ਦਿਲ ਨੂੰ ਹਲੂਣ ਗਿਆ ‘ਇਨਫ੍ਰਾ ਕੁਈਨ’ ਦਾ ਇਸ ਤਰ੍ਹਾਂ ਚਲੇ ਜਾਣਾ

07/22/2019 6:08:57 AM

ਰਿਤੂਪਰਣ ਦਵੇ
ਇਕ ਅਜ਼ੀਮ ਸ਼ਖ਼ਸੀਅਤ, ਹਰਦਿਲ ਅਜ਼ੀਜ਼, ਵਿਰੋਧੀ ਵੀ ਜਿਨ੍ਹਾਂ ਦੇ ਕਾਇਲ, ਦਿੱਲੀ ਦੀ ਸੂਰਤ ਬਦਲ ਦੇਣ ਵਾਲੀ ਆਧੁਨਿਕ ਦਿੱਲੀ ਦੀ ਸ਼ਿਲਪਕਾਰ ਸ਼ੀਲਾ ਦੀਕਸ਼ਤ ਦਾ ਅਚਾਨਕ ਜਾਣਾ ਨਾ ਸਿਰਫ ਦਿੱਲੀ, ਸਗੋਂ ਦੇਸ਼ ਦੀ ਰਾਜਨੀਤੀ ਲਈ ਵੀ ਵੱਡਾ ਧੱਕਾ ਹੈ। ਹਰ ਸਮੇਂ ਚਿਹਰੇ ’ਤੇ ਹਲਕੀ ਅਤੇ ਪਿਆਰੀ ਜਿਹੀ ਮੁਸਕਰਾਹਟ ਲੈ ਕੇ ਕਦੇ ਕਿਸੇ ਨੂੰ ਨਿਰਾਸ਼ ਨਾ ਕਰਨ ਵਾਲੀ ਸ਼ੀਲਾ ਜੀ ਦੇ ਕੰਮ ਦਾ ਤੌਰ-ਤਰੀਕਾ ਦੂਜੇ ਨੇਤਾਵਾਂ ਦੀ ਤੁਲਨਾ ’ਚ ਬੇਹੱਦ ਵੱਖਰਾ ਸੀ। ਆਪਣੇ ਧੁਰ-ਵਿਰੋਧੀਆਂ ਨੂੰ ਵੀ ਮੁਰੀਦ ਬਣਾਉਣ ਵਾਲੀ ਸ਼ੀਲਾ ਦੀਕਸ਼ਤ ਦੀ ਸ਼ਖ਼ਸੀਅਤ ਦਾ ਪ੍ਰਭਾਵ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਉਨ੍ਹਾਂ ਨੂੰ ਮਿਲਦਿਆਂ ਹੀ ਲੋਕ ਨਾ ਸਿਰਫ ਉਨ੍ਹਾਂ ਦੇ ਕਾਇਲ ਹੋ ਜਾਂਦੇ ਸਨ, ਸਗੋਂ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕਦੇ ਸਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਖੁਸ਼ਮਿਜ਼ਾਜ ਵਤੀਰੇ ਦਾ ਨਤੀਜਾ ਸੀ ਕਿ ਵੱਡੇ-ਵੱਡੇ ਅਫਸਰ ਵੀ ਉਨ੍ਹਾਂ ਦੇ ਹੁਕਮ ਦੇ ਅੰਦਾਜ਼ ਨੂੰ ਆਪਣਾ ਫਰਜ਼ ਸਮਝਦੇ ਸਨ। ਉਹ ਆਈ. ਏ. ਐੱਸ. ਅਫਸਰਾਂ ਨੂੰ ਬੇਟਾ ਤਕ ਕਹਿ ਕੇ ਬੁਲਾਉਂਦੀ ਸੀ। ਇਹੋ ਕਾਰਣ ਹੈ ਕਿ ਭਾਵੇਂ ਕੈਬਨਿਟ ਦੇ ਸਹਿਯੋਗੀ ਹੋਣ ਜਾਂ ਸਕੱਤਰ ਪੱਧਰ ਦੇ ਅਧਿਕਾਰੀ, ਯੋਜਨਾਵਾਂ ਅਤੇ ਪ੍ਰਸਤਾਵਾਂ ਨੂੰ ਪੂਰਾ ਕਰਨ ਦੀ ਜੁਗਤ ਕੱਢ ਹੀ ਲੈਂਦੇ ਸਨ। ਨੌਕਰਸ਼ਾਹਾਂ ਵਿਚਾਲੇ ਅਜਿਹੀ ਲੋਕਪ੍ਰਿਅਤਾ ਵੀ ਵਿਰਲੇ ਰਾਜਨੇਤਾਵਾਂ ’ਚ ਦੇਖਣ ਨੂੰ ਮਿਲਦੀ ਹੈ। ਇਸੇ ਤਮੀਜ਼ ਅਤੇ ਤਹਿਜ਼ੀਬ, ਜੋ ਉਨ੍ਹਾਂ ਦੀ ਰਗ-ਰਗ ’ਚ ਸੀ, ਨੇ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਇਆ।

