ਨਾਨਕ ਚੰਦ ਤੋਂ ਮਹਾਨ ਸਿੱਖ ਮਾਸਟਰ ਬਣੇ ਤਾਰਾ ਸਿੰਘ ਦਾ 1967 ''ਚ ਹੋਇਆ ਸੀ ਦਿਹਾਂਤ

Friday, Nov 22, 2024 - 04:15 AM (IST)

ਨਾਨਕ ਚੰਦ ਤੋਂ ਮਹਾਨ ਸਿੱਖ ਮਾਸਟਰ ਬਣੇ ਤਾਰਾ ਸਿੰਘ ਦਾ 1967 ''ਚ ਹੋਇਆ ਸੀ ਦਿਹਾਂਤ

ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈ: ਨੂੰ ਗਰਾਂ ਹਰਿਆਲ (ਰਾਵਲਪਿੰਡੀ) ਵਿੱਚ ਬਖ਼ਸ਼ੀ ਗੋਪੀ ਚੰਦ ਅਤੇ ਮੂਲਾਂ ਦੇਵੀ ਦੇ ਘਰ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਂ ਨਾਨਕ ਚੰਦ ਸੀ। ਉਨ੍ਹਾਂ ਨੇ 1902 ਈ: ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਅਤੇ ਸਿੰਘ ਸਜ ਗਏ। ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ ਗਿਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ’ਚੋਂ ਲੈ ਕੇ ਮਿਸ਼ਨ ਸਕੂਲ ਰਾਵਲਪਿੰਡੀ ਵਿਚ ਦਾਖਲਾ ਲਿਆ। 

ਦਸਵੀਂ ਪਾਸ ਕਰ ਕੇ ਤਾਰਾ ਸਿੰਘ ਨੇ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਪ੍ਰਿੰਸੀਪਲ ਜੋਧ ਸਿੰਘ ਦੀ ਸਹਾਇਤਾ ਨਾਲ 2 ਜਨਵਰੀ, 1904 ਈ: ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲਿਆ। 1907 ਈ: ਵਿਚ ਖ਼ਾਲਸਾ ਕਾਲਜ ਤੋਂ ਬੀ.ਏ. ਪਾਸ ਕਰਕੇ ਐੱਸਏਵੀ ਦੀ ਵਿੱਦਿਆ ਲਈ ਸੈਂਟ੍ਰਲ ਟ੍ਰੇਨਿੰਗ ਕਾਲਜ ਵਿਚ ਗਏ ਤੇ 1908 ਵਿਚ ਪ੍ਰੀਖਿਆ ਪਾਸ ਕਰਨ ਪਿੱਛੋਂ ਲਾਇਲਪੁਰ ਸ਼ਹਿਰ ਚਲੇ ਗਏ। ਇੱਥੇ ਉਨ੍ਹਾਂ ਸਥਾਨਕ ਸਿੱਖਾਂ ਦੀ ਸਹਾਇਤਾ ਨਾਲ ਖ਼ਾਲਸਾ ਹਾਈ ਸਕੂਲ ਲਾਇਲਪੁਰ ਖੋਲ੍ਹਿਆ, ਜਿਹੜਾ ਅੱਜਕੱਲ੍ਹ ਜਲੰਧਰ ਸ਼ਹਿਰ ਵਿੱਚ ਲਾਇਲਪੁਰ ਖਾਲਸਾ ਸਕੂਲ ਦੇ ਨਾਂ ਨਾਲ ਪ੍ਰਸਿੱਧ ਹੈ। ਇੱਥੇ ਉਨ੍ਹਾਂ 15 ਰੁਪਏ ਮਹੀਨਾ ਤਨਖਾਹ ’ਤੇ ਹੈਡ ਮਾਸਟਰ ਦੀ ਨਿਯੁਕਤੀ ਪ੍ਰਵਾਨ ਕਰ ਲਈ। ਇਹ ਸਕੂਲ ਚਲਾਉਣ ਕਰਕੇ ਉਨ੍ਹਾਂ ਦੇ ਨਾਂ ਨਾਲ ‘ਮਾਸਟਰ’ ਸ਼ਬਦ ਸਦਾ ਲਈ ਜੁੜ ਗਿਆ।

