ਅਕਾਲੀ ਦਲ ’ਚ ਨਵੀਂ ਸਫਬੰਦੀ ਪੈਦਾ ਕਰੇਗਾ ਸੁਖਬੀਰ ਧੜੇ ਦਾ ਅਕਾਲ ਤਖਤ ਵਿਰੋਧੀ ਰਵੱਈਆ
Saturday, Jan 11, 2025 - 05:48 PM (IST)
ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਅਕਾਲੀ ਸੰਕਟ ਨੂੰ ਖਤਮ ਕਰਨ ਦੇ ਮਨਸ਼ੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਮੁੱਖ ਧੜਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਜਾਣ ਨਾਲ ਇਕ ਵਾਰ ਤਾਂ ਆਮ ਸਿੱਖ ਸੰਗਤ ਅਤੇ ਖਾਸ ਕਰਕੇ ਅਕਾਲੀ ਵਰਕਰਾਂ ਨੂੰ ਇਹ ਆਸ ਬੱਝ ਗਈ ਸੀ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਬਾਕੀ ਸਿੰਘ ਸਾਹਿਬਾਨ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਤਨਖਾਹ ਲੱਗਣ ਤੋਂ ਬਾਅਦ ਅਕਾਲੀ ਏਕਤਾ ਹੋ ਜਾਵੇਗੀ ਅਤੇ ਅਕਾਲੀ ਦਲ ਦਾ ਦਿਨੋਂ-ਦਿਨ ਡੂੰਘਾ ਹੋ ਰਿਹਾ ਸੰਕਟ ਖ਼ਤਮ ਹੋ ਜਾਵੇਗਾ। 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਤਲਬ ਕੀਤੇ ਗਏ ਅਕਾਲੀ ਆਗੂਆਂ ਵੱਲੋਂ ਅਕਾਲ ਤਖਤ ਦੀ ਫਸੀਲ ਤੋਂ ਸੁਣਾਈ ਗਈ ਤਨਖਾਹ ਨੂੰ ਸਾਰੀ ਅਕਾਲੀ ਲੀਡਰਸ਼ਿਪ ਵੱਲੋਂ ਮੰਨ ਲੈਣ ਅਤੇ ਤਨਖਾਹ ਨੂੰ ਪੂਰਾ ਕਰਨ ਦੀ ਸ਼ੁਰੂਆਤ ਨੇ ਇਹ ਵਿਸ਼ਵਾਸ ਪੱਕਾ ਕਰ ਦਿੱਤਾ ਸੀ।
ਪ੍ਰੰਤੂ ਇਕ ਦਿਨ ਬਾਅਦ ਹੀ ਨਾਰਾਇਣ ਸਿੰਘ ਚੌੜਾ ਨਾਂ ਦੇ ਵਿਅਕਤੀ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਅਪਣਾਏ ਗਏ ਰਵੱਈਏ ਨੇ ਸਿੱਖ ਸਮਾਜ ਅਤੇ ਖਾਸ ਕਰਕੇ ਅਕਾਲੀ ਸਮਰਥਕਾਂ ਦੀਆਂ ਉਮੀਦਾਂ ਢਹਿ-ਢੇਰੀ ਕਰ ਦਿੱਤੀਆਂ।
ਅਕਾਲ ਤਖਤ ਵੱਲੋਂ ਸੁਣਾਏ ਗਏ ਹੁਕਮਨਾਮੇ ਅਨੁਸਾਰ ਦੋਵਾਂ ਧੜਿਆਂ ਦੇ ਆਗੂਆਂ ਨੂੰ ਧਾਰਮਿਕ ਤਨਖਾਹ ਦੇ ਨਾਲ ਸਿਆਸੀ ਸਜ਼ਾ ਵੀ ਸੁਣਾਈ ਗਈ ਸੀ। ਅਕਾਲ ਤਖਤ ਸਾਹਿਬ ਵੱਲੋਂ ਸੁਧਾਰ ਲਹਿਰ ਦੇ ਆਗੂਆਂ ਨੂੰ ਅਾਪਣਾ ਢਾਂਚਾ ਭੰਗ ਕਰਨ ਦਾ ਫੈਸਲਾ ਸੁਣਾਇਆ ਗਿਆ ਅਤੇ ਅਕਾਲੀ ਦਲ (ਬਾਦਲ) ਨੂੰ ਆਗੂਆਂ ਵੱਲੋਂ ਦਿੱਤੇ ਗਏ ਅਸਤੀਫੇ ਤਿੰਨ ਦਿਨਾਂ ਵਿਚ ਪ੍ਰਵਾਨ ਕਰਨ, ਅਕਾਲੀ ਦਲ ਦੀ ਭਰਤੀ 7 ਮੈਂਬਰੀ ਕਮੇਟੀ ਰਾਹੀਂ ਕਰਵਾਉਣ ਅਤੇ ਦੋਵਾਂ ਧੜਿਆਂ ਨੂੰ ਏਕਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ।