ਦੂਰਦਰਸ਼ੀ ਸੋਚ ਦੀ ਨੇਤਾ

ਦਿੱਲੀ ਦੀ ਲਾਈਫ ਲਾਈਨ ਬਣ ਚੁੱਕੀ ਦਿੱਲੀ ਮੈਟਰੋ ਲਈ ਉਨ੍ਹਾਂ ਨੇ ਕੇਂਦਰ ’ਚ ਭਾਜਪਾ ਸਰਕਾਰ ਦੇ ਰਹਿੰਦਿਆਂ ਹੀ ਅਜਿਹਾ ਤਾਲਮੇਲ ਬਿਠਾਇਆ ਕਿ ਪ੍ਰਾਜੈਕਟ ਨੇ ਅਜਿਹੀ ਰਫਤਾਰ ਫੜੀ ਕਿ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਪੂਰਾ ਵੀ ਹੋਇਆ, ਫਲਾਈਓਵਰਾਂ ਦੀ ਲੜੀ ਜ਼ਰੀਏ ਆਵਾਜਾਈ ਨੂੰ ਆਸਾਨ ਬਣਾ ਕੇ ਟਰੈਫਿਕ ਦਾ ਦਬਾਅ ਘਟਾਉਣਾ, ਇਕ ਸਮੇਂ ਦਿੱਲੀ ’ਚ ਕਿੱਲਰ ਬੱਸ ਦਾ ਦਰਜਾ ਹਾਸਿਲ ਕਰ ਚੁੱਕੀ ਬਲਿਊ ਲਾਈਨ ਬੱਸ ਸਰਵਿਸ ਬੰਦ ਕਰਵਾਉਣਾ, ਸੀ. ਐੱਨ. ਜੀ. ਜ਼ਰੀਏ ਪ੍ਰਦੂਸ਼ਣ ਘੱਟ ਕਰਨਾ ਅਤੇ ਪੂਰੀ ਦਿੱਲੀ ’ਚ ਲੱਖਾਂ ਪੌਦੇ ਲਾ ਕੇ ਹਰੀ-ਭਰੀ ਦਿੱਲੀ ਬਣਾਉਣ ਦੇ ਉਨ੍ਹਾਂ ਦੇ ਕੰਮ ਨੇ ਦਿੱਲੀ ’ਚ ਉਨ੍ਹਾਂ ਨੂੰ ਇਕ ਵੱਖਰਾ ਸਥਾਨ ਦਿਵਾਇਆ ਅਤੇ ਉਹ ਦਿੱਲੀ ਹੀ ਨਹੀਂ, ਸਗੋਂ ਦੇਸ਼ ਦੀ ‘ਇਨਫ੍ਰਾ ਕੁਈਨ’ ਬਣ ਗਈ। ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਜੋ ਵੀ ਕੰਮ ਕਰਦੀ ਸੀ, ਉਸ ਦੇ ਡਿਜ਼ਾਈਨ ਤੋਂ ਲੈ ਕੇ ਹਰ ਛੋਟੀਆਂ-ਵੱਡੀਆਂ ਚੀਜ਼ਾਂ ਖ਼ੁਦ ਹੀ ਤੈਅ ਕਰਦੀ ਸੀ। ਇਥੋਂ ਤਕ ਕਿ ਬੱਸਾਂ ਦਾ ਰੰਗ ਵੀ ਉਨ੍ਹਾਂ ਨੇ ਤੈਅ ਕੀਤਾ। ਵਿਰੋਧੀ ਧਿਰ ਨੇ ਵੀ ਰਾਜਨੀਤੀ ਤੋਂ ਹਟ ਕੇ ਉਨ੍ਹਾਂ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ। ਸ਼ੀਲਾ ਦੀਕਸ਼ਤ ਇਕ ਦੂਰਦਰਸ਼ੀ ਨੇਤਾ ਸੀ। ਬਹੁਤ ਅੱਗੇ ਦੀ ਸੋਚ ਰੱਖ ਕੇ ਕੰਮ ਕਰਦੀ ਸੀ। ਰੋਡ ਮੈਪ ਹੀ ਨਹੀਂ, ਉਸ ’ਤੇ ਕਿਵੇਂ ਕੰਮ ਕਰਨਾ ਹੈ, ਉਨ੍ਹਾਂ ਨੂੰ ਪਤਾ ਹੁੰਦਾ ਸੀ।

