ਸੋਮਨਾਥ : ਅਟੁੱਟ ਆਸਥਾ ਦੇ 1000 ਸਾਲ

Monday, Jan 05, 2026 - 04:27 PM (IST)

ਸੋਮਨਾਥ : ਅਟੁੱਟ ਆਸਥਾ ਦੇ 1000 ਸਾਲ

ਸੋਮਨਾਥ...ਇਹ ਸ਼ਬਦ ਸੁਣਦਿਆਂ ਸਾਡੇ ਮਨ ਅਤੇ ਦਿਲ ’ਚ ਮਾਣ ਅਤੇ ਆਸਥਾ ਦੀ ਭਾਵਨਾ ਭਰ ਜਾਂਦੀ ਹੈ। ਭਾਰਤ ਦੇ ਪੱਛਮੀ ਕੰਢੇ ’ਤੇ ਗੁਜਰਾਤ ’ਚ, ਪ੍ਰਭਾਸ ਪਾਟਨ ਨਾਮੀ ਥਾਂ ’ਤੇ ਸਥਿਤ ਸੋਮਨਾਥ ਭਾਰਤ ਦੀ ਆਤਮਾ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਦੁਆਦਸ਼ ਜਯੋਤਿਰਲਿੰਗ ਸਤੋਤਰਮ ’ਚ ਭਾਰਤ ਦੇ 12 ਜਯੋਤਿਰਲਿੰਗਾਂ ਦਾ ਜ਼ਿਕਰ ਹੈ। ਜਯੋਤਿਰਲਿੰਗਾਂ ਦਾ ਵਰਣਨ ਇਸ ਪੰਕਤੀ ਤੋਂ ਸ਼ੁਰੂ ਹੁੰਦਾ ਹੈ... ਸੌਰਾਸ਼ਟਰੇ ਸੋਮਨਾਥ ਚ...ਭਾਵ ਜਯੋਤਿਰਲਿੰਗਾਂ ’ਚ ਸਭ ਤੋਂ ਪਹਿਲਾਂ ਸੋਮਨਾਥ ਦਾ ਜ਼ਿਕਰ ਆਉਂਦਾ ਹੈ। ਇਹ ਇਸ ਪਵਿੱਤਰ ਧਾਮ ਦੀ ਸੱਭਿਅਤਾ ਅਤੇ ਅਧਿਆਤਮਕ ਅਹਿਮੀਅਤ ਦਾ ਪ੍ਰਤੀਕ ਹੈ। ਸ਼ਾਸਤਰਾਂ ’ਚ ਵੀ ਇਹ ਕਿਹਾ ਗਿਆ ਹੈ :

‘सोमलिङ्गं नरो दृष्ट्वा सर्वपापै: प्रमुच्यते।

लभते फलं मनोवाञ्छितं मृत: स्वर्गं समाश्रयेत्॥’

ਭਾਵ ਸੋਮਨਾਥ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਵਿਅਕਤੀ ਆਪਣੇ ਸਭ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਮਨ ’ਚ ਜੋ ਵੀ ਪਵਿੱਤਰ ਕਾਮਨਾਵਾਂ ਹੁੰਦੀਆਂ ਹਨ, ਉਹ ਪੂਰੀਆਂ ਹੋ ਜਾਂਦੀਆਂ ਹਨ ਅਤੇ ਮੌਤ ਤੋਂ ਬਾਅਦ ਆਤਮਾ ਸਵਰਗ ਨੂੰ ਪ੍ਰਾਪਤ ਹੁੰਦੀ ਹੈ।

ਮੰਦੇਭਾਗੀਂ, ਇਹੀ ਸੋਮਨਾਥ ਜੋ ਕਰੋੜਾਂ ਲੋਕਾਂ ਦੀ ਸ਼ਰਧਾ ਅਤੇ ਪ੍ਰਾਰਥਨਾਵਾਂ ਦਾ ਕੇਂਦਰ ਸੀ, ਵਿਦੇਸ਼ੀ ਹਮਲਾਵਰਾਂ ਦਾ ਨਿਸ਼ਾਨਾ ਬਣਿਆ ਜਿਨ੍ਹਾਂ ਦਾ ਮੰਤਵ ਇਸ ਨੂੰ ਤੋੜਨਾ ਸੀ।