ਚੌੜਾ ਵੱਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਕੋਸ਼ਿਸ਼ ਦਾ ਵਿਰੋਧ ਕਰਨ ਲਈ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਤਾਂ ਸੱਦ ਲਈ ਪਰ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ ਵਰਕਿੰਗ ਕਮੇਟੀ ਦੀ ਮੀਟਿੰਗ ਕਰਨ ਤੋਂ ਟਾਲਾ ਵੱਟ ਲਿਆ ਅਤੇ ਕਈ ਕਾਰਨ ਦੱਸ ਕੇ 20 ਦਿਨਾਂ ਦੀ ਮੋਹਲਤ ਮੰਗੀ ਪ੍ਰੰਤੂ 20 ਦਿਨ ਬਾਅਦ ਵੀ ਇਸ ’ਤੇ ਕੋਈ ਕਾਰਵਾਈ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਕੋਲ ਕਾਨੂੰਨੀ ਕਾਰਵਾਈ ਦਾ ਡਰ ਦੱਸ ਕੇ ਹੁਕਮਨਾਮੇ ’ਚ ਸੋਧ ਕਰਵਾਉਣ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ।
ਭਾਵੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਅਕਾਲੀ ਦਲ ਬਾਦਲ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਵੀ 6 ਜਨਵਰੀ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਹੁਕਮਨਾਮਾ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਦਿੱਤੀ। ਇਸ ਤੋਂ ਬਾਅਦ ਵੀ ਸੁਖਬੀਰ ਸਿੰਘ ਨੇ ਆਪਣੇ ਵੱਲੋਂ ਮੰਨੇ ਗਏ ਗੁਨਾਹਾਂ ਤੋਂ ਇਹ ਕਹਿ ਕੇ ਪਾਸਾ ਵੱਟਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਵਿਵਾਦ ਖਤਮ ਕਰਨ ਲਈ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਸਨ ਅਤੇ ਅਕਾਲੀ ਆਗੂਆਂ ਨੇ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਨਵੀਂ ਕਾਨੂੰਨੀ ਰਾਇ ਪੇਸ਼ ਕੀਤੀ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਮੁਲਾਕਾਤ ਤੋਂ ਬਾਅਦ ਇਹ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਠੀਕ ਮੰਨਿਆ ਹੈ। ਦਲਜੀਤ ਸਿੰਘ ਚੀਮਾ ਦੇ ਇਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਭੰਗ ਕੀਤੀ ਗਈ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਨੇ ਇਕ ਵੀਡੀਓ ਰਾਹੀਂ ਦਲਜੀਤ ਸਿੰਘ ਚੀਮਾ ਦੇ ਬਿਆਨ ਨੂੰ ਗੁੰਮਰਾਹਕੁੰਨ ਦੱਸਿਆ ਅਤੇ ਦਾਅਵਾ ਕੀਤਾ ਕਿ ਪੁਖਤਾ ਸੂਤਰਾਂ ਮੁਤਾਬਕ ਜਥੇਦਾਰ ਵੱਲੋਂ ਅਕਾਲੀ ਆਗੂਆਂ ਨੂੰ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ ਗਿਆ।
