ਦੇਸ਼ਭਗਤੀ, ਸਟਾਰਲਿੰਕ ਅਤੇ ਏਕਾਧਿਕਾਰ…!

Sunday, Oct 18, 2026 - 11:50 AM (IST)

ਦੇਸ਼ਭਗਤੀ, ਸਟਾਰਲਿੰਕ ਅਤੇ ਏਕਾਧਿਕਾਰ…!

ਏਅਰਪੋਰਟ ਦੇ ਫ਼ੂਡ ਕੋਰਟ ’ਚ ਵੇਟਰ ਨੇ ਪੁੱਛਿਆ, ‘‘ਸਰ, ਕੀ ਤੁਸੀਂ ਆਪਣੀ ਕੌਫ਼ੀ ਨਾਲ ਕੁਝ ਹੋਰ ਲੈਣਾ ਚਾਹੋਗੇ?’’

ਮੈਂ ਕਿਹਾ, ‘‘ਹਾਂ, ਇਕ ਛੋਟਾ-ਜਿਹਾ ਲੋਨ ਦੇ ਦਿਓ।’’

ਉਹ ਮੁਸਕਰਾ ਪਿਆ।

ਮੈਂ ਸਮਝਾਇਆ, ‘‘ਮੈਂ ਪਾਰਕਿੰਗ ਦੇ ਪੈਸੇ ਤਾਂ ਪਹਿਲਾਂ ਹੀ ਭਰ ਦਿੱਤੇ ਹਨ। ਜੇ ਮੈਂ ਤੁਹਾਡਾ ਸੈਂਡਵਿਚ ਵੀ ਖ਼ਰੀਦ ਲਵਾਂ, ਤਾਂ ਸ਼ਾਇਦ ਮੇਰੇ ਬੱਚਿਆਂ ਦੀ ਪੜ੍ਹਾਈ ਹੀ ਛੁੱਟ ਜਾਵੇਗੀ।’’

ਇਕ ਸਮਾਂ ਸੀ ਜਦੋਂ ਅਸੀਂ ਏਅਰਪੋਰਟ ’ਤੇ ਜਹਾਜ਼ਾਂ ਨੂੰ ਉਡਾਣ ਭਰਦੇ ਦੇਖਣ ਜਾਂਦੇ ਸੀ। ਅੱਜਕੱਲ, ਅਸੀਂ ਆਪਣੀ ਬੱਚਤ ਨੂੰ ਵੀ ਉਸੇ ਤਰ੍ਹਾਂ ‘ਉੱਡਦੇ’ ਹੋਏ ਦੇਖਦੇ ਹਾਂ।

ਅਤੇ ਨਹੀਂ, ਜਦੋਂ ਮੈਂ ‘ਮੋਨੋਪਲੀ’ (ਏਕਾਧਿਕਾਰ) ਦੀ ਗੱਲ ਕਰ ਰਿਹਾ ਹਾਂ, ਤਾਂ ਮੇਰਾ ਮਤਲਬ ਬੋਰਡ ਗੇਮ ਤੋਂ ਨਹੀਂ ਹੈ। ਘੱਟੋ-ਘੱਟ ਉਸ ਗੇਮ ’ਚ ਤਾਂ ਹਰ ਕੋਈ ਕੁਝ ਪੈਸਿਆਂ ਨਾਲ ਸ਼ੁਰੂਆਤ ਕਰਦਾ ਹੈ। ਜ਼ਰਾ ਉਨ੍ਹਾਂ ਸਹੂਲਤਾਂ ’ਤੇ ਨਜ਼ਰ ਮਾਰੋ ਜੋ ਕਦੇ ਸਰਕਾਰ ਚਲਾਉਂਦੀ ਸੀ ਅਤੇ ਹੁਣ ਨਿੱਜੀ ਹੱਥਾਂ ’ਚ ਹਨ। ਸਾਡੇ ਨਾਲ ਕੁਸ਼ਲਤਾ ਦਾ ਵਾਅਦਾ ਕੀਤਾ ਗਿਆ ਸੀ। ਬਹੁਤ ਵਧੀਆ! ਪਰ ਕੀ ਕੋਈ ਸਮਝਾ ਸਕਦਾ ਹੈ ਕਿ ਇਸ ‘ਕੁਸ਼ਲਤਾ’ ਦਾ ਮਤਲਬ ਮੇਰੀ ਜੇਬ ਨੂੰ ਪੂਰੀ ਤਰ੍ਹਾਂ ਖ਼ਾਲੀ ਕਰ ਦੇਣਾ ਕਿਉਂ ਹੈ?