ਸਾਲ 2026 ਸੋਮਨਾਥ ਮੰਦਰ ਲਈ ਬਹੁਤ ਅਹਿਮਤੀਅਤ ਰੱਖਦਾ ਹੈ ਕਿਉਂਕਿ ਇਸ ਮਹਾਨ ਤੀਰਥ ’ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਪੂਰੇ ਹੋ ਰਹੇ ਹਨ। ਜਨਵਰੀ 1026 ’ਚ ਗਜ਼ਨੀ ਦੇ ਮਹਿਮੂਦ ਨੇ ਇਸ ਮੰਦਰ ’ਤੇ ਵੱਡਾ ਹਮਲਾ ਕੀਤਾ ਸੀ। ਇਸ ਮੰਦਰ ਨੂੰ ਤੋੜ ਦਿੱਤਾ ਿਗਆ ਸੀ। ਇਹ ਹਮਲਾ ਆਸਥਾ ਅਤੇ ਸੱਭਿਅਤਾ ਦੇ ਇਕ ਮਹਾਨ ਪ੍ਰਤੀਕ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਇਕ ਹਿੰਸਕ ਅਤੇ ਕੋਝਾ ਯਤਨ ਸੀ।

ਸੋਮਨਾਥ ਹਮਲਾ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ’ਚ ਸ਼ਾਮਲ ਹੈ। ਫਿਰ ਵੀ 1000 ਸਾਲ ਬਾਅਦ ਅੱਜ ਵੀ ਇਹ ਮੰਦਰ ਪੂਰੀ ਸ਼ਾਨ ਨਾਲ ਖੜ੍ਹਾ ਹੈ। 1026 ਤੋਂ ਬਾਅਦ ਸਮੇਂ-ਸਮੇਂ ’ਤੇ ਇਸ ਮੰਦਰ ਨੂੰ ਇਸ ਦੀ ਪੂਰੀ ਸ਼ਾਨ ਨਾਲ ਮੁੜ ਬਣਾਉਣ ਦੇ ਯਤਨ ਜਾਰੀ ਰਹੇ।

ਮੰਦਰ ਦਾ ਮੌਜੂਦਾ ਰੂਪ 1951 ’ਚ ਤਿਆਰ ਹੋਇਆ। ਸੰਜੋਗ ਨਾਲ 2026 ਦਾ ਇਹੀ ਸਾਲ ਸੋਮਨਾਥ ਮੰਦਰ ਦੀ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ ਦਾ ਸਾਲ ਵੀ ਹੈ। 11 ਮਈ, 1951 ਨੂੰ ਇਸ ਮੰਦਰ ਦੀ ਮੁੜ ਉਸਾਰੀ ਮੁਕੰਮਲ ਹੋਈ ਸੀ। ਉਸ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੀ ਮੌਜੂਦਗੀ ’ਚ ਹੋਇਆ ਸਮਾਰੋਹ ਇਤਿਹਾਸਕ ਬਣ ਗਿਆ। ਉਦੋਂ ਮੰਦਰ ਦੇ ਕਿਵਾੜ ਦਰਸ਼ਨਾਂ ਲਈ ਖੋਲ੍ਹੇ ਗਏ ਸਨ।

ਅੱਜ ਤੋਂ 1000 ਸਾਲ ਪਹਿਲਾਂ 1026 ’ਚ ਸੋਮਨਾਥ ’ਤੇ ਹੋਏ ਪਹਿਲੇ ਹਮਲੇ, ਉਥੋਂ ਦੇ ਲੋਕਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਅਤੇ ਭੰਨ-ਤੋੜ ਦਾ ਜ਼ਿਕਰ ਕਈ ਇਤਿਹਾਸਕ ਸੋਮਿਆਂ ’ਚ ਵਿਸਥਾਰ ਨਾਲ ਮਿਲਦਾ ਹੈ। ਜਦੋਂ ਇਨ੍ਹਾਂ ਨੂੰ ਪੜ੍ਹਿਆ ਜਾਂਦਾ ਹੈ ਤਾਂ ਦਿਲ ਕੰਬ ਉੱਠਦਾ ਹੈ। ਹਰ ਪੰਕਤੀ ’ਚ ਵਧੀਕੀ ਦੇ ਨਿਸ਼ਾਨ ਮਿਲਦੇ ਹਨ। ਇਹ ਅਜਿਹਾ ਦੁੱਖ ਹੈ ਜਿਸਦਾ ਦਰਦ ਇੰਨੇ ਸਮੇਂ ਬਾਅਦ ਵੀ ਮਹਿਸੂਸ ਹੋ ਰਿਹਾ ਹੈ।