ਮਾਸਟਰ ਤਾਰਾ ਸਿੰਘ ਨੇ 1920 ਈ: ਵਿਚ ‘ਗੁਰਦੁਆਰਾ ਸੁਧਾਰ ਲਹਿਰ’ ਸ਼ੁਰੂ ਹੋਣ ’ਤੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ 1920 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ‘ਅਕਾਲੀ’ ਅਖ਼ਬਾਰ ਦੇ ਸੰਪਾਦਕ ਬਣਾਇਆ ਗਿਆ। ਉਨ੍ਹਾਂ ਸਾਕਾ ਨਨਕਾਣਾ ਸਾਹਿਬ ਦੌਰਾਨ ਹਾਲਾਤ ਵਧੇਰੇ ਖ਼ਰਾਬ ਹੋਣ ਤੋਂ ਬਚਾਉਣ ਲਈ ਕਾਫੀ ਯਤਨ ਕੀਤੇ ਪਰ ਸਿੱਖ ਜਥਾ ਨਨਕਾਣਾ ਸਾਹਿਬ ਪਹੁੰਚਦੇ ਹੀ ਮਹੰਤ ਨਰੈਣ ਦਾਸ ਨੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਉਸ ਦਿਨ ਤੋਂ ਹੀ ਮਾਸਟਰ ਜੀ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਲਈ ਲਾਉਣ ਦਾ ਪ੍ਰਣ ਕਰ ਲਿਆ। 

‘ਚਾਬੀਆਂ ਦੇ ਮੋਰਚੇ’
26 ਨਵੰਬਰ, 1921 ਨੂੰ ‘ਚਾਬੀਆਂ ਦੇ ਮੋਰਚੇ’ ਵਿਚ ਅਜਨਾਲਾ ’ਚ ਤਕਰੀਰ ਕਰਨ ਦੇ ਦੋਸ਼ ਹੇਠ ਅੰਗਰੇਜ਼ ਸਰਕਾਰ ਨੇ ਦਸੰਬਰ 1921 ਨੂੰ 6 ਮਹੀਨੇ ਕੈਦ ਤੇ 1,000 ਰੁਪਏ ਜੁਰਮਾਨਾ ਕੀਤਾ। ਨਾਭੇ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਮਾਹਾਰਾਜਾ ਰਿਪੁਦਮਨ ਸਿੰਘ ਕੋਲੋਂ ਅੰਗਰੇਜ਼ਾਂ ਦੁਆਰਾ ਰਾਜਗੱਦੀ ਖੋਹਣ ਮਗਰੋਂ ਕੋਡਾਈ ਕਨਾਲ ਵਿਚ ਨਜ਼ਰਬੰਦ ਕਰਨ ਦਾ ਮਾਸਟਰ ਜੀ ਦੇ ਦਿਲ ’ਤੇ ਬੜਾ ਡੂੰਘਾ ਅਸਰ ਹੋਇਆ। 

13 ਅਕਤੂਬਰ, 1923 ਈ: ਨੂੰ ‘ਜੈਤੋ ਦਾ ਮੋਰਚਾ’ ਵਧੇਰੇ ਤੇਜ ਹੋਣ ਕਰਕੇ ਉਨ੍ਹਾਂ ਨੂੰ ਬਾਕੀ ਸਾਥੀਆਂ ਨਾਲ ਧਾਰਾ 121 ਤੇ 124 ਅਧੀਨ ਬਗ਼ਾਵਤ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਅਤੇ 6 ਮਹੀਨੇ ਮਗਰੋਂ ਸ਼ਾਹੀ ਕਿਲ੍ਹਾ ਲਾਹੌਰ ਭੇਜ ਦਿੱਤਾ ਗਿਆ। 1 ਨਵੰਬਰ, 1925 ਵਿਚ ‘ਗੁਰਦੁਆਰਾ ਸਧਾਰ ਬਿੱਲ’ ਪਾਸ ਹੋਣ ’ਤੇ ਅੰਗਰੇਜ਼ ਸਰਕਾਰ ਵੱਲੋਂ ਰਿਹਾਈ ਲਈ ਸ਼ਰਤਾਂ ਲਗਾ ਦਿੱਤੇ ਜਾਣ ’ਤੇ ਮਾਸਟਰ ਤਾਰਾ ਸਿੰਘ ਆਪਣੇ 15 ਸਾਥੀਆਂ ਸਮੇਤ ਸ਼ਰਤਾਂ ਨਾ ਮੰਨਣ ਦੇ ਵਿਰੋਧ ਵਿਚ ਖੜ੍ਹੇ ਰਹੇ।

1926 ਵਿੱਚ ਗੁਰਦੁਆਰਾ ਐਕਟ ਅਨੁਸਾਰ ਚੋਣ ਹੋਈ। ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮਾਸਟਰ ਜੀ ਦਾ ਅਕਾਲੀਆਂ ਵਿੱਚ ਪ੍ਰਭਾਵ ਵਧਣ ਲੱਗ ਪਿਆ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। 1929 ਵਿੱਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿੱਚੋਂ ਸਨ।