‘‘ਸਰ, ਇਹ ਪ੍ਰੀਮੀਅਮ ਸਹੂਲਤਾਂ ਹਨ।’’

‘‘ਮੈਂ ਤਾਂ ਬਸ ਆਪਣੀ ਕਾਰ ਪਾਰਕ ਕੀਤੀ ਸੀ। ਕੀ ਤੁਸੀਂ ਉਸ ਨੂੰ ਕੋਈ ਮਾਲਸ਼ ਦਿੱਤੀ ਹੈ?’’

ਨਿੱਜੀ ਕੰਪਨੀਆਂ ਬੇਸ਼ੱਕ ਸੇਵਾਵਾਂ ’ਚ ਸੁਧਾਰ ਕਰ ਸਕਦੀਆਂ ਹਨ ਪਰ ਕਿਸੇ ਜਨਤਕ ਸਹੂਲਤ ਨੂੰ ਨਿੱਜੀ ਹੱਥਾਂ ’ਚ ਸੌਂਪ ਦੇਣ ਨਾਲ ਆਪਣੇ-ਆਪ ਮੁਕਾਬਲਾ ਪੈਦਾ ਨਹੀਂ ਹੋ ਜਾਂਦਾ। ਨਿਲਾਮੀ ਦੇ ਸਮੇਂ ਤਾਂ ਕਈ ਬੋਲੀ ਲਗਾਉਣ ਵਾਲਿਆਂ ਕੋਲ ਬਦਲ ਹੋ ਸਕਦੇ ਹਨ, ਪਰ ਇਕ ਵਾਰ ਕੰਟਰੈਕਟ ਮਿਲ ਜਾਣ ਤੋਂ ਬਾਅਦ, ਗਾਹਕ ਕੋਲ ਕੀ ਬਦਲ ਬਚਦਾ ਹੈ? ਇਸੇ ਗੱਲ ਤੋਂ ਮੈਨੂੰ ਸਟਾਰਲਿੰਕ ਨੂੰ ਲੈ ਕੇ ਹੋ ਰਹੇ ਦੇਸ਼ਭਗਤੀ ਵਾਲੇ ਵਿਰੋਧ ਦੀ ਯਾਦ ਆਉਂਦੀ ਹੈ।

ਕੁਝ ਲੋਕ ਇਸ ਨੂੰ ਬਾਹਰ ਰੱਖਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦਾ ਤਰਕ ਹੈ ਕਿ ਕੋਈ ਵਿਦੇਸ਼ੀ ਕੰਪਨੀ ਸਾਡੇ ‘ਘਰ’ (ਬਾਜ਼ਾਰ) ’ਚ ਵੜ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਤਿੰਨੋਂ ਲਾਇਸੈਂਸ ਪ੍ਰਾਪਤ ਸੈਟੇਲਾਈਟ ਆਪ੍ਰੇਟਰਾਂ ਦਾ ਸੁਰੱਖਿਆ ਮੁਲਾਂਕਣ ਕੀਤਾ ਜਾਵੇਗਾ। ਇਹ ਠੀਕ ਹੈ, ਨਿਯਮਾਂ ਨੂੰ ਸਖ਼ਤੀ ਨਾਲ ਅਤੇ ਸਾਰਿਆਂ ਲਈ ਸਮਾਨ ਰੂਪ ’ਚ ਲਾਗੂ ਕਰੋ, ਪਰ ਦੇਸ਼ਭਗਤੀ ਨੂੰ ਕਿਸੇ ਦੇ ਕਾਰੋਬਾਰੀ ਸਾਮਰਾਜ ਦੇ ਬਾਹਰ ਤਾਇਨਾਤ ‘ਸੁਰੱਖਿਆ ਗਾਰਡ’ ਨਹੀਂ ਬਣ ਜਾਣਾ ਚਾਹੀਦਾ।

‘‘ਕੌਣ ਆ ਰਿਹਾ ਹੈ?’’

‘‘ਇਕ ਪ੍ਰਤੀਯੋਗੀ ।’’

‘‘ਦੇਸ਼ ਲਈ ਖ਼ਤਰਾ!’’

‘‘ਅਤੇ ਗਾਹਕ ਦਾ ਕੀ?’’