ਸੋਮਨਾਥ ’ਤੇ ਹਮਲੇ ਅਤੇ ਫਿਰ ਗੁਲਾਮੀ ਦੇ ਲੰਬੇ ਸਮੇਂ ਦੇ ਬਾਵਜੂਦ ਅੱਜ ਮੈਂ ਪੂਰੇ ਭਰੋਸੇ ਅਤੇ ਮਾਣ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਸੋਮਨਾਥ ਦੀ ਗਾਥਾ ਭੰਨ-ਤੋੜ ਦੀ ਕਹਾਣੀ ਨਹੀਂ। ਇਹ ਪਿਛਲੇ 1000 ਸਾਲ ਤੋਂ ਚੱਲੀ ਆ ਰਹੀ ਭਾਰਤ ਮਾਤਾ ਦੀਆਂ ਕਰੋੜਾਂ ਔਲਾਦਾਂ ਦੇ ਸਵੈ-ਮਾਣ, ਸਾਡੇ ਭਾਰਤ ਦੇ ਲੋਕਾਂ ਦੀ ਅਥਾਹ ਆਸਥਾ ਦੀ ਗਾਥਾ ਹੈ।

1026 ’ਚ ਸ਼ੁਰੂ ਹੋਏ ਮੱਧਕਾਲੀਨ ਜੁਰਮ ਨੇ ਅੱਗੇ ਚੱਲ ਕੇ ਦੂਜਿਆਂ ਨੂੰ ਵਾਰ-ਵਾਰ ਸੋਮਨਾਥ ’ਤੇ ਹਮਲੇ ਕਰਨ ਲਈ ਉਕਸਾਇਆ। ਇਹ ਸਾਡੇ ਲੋਕਾਂ ਅਤੇ ਸਾਡੀ ਸੰਸਕ੍ਰਿਤੀ ਨੂੰ ਗੁਲਾਮ ਬਣਾਉਣ ਦਾ ਯਤਨ ਸੀ ਪਰ ਹਰ ਵਾਰ ਜਦੋਂ ਮੰਦਰ ’ਤੇ ਹਮਲਾ ਹੋਇਆ, ਉਦੋਂ ਸਾਡੇ ਕੋਲ ਅਜਿਹੇ ਮਹਾਨ ਪੁਰਸ਼ ਅਤੇ ਔਰਤਾਂ ਵੀ ਸਨ, ਜਿਨ੍ਹਾਂ ਨੇ ਉਸ ਦੀ ਰਾਖੀ ਲਈ ਖੜ੍ਹੇ ਹੋ ਕੇ ਸਰਵੋਤਮ ਬਲੀਦਾਨ ਦਿੱਤਾ। ਹਰ ਵਾਰ ਪੀੜ੍ਹੀ-ਦਰ-ਪੀੜ੍ਹੀ ਸਾਡੀ ਮਹਾਨ ਸੱਭਿਅਤਾ ਦੇ ਲੋਕਾਂ ਨੇ ਖੁਦ ਨੂੰ ਸੰਭਾਲਿਆ, ਮੰਦਰ ਨੂੰ ਮੁੜ ਤੋਂ ਖੜ੍ਹਾ ਕੀਤਾ ਅਤੇ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ।

ਸਾਲ 1026 ਤੋਂ ਇਕ ਹਜ਼ਾਰ ਸਾਲ ਬਾਅਦ ਅੱਜ 2026 ’ਚ ਵੀ ਸੋਮਨਾਥ ਮੰਦਰ ਦੁਨੀਆ ਨੂੰ ਸੰਦੇਸ਼ ਦੇ ਰਿਹਾ ਹੈ ਕਿ ਮਿਟਾਉਣ ਦੀ ਮਾਨਸਿਕਤਾ ਰੱਖਣ ਵਾਲੇ ਖਤਮ ਹੋ ਜਾਂਦੇ ਹਨ, ਜਦੋਂ ਕਿ ਸੋਮਨਾਥ ਮੰਦਰ ਅੱਜ ਸਾਡੇ ਭਰੋਸੇ ਦਾ ਮਜ਼ਬੂਤ ਆਧਾਰ ਬਣ ਕੇ ਖੜ੍ਹਾ ਹੈ। ਉਹ ਅੱਜ ਵੀ ਸਾਡੀ ਪ੍ਰੇਰਣਾ ਦਾ ਸੋਮਾ, ਸਾਡੀ ਸ਼ਕਤੀ ਦਾ ਪੁੰਜ ਹੈ।

ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਉਸ ਧਰਤੀ ’ਤੇ ਜੀਵਨ ਬਿਤਾਇਆ ਹੈ, ਜਿਸ ਨੇ ਦੇਵੀ ਅਹਿੱਲਿਆਬਾਈ ਹੋਲਕਰ ਵਰਗੀ ਮਹਾਨ ਸ਼ਖਸੀਅਤ ਨੂੰ ਜਨਮ ਦਿੱਤਾ। ਉਨ੍ਹਾਂ ਇਹ ਯਕੀਨੀ ਕਰਨ ਦਾ ਪਵਿੱਤਰ ਯਤਨ ਕੀਤਾ ਕਿ ਸ਼ਰਧਾਲੂ ਸੋਮਨਾਥ ’ਚ ਪੂਜਾ ਕਰ ਸਕਣ।

1890 ਦੇ ਦਹਾਕੇ ’ਚ ਸਵਾਮੀ ਵਿਵੇਕਾਨੰਦ ਵੀ ਸੋਮਨਾਥ ਆਏ ਸਨ। ਇਹ ਤਜਰਬਾ ਉਨ੍ਹਾਂ ਨੂੰ ਅੰਦਰ ਤੱਕ ਅੰਦੋਲਿਤ ਕਰ ਗਿਆ। 1897 ’ਚ ਚੇਨਈ ਵਿਖੇ ਦਿੱਤੇ ਗਏ ਇਕ ਵਿਖਿਆਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਦੱਖਣੀ ਭਾਰਤ ਦੇ ਪੁਰਾਤਨ ਮੰਦਰ ਅਤੇ ਗੁਜਰਾਤ ਦੇ ਸੋਮਨਾਥ ਵਰਗੇ ਮੰਦਰ ਤੁਹਾਨੂੰ ਗਿਆਨ ਦੇ ਅਣਗਿਣਤ ਪਾਠ ਸਿਖਾਉਣਗੇ। ਉਹ ਤੁਹਾਨੂੰ ਕਿਸੇ ਵੀ ਗਿਣਤੀ ’ਚ ਪੜ੍ਹੀਆਂ ਗਈਆਂ ਕਿਤਾਬਾਂ ਤੋਂ ਵੱਧ ਸਾਡੇ ਸੱਭਿਅਤਾ ਦੀ ਡੂੰਘੀ ਸਮਝ ਦੇਣਗੇ।

ਇਨ੍ਹਾਂ ਮੰਦਰਾਂ ’ਤੇ ਸੈਂਕੜੇ ਹਮਲਿਆਂ ਦੇ ਨਿਸ਼ਾਨ ਹਨ। ਸੈਂਕੜੇ ਵਾਰ ਇਨ੍ਹਾਂ ਨੂੰ ਦੁਬਾਰਾ ਬਣਾਇਆ ਗਿਆ ਹੈ। ਇਹ ਵਾਰ-ਵਾਰ ਨਸ਼ਟ ਕੀਤੇ ਗਏ ਅਤੇ ਹਰ ਵਾਰ ਆਪਣੇ ਹੀ ਖੰਡਰਾਂ ’ਤੇ ਮੁੜ ਖੜ੍ਹੇ ਹੋਏ। ਪਹਿਲਾਂ ਵਾਂਗ ਮਜ਼ਬੂਤ, ਪਹਿਲਾਂ ਵਾਂਗ ਜ਼ਿੰਦਾ। ਇਹੀ ਰਾਸ਼ਟਰੀ ਮਨ ਹੈ, ਇਹੀ ਰਾਸ਼ਟਰੀ ਜੀਵਨ ਧਾਰਾ ਹੈ। ਇਸ ਦੀ ਰੀਸ ਤੁਹਾਨੂੰ ਮਾਣ ਨਾਲ ਭਰ ਦਿੰਦੀ ਹੈ। ਇਸ ਨੂੰ ਛੱਡ ਦੇਣ ਦਾ ਮਤਲਬ ਹੈ ਮੌਤ। ਇਸ ਤੋਂ ਵੱਖ ਹੋ ਜਾਣ ’ਤੇ ਤਬਾਹੀ ਹੀ ਹੋਵੇਗੀ।

ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਦੀ ਮੁੜ ਉਸਾਰੀ ਦੀ ਪਵਿੱਤਰ ਜ਼ਿੰਮੇਵਾਰੀ ਸਰਦਾਰ ਵੱਲਭਭਾਈ ਪਟੇਲ ਦੇ ਸਮਰੱਥ ਹੱਥਾਂ ’ਚ ਆਈ। 1947 ’ਚ ਦੀਵਾਲੀ ਦੇ ਮੌਕੇ ’ਤੇ ਉਨ੍ਹਾਂ ਦੀ ਸੋਮਨਾਥ ਯਾਤਰਾ ਹੋਈ। ਇਸ ਯਾਤਰਾ ਦੇ ਤਜਰਬੇ ਨੇ ਉਨ੍ਹਾਂ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਸੇ ਸਮੇਂ ਉਨ੍ਹਾਂ ਐਲਾਨ ਕੀਤਾ ਕਿ ਇੱਥੇ ਹੀ ਸੋਮਨਾਥ ਮੰਦਰ ਦੀ ਮੁੜ ਉਸਾਰੀ ਹੋਵੇਗੀ। ਅਖੀਰ 11 ਮਈ, 1951 ਨੂੰ ਸੋਮਨਾਥ ’ਚ ਵਿਸ਼ਾਲ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ।

ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਘਟਨਾ ਤੋਂ ਵਧੇਰੇ ਉਤਸ਼ਾਹਿਤ ਨਹੀਂ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮਾਣਯੋਗ ਰਾਸ਼ਟਰਪਤੀ ਅਤੇ ਹੋਰ ਮੰਤਰੀ ਇਸ ਸਮਾਰੋਹ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਸੀ ਕਿ ਇਸ ਘਟਨਾ ਨਾਲ ਭਾਰਤ ਦਾ ਅਕਸ ਖਰਾਬ ਹੋਵੇਗਾ ਪਰ ਰਾਜਿੰਦਰ ਬਾਬੂ ਕਾਇਮ ਰਹੇ। ਫਿਰ ਜੋ ਹੋਇਆ, ਉਸ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ।

ਸੋਮਨਾਥ ਮੰਦਰ ਦਾ ਕੋਈ ਵੀ ਜ਼ਿਕਰ ਕੇ. ਐੱਮ. ਮੁਨਸ਼ੀ ਜੀ ਦੇ ਯੋਗਦਾਨ ਨੂੰ ਯਾਦ ਕੀਤੇ ਬਿਨਾਂ ਅਧੂਰਾ ਹੈ। ਉਨ੍ਹਾਂ ਨੇ ਉਸ ਸਮੇਂ ਸਰਦਾਰ ਪਟੇਲ ਦੀ ਅਸਰਦਾਰ ਢੰਗ ਨਾਲ ਹਮਾਇਤ ਕੀਤੀ ਸੀ। ਸੋਮਨਾਥ ’ਤੇ ਉਨ੍ਹਾਂ ਦਾ ਕੰਮ ਖਾਸ ਕਰਕੇ ਉਨ੍ਹਾਂ ਦੀ ਕਿਤਾਬ ‘ਸੋਮਨਾਥ’ : ਦਿ ਸ਼੍ਰਾਈਨ ਇਟਰਨਲ’ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ।