31 ਮਾਰਚ 1938 ’ਚ ਪੰਜਾਬ ਦੇ ਕਪੂਰਥਲਾ ’ਚ ਜਨਮੀ ਸ਼ੀਲਾ ਕਪੂਰ ਦੀ ਸ਼ਖਸੀਅਤ ’ਚ ਹਮੇਸ਼ਾ ਹੈਰੀਟੇਜ ਸਿਟੀ ਕਪੂਰਥਲਾ ਦੀ ਨਜ਼ਾਕਤ ਝਲਕਦੀ ਸੀ। ਕਪੂਰਥਲਾ ’ਚ ਨਾਨੇ ਨਰਸਿੰਘ ਦਾਸ ਦੇ ਘਰ ’ਚ ਪਲੀ-ਵਧੀ ਸ਼ੀਲਾ ਦੀਕਸ਼ਤ ਦੀ ਮੁੱਢਲੀ ਪੜ੍ਹਾਈ ਉਥੋਂ ਦੇ ‘ਹਿੰਦੂ ਪੁੱਤਰੀ ਪਾਠਸ਼ਾਲਾ’ ਵਿਚ ਹੋਈ। ਬਾਅਦ ’ਚ ਅਗਲੀ ਪੜ੍ਹਾਈ ਲਈ ਉਹ ਦਿੱਲੀ ਆ ਗਈ। ਮਿਰਾਂਡਾ ਹਾਊਸ ਕਾਲਜ ’ਚ ਦਾਖਲਾ ਲਿਆ ਅਤੇ ਉਸ ਨੂੰ ਵਿਆਹ ਦੀ ਆਫਰ ਡੀ. ਟੀ. ਸੀ. ਦੀ 10 ਨੰਬਰ ਬੱਸ ’ਚ ਮਿਲੀ, ਜੋ ਉਨ੍ਹਾਂ ਦੇ ਸਹਿਪਾਠੀ ਅਤੇ ਪਸੰਦ ਦੇ ਵਿਨੋਦ ਦੀਕਸ਼ਤ ਨੇ ਦਿੱਤੀ। ਸ਼ੀਲਾ ਬਹੁਤ ਹੀ ਖੁਸ਼ ਹੋ ਗਈ ਸੀ, ਇਹ ਤਾਂ ਉਸ ਦੇ ਦਿਲ ਦੀ ਗੱਲ ਸੀ। ਉਸ ਤੋਂ ਬਾਅਦ ਘਰ ਆ ਕੇ ਉਹ ਖੂਬ ਨੱਚੀ ਸੀ। ਜਦੋਂ ਦੋਹਾਂ ਦੇ ਪਰਿਵਾਰ ਨੂੰ ਇਸ ਦਾ ਪਤਾ ਲੱਗਾ ਤਾਂ ਵਿਰੋਧ ਵੀ ਹੋਇਆ। ਪ੍ਰਾਚੀਨ ਭਾਰਤੀ ਇਤਿਹਾਸ ਦੀ ਸਟੂਡੈਂਟ ਰਹੀ ਸ਼ੀਲਾ ਦੀ ਪੜ੍ਹਾਈ ਦੇ ਦੌਰਾਨ ਹੀ ਵਿਨੋਦ ਨਾਲ ਪਛਾਣ ਹੋਈ ਅਤੇ ਵਿਆਹ ਤਕ ਦੀ ਤਿਆਰੀ ਦੌਰਾਨ ਦੋਹਾਂ ਨੇ ਬਹੁਤ ਹੀ ਧੀਰਜ ਰੱਖਿਆ। ਵਿਨੋਦ ਆਈ. ਏ. ਐੱਸ. ਦੀ ਤਿਆਰੀ ’ਚ ਜੁਟ ਗਏ ਤਾਂ ਸ਼ੀਲਾ ਜੀ ਨੇ ਮੋਤੀ ਬਾਗ ਦੇ ਇਕ ਨਰਸਰੀ ਸਕੂਲ ’ਚ 100 ਰੁਪਏ ਦੀ ਤਨਖਾਹ ’ਤੇ ਨੌਕਰੀ ਕਰ ਲਈ। ਦੋ ਸਾਲਾਂ ਬਾਅਦ ਦੋਹਾਂ ਦਾ ਵਿਆਹ ਹੋਇਆ। ਸਿਆਸੀ ਪਰਿਵਾਰ ਨਾਲ ਜੁੜੇ ਵਿਨੋਦ ਦੀਕਸ਼ਤ 1959 ’ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਅਧਿਕਾਰੀ ਬਣ ਗਏ। ਸ਼ੀਲਾ ਜੀ ਦੇ ਸਹੁਰਾ ਸਾਹਿਬ ਉੱਤਰ ਪ੍ਰਦੇਸ਼ ਦੇ ਮੰਨੇ-ਪ੍ਰਮੰਨੇ ਸਿਆਸਤਦਾਨ ਉਮਾਸ਼ੰਕਰ ਦੀਕਸ਼ਤ ਸਨ, ਜੋ ਭਾਰਤ ਦੇ ਗ੍ਰਹਿ ਮੰਤਰੀ ਵੀ ਬਣੇ। ਪਰਿਵਾਰ ਪ੍ਰਤੀ ਵੀ ਕਾਫੀ ਲਗਾਅ ਸੀ। ਉਨ੍ਹਾਂ ਦੇ ਪਤੀ ਦੀ ਮੌਤ ਟਰੇਨ ਦੇ ਸਫਰ ਦੌਰਾਨ ਹਾਰਟ ਅਟੈਕ ਨਾਲ ਹੋਈ। 1991 ’ਚ ਸਹੁਰਾ ਸਾਹਿਬ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਬਾਖੂਬੀ ਅੱਗੇ ਵਧਾਇਆ। ਬੇਟਾ ਸੰਦੀਪ ਅਤੇ ਬੇਟੀ ਲਤਿਕਾ ਹਨ। ਦੋਹਾਂ ਨੂੰ ਉਨ੍ਹਾਂ ਨੇ ਹਮੇਸ਼ਾ ਅਨੁਸ਼ਾਸਨ ਦਾ ਪਾਠ ਪੜ੍ਹਾਇਆ।