‘‘ਉਸ ਨੂੰ ਤਾਂ ਬਸ ਮਾਣ ਮਹਿਸੂਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।’’ ਮੈਨੂੰ ਕਿਤੇ ਜ਼ਿਆਦਾ ਮਾਣ ਹੁੰਦਾ ਜੇ ਮੇਰਾ ਇੰਟਰਨੈੱਟ ਉਦੋਂ ਵੀ ਕੰਮ ਕਰਦਾ, ਜਦੋਂ ਪੂਰਾ ਪਰਿਵਾਰ ਮੇਰੇ ਵਾਈ-ਫ਼ਾਈ ਨਾਲ ਜੁੜ ਜਾਂਦਾ! ਯਾਦ ਹੈ, ਜਦੋਂ ਸੜਕਾਂ ’ਤੇ ਅੰਬੈਸਡਰ ਅਤੇ ਫਿਏਟ ਕਾਰਾਂ ਦਾ ਬੋਲਬਾਲਾ ਹੋਇਆ ਕਰਦਾ ਸੀ? ਕਾਰ ਖ਼ਰੀਦਣ ਲਈ ਪੈਸੇ ਅਤੇ ਧੀਰਜ ਦੇ ਨਾਲ-ਨਾਲ, ਇਕ ਅਜਿਹੇ ਮਕੈਨਿਕ ਨਾਲ ਚੰਗੇ ਰਿਸ਼ਤੇ ਦੀ ਵੀ ਲੋੜ ਹੁੰਦੀ ਸੀ, ਜੋ ਕਦੇ-ਕਦੇ ਤੁਹਾਡੇ ਵਿਆਹ ਨਾਲੋਂ ਵੀ ਜ਼ਿਆਦਾ ਲੰਬੇ ਸਮੇਂ ਤੱਕ ਤੁਹਾਡਾ ਸਾਥ ਨਿਭਾਉਂਦਾ ਸੀ! ਗੱਡੀ ਖੜ-ਖੜ ਕਰਦੀ ਸੀ। ਦਰਵਾਜ਼ੇ ਖੁੱਲ੍ਹਣ ਸਮੇਂ ਆਵਾਜ਼ ਕਰਦੇ ਸਨ। ਇੰਜਣ ਸਟਾਰਟ ਹੋਣ ਤੋਂ ਪਹਿਲਾਂ ਮੰਨੋ ਆਪਸ ’ਚ ਕੋਈ ਮੀਟਿੰਗ ਕਰਦਾ ਸੀ ਕਿ ਅੱਜ ਚਾਲੂ ਹੋਣਾ ਹੈ ਜਾਂ ਨਹੀਂ।

ਅਸੀਂ ਇਸ ਨੂੰ ਹੀ ਦੇਸ਼ਭਗਤੀ ਕਹਿੰਦੇ ਸੀ, ਜਦੋਂ ਕਿ ਉਹ ਕਾਰ ਕਿਸੇ ਰੋਡ-ਰੋਲਰ ਦੀ ਤਰ੍ਹਾਂ ਰੀਂਗਦੀ ਹੋਈ ਅੱਗੇ ਵਧਦੀ ਸੀ। ਫਿਰ ਹੋਰ ਨਿਰਮਾਤਾ ਆਏ ਅਤੇ ਅਚਾਨਕ ਗਾਹਕਾਂ ਨੂੰ ਇਕ ਹੈਰਾਨ ਕਰਨ ਵਾਲੀ ਗੱਲ ਪਤਾ ਲੱਗੀ।

ਉਨ੍ਹਾਂ ਕੋਲ ਚੁਣਨ ਦਾ ਬਦਲ ਸੀ। ਨਿਰਮਾਤਾਵਾਂ ਨੂੰ ਬਿਹਤਰ ਕੰਮ ਕਰਨਾ ਪਿਆ, ਕਿਉਂਕਿ ਗਾਹਕ ਕਿਸੇ ਦੂਜੇ ਸ਼ੋਅਰੂਮ ’ਚ ਜਾ ਸਕਦੇ ਸਨ।