ਇਸ ਸਾਰੇ ਘਟਨਾਕ੍ਰਮ ਨੇ ਅਕਾਲੀ ਸੰਕਟ ਦੇ ਹੋਰ ਵੀ ਡੂੰਘਾ ਹੋਣ ਦਾ ਸ਼ੰਕਾ ਪੈਦਾ ਕਰ ਦਿੱਤਾ। ਇਸ ਸਾਰੇ ਘਟਨਾਕ੍ਰਮ ਨੇ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਖੇਤਰ ਵਿਚ ਕੰਮ ਕਰ ਰਹੀਆਂ ਜਥੇਬੰਦੀਆਂ ਨੂੰ ਇਸ ਮਸਲੇ ’ਤੇ ਸੋਚਣ ਅਤੇ ਕੋਈ ਠੋਸ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਸੇ ਕਾਰਨ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਜਲੰਧਰ ਵਿਖੇ ਇਕ ਕਨਵੈਨਸ਼ਨ ਸੱਦ ਲਈ ਹੈ। ਉਨ੍ਹਾਂ ਨੇ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਣ ਲਈ ਸਭ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਹੈ। ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਹੁਕਮਨਾਮਾ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਤੋਂ ਪੈਦਾ ਹੋਏ ਹਾਲਾਤ ਬਾਰੇ ਵਿਚਾਰਾਂ ਕਰਨ ਲਈ ਅਕਾਲੀ ਦਲ ਨੇ ਵੀ ਅੱਜ ਵਰਕਿੰਗ ਕਮੇਟੀ ਦੀ ਇਕੱਤਰਤਾ ਸੱਦੀ ਸੀ ਜਿਸ ’ਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਪ੍ਰੰਤੂ ਹੋਰ ਆਗੂਆਂ ਦੇ ਅਸਤੀਫੇ, 7 ਮੈਂਬਰੀ ਕਮੇਟੀ ਨੂੰ ਮਾਨਤਾ ਅਤੇ ਸੁਧਾਰ ਲਹਿਰ ਦੇ ਆਗੂਆਂ ਨਾਲ ਏਕਤਾ ਕਰਨ ਬਾਰੇ ਫੈਸਲੇ ਅੱਗੇ ਪਾਏ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਅਜਿਹਾ ਕਰਨ ਦੀ ਸੂਰਤ ਵਿਚ ਅਕਾਲੀ ਦਲ ਪ੍ਰਤੀ ਸਿੱਖ ਸੰਗਤ ਦਾ ਵਿਰੋਧ ਹੋਰ ਵਧ ਸਕਦਾ ਹੈ।
ਇਨ੍ਹਾਂ ਸ਼ੰਕਾਵਾਂ ਦੇ ਮੱਦੇਨਜ਼ਰ ਅੱਜ ਹੀ ਭੰਗ ਕੀਤੀ ਗਈ ਸੁਧਾਰ ਲਹਿਰ ਦੇ ਆਗੂ ਗੁਰਪ੍ਰੀਤ ਸਿੰਘ ਵਡਾਲਾ ਅਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਵੱਲੋਂ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਪ੍ਰਧਾਨ ਧਾਮੀ ਦੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਕਾਰਨ ਅੱਜ ਦੀ ਮੁਲਾਕਾਤ ਮੁਲਤਵੀ ਕਰ ਦਿੱਤੀ ਗਈ ਹੈ।
ਹਾਲਾਤ ਇਸ਼ਾਰਾ ਕਰ ਰਹੇ ਹਨ ਕਿ ਸੁਖਬੀਰ ਵਿਰੋਧੀ ਅਕਾਲੀ ਲੀਡਰਸ਼ਿਪ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਨਵੀਂ ਸਫਬੰਦੀ ਵੱਲ ਵਧ ਸਕਦੀ ਹੈ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)