ਸਿੱਖ ਰਾਜਨੀਤੀ ਵਿਚ ਜਿੱਥੇ ਉਨ੍ਹਾਂ ਪੰਥ ਦੀ ਰਹਿਨੁਮਾਈ ਕੀਤੀ, ਉੱਥੇ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗ੍ਰਾਮ ਵਿਚ ਵੀ ਪੂਰਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਮਾਸਟਰ ਜੀ ਭਾਰਤ ਦੀ ਅਖੰਡਤਾ ਦੇ ਮੁਦੱਈ ਸਨ। ਉਹ ਦੇਸ਼ ਦੀ ਵੰਡ ਦਾ ਅੰਤ ਤੱਕ ਵਿਰੋਧ ਕਰਦੇ ਰਹੇ। ਉਨ੍ਹਾਂ ਦਾ ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਵੀਰ ਦਮੋਦਰ ਸਾਵਰਕਰ ਨਾਲ ਗੂੜ੍ਹਾ ਰਿਸ਼ਤਾ ਸੀ।

ਚੰਗੇ ਸਾਹਿਤ ਰਚੇਤਾ 
ਮਾਸਟਰ ਜੀ ਦੀ ਪੜ੍ਹਾਈ ਦੇ ਖੇਤਰ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ, ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਮਹਾਨ ਦੇਣ ਹੈ। ਮਾਸਟਰ ਜੀ ਨੇ ਪੰਜਾਬੀ ਪੱਤਰਕਾਰੀ ਤੇ ਉਰਦੂ ਪੱਤਰਕਾਰੀ ਵਿਚ ਵੀ ਨਾਂ ਕੀਤਾ। ਦੇਸ਼ ਆਜ਼ਾਦ ਹੋਣ ਮਗਰੋਂ ਉਰਦੂ ‘ਪ੍ਰਭਾਤ’ ਤੋਂ ਬਿਨਾਂ ਮਾਸਿਕ ਪੱਤਰ ‘ਸੰਤ ਸਿਪਾਹੀ’ ਵੀ ਕੱਢਦੇ ਰਹੇ। ਉਹ ਚੰਗੇ ਸਾਹਿਤ ਰਚੇਤਾ ਵੀ ਸਨ। ‘ਬਾਬਾ ਤੇਗ਼ਾ ਸਿੰਘ’, ‘ਪ੍ਰੇਮ ਲਗਨ’(ਦੋਵੇਂ ਨਾਵਲ), ‘ਕਿਉਂ ਵਰਨੀ ਕਿਵ ਜਾਣਾ’, ‘ਪੰਥਕ ਨਿਸ਼ਾਨਾ’, ‘ਮੇਰੀ ਯਾਦ’ ਆਦਿ ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ।

22 ਨਵੰਬਰ 1967 'ਚ ਲਏ ਆਖਰੀ ਸਾਹ
ਮਾਸਟਰ ਤਾਰਾ ਸਿੰਘ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਦੀ ਰਾਖੀ ਲਈ 20 ਸਾਲ ਨਿਰੰਤਰ ਸੰਘਰਸ਼ ਕੀਤਾ। 1956 ਈ: ਵਿਚ ਮਾਸਟਰ ਜੀ ਦੀ ਆਸ ਅਨੁਸਾਰ ਰੀਜਨਲ ਫ਼ਾਰਮੂਲੇ ਦਾ ਸਮਝੌਤਾ ਹੋਇਆ ਤੇ ਸਿੱਖ ਪੱਛੜੀਆਂ ਜਾਤੀਆਂ ਦੇ ਹਿੱਤਾਂ ਲਈ ਮੋਰਚਾ ਲਾਇਆ। ਮਾਸਟਰ ਜੀ ਨੇ ਪੰਜਾਬੀ ਭਾਸ਼ਾ ਵਾਸਤੇ ਇਕ ਵੱਖਰੇ ਸੂਬੇ ਦੀ ਮੰਗ ਲਈ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ਨੂੰ ਇਸ ਮੰਤਵ ਲਈ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਕਈ ਹੜਤਾਲਾਂ, ਮੋਰਚੇ ਲਗਾਉਣੇ ਪਏ। ਅੰਤ 1966 ਵਿਚ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਨਵਾਂ ਪੰਜਾਬ ਹੋਂਦ ਵਿਚ ਆਇਆ। ਮਾਸਟਰ ਜੀ 82 ਸਾਲ ਦੀ ਉਮਰ ਵਿਚ 22 ਨਵੰਬਰ, 1967 ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਚੰਡੀਗੜ੍ਹ ਦੇ ਪੀਜੀਆਈ ਵਿਚ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ।
 


author

Inder Prajapati

Content Editor

Related News