ਦਿੱਲੀ ਨੂੰ ਖੂਬ ਸੰਵਾਰਿਆ

ਆਪਣੀ ਆਤਮਕਥਾ ਨੂੰ ਇਕ ਕਿਤਾਬ ‘ਸਿਟੀਜ਼ਨ ਦਿੱਲੀ ਮਾਈ ਟਾਈਮਜ਼, ਮਾਈ ਲਾਈਫ’ ਸਿਰਲੇਖ ਵਿਚ ਉਨ੍ਹਾਂ ਨੇ ਕਈ ਦਿਲਚਸਪ ਪ੍ਰਸੰਗ ਲਿਖੇ। ਇਸ ’ਚ ਕਿਸ ਤਰ੍ਹਾਂ ਉਹ ਸਿਆਸਤ ’ਚ ਆਈ, ਕਿਸ ਤਰ੍ਹਾਂ 10-ਜਨਪਥ ਦੀ ਕਰੀਬੀ ਬਣੀ, ਕਿਵੇਂ ਕਪੂਰਥਲਾ ਦੇ ਕਪੂਰ ਪਰਿਵਾਰ ਦੀ ਸ਼ੀਲਾ ਦਿੱਲੀ ਦੇ ਸਕੂਲ-ਕਾਲਜਾਂ ਵਿਚ ਪੜ੍ਹੀ, ਵੱਡੀ ਹੋਈ ਅਤੇ ਸੱਤਾ ਦੇ ਸਿਖਰ ’ਤੇ ਪਹੁੰਚ ਕੇ 15 ਸਾਲਾਂ ਤਕ ਮੁੱਖ ਮੰਤਰੀ ਰਹੀ। ਸਖਤ ਆਲੋਚਨਾਵਾਂ ਤੇ ਹੋਰ ਕਿੰਨੀਆਂ ਵੀ ਤਲਖ਼ ਟਿੱਪਣੀਆਂ ਤੋਂ ਕਦੇ ਪ੍ਰੇਸ਼ਾਨ ਨਾ ਹੋਣ ਵਾਲੀ ਸ਼ੀਲਾ ਦੀਕਸ਼ਤ ਕਦੇ ਆਪਾ ਨਹੀਂ ਗੁਆਉਂਦੀ ਸੀ। ਕੰਮ ਕਰਨ ਦਾ ਸਿਹਰਾ ਨਾ ਲੈ ਕੇ ਕੰਮ ਹੋਣ ’ਚ ਯਕੀਨ ਨੇ ਉਸ ਨੂੰ ਸਭ ਦਾ ਚਹੇਤਾ ਬਣਾਇਆ ਸੀ। ਉਸ ਦਾ ਸੁਪਨਾ ਸੀ ਕਿ ਦਿੱਲੀ ਨੂੰ ਸਿੰਗਾਪੁਰ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇ। ਇਸ ਮਿਸ਼ਨ ਦੇ ਤਹਿਤ ਉਨ੍ਹਾਂ ਨੇ 15 ਸਾਲਾਂ ਤਕ ਦਿੱਲੀ ਨੂੰ ਖੂਬ ਸਜਾਇਆ-ਸੰਵਾਰਿਆ।

ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ 1984 ’ਚ ਸੰਸਦ ਮੈਂਬਰ ਬਣੀ ਸ਼ੀਲਾ ਦੀਕਸ਼ਤ 1986 ਤੋਂ 1989 ਤਕ ਕੇਂਦਰ ’ਚ ਮੰਤਰੀ ਰਹੀ। ਜਦੋਂ 1998 ’ਚ ਪਹਿਲੀ ਵਾਰ ਦਿੱਲੀ ਦੀ ਮੁੱਖ ਮੰਤਰੀ ਬਣੀ ਤਾਂ ਉਸ ਦੇ ਭਵਿੱਖ ਨੂੰ ਲੈ ਕੇ ਹਰ ਕੋਈ ਸ਼ੱਕੀ ਵੀ ਸੀ। ਮੰਨਿਆ ਜਾ ਰਿਹਾ ਸੀ ਕਿ ਬਾਹਰੋਂ ਆ ਕੇ ਜ਼ਿਆਦਾ ਦਿਨ ਟਿਕ ਨਹੀਂ ਸਕੇਗੀ ਪਰ ਉਨ੍ਹਾਂ ਦੇ ਸਿਆਸੀ ਹੁਨਰ ਨੇ ਸਭ ਨੂੰ ਪਟਕਣੀ ਦੇ ਦਿੱਤੀ। ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ ਅਤੇ ਉਦੋਂ ਭਾਜਪਾ ਦੀ ਦਿੱਲੀ ਸਰਕਾਰ ਦੇ ਬਦਲ ਦੇ ਤੌਰ ’ਤੇ ਕਾਂਗਰਸ ਨੂੰ ਪ੍ਰੋਜੈਕਟ ਕੀਤਾ ਗਿਆ ਅਤੇ ਇਸ ਤਰ੍ਹਾਂ 1998 ’ਚ ਕਾਂਗਰਸ ਦੀ ਨਾ ਸਿਰਫ ਦਿੱਲੀ ’ਚ ਸਰਕਾਰ ਬਣੀ, ਸਗੋਂ ਉਹ ਮੁੱਖ ਮੰਤਰੀ ਵੀ ਬਣ ਗਈ ਅਤੇ ਲਗਾਤਾਰ ਤਿੰਨ ਵਾਰ 15 ਸਾਲਾਂ ਤਕ ਇਸ ਅਹੁਦੇ ’ਤੇ ਰਹਿ ਕੇ ਦਿੱਲੀ ਦੀ ਸੂਰਤ ਹੀ ਬਦਲ ਦਿੱਤੀ। ਹਾਲ ਹੀ ’ਚ ਉਨ੍ਹਾਂ ਨੂੰ ਦਿੱਲੀ ਦੀ ਦੁਬਾਰਾ ਕਮਾਨ ਸੌਂਪੀ ਗਈ ਸੀ। ਕੁਝ ਵਿਵਾਦਾਂ ਵਿਚਾਲੇ ਉਹ ਬੀਮਾਰ ਹੋਣ ਦੇ ਬਾਵਜੂਦ ਜ਼ਿੰਮੇਵਾਰੀ ਨਿਭਾਉਂਦਿਆਂ ਦੁਨੀਆ ਨੂੰ ਅਲਵਿਦਾ ਕਹਿ ਗਈ। ‘ਇਨਫ੍ਰਾ ਕੁਈਨ’ ਅਖਵਾਉਣ ਵਾਲੀ ਸ਼ੀਲਾ ਦੀਕਸ਼ਿਤ ਨੇ ਸਿਆਸਤ ’ਚ ਰਹਿੰਦੇ ਹੋਏ ਵਿਕਾਸ ਦੀ ਜੋ ਕਹਾਣੀ ਲਿਖੀ, ਯਕੀਨੀ ਤੌਰ ’ਤੇ ਦੇਸ਼ ਲਈ ਬੇਮਿਸਾਲ ਹੈ।
 


Bharat Thapa

Content Editor

Related News