ਮੁਕਾਬਲੇ ਦੀ ਇਹੀ ਖੂਬੀ ਹੈ। ਇਹ ਕਾਰੋਬਾਰੀਆਂ ਨੂੰ ਇਹ ਯਾਦ ਰੱਖਣ ਲਈ ਪ੍ਰੇਰਿਤ ਕਰਦੀ ਹੈ ਕਿ ਗਾਹਕਾਂ ਕੋਲ ਚੱਲਣ-ਫਿਰਣ ਲਈ ਪੈਰ ਹਨ। ਹੁਣ, ਸਟਾਰਲਿੰਕ ਕੋਈ ਅਜਿਹੀ ਖ਼ੈਰਾਤ ਨਹੀਂ ਹੈ ਜੋ ਆਸਮਾਨ ਤੋਂ ਮੁਫ਼ਤ ਇੰਟਰਨੈੱਟ ਲੈ ਕੇ ਉੱਤਰੀ ਹੋਵੇ। ਇਸ ਦੀਆਂ ਕੀਮਤਾਂ ਵੀ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਵੀਕਾਰ ਕਰ ਸਕੀਏ। ਨਾ ਤਾਂ ਕੋਈ ਭਾਰਤੀ ਅਰਬਪਤੀ ਅਤੇ ਨਾ ਹੀ ਕੋਈ ਅਮਰੀਕੀ ਅਰਬਪਤੀ ਅਜਿਹਾ ਹੈ, ਜਿਸ ਪ੍ਰਤੀ ਸਾਨੂੰ ਬਿਨਾਂ ਸੋਚੇ-ਸਮਝੇ ਸਮਰਪਿਤ ਹੋ ਜਾਣਾ ਚਾਹੀਦਾ ਹੈ।

ਉਨ੍ਹਾਂ ਨੂੰ ਸਾਡੇ ਗਾਹਕਾਂ ਲਈ ਆਪਸ ’ਚ ਮੁਕਾਬਲਾ ਕਰਨ ਦਿਓ। ਭਾਰਤੀ ਕੰਪਨੀਆਂ ਨੂੰ ਭਾਰਤੀਆਂ ਦੀ ਬਿਹਤਰ ਸੇਵਾ ਕਰਕੇ ਹੋਰ ਮਜ਼ਬੂਤ ਹੋਣ ਦਿਓ। ਅਤੇ ਕਿਰਪਾ ਕਰਕੇ ਨਾਗਰਿਕਾਂ ਨੂੰ ਇਹ ਕਹਿਣਾ ਬੰਦ ਕਰੋ ਕਿ ਉਹ ਰਾਸ਼ਟਰੀ ਝੰਡਾ ਲਹਿਰਾਅ ਕੇ ਕਿਸੇ ਕੰਪਨੀ ਦੀ ਬੈਲੇਂਸ ਸ਼ੀਟ ਬਚਾਉਣ।

ਦੇਸ਼ਭਗਤੀ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਲੋਕਾਂ ਲਈ ਸਭ ਤੋਂ ਚੰਗਾ ਚਾਹੁੰਦੇ ਹਾਂ—ਸਹੀ ਕੀਮਤਾਂ, ਭਰੋਸੇਮੰਦ ਸੇਵਾਵਾਂ ਅਤੇ ਚੁਣਨ ਲਈ ਅਸਲੀ ਬਦਲ।

ਕਿਸੇ ਦੇਸ਼ ਦੀ ਮਹਾਨਤਾ ਇਸ ਗੱਲ ਤੋਂ ਨਹੀਂ ਮਾਪੀ ਜਾ ਸਕਦੀ ਕਿ ਕੁਝ ਭਾਰਤੀ ਕਾਰੋਬਾਰੀ ਕਿੰਨੀ ਚੈਨ ਦੀ ਨੀਂਦ ਸੌਂਦੇ ਹਨ, ਜਦੋਂ ਕਿ ਲੱਖਾਂ ਲੋਕ ਆਪਣੇ ਬਿੱਲਾਂ ਦੀ ਚਿੰਤਾ ’ਚ ਡੁੱਬੇ ਰਹਿੰਦੇ ਹਨ।

ਅਤੇ ਕੰਪਨੀਆਂ ਨੂੰ ਆਉਣ ਦਿਓ। ਮੁਕਾਬਲਾ ਹੋਣ ਦਿਓ।

ਅਤੇ ਜਦੋਂ ਕੋਈ ਚੀਕ ਕੇ ਕਹੇ, ‘‘ਇਸ ਨੂੰ ਦੇਸ਼ ਲਈ ਖ਼ਰੀਦੋ!’’ ਤਾਂ ਨਿਮਰਤਾ ਨਾਲ ਪੁੱਛੋ, ‘‘ਕੀ ਇਸ ਦਾ ਮੁਨਾਫ਼ਾ ਦੇਸ਼ ਨੂੰ ਮਿਲੇਗਾ ਜਾਂ ਸਿਰਫ਼ ਕਿਸੇ ਭਾਰਤੀ ਅਰਬਪਤੀ ਨੂੰ?’’

—ਰਾਬਰਟ ਕਲੀਮੈਂਟਸ


author

Anmol Tagra

Content Editor

Related News