆਪਣੇ ਤਮੰਚੇ ਨਾਲ ਗੋਲੀ ਚਲਾ ਦਿੱਤੀ ਜੋ ਸਿੱਧੀ ਜਾ ਕੇ ‘ਦੇਵ ਯਾਦਵ’ ਨਾਂ ਦੇ ਨੌਜਵਾਨ ਦੀ ਛਾਤੀ ’ਚ ਲੱਗੀ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਸ਼ੇਸ਼ ਤੌਰ ’ਤੇ ਇਸ ਪਾਰਟੀ ’ਚ ਹਿੱਸਾ ਲੈਣ ਲਈ ਦਿੱਲੀ ਤੋਂ ਆਇਆ ਸੀ।

* 13 ਅਕਤੂਬਰ ਨੂੰ ‘ਛਤਰਪੁਰ’ (ਮੱਧ ਪ੍ਰਦੇਸ਼) ’ਚ ਇਕ ਮੰਗਣੀ ਸਮਾਗਮ ਦੇ ਦੌਰਾਨ ਹਰਸ਼ ਫਾਇਰਿੰਗ ’ਚ ਸਰਾਫਾ ਵਪਾਰੀ ‘ਅਾਸ਼ੀਸ਼ ਸੋਨੀ’ ਦੀ ਮੌਤ ਹੋ ਗਈ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ 13 ਮਾਰਚ, 2024 ਨੂੰ ਸੁਪਰੀਮ ਕੋਰਟ ਨੇ ਵਿਆਹ ਸਮਾਗਮਾਂ ’ਚ ਹਰਸ਼ ਫਾਇਰਿੰਗ ਦੇ ਤਬਾਹਕੁੰਨ ਨਤੀਜਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਇਕ ਮੰਦਭਾਗੀ ਪ੍ਰਥਾ ਦੱਸਿਆ ਸੀ।

ਭਾਰਤ ਸਰਕਾਰ ਨੇ ਹਰਸ਼ ਫਾਇਰਿੰਗ ਨੂੰ ਅਪਰਾਧ ਕਰਾਰ ਦਿੱਤਾ ਹੋਇਆ ਹੈ ਜਿਸ ਦੇ ਅਧੀਨ ਜਨਤਕ ਸਮਾਗਮਾਂ, ਧਰਮ ਅਸਥਾਨਾਂ, ਵਿਆਹ ਅਤੇ ਹੋਰਨਾਂ ਸਮਾਗਮਾਂ ’ਚ ਫਾਇਰਿੰਗ ਕਰਨ ’ਤੇ ਰੋਕ ਲੱਗੀ ਹੋਈ ਹੈ ਅਤੇ ਦੋਸ਼ੀ ਨੂੰ 2 ਸਾਲ ਤੱਕ ਦੀ ਕੈਦ ਅਤੇ ਇਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਇਹ ਬੁਰਾਈ ਜਾਰੀ ਹੈ।

ਇਸ ਲਈ ਜਿੱਥੇ ਖੁਸ਼ੀ ਦੇ ਮੌਕੇ ’ਤੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ’ਚ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਹੀ ਹਰਸ਼ ਫਾਇਰਿੰਗ ’ਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ’ਤੇ ਦੋਸ਼ੀ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

–ਵਿਜੇ ਕੁਮਾਰ


author

Sandeep Kumar

Content Editor

Related News