ਅਸੀਂ ਭਰੋਸਾ ਕਰਦੇ ਹਾਂ-नैनं छिन्दन्ति शस्त्राणि नैनं दहति पावक:।

ਸੋਮਨਾਥ ਦਾ ਭੌਤਿਕ ਢਾਂਚਾ ਨਸ਼ਟ ਹੋ ਗਿਆ ਹੈ ਪਰ ਉਨ੍ਹਾਂ ਦੀ ਚੇਤਨਾ ਅਮਰ ਰਹੀ। ਉਨ੍ਹਾਂ ਦੇ ਵਿਚਾਰਾਂ ਨੇ ਸਾਨੂੰ ਹਰ ਸਮੇਂ, ਹਰ ਹਾਲਾਤ ’ਚ ਮੁੜ ਤੋਂ ਉੱਠ ਖੜ੍ਹੇ ਹੋਣ, ਮਜ਼ਬੂਤ ਬਣਨ ਅਤੇ ਅੱਗੇ ਵਧਣ ਦੀ ਹਿੰਮਤ ਦਿੱਤੀ। ਇਨ੍ਹਾਂ ਕਦਰਾਂ-ਕੀਮਤਾਂ ਅਤੇ ਸਾਡੇ ਲੋਕਾਂ ਦੇ ਸੰਕਲਪ ਕਾਰਨ ਅੱਜ ਭਾਰਤ ’ਤੇ ਦੁਨੀਆ ਦੀ ਨਜ਼ਰ ਹੈ। ਉਹ ਸਾਡੇ ਇਨੋਵੇਟਿਵ ਨੌਜਵਾਨਾਂ ’ਚ ਨਿਵੇਸ਼ ਕਰਨਾ ਚਾਹੁੰਦੀ ਹੈ। ਸਾਡੀ ਕਲਾ, ਸਾਡੀ ਸੰਸਕ੍ਰਿਤੀ, ਸਾਡਾ ਸੰਗੀਤ ਅਤੇ ਸਾਡੇ ਤਿਉਹਾਰ ਅੱਜ ਕੌਮਾਂਤਰੀ ਪਛਾਣ ਬਣ ਰਹੇ ਹਨ। ਯੋਗ ਅਤੇ ਆਯੁਰਵੇਦ ਵਰਗੇ ਵਿਸ਼ੇ ਸਮੁੱਚੀ ਦੁਨੀਆ ’ਤੇ ਪ੍ਰਭਾਵ ਪਾ ਰਹੇ ਹਨ। ਇਹ ਸਿਹਤਮੰਦ ਜੀਵਨ ਨੂੰ ਹੱਲਾਸ਼ੇਰੀ ਦੇ ਰਹੇ ਹਨ। ਅੱਜ ਕਈ ਕੌਮਾਂਤਰੀ ਚੁਣੌਤੀਆਂ ਦੇ ਹੱਲ ਲਈ ਦੁਨੀਆ ਭਾਰਤ ਵੱਲ ਵੇਖ ਰਹੀ ਹੈ।

ਅਨਾਦਿ ਕਾਲ ਤੋਂ ਸੋਮਨਾਥ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਜੋੜਦਾ ਆਇਆ ਹੈ। ਸਦੀਆਂ ਪਹਿਲਾਂ ਜੈਨ ਪਰੰਪਰਾ ਦੇ ਸਤਿਕਾਰਯੋਗ ਮੁਨੀ ਕਾਲੀਕਾਲ ਸਰਵਗਿਆ ਹੇਮਚੰਦਰਾਚਾਰਿਆ ਇੱਥੇ ਆਏ ਸਨ ਅਤੇ ਕਿਹਾ ਜਾਂਦਾ ਹੈ ਕਿ ਪ੍ਰਾਰਥਨਾ ਤੋਂ ਬਾਅਦ ਉਨ੍ਹਾਂ ਕਿਹਾ ‘भवबीजाङ्कुरजनना रागाद्या: क्षयमुपगता यस्य।’

ਭਾਵ ਉਸ ਪਰਮ ਤੱਤ ਨੂੰ ਨਮਨ ਜਿਸ ’ਚ ਸੰਸਾਰਕ ਬੰਧਨਾਂ ਦੇ ਬੀਜ ਨਸ਼ਟ ਹੋ ਚੁੱਕੇ ਹਨ। ਜਿਸ ’ਚ ਰਾਗ ਅਤੇ ਸਭ ਵਿਕਾਰ ਸ਼ਾਂਤ ਹੋ ਗਏ ਹਨ।

ਅੱਜ ਵੀ ਦਾਦਾ ਸੋਮਨਾਥ ਦੇ ਦਰਸ਼ਨ ਕਰਨ ਨਾਲ ਅਜਿਹਾ ਹੀ ਅਹਿਸਾਸ ਹੁੰਦਾ ਹੈ। ਮਨ ’ਚ ਇਕ ਠਹਿਰਾਅ ਆ ਜਾਂਦਾ ਹੈ। ਆਤਮਾ ਨੂੰ ਅੰਦਰ ਤੱਕ ਕੁਝ ਛੂੰਹਦਾ ਹੈ ਜੋ ਅਲੌਕਿਕ ਹੈ, ਜਿਸ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ।

ਬੀਤੇ ਸਮੇਂ ਦੇ ਹਮਲਾਵਰ ਅੱਜ ਸਮੇਂ ਦੀ ਮਿੱਟੀ ਬਣ ਚੁੱਕੇ ਹਨ। ਉਨ੍ਹਾਂ ਦਾ ਨਾਂ ਹੁਣ ਤਬਾਹੀ ਦੇ ਪ੍ਰਤੀਕ ਵਜੋਂ ਲਿਖਿਆ ਜਾਂਦਾ ਹੈ। ਇਤਿਹਾਸ ਦੇ ਪੰਨਿਆਂ ’ਚ ਉਹ ਸਿਰਫ ਫੁੱਟਨੋਟ ਹਨ, ਜਦੋਂ ਕਿ ਸੋਮਨਾਥ ਅੱਜ ਵੀ ਆਪਣੀ ਉਮੀਦ ਖਿਲਾਰਦਾ ਹੋਇਆ ਚਾਨਣਮੁਨਾਰਾ ਬਣਿਆ ਹੋਇਆ ਹੈ।

ਸੋਮਨਾਥ ਸਾਨੂੰ ਇਹ ਦੱਸਦਾ ਹੈ ਕਿ ਨਫਰਤ ਅਤੇ ਕੱਟੜਤਾ ’ਚ ਤਬਾਹੀ ਦੀ ਨੁਕਸ ਭਰੀ ਤਾਕਤ ਹੋ ਸਕਦੀ ਹੈ ਪਰ ਆਸਥਾ ’ਚ ਸਿਰਜਣ ਦੀ ਸ਼ਕਤੀ ਹੁੰਦੀ ਹੈ। ਇਹ ਭਰੋਸੇ ਦੀ ਉਹ ਆਵਾਜ਼ ਹੈ, ਜੋ ਟੁੱਟਣ ਤੋਂ ਬਾਅਦ ਵੀ ਉੱਠਣ ਦੀ ਪ੍ਰੇਰਣਾ ਦਿੰਦੀ ਹੈ।

ਜੇ 1000 ਸਾਲ ਪਹਿਲਾਂ ਤੋੜਿਆ ਗਿਆ ਸੋਮਨਾਥ ਮੰਦਰ ਆਪਣੀ ਪੂਰੀ ਸ਼ਾਨ ਨਾਲ ਮੁੜ ਤੋਂ ਖੜ੍ਹਾ ਹੋ ਸਕਦਾ ਹੈ ਤਾਂ ਅਸੀਂ ਹਜ਼ਾਰ ਸਾਲ ਪਹਿਲਾਂ ਦਾ ਖੁਸ਼ਹਾਲ ਭਾਰਤ ਵੀ ਬਣ ਸਕਦੇ ਹਾਂ। ਆਓ, ਇਸੇ ਪ੍ਰੇਰਣਾ ਨਾਲ ਅਸੀਂ ਅੱਗੇ ਵਧਦੇ ਹਾਂ, ਇਕ ਨਵੇਂ ਸੰਕਲਪ ਨਾਲ, ਇਕ ਵਿਕਸਤ ਭਾਰਤ ਦੇ ਨਿਰਮਾਣ ਲਈ।

ਇਕ ਅਜਿਹਾ ਭਾਰਤ ਜਿਸ ਦੀ ਸੱਭਿਅਤਾ ਭਰੀ ਜਾਣਕਾਰੀ ਸਾਨੂੰ ਵਿਸ਼ਵ ਕਲਿਆਣ ਲਈ ਯਤਨ ਕਰਦੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ।

ਨਰਿੰਦਰ ਮੋਦੀ (ਪ੍ਰਧਾਨ ਮੰਤਰੀ ਭਾਰਤ)


author

Rakesh

Content Editor